ਆਪਣੇ ਬੱਚਿਆਂ ਨੂੰ ਪ੍ਰਚਾਰਕ ਬਣਨ ਦੀ ਸਿਖਲਾਈ ਦਿਓ
1. ਜ਼ਬੂਰਾਂ ਦੀ ਪੋਥੀ 148:12, 13 ਮਾਪਿਆਂ ਨੂੰ ਕੀ ਕਰਨ ਲਈ ਕਹਿੰਦਾ ਹੈ?
1 ਯਹੋਵਾਹ ਨੌਜਵਾਨ ਮੁੰਡੇ-ਕੁੜੀਆਂ ਨੂੰ ਸੱਦਾ ਦਿੰਦਾ ਹੈ ਕਿ ਉਹ ਉਸ ਦੀ ਵਡਿਆਈ ਕਰਨ। (ਜ਼ਬੂ. 148:12, 13) ਇਸ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਅਤੇ ਪਰਮੇਸ਼ੁਰ ਦੇ ਅਸੂਲ ਸਿਖਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਵੀ ਦਿੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਤਰੱਕੀ ਕਰਨ ਵਿਚ ਕਿਵੇਂ ਮਦਦ ਦੇ ਸਕਦੇ ਹਨ?
2. ਮਾਪਿਆਂ ਦੀ ਵਧੀਆ ਮਿਸਾਲ ਬੱਚਿਆਂ ʼਤੇ ਕੀ ਅਸਰ ਪਾ ਸਕਦੀ ਹੈ?
2 ਵਧੀਆ ਮਿਸਾਲ: ਨਿਆਈ ਗਿਦਾਊਨ ਨੇ ਆਪਣੇ 300 ਬੰਦਿਆਂ ਨੂੰ ਕਿਹਾ ਸੀ: “ਮੇਰੇ ਵੱਲ ਵੇਖ ਕੇ ਮੇਰੇ ਵਾਂਙੁ ਕੰਮ ਕਰਨਾ।” (ਨਿਆ. 7:17) ਆਮ ਕਰਕੇ ਬੱਚੇ ਆਪਣੇ ਮਾਪਿਆਂ ਦੀ ਰੀਸ ਕਰਦੇ ਹਨ। ਇਕ ਪਿਤਾ ਦੀ ਮਿਸਾਲ ʼਤੇ ਗੌਰ ਕਰੋ ਜੋ ਸਾਰੀ ਰਾਤ ਨੌਕਰੀ ਕਰਦਾ ਹੈ। ਹਾਲਾਂਕਿ ਉਹ ਥੱਕਿਆ-ਟੁੱਟਿਆ ਘਰ ਆਉਂਦਾ ਹੈ, ਪਰ ਫਿਰ ਵੀ ਉਹ ਸ਼ਨੀਵਾਰ ਦੀ ਸਵੇਰ ਨੂੰ ਸੌਣ ਦੀ ਬਜਾਇ ਆਪਣੇ ਬੱਚਿਆਂ ਨੂੰ ਪ੍ਰਚਾਰ ʼਤੇ ਲੈ ਕੇ ਜਾਂਦਾ ਹੈ। ਬਿਨਾਂ ਕੁਝ ਕਹੇ ਉਹ ਬੱਚਿਆਂ ਨੂੰ ਇਕ ਤਰ੍ਹਾਂ ਨਾਲ ਇਹ ਸਿਖਾ ਰਿਹਾ ਹੈ ਕਿ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ। (ਮੱਤੀ 6:33) ਕੀ ਤੁਹਾਡੇ ਬੱਚੇ ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਪ੍ਰਾਰਥਨਾ ਕਰਦੇ, ਬਾਈਬਲ ਪੜ੍ਹਦੇ, ਮੀਟਿੰਗਾਂ ਵਿਚ ਜਵਾਬ ਦਿੰਦੇ ਅਤੇ ਪ੍ਰਚਾਰ ਕਰਦੇ ਹੋਏ ਦੇਖਦੇ ਹਨ? ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਕੰਮ ਵਧੀਆ ਢੰਗ ਨਾਲ ਕਰ ਸਕੋਗੇ। ਪਰ ਜੇ ਬੱਚੇ ਤੁਹਾਨੂੰ ਯਹੋਵਾਹ ਦੀ ਸੇਵਾ ਪੂਰੀ ਮਿਹਨਤ ਨਾਲ ਕਰਦੇ ਹੋਏ ਦੇਖਦੇ ਹਨ, ਤਾਂ ਸ਼ਾਇਦ ਉਹ ਵੀ ਤੁਹਾਡੀ ਰੀਸ ਕਰਨ।—ਬਿਵ. 6:6, 7; ਰੋਮੀ. 2:21, 22.
