ਕੀ ਤੁਸੀਂ “ਮਕਦੂਨਿਯਾ ਵਿੱਚ ਉਤਰ ਕੇ” ਸਹਾਇਤਾ ਕਰ ਸਕਦੇ ਹੋ?
1. ਪੌਲੁਸ ਅਤੇ ਉਸ ਦੇ ਸਾਥੀ ਕਿਸ ਵਜ੍ਹਾ ਕਰਕੇ ਮਕਦੂਨਿਯਾ ਗਏ?
1 ਤਕਰੀਬਨ 49 ਈਸਵੀ ਵਿਚ ਪੌਲੁਸ ਰਸੂਲ ਨੇ ਸੀਰੀਆ ਦਾ ਅੰਤਾਕਿਯਾ ਸ਼ਹਿਰ ਛੱਡ ਕੇ ਆਪਣਾ ਦੂਸਰਾ ਮਿਸ਼ਨਰੀ ਦੌਰਾ ਸ਼ੁਰੂ ਕੀਤਾ। ਉਸ ਦਾ ਇਰਾਦਾ ਸੀ ਕਿ ਉਹ ਅਫ਼ਸੁਸ ਅਤੇ ਏਸ਼ੀਆ ਮਾਈਨਰ ਦੇ ਦੂਸਰੇ ਸ਼ਹਿਰਾਂ ਵਿਚ ਜਾਵੇ। ਪਰ ਪਰਮੇਸ਼ੁਰ ਨੇ ਉਸ ਨੂੰ ਆਪਣੀ ਸ਼ਕਤੀ ਦੁਆਰਾ ਇਕ ਦਰਸ਼ਨ ਦਿਖਾਇਆ ਜਿਸ ਵਿਚ ਉਸ ਨੂੰ “ਮਕਦੂਨਿਯਾ ਵਿੱਚ ਉਤਰ ਕੇ” ਮਦਦ ਦੇਣ ਲਈ ਕਿਹਾ ਗਿਆ। ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖ਼ੁਸ਼ੀ-ਖ਼ੁਸ਼ੀ ਇਹ ਸੱਦਾ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਉਸ ਇਲਾਕੇ ਵਿਚ ਸਭ ਤੋਂ ਪਹਿਲੀ ਕਲੀਸਿਯਾ ਸ਼ੁਰੂ ਕਰਨ ਦਾ ਸਨਮਾਨ ਮਿਲਿਆ। (ਰਸੂ. 16:9, 10; 17:1, 2, 4) ਅੱਜ ਦੁਨੀਆਂ ਦੇ ਕੁਝ ਇਲਾਕੇ ਅਜਿਹੇ ਹਨ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਸਖ਼ਤ ਲੋੜ ਹੈ। (ਮੱਤੀ 9:37, 38) ਕੀ ਤੁਸੀਂ ਮਦਦ ਕਰ ਸਕਦੇ ਹੋ?
2. ਕਈ ਭੈਣ-ਭਰਾ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਕਿਉਂ ਨਹੀਂ ਸੋਚਦੇ?
2 ਤੁਸੀਂ ਵੀ ਸ਼ਾਇਦ ਪੌਲੁਸ ਦੀ ਤਰ੍ਹਾਂ ਮਿਸ਼ਨਰੀ ਬਣਨਾ ਚਾਹੁੰਦੇ ਹੋ, ਪਰ ਤੁਸੀਂ ਕਦੇ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਨਹੀਂ ਸੋਚਿਆ। ਮਿਸਾਲ ਲਈ, ਹੋ ਸਕਦਾ ਹੈ ਕਿ ਜ਼ਿਆਦਾ ਉਮਰ ਹੋ ਜਾਣ ਕਰਕੇ ਜਾਂ ਇਕ ਇਕੱਲੀ ਭੈਣ ਹੋਣ ਕਰਕੇ ਜਾਂ ਬੱਚੇ ਛੋਟੇ ਹੋਣ ਕਰਕੇ ਤੁਸੀਂ ਗਿਲਿਅਡ ਸਕੂਲ ਜਾਂ ਹੋਰ ਤਰ੍ਹਾਂ ਦੀ ਖ਼ਾਸ ਟ੍ਰੇਨਿੰਗ ਨਾ ਲੈ ਸਕੋ। ਸ਼ਾਇਦ ਤੁਸੀਂ ਕਿਤੇ ਹੋਰ ਇਸ ਲਈ ਨਹੀਂ ਜਾਂਦੇ ਕਿਉਂਕਿ ਤੁਸੀਂ ਨਵੀਂ ਭਾਸ਼ਾ ਸਿੱਖਣ ਤੋਂ ਝਿਜਕਦੇ ਹੋ। ਜਾਂ ਹੋ ਸਕਦਾ ਹੈ ਕਿ ਤੁਸੀਂ ਪਰਦੇਸ ਵਿਚ ਨੌਕਰੀ ਕਰਦੇ ਹੋ ਅਤੇ ਇਸੇ ਕਰਕੇ ਕਿਸੇ ਨਵੀਂ ਜਗ੍ਹਾ ਜਾਣ ਤੋਂ ਝਿਜਕਦੇ ਹੋ। ਪਰ ਪ੍ਰਾਰਥਨਾ ਅਤੇ ਸੋਚ-ਵਿਚਾਰ ਕਰਨ ਤੋਂ ਬਾਅਦ ਸ਼ਾਇਦ ਤੁਸੀਂ ਦੇਖੋ ਕਿ ਤੁਹਾਡੇ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਤੁਸੀਂ ਉਸ ਜਗ੍ਹਾ ਜਾ ਸਕਦੇ ਹੋ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ।
3. ਕਿਸੇ ਹੋਰ ਜਗ੍ਹਾ ਜਾ ਕੇ ਸਫ਼ਲਤਾ ਨਾਲ ਪ੍ਰਚਾਰ ਕਰਨ ਲਈ ਖ਼ਾਸ ਟ੍ਰੇਨਿੰਗ ਲੈਣੀ ਜ਼ਰੂਰੀ ਕਿਉਂ ਨਹੀਂ ਹੈ?
