ਅਸੀਂ ਗਵਾਹੀ ਦੇਣ ਲਈ ਹਮੇਸ਼ਾ ਤਿਆਰ ਹਾਂ
1. ਅਸੀਂ ਕਿਵੇਂ ਜਾਣਦੇ ਹਾਂ ਕਿ ਪਹਿਲੀ ਸਦੀ ਦੇ ਪ੍ਰਚਾਰਕ ਗਵਾਹੀ ਦੇਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਸਨ?
1 ਪਹਿਲੀ ਸਦੀ ਵਿਚ ਜੋਸ਼ੀਲੇ ਪ੍ਰਚਾਰਕ “ਬਿਨਾਂ ਰੁਕੇ” ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਸਨ ਭਾਵੇਂ ਉਹ ਜਿੱਥੇ ਮਰਜ਼ੀ ਹੁੰਦੇ ਸਨ। (ਰਸੂ. 5:42) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਘਰ-ਘਰ ਜਾ ਕੇ ਪ੍ਰਚਾਰ ਕਰਨ ਤੋਂ ਇਲਾਵਾ ਉਹ ਲੋਕਾਂ ਨੂੰ ਸੜਕਾਂ ʼਤੇ ਵੀ ਜ਼ਰੂਰ ਗਵਾਹੀ ਦਿੰਦੇ ਸਨ। ਉਹ ਪ੍ਰਚਾਰ ਕਰਨ ਤੋਂ ਬਾਅਦ ਬਾਜ਼ਾਰ ਵਿਚ ਵੀ ਮੌਕਾ ਮਿਲਣ ਤੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਝਿਜਕਦੇ ਨਹੀਂ ਸਨ। ਯਿਸੂ ਦੀ ਤਰ੍ਹਾਂ ਉਹ ਆਪਣੇ ਆਪ ਨੂੰ 24 ਘੰਟੇ ਗਵਾਹ ਸਮਝਦੇ ਸਨ।—ਮਰ. 6:31-34.
2. ਆਪਣੇ ਨਾਂ ʼਤੇ ਪੂਰੇ ਉਤਰਨ ਦਾ ਕੀ ਮਤਲਬ ਹੈ?
2 ਗਵਾਹੀ ਦੇਣ ਲਈ ਹਮੇਸ਼ਾ ਤਿਆਰ: ਸਾਡਾ ਨਾਂ ਯਹੋਵਾਹ ਦੇ ਗਵਾਹ ਸਿਰਫ਼ ਇਹ ਨਹੀਂ ਦੱਸਦਾ ਕਿ ਅਸੀਂ ਕੀ ਕਰਦੇ ਹਾਂ, ਸਗੋਂ ਇਹ ਵੀ ਦੱਸਦਾ ਹੈ ਕਿ ਅਸੀਂ ਕੌਣ ਹਾਂ। (ਯਸਾ. 43:10-12) ਇਸ ਲਈ ਅਸੀਂ ਆਪਣੀ ਆਸ਼ਾ ਦਾ ਸਬੂਤ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਾਂ ਭਾਵੇਂ ਕਿ ਅਸੀਂ ਘਰ-ਘਰ ਨਾ ਵੀ ਜਾ ਰਹੇ ਹੋਈਏ। (1 ਪਤ. 3:15) ਕੀ ਤੁਸੀਂ ਪਹਿਲਾਂ ਤੋਂ ਹੀ ਉਨ੍ਹਾਂ ਸਥਿਤੀਆਂ ਬਾਰੇ ਸੋਚਦੇ ਹੋ ਜੋ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਦੇ ਸਕਦੀਆਂ ਹਨ ਅਤੇ ਸੋਚਦੇ ਹੋ ਕਿ ਤੁਸੀਂ ਕੀ ਕਹਿ ਸਕਦੇ ਹੋ? ਕੀ ਤੁਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਵਾਸਤੇ ਆਪਣੇ ਕੋਲ ਪ੍ਰਕਾਸ਼ਨ ਰੱਖਦੇ ਹੋ? (ਕਹਾ. 21:5) ਕੀ ਤੁਸੀਂ ਸਿਰਫ਼ ਘਰ-ਘਰ ਜਾ ਕੇ ਹੀ ਪ੍ਰਚਾਰ ਕਰਦੇ ਹੋ ਜਾਂ ਕੀ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਹੋਰਨਾਂ ਸਥਿਤੀਆਂ ਵਿਚ ਵੀ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹੋ?