3. ਮਾਪੇ ਆਪਣੇ ਬੱਚਿਆਂ ਨੂੰ ਕਿਹੜੇ ਨਵੇਂ-ਨਵੇਂ ਟੀਚੇ ਰੱਖਣ ਵਿਚ ਮਦਦ ਦੇ ਸਕਦੇ ਹਨ?
3 ਟੀਚੇ ਰੱਖੋ: ਮਾਪੇ ਆਪਣੇ ਬੱਚਿਆਂ ਨੂੰ ਤੁਰਨ-ਫਿਰਨ, ਬੋਲਣ ਅਤੇ ਕੱਪੜੇ ਪਾਉਣ ਵਰਗੀਆਂ ਕਈ ਗੱਲਾਂ ਦੀ ਸਿਖਲਾਈ ਦਿੰਦੇ ਹਨ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਤਿਉਂ-ਤਿਉਂ ਮਾਪੇ ਉਨ੍ਹਾਂ ਨੂੰ ਨਵੇਂ-ਨਵੇਂ ਟੀਚੇ ਰੱਖਣ ਲਈ ਕਹਿੰਦੇ ਹਨ। ਜੇ ਮਾਪੇ ਮਸੀਹੀ ਹਨ, ਤਾਂ ਉਹ ਆਪਣੇ ਬੱਚਿਆਂ ਦੀ ਉਮਰ ਦੇ ਮੁਤਾਬਕ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਬਾਰੇ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਵਿਚ ਮਦਦ ਕਰਦੇ ਹਨ। (1 ਕੁਰਿੰ. 9:26) ਕੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣੇ ਅਤੇ ਆਪਣੇ ਭਾਸ਼ਣ ਤਿਆਰ ਕਰਨੇ ਸਿਖਾਉਂਦੇ ਹੋ? (ਜ਼ਬੂ. 35:18) ਕੀ ਤੁਸੀਂ ਉਨ੍ਹਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਨ ਦੀ ਸਿਖਲਾਈ ਦੇ ਰਹੇ ਹੋ? ਕੀ ਤੁਸੀਂ ਉਨ੍ਹਾਂ ਸਾਮ੍ਹਣੇ ਬਪਤਿਸਮਾ ਲੈਣ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਟੀਚਾ ਰੱਖਿਆ ਹੈ? ਕੀ ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਖ਼ੁਸ਼ ਅਤੇ ਜੋਸ਼ੀਲੇ ਪ੍ਰਚਾਰਕਾਂ ਨਾਲ ਮਿਲਾਉਂਦੇ ਹੋ ਜੋ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਨ?—ਕਹਾ. 13:20.
4. ਜੇ ਮਾਪੇ ਬਚਪਨ ਤੋਂ ਹੀ ਬੱਚਿਆਂ ਨੂੰ ਪ੍ਰਚਾਰਕ ਬਣਨ ਦੀ ਸਿਖਲਾਈ ਦਿੰਦੇ ਹਨ, ਤਾਂ ਬੱਚਿਆਂ ਨੂੰ ਕੀ ਫ਼ਾਇਦਾ ਹੋਵੇਗਾ?
4 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।” (ਜ਼ਬੂ. 71:17) ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪ੍ਰਚਾਰਕ ਬਣਨ ਦੀ ਸਿਖਲਾਈ ਦਿਓ। ਜੇ ਬੱਚੇ ਬਚਪਨ ਤੋਂ ਹੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਨਗੇ, ਤਾਂ ਉਨ੍ਹਾਂ ਨੂੰ ਜ਼ਿੰਦਗੀ ਭਰ ਇਸ ਦਾ ਫ਼ਾਇਦਾ ਹੋਵੇਗਾ!—ਕਹਾ. 22:6.