3 ਕੀ ਖ਼ਾਸ ਟ੍ਰੇਨਿੰਗ ਲੈਣੀ ਜ਼ਰੂਰੀ ਹੈ? ਪੌਲੁਸ ਅਤੇ ਉਸ ਦੇ ਸਾਥੀਆਂ ਦੀ ਕਾਮਯਾਬੀ ਦਾ ਕੀ ਰਾਜ਼ ਸੀ? ਉਨ੍ਹਾਂ ਨੇ ਯਹੋਵਾਹ ਅਤੇ ਉਸ ਦੀ ਪਵਿੱਤਰ ਸ਼ਕਤੀ ਦਾ ਸਹਾਰਾ ਲਿਆ। (2 ਕੁਰਿੰ. 3:1-5) ਇਸ ਕਰਕੇ ਜੇ ਤੁਸੀਂ ਆਪਣੇ ਹਾਲਾਤਾਂ ਕਾਰਨ ਕੋਈ ਖ਼ਾਸ ਟ੍ਰੇਨਿੰਗ ਨਹੀਂ ਲੈ ਸਕਦੇ, ਫਿਰ ਵੀ ਤੁਸੀਂ ਕਿਸੇ ਹੋਰ ਇਲਾਕੇ ਵਿਚ ਪ੍ਰਚਾਰ ਕਰ ਸਕਦੇ ਹੋ। ਇਹ ਨਾ ਭੁੱਲੋ ਕਿ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਵਿਚ ਹਮੇਸ਼ਾ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਾਲੇ ਜੇ ਤੁਸੀਂ ਕਿਸੇ ਹੋਰ ਸਕੂਲ ਵਿਚ ਖ਼ਾਸ ਟ੍ਰੇਨਿੰਗ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਕਿਸੇ ਹੋਰ ਇਲਾਕੇ ਵਿਚ ਜਾ ਕੇ ਪਹਿਲਾਂ ਹੀ ਵਧੀਆ ਤਜਰਬਾ ਹਾਸਲ ਕਰ ਸਕਦੇ ਹੋ। ਇਸ ਤੋਂ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ ਜੇ ਬਾਅਦ ਵਿਚ ਤੁਹਾਨੂੰ ਖ਼ਾਸ ਟ੍ਰੇਨਿੰਗ ਹਾਸਲ ਕਰਨ ਦਾ ਮੌਕਾ ਮਿਲੇ।
4. ਸਿਆਣੇ ਭੈਣਾਂ-ਭਰਾਵਾਂ ਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਸੇ ਹੋਰ ਥਾਂ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ?
4 ਸਿਆਣੇ ਭੈਣ-ਭਰਾ: ਸੱਚਾਈ ਵਿਚ ਮਜ਼ਬੂਤ ਸਿਆਣੇ ਭੈਣ-ਭਰਾ, ਜਿਨ੍ਹਾਂ ਦੀ ਸਿਹਤ ਚੰਗੀ ਹੈ, ਉਨ੍ਹਾਂ ਇਲਾਕਿਆਂ ਵਿਚ ਜਾ ਕੇ ਬਹੁਤ ਮਦਦ ਕਰ ਸਕਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੀ ਤੁਸੀਂ ਹੁਣ ਰੀਟਾਇਰ ਹੋ ਚੁੱਕੇ ਹੋ? ਜਿਨ੍ਹਾਂ ਭੈਣ-ਭਰਾਵਾਂ ਨੂੰ ਮਾੜੀ-ਮੋਟੀ ਪੈਨਸ਼ਨ ਵੀ ਮਿਲਦੀ ਹੈ ਉਹ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਚਲਾ ਸਕਦੇ ਹਨ ਕਿਉਂਕਿ ਜਿਸ ਜਗ੍ਹਾ ਉਹ ਜਾਂਦੇ ਹਨ ਉੱਥੇ ਖ਼ਰਚੇ ਘੱਟ ਹੁੰਦੇ ਹਨ ਤੇ ਡਾਕਟਰੀ ਇਲਾਜ ਵੀ ਸਸਤਾ ਹੁੰਦਾ ਹੈ।
5. ਇਕ ਰੀਟਾਇਰ ਹੋ ਚੁੱਕੇ ਭਰਾ ਦਾ ਤਜਰਬਾ ਸੁਣਾਓ ਜਿਸ ਨੇ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ।
5 ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ ਤੋਂ ਇਕ ਰੀਟਾਇਰ ਹੋਇਆ ਬਜ਼ੁਰਗ ਅਤੇ ਪਾਇਨੀਅਰ ਭਰਾ ਨੇ ਦੱਖਣ-ਪੂਰਬ ਏਸ਼ੀਆ ਦੇ ਇਕ ਮਸ਼ਹੂਰ ਇਲਾਕੇ ਵਿਚ ਜਾਣ ਦਾ ਫ਼ੈਸਲਾ ਕੀਤਾ ਜਿੱਥੇ ਲੋਕ ਛੁੱਟੀਆਂ ਮਨਾਉਣ ਜਾਂਦੇ ਹਨ। ਉਸ ਨੇ ਉੱਥੇ ਨੌਂ ਪਬਲੀਸ਼ਰਾਂ ਦੇ ਇਕ ਅੰਗ੍ਰੇਜ਼ੀ ਬੋਲਣ ਵਾਲੇ ਗਰੁੱਪ ਦੀ ਮਦਦ ਕੀਤੀ। ਇਸ ਗਰੁੱਪ ਨੇ ਉਸ ਇਲਾਕੇ ਵਿਚ ਰਹਿ ਰਹੇ 30,000 ਪਰਦੇਸੀਆਂ ਨੂੰ ਪ੍ਰਚਾਰ ਕੀਤਾ। ਦੋ ਸਾਲਾਂ ਦੇ ਅੰਦਰ-ਅੰਦਰ 50 ਲੋਕ ਮੀਟਿੰਗਾਂ ਵਿਚ ਆਉਣ ਲੱਗ ਪਏ। ਭਰਾ ਨੇ ਲਿਖਿਆ: “ਇੱਥੇ ਆ ਕੇ ਮੇਰੀ ਝੋਲੀ ਬਰਕਤਾਂ ਨਾਲ ਭਰ ਗਈ ਹੈ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਇੱਥੇ ਪ੍ਰਚਾਰ ਕਰਕੇ ਮੈਨੂੰ ਕਿੰਨੀ ਜ਼ਿਆਦਾ ਖ਼ੁਸ਼ੀ ਮਿਲੀ ਹੈ!”