3. ਸਾਡੇ ਲਈ ਖੁੱਲ੍ਹੇ-ਆਮ ਪ੍ਰਚਾਰ ਕਰਨਾ ਵੀ ਕਿਉਂ ਜ਼ਰੂਰੀ ਹੈ?
3 “ਖੁੱਲ੍ਹੇ-ਆਮ” ਗਵਾਹੀ ਦਿਓ: ਪੌਲੁਸ ਰਸੂਲ ਨੇ ਕਿਹਾ ਕਿ ਉਹ “ਖੁੱਲ੍ਹੇ-ਆਮ” ਪ੍ਰਚਾਰ ਕਰਦਾ ਸੀ ਅਤੇ ਘਰ-ਘਰ ਜਾ ਕੇ ਵੀ ਪ੍ਰਚਾਰ ਕਰਦਾ ਸੀ। (ਰਸੂ. 20:20) ਇਸ ਲਈ ਅਸੀਂ ਸੜਕਾਂ, ਬਸ ਅੱਡਿਆਂ, ਕਾਰ ਪਾਰਕਾਂ, ਪਾਰਕਾਂ, ਬਿਜ਼ਨਿਸ ਥਾਵਾਂ, ਰੇਲਵੇ ਸਟੇਸ਼ਨਾਂ ਵਗੈਰਾ ਤੇ ਪ੍ਰਚਾਰ ਕਰਨ ਨੂੰ ਠੀਕ ਤੌਰ ਤੇ “ਖੁੱਲ੍ਹੇ-ਆਮ” ਗਵਾਹੀ ਦੇਣਾ ਕਹਿ ਸਕਦੇ ਹਾਂ। ਇਹ ਗੱਲ ਸੱਚ ਹੈ ਕਿ ਲੋਕਾਂ ਨੂੰ ਰਾਜ ਬਾਰੇ ਸੰਦੇਸ਼ ਸੁਣਾਉਣ ਦਾ ਸਾਡਾ ਮੁੱਖ ਅਤੇ ਅਸਰਕਾਰੀ ਤਰੀਕਾ ਘਰ-ਘਰ ਜਾ ਕੇ ਪ੍ਰਚਾਰ ਕਰਨਾ ਹੀ ਹੈ। ਪਰ ਪਹਿਲੀ ਸਦੀ ਦੇ ਪ੍ਰਚਾਰਕ ਘਰਾਂ ਬਾਰੇ ਸੋਚਣ ਦੀ ਬਜਾਇ ਲੋਕਾਂ ਬਾਰੇ ਸੋਚਦੇ ਸਨ। ਉਹ ਹਰ ਮੌਕੇ ਤੇ ਲੋਕਾਂ ਨੂੰ ਖੁੱਲ੍ਹੇ-ਆਮ ਅਤੇ ਘਰ-ਘਰ ਜਾ ਕੇ ਸੱਚਾਈ ਬਾਰੇ ਪ੍ਰਚਾਰ ਕਰਦੇ ਸਨ। ਆਓ ਆਪਾਂ ਵੀ ਆਪਣੀ ਸੇਵਕਾਈ ਨੂੰ ਪੂਰਿਆਂ ਕਰਨ ਲਈ ਲੋਕਾਂ ਨੂੰ ਧਿਆਨ ਵਿਚ ਰੱਖੀਏ।—2 ਤਿਮੋ. 4:5.