6. ਇਕ ਇਕੱਲੀ ਭੈਣ ਦਾ ਤਜਰਬਾ ਸੁਣਾਓ ਜਿਸ ਨੇ ਅਜਿਹੇ ਦੇਸ਼ ਵਿਚ ਜਾ ਕੇ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।
6 ਇਕੱਲੀਆਂ ਭੈਣਾਂ: ਯਹੋਵਾਹ ਨੇ ਪ੍ਰਚਾਰ ਕਰਨ ਲਈ ਭੈਣਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਹੈ ਜਿਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਲੋੜ ਹੈ। ਇਕ ਇਕੱਲੀ ਨੌਜਵਾਨ ਭੈਣ ਕਿਤੇ ਹੋਰ ਜਾ ਕੇ ਪ੍ਰਚਾਰ ਕਰਨਾ ਚਾਹੁੰਦੀ ਸੀ, ਪਰ ਉਸ ਦੇ ਮਾਪੇ ਉਸ ਦੀ ਬਹੁਤ ਫ਼ਿਕਰ ਕਰਦੇ ਸਨ। ਇਸ ਲਈ ਉਸ ਨੇ ਇਕ ਅਜਿਹਾ ਦੇਸ਼ ਚੁਣਿਆ ਜਿੱਥੇ ਦੀ ਰਾਜਨੀਤਿਕ ਅਤੇ ਆਰਥਿਕ ਹਾਲਤ ਚੰਗੀ ਸੀ। ਉਸ ਨੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੀ ਤੇ ਭਰਾਵਾਂ ਨੇ ਉਸ ਦੇਸ਼ ਬਾਰੇ ਸਾਰੀ ਜਾਣਕਾਰੀ ਭੇਜੀ ਜਿਸ ਨਾਲ ਉਸ ਦੀ ਕਾਫ਼ੀ ਮਦਦ ਹੋਈ। ਉਸ ਦੇਸ਼ ਵਿਚ ਛੇ ਸਾਲਾਂ ਤਕ ਸੇਵਾ ਕਰ ਕੇ ਉਸ ਨੂੰ ਭਰਪੂਰ ਬਰਕਤਾਂ ਮਿਲੀਆਂ। ਉਸ ਨੇ ਕਿਹਾ: “ਮੇਰੇ ਆਪਣੇ ਦੇਸ਼ ਵਿਚ ਮੇਰੇ ਕੋਲ ਘੱਟ ਹੀ ਬਾਈਬਲ ਸਟੱਡੀਆਂ ਸਨ। ਪਰ ਜਿੱਥੇ ਜ਼ਿਆਦਾ ਲੋੜ ਹੈ ਉੱਥੇ ਸੇਵਾ ਕਰਕੇ ਮੈਂ ਕਈ ਸਟੱਡੀਆਂ ਕਰਵਾ ਸਕੀ ਹਾਂ ਅਤੇ ਮੈਂ ਆਪਣੇ ਸਿਖਾਉਣ ਦੇ ਤਰੀਕੇ ਵਿਚ ਵੀ ਸੁਧਾਰ ਕੀਤਾ ਹੈ।”
7. ਕਿਸੇ ਹੋਰ ਥਾਂ ਜਾ ਕੇ ਸੇਵਾ ਕਰਨ ਵਾਲੇ ਇਕ ਪਰਿਵਾਰ ਦਾ ਤਜਰਬਾ ਸੁਣਾਓ।
7 ਪਰਿਵਾਰ: ਜੇ ਤੁਹਾਡੇ ਬੱਚੇ ਹਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਤੁਸੀਂ ਪ੍ਰਚਾਰ ਕਰਨ ਲਈ ਕਿਸੇ ਹੋਰ ਜਗ੍ਹਾ ਨਹੀਂ ਜਾ ਸਕਦੇ? ਇਕ ਪਰਿਵਾਰ ਨੇ ਇਵੇਂ ਕਰਨ ਬਾਰੇ ਸੋਚਿਆ ਜਿਸ ਦਾ ਅੱਠਾਂ ਸਾਲਾਂ ਦਾ ਮੁੰਡਾ ਅਤੇ ਦਸਾਂ ਸਾਲਾਂ ਦੀ ਕੁੜੀ ਹੈ। ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਤਜਰਬੇ ਬਾਰੇ ਲਿਖਿਆ: “ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਇੱਥੇ ਕਰ ਸਕੇ ਕਿਉਂਕਿ ਸਾਡੇ ਬੱਚੇ ਸਪੈਸ਼ਲ ਪਾਇਨੀਅਰਾਂ ਅਤੇ ਮਿਸ਼ਨਰੀਆਂ ਨਾਲ ਸੰਗਤੀ ਕਰਦੇ ਹਨ। ਇਸ ਜਗ੍ਹਾ ਵਿਚ ਸੇਵਾ ਕਰਕੇ ਸਾਨੂੰ ਬਰਕਤਾਂ ਹੀ ਬਰਕਤਾਂ ਮਿਲੀਆਂ ਹਨ।”
8. ਕੀ ਹੋਰ ਭਾਸ਼ਾ ਸਿੱਖਣ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਜਾ ਕੇ ਸੇਵਾ ਕੀਤੀ ਜਾ ਸਕਦੀ ਹੈ? ਸਮਝਾਓ।
8 ਹੋਰ ਭਾਸ਼ਾ ਸਿੱਖਣ ਦੀ ਚਿੰਤਾ: ਕੀ ਕੋਈ ਹੋਰ ਭਾਸ਼ਾ ਸਿੱਖਣ ਦੀ ਚਿੰਤਾ ਕਰਕੇ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਸੇਵਾ ਕਰਨ ਤੋਂ ਹਿਚਕਿਚਾਉਂਦੇ ਹੋ? ਹੋ ਸਕਦਾ ਹੈ ਕਿ ਤੁਹਾਡੀ ਮਾਂ-ਬੋਲੀ ਹੋਰਨਾਂ ਥਾਵਾਂ ਵਿਚ ਵੀ ਬੋਲੀ ਜਾਂਦੀ ਹੋਵੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਕ ਅੰਗ੍ਰੇਜ਼ੀ ਬੋਲਣ ਵਾਲਾ ਜੋੜਾ ਸਪੈਨਿਸ਼ ਬੋਲਣ ਵਾਲੇ ਦੇਸ਼ ਵਿਚ ਗਿਆ, ਪਰ ਉੱਥੇ ਬਹੁਤ ਸਾਰੇ ਅੰਗ੍ਰੇਜ਼ੀ ਬੋਲਣ ਵਾਲੇ ਪਰਦੇਸੀ ਵੀ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਬ੍ਰਾਂਚ ਤੋਂ ਇਕ ਲਿਸਟ ਮਿਲੀ ਜਿਸ ਵਿਚ ਦੱਸਿਆ ਗਿਆ ਕਿ ਉੱਥੇ ਹੋਰ ਕਈ ਅੰਗ੍ਰੇਜ਼ੀ ਬੋਲਣ ਵਾਲੀਆਂ ਕਲੀਸਿਯਾਵਾਂ ਹਨ, ਤਾਂ ਉਨ੍ਹਾਂ ਨੇ ਇਕ ਅੰਗ੍ਰੇਜ਼ੀ ਕਲੀਸਿਯਾ ਵਿਚ ਜਾਣ ਦਾ ਫ਼ੈਸਲਾ ਕੀਤਾ ਤੇ ਉੱਥੇ ਉਹ ਦੋ ਵਾਰ ਗਏ। ਉਨ੍ਹਾਂ ਨੇ ਵਾਪਸ ਘਰ ਆ ਕੇ ਹਰ ਮਹੀਨੇ ਦੇ ਆਪਣੇ ਖ਼ਰਚੇ ਘਟਾਏ ਅਤੇ ਇਕ ਸਾਲ ਤਕ ਪੈਸਾ ਜਮ੍ਹਾ ਕੀਤਾ। ਜਦੋਂ ਉਹ ਉਸ ਜਗ੍ਹਾ ਜਾਣ ਲਈ ਤਿਆਰ ਹੀ ਸਨ, ਤਾਂ ਉੱਥੇ ਭਰਾਵਾਂ ਨੇ ਸਸਤੀ ਰਿਹਾਇਸ਼ ਲੱਭਣ ਵਿਚ ਉਨ੍ਹਾਂ ਦੀ ਮਦਦ ਕੀਤੀ।
9, 10. ਆਪਣੇ ਜੱਦੀ ਸ਼ਹਿਰ ਤੋਂ ਦੂਰ ਰਹਿਣ ਵਾਲੇ ਭੈਣ-ਭਰਾ ਕਿਹੜੀ ਗੱਲ ਬਾਰੇ ਸੋਚ ਸਕਦੇ ਹਨ ਅਤੇ ਕਿਉਂ?
9 ਪਰਦੇਸੀਆਂ: ਕੀ ਸੱਚਾਈ ਸਿੱਖਣ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਦੇਸ਼ ਵਿਚ ਜਾਂ ਕਿਸੇ ਹੋਰ ਇਲਾਕੇ ਵਿਚ ਜਾ ਕੇ ਰਹਿਣ ਲੱਗ ਪਏ ਸੀ? ਤੁਹਾਡੇ ਆਪਣੇ ਜੱਦੀ ਸ਼ਹਿਰ ਜਾਂ ਪਿੰਡ ਵਿਚ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੋ ਸਕਦੀ ਹੈ। ਕੀ ਤੁਸੀਂ ਮਦਦ ਕਰਨ ਲਈ ਵਾਪਸ ਜਾ ਸਕਦੇ ਹੋ? ਤੁਹਾਡੇ ਲਈ ਉੱਥੇ ਜਾ ਕੇ ਕੰਮ ਤੇ ਰਿਹਾਇਸ਼ ਲੱਭਣਾ ਦੂਸਰਿਆਂ ਨਾਲੋਂ ਸੌਖਾ ਹੋ ਸਕਦਾ ਹੈ ਜੋ ਉੱਥੇ ਨਹੀਂ ਜੰਮੇ-ਪਲੇ। ਤੁਸੀਂ ਸ਼ਾਇਦ ਉੱਥੇ ਦੀ ਭਾਸ਼ਾ ਵੀ ਬੋਲ ਸਕਦੇ ਹੋ। ਇਸ ਤੋਂ ਇਲਾਵਾ, ਬਾਹਰਲੇ ਲੋਕਾਂ ਨਾਲੋਂ ਉੱਥੇ ਦੇ ਲੋਕ ਸ਼ਾਇਦ ਤੁਹਾਡੇ ਤੋਂ ਰਾਜ ਬਾਰੇ ਸੰਦੇਸ਼ ਸੁਣਨ ਲਈ ਜ਼ਿਆਦਾ ਰਾਜ਼ੀ ਹੋਣ।
10 ਇਕ ਆਦਮੀ ਅਲਬਾਨੀਆ ਤੋਂ ਇਟਲੀ ਜਾ ਕੇ ਰਫਿਊਜੀ ਦੇ ਤੌਰ ਤੇ ਰਹਿਣ ਲੱਗਾ। ਉਸ ਨੂੰ ਉੱਥੇ ਚੰਗੀ ਨੌਕਰੀ ਮਿਲ ਗਈ ਅਤੇ ਉਹ ਅਲਬਾਨੀਆ ਵਿਚ ਰਹਿੰਦੇ ਆਪਣੇ ਪਰਿਵਾਰ ਨੂੰ ਪੈਸਾ ਭੇਜਣ ਲੱਗ ਪਿਆ। ਸੱਚਾਈ ਸਿੱਖਣ ਤੋਂ ਬਾਅਦ ਉਹ ਇਟਲੀ ਦੇ ਸਪੈਸ਼ਲ ਪਾਇਨੀਅਰਾਂ ਦੇ ਇਕ ਗਰੁੱਪ ਨੂੰ ਅਲਬਾਨੀ ਭਾਸ਼ਾ ਸਿਖਾਉਣ ਲੱਗਾ ਜੋ ਉਸ ਦੇ ਦੇਸ਼ ਵਿਚ ਜਾ ਕੇ ਸੇਵਾ ਕਰਨ ਵਾਲੇ ਸਨ। ਭਰਾ ਨੇ ਲਿਖਿਆ: “ਉਹ ਮੇਰੇ ਹੀ ਦੇਸ਼ ਵਿਚ ਜਾਣ ਵਾਲੇ ਸਨ। ਭਾਵੇਂ ਕਿ ਉਨ੍ਹਾਂ ਨੂੰ ਭਾਸ਼ਾ ਨਹੀਂ ਵੀ ਆਉਂਦੀ ਸੀ, ਪਰ ਉਹ ਉੱਥੇ ਜਾਣ ਲਈ ਕਿੰਨੇ ਖ਼ੁਸ਼ ਸਨ। ਮੈਂ ਅਲਬਾਨੀਆ ਵਿਚ ਜੰਮਿਆਂ-ਪਲਿਆ ਸੀ ਅਤੇ ਮੈਂ ਤਾਂ ਅਲਬਾਨੀ ਭਾਸ਼ਾ ਵੀ ਬੋਲ ਸਕਦਾ ਸੀ। ਫਿਰ ਮੈਂ ਸੋਚਿਆ ਕਿ ਮੈਂ ਇਟਲੀ ਵਿਚ ਬੈਠਾ ਕੀ ਕਰ ਰਿਹਾ ਹਾਂ?” ਭਰਾ ਨੇ ਅਲਬਾਨੀਆ ਵਾਪਸ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ: “ਕੀ ਮੈਂ ਇਟਲੀ ਵਿਚ ਕੰਮ-ਧੰਦਾ ਅਤੇ ਪੈਸਾ ਛੱਡ ਕੇ ਪਛਤਾ ਰਿਹਾ ਹਾਂ? ਜ਼ਰਾ ਵੀ ਨਹੀਂ! ਮੈਨੂੰ ਅਲਬਾਨੀਆ ਵਿਚ ਅਸਲੀ ਕੰਮ ਕਰਨ ਲਈ ਮਿਲ ਗਿਆ ਹੈ। ਮੇਰੇ ਖ਼ਿਆਲ ਵਿਚ ਯਹੋਵਾਹ ਦੀ ਸੇਵਾ ਕਰ ਕੇ ਹੀ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਹੀ ਸਭ ਤੋਂ ਵਧੀਆ ਕੰਮ ਹੈ!”
11, 12. ਜਿਹੜੇ ਹੋਰ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁੰਦੇ ਹਨ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ?
11 ਇਹ ਕਿੱਦਾਂ ਕਰੀਏ: ਮਕਦੂਨੀਆ ਜਾਣ ਤੋਂ ਪਹਿਲਾਂ, ਪੌਲੁਸ ਅਤੇ ਉਸ ਦੇ ਸਾਥੀ ਪੱਛਮ ਵੱਲ ਨੂੰ ਜਾਣ ਦਾ ਸੋਚ ਰਹੇ ਸਨ, ਪਰ ‘ਪਵਿੱਤ੍ਰ ਸ਼ਕਤੀ ਨੇ ਉਨ੍ਹਾਂ ਨੂੰ ਮਨਾ ਕੀਤਾ,’ ਜਿਸ ਕਰਕੇ ਉਹ ਉੱਤਰ ਵੱਲ ਨੂੰ ਗਏ। (ਰਸੂ. 16:6) ਜਦੋਂ ਉਹ ਬਿਥੁਨਿਯਾ ਦੇ ਲਾਗੇ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਉੱਥੇ ਜਾਣ ਤੋਂ ਵੀ ਮਨ੍ਹਾ ਕੀਤਾ। (ਰਸੂ. 16:7) ਯਿਸੂ ਦੇ ਜ਼ਰੀਏ ਯਹੋਵਾਹ ਹਾਲੇ ਵੀ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ। (ਮੱਤੀ 28:20) ਇਸ ਕਰਕੇ ਜੇ ਤੁਸੀਂ ਉੱਥੇ ਜਾਣ ਬਾਰੇ ਸੋਚ ਰਹੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਪ੍ਰਾਰਥਨਾ ਕਰ ਕੇ ਯਹੋਵਾਹ ਦੀ ਸੇਧ ਭਾਲੋ।—ਲੂਕਾ 14:28-30; ਯਾਕੂ. 1:5; “ਤੁਸੀਂ ਉਸ ਜਗ੍ਹਾ ਬਾਰੇ ਕਿਵੇਂ ਪਤਾ ਲੱਗਾ ਸਕਦੇ ਹੋ ਜਿੱਥੇ ਤੁਸੀਂ ਜਾਣ ਬਾਰੇ ਸੋਚ ਰਹੇ ਹੋ?” ਨਾਮਕ ਡੱਬੀ ਦੇਖੋ।
12 ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਆਪਣੇ ਕਲੀਸਿਯਾ ਦੇ ਬਜ਼ੁਰਗਾਂ ਅਤੇ ਹੋਰ ਸਿਆਣੇ ਭੈਣ-ਭਰਾਵਾਂ ਤੋਂ ਪੁੱਛੇ ਕਿ ਉਹ ਤੁਹਾਡੇ ਇਸ ਫ਼ੈਸਲੇ ਬਾਰੇ ਕੀ ਸੋਚਦੇ ਹਨ। (ਕਹਾ. 11:14; 15:22) ਉਨ੍ਹਾਂ ਲੇਖਾਂ ਨੂੰ ਪੜ੍ਹੋ ਜਿਨ੍ਹਾਂ ਵਿਚ ਹੋਰ ਇਲਾਕਿਆਂ ਵਿਚ ਜਾਣ ਬਾਰੇ ਦੱਸਿਆ ਗਿਆ ਹੈ ਕਿ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ। ਨਾਲੇ ਉਨ੍ਹਾਂ ਥਾਵਾਂ ਬਾਰੇ ਵੀ ਰੀਸਰਚ ਕਰੋ ਜਿੱਥੇ ਜਾਣ ਬਾਰੇ ਤੁਸੀਂ ਸੋਚ ਰਹੇ ਹੋ। ਕੀ ਤੁਸੀਂ ਥੋੜ੍ਹੇ ਚਿਰ ਲਈ ਅਜਿਹੇ ਕਿਸੇ ਥਾਂ ਜਾ ਕੇ ਰਹਿ ਸਕਦੇ ਹੋ? ਜੇ ਤੁਸੀਂ ਵਾਕਈ ਕਿਸੇ ਜਗ੍ਹਾ ਜਾਣ ਬਾਰੇ ਸੋਚ-ਵਿਚਾਰ ਕਰ ਰਹੇ ਹੋ, ਤਾਂ ਤੁਸੀਂ ਹੋਰ ਜਾਣਕਾਰੀ ਲਈ ਉੱਥੇ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖ ਸਕਦੇ ਹੋ। ਪਰ ਆਪਣੀ ਚਿੱਠੀ ਸਿੱਧੀ ਬ੍ਰਾਂਚ ਆਫ਼ਿਸ ਨੂੰ ਘੱਲਣ ਦੀ ਬਜਾਇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਦਿਓ ਤਾਂਕਿ ਉਹ ਉਸ ਨੂੰ ਭੇਜਣ ਤੋਂ ਪਹਿਲਾਂ ਆਪਣੀਆਂ ਟਿੱਪਣੀਆਂ ਵੀ ਲਿਖ ਸਕਣ।—ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ, ਸਫ਼ੇ 111-112 ਦੇਖੋ।
13. ਬ੍ਰਾਂਚ ਆਫ਼ਿਸ ਕਿਵੇਂ ਤੁਹਾਡੀ ਮਦਦ ਕਰ ਸਕਦਾ ਹੈ, ਪਰ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ?
13 ਬ੍ਰਾਂਚ ਆਫ਼ਿਸ ਤੁਹਾਨੂੰ ਸਹੀ ਫ਼ੈਸਲਾ ਕਰਨ ਲਈ ਜਾਣਕਾਰੀ ਭੇਜ ਸਕਦਾ ਹੈ, ਪਰ ਉਹ ਤੁਹਾਨੂੰ ਕਾਨੂੰਨੀ ਕਾਗਜ਼-ਪੱਤਰ ਨਹੀਂ ਭੇਜ ਸਕਦਾ ਜਾਂ ਤੁਹਾਡੇ ਲਈ ਰਿਹਾਇਸ਼ ਨਹੀਂ ਲੱਭ ਸਕਦਾ ਹੈ। ਇਹ ਤੁਹਾਡਾ ਆਪਣਾ ਨਿੱਜੀ ਮਾਮਲਾ ਹੈ ਜਿਸ ਬਾਰੇ ਤੁਹਾਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ। ਜੋ ਭੈਣ-ਭਰਾ ਕਿਤੇ ਹੋਰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀਆਂ ਲੋੜਾਂ ਅਤੇ ਕਾਨੂੰਨੀ ਤੌਰ ਤੇ ਮੰਗਾਂ ਖ਼ੁਦ ਪੂਰੀਆਂ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ।—ਗਲਾ. 6:5.
14. ਪਾਬੰਦੀ ਲੱਗੇ ਦੇਸ਼ ਵਿਚ ਘੁੰਮਣ-ਫਿਰਨ ਜਾਂ ਰਹਿਣ ਜਾਂਦੇ ਹੋਏ ਕਿਹੜੀਆਂ ਗੱਲਾਂ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ?
14 ਉਹ ਦੇਸ਼ ਜਿੱਥੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ: ਕੁਝ ਦੇਸ਼ਾਂ ਵਿਚ ਭੈਣਾਂ-ਭਰਾਵਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਮੀਟਿੰਗਾਂ ʼਤੇ ਜਾਣਾ ਅਤੇ ਪ੍ਰਚਾਰ ਕਰਨਾ ਪੈਂਦਾ ਹੈ। (ਮੱਤੀ 10:16) ਜੋ ਪਬਲੀਸ਼ਰ ਉਨ੍ਹਾਂ ਦੇਸ਼ਾਂ ਵਿਚ ਘੁੰਮਣ-ਫਿਰਨ ਜਾਂ ਰਹਿਣ ਲਈ ਜਾਂਦੇ ਹਨ ਅਣਜਾਣੇ ਵਿਚ ਪ੍ਰਚਾਰ ਦੇ ਸਾਡੇ ਕੰਮ ਵੱਲ ਦੂਸਰਿਆਂ ਦਾ ਧਿਆਨ ਖਿੱਚ ਸਕਦੇ ਹਨ ਜਿਸ ਕਰਕੇ ਉੱਥੇ ਦੇ ਭਰਾਵਾਂ ਵਾਸਤੇ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅਜਿਹੇ ਦੇਸ਼ ਵਿਚ ਜਾਣ ਤੋਂ ਪਹਿਲਾਂ ਬਜ਼ੁਰਗਾਂ ਦੇ ਜ਼ਰੀਏ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖੋ।
15. ਜਿਹੜੇ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਕਿਤੇ ਹੋਰ ਨਹੀਂ ਜਾ ਸਕਦੇ ਉਹ ਹੋਰ ਜ਼ਿਆਦਾ ਸੇਵਾ ਕਿੱਦਾਂ ਕਰ ਸਕਦੇ ਹਨ?
15 ਜੇ ਤੁਸੀਂ ਕਿਤੇ ਹੋਰ ਨਹੀਂ ਜਾ ਸਕਦੇ: ਜੇ ਤੁਸੀਂ ਹੋਰ ਕਿਤੇ ਸੇਵਾ ਕਰਨ ਲਈ ਨਹੀਂ ਜਾ ਸਕਦੇ, ਤਾਂ ਹੌਸਲਾ ਨਾ ਹਾਰੋ। ਸ਼ਾਇਦ ਕੋਈ ਹੋਰ ‘ਕੰਮ ਕੱਢਣ ਵਾਲਾ ਵੱਡਾ ਦਰਵੱਜਾ’ ਤੁਹਾਡੇ ਸਾਮ੍ਹਣੇ ਖੁੱਲ੍ਹ ਜਾਵੇ। (1 ਕੁਰਿੰ. 16:8, 9) ਤੁਹਾਡਾ ਸਰਕਟ ਓਵਰਸੀਅਰ ਸ਼ਾਇਦ ਤੁਹਾਡੇ ਨੇੜੇ ਦੇ ਇਲਾਕੇ ਬਾਰੇ ਜਾਣਦਾ ਹੋਵੇ ਜਿੱਥੇ ਤੁਸੀਂ ਜਾ ਕੇ ਸੇਵਾ ਕਰ ਸਕਦੇ ਹੋ। ਤੁਸੀਂ ਸ਼ਾਇਦ ਕਿਸੇ ਲਾਗੇ ਦੀ ਕਲੀਸਿਯਾ ਜਾਂ ਗਰੁੱਪ ਦੀ ਮਦਦ ਕਰ ਸਕਦੇ ਹੋ। ਜਾਂ ਫਿਰ ਤੁਸੀਂ ਆਪਣੀ ਹੀ ਕਲੀਸਿਯਾ ਨਾਲ ਹੋਰ ਜ਼ਿਆਦਾ ਸੇਵਾ ਕਰ ਸਕਦੇ ਹੋ। ਤੁਹਾਡੇ ਹਾਲਾਤ ਜੋ ਮਰਜ਼ੀ ਹੋਣ, ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਜੀ-ਜਾਨ ਨਾਲ ਯਹੋਵਾਹ ਦੀ ਭਗਤੀ ਕਰੋ।—ਕੁਲੁ. 3:23.
16. ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ ਜੋ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਹਨ ਜਿੱਥੇ ਜ਼ਿਆਦਾ ਲੋੜ ਹੈ?
16 ਕੀ ਤੁਸੀਂ ਸੱਚਾਈ ਵਿਚ ਕਿਸੇ ਮਜ਼ਬੂਤ ਭੈਣ-ਭਰਾ ਨੂੰ ਜਾਣਦੇ ਹੋ ਜੋ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦਾ ਹੈ ਜਿੱਥੇ ਜ਼ਿਆਦਾ ਲੋੜ ਹੈ? ਤਾਂ ਫਿਰ ਉਸ ਭੈਣ ਜਾਂ ਭਰਾ ਦੀ ਹੌਸਲਾ-ਅਫ਼ਜ਼ਾਈ ਕਰੋ! ਜਦੋਂ ਪੌਲੁਸ ਨੇ ਸੀਰੀਆ ਦਾ ਅੰਤਾਕਿਯਾ ਸ਼ਹਿਰ ਛੱਡਿਆ ਸੀ, ਤਾਂ ਉਸ ਸਮੇਂ ਇਹ ਰੋਮੀ ਸਾਮਰਾਜ ਵਿਚ (ਰੋਮ ਅਤੇ ਸਿਕੰਦਰੀਆ ਤੋਂ ਬਾਅਦ) ਤੀਜਾ ਸਭ ਤੋਂ ਵੱਡਾ ਸ਼ਹਿਰ ਸੀ। ਅਜਿਹੇ ਵੱਡੇ ਇਲਾਕੇ ਵਿਚ ਅੰਤਾਕਿਯਾ ਦੀ ਕਲੀਸਿਯਾ ਨੂੰ ਪੌਲੁਸ ਦੀ ਸਖ਼ਤ ਲੋੜ ਸੀ ਅਤੇ ਉਨ੍ਹਾਂ ਨੇ ਉਸ ਦੀ ਬਹੁਤ ਕਮੀ ਮਹਿਸੂਸ ਕਰਨੀ ਸੀ। ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਭਰਾਵਾਂ ਨੇ ਪੌਲੁਸ ਨੂੰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਲੱਗਦਾ ਹੈ ਕਿ ਭਰਾਵਾਂ ਨੇ ਆਪਣੇ ਇਲਾਕੇ ਬਾਰੇ ਸੋਚਣ ਦੀ ਬਜਾਇ ਇਹ ਯਾਦ ਰੱਖਿਆ ਕਿ “ਖੇਤ ਜਗਤ ਹੈ।”—ਮੱਤੀ 13:38.
17. “ਮਕਦੂਨਿਯਾ ਵਿੱਚ ਉਤਰ ਕੇ” ਮਦਦ ਦੇਣ ਦੀ ਸਾਡੇ ਕੋਲ ਕੀ ਵਜ੍ਹਾ ਹੈ?
17 ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਮਕਦੂਨਿਯਾ ਵਿਚ ਜਾ ਕੇ ਸੇਵਾ ਕਰਨ ਕਰਕੇ ਬਹੁਤ ਹੀ ਬਰਕਤਾਂ ਮਿਲੀਆਂ। ਜਦ ਉਹ ਮਕਦੂਨਿਯਾ ਦੇ ਫ਼ਿਲਿੱਪੈ ਸ਼ਹਿਰ ਵਿਚ ਸਨ, ਤਾਂ ਉਨ੍ਹਾਂ ਨੂੰ ਲੁਦਿਯਾ ਨਾਂ ਦੀ ਇਕ ਤੀਵੀਂ ਮਿਲੀ। “ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਭਈ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।” (ਰਸੂ. 16:14) ਜ਼ਰਾ ਸੋਚੋ ਕਿ ਜਦੋਂ ਲੁਦਿਯਾ ਅਤੇ ਉਸ ਦੇ ਸਾਰੇ ਪਰਿਵਾਰ ਨੇ ਬਪਤਿਸਮਾ ਲਿਆ, ਤਾਂ ਪੌਲੁਸ ਅਤੇ ਉਸ ਦੇ ਸਾਥੀ ਕਿੰਨੇ ਖ਼ੁਸ਼ ਹੋਏ ਹੋਣੇ! ਕਈ ਦੇਸ਼ਾਂ ਵਿਚ ਅਜੇ ਵੀ ਲੁਦਿਯਾ ਵਰਗੇ ਨੇਕ ਦਿਲ ਲੋਕ ਹਨ ਜਿਨ੍ਹਾਂ ਨੇ ਰਾਜ ਦਾ ਸੰਦੇਸ਼ ਨਹੀਂ ਸੁਣਿਆ। ਜੇ ਤੁਸੀਂ “ਮਕਦੂਨਿਯਾ ਵਿੱਚ ਉਤਰ ਕੇ” ਮਦਦ ਕਰੋਗੇ, ਤਾਂ ਤੁਹਾਨੂੰ ਵੀ ਅਜਿਹੇ ਲੋਕਾਂ ਨੂੰ ਲੱਭਣ ਵਿਚ ਅਤੇ ਉਨ੍ਹਾਂ ਦੀ ਮਦਦ ਕਰਨ ਵਿਚ ਖ਼ੁਸ਼ੀ ਮਿਲ ਸਕੇਗੀ।
[ਸਫ਼ਾ 5 ਉੱਤੇ ਡੱਬੀ]
ਤੁਸੀਂ ਉਸ ਜਗ੍ਹਾ ਬਾਰੇ ਕਿਵੇਂ ਪਤਾ ਲੱਗਾ ਸਕਦੇ ਹੋ ਜਿੱਥੇ ਤੁਸੀਂ ਜਾਣ ਬਾਰੇ ਸੋਚ ਰਹੇ ਹੋ?
• ਆਪਣੀ ਕਲੀਸਿਯਾ ਦੇ ਬਜ਼ੁਰਗਾਂ ਅਤੇ ਆਪਣੇ ਸਰਕਟ ਨਿਗਾਹਬਾਨ ਨਾਲ ਗੱਲਬਾਤ ਕਰੋ।
• ਉਨ੍ਹਾਂ ਪਬਲੀਸ਼ਰਾਂ ਨਾਲ ਗੱਲਬਾਤ ਕਰੋ ਜੋ ਉਸ ਜਗ੍ਹਾ ਘੁੰਮ-ਫਿਰ ਜਾਂ ਰਹਿ ਚੁੱਕੇ ਹਨ।
• ਜੇ ਤੁਸੀਂ ਉੱਥੇ ਜਾ ਕੇ ਪ੍ਰਚਾਰ ਕਰਨ ਬਾਰੇ ਸੋਚ ਰਹੇ ਹੋ ਜਿੱਥੇ ਤੁਹਾਡੀ ਭਾਸ਼ਾ ਬੋਲੀ ਜਾਂਦੀ ਹੈ, ਤਾਂ ਇੰਟਰਨੈੱਟ ਵਗੈਰਾ ʼਤੇ ਦੇਖੋ ਕਿ ਉੱਥੇ ਕਿੰਨੇ ਲੋਕ ਤੁਹਾਡੀ ਭਾਸ਼ਾ ਬੋਲਦੇ ਹਨ।