ਖ਼ੁਸ਼ ਖ਼ਬਰੀ ਫੈਲਾਉਣ ਲਈ ਟ੍ਰੈਕਟ ਵਰਤੋ
1. ਪਰਮੇਸ਼ੁਰ ਦੇ ਲੋਕਾਂ ਨੇ ਟ੍ਰੈਕਟ ਕਿਵੇਂ ਵਰਤੇ ਹਨ?
1 ਯਹੋਵਾਹ ਦੇ ਲੋਕ ਖ਼ੁਸ਼ ਖ਼ਬਰੀ ਫੈਲਾਉਣ ਲਈ ਲੰਮੇ ਸਮੇਂ ਤੋਂ ਬਾਈਬਲ-ਆਧਾਰਿਤ ਟ੍ਰੈਕਟ ਵਰਤ ਰਹੇ ਹਨ। ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ 1880 ਵਿਚ ਬਾਈਬਲ ਸਟੂਡੈਂਟਸ ਟ੍ਰੈਕਟ ਛਾਪਣੇ ਸ਼ੁਰੂ ਕੀਤੇ ਅਤੇ ਇਹ ਪਹਿਰਾਬੁਰਜ ਪੜ੍ਹਨ ਵਾਲਿਆਂ ਨੂੰ ਦਿੱਤੇ ਤਾਂਕਿ ਉਹ ਲੋਕਾਂ ਨੂੰ ਵੰਡਣ। ਟ੍ਰੈਕਟਾਂ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਕਿ 1884 ਵਿਚ ਜਦੋਂ ਸੀ. ਟੀ. ਰਸਲ ਨੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਗ਼ੈਰ-ਮੁਨਾਫ਼ਾ ਕਾਨੂੰਨੀ ਕਾਰਪੋਰੇਸ਼ਨ ਰਜਿਸਟਰ ਕਰਵਾਈ, ਤਾਂ ਸ਼ਬਦ “ਟ੍ਰੈਕਟ” ਜ਼ਾਯੰਸ ਵਾਚ ਟਾਵਰ ਟ੍ਰੈਕਟ ਸੋਸਾਇਟੀ ਦੇ ਨਾਂ ਵਿਚ ਸ਼ਾਮਲ ਕੀਤਾ ਗਿਆ ਜਿਸ ਨੂੰ ਹੁਣ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਕਿਹਾ ਜਾਂਦਾ ਹੈ। 1918 ਤਕ 30 ਕਰੋੜ ਨਾਲੋਂ ਜ਼ਿਆਦਾ ਟ੍ਰੈਕਟ ਬਾਈਬਲ ਸਟੂਡੈਂਟਸ ਵੰਡ ਚੁੱਕੇ ਸੀ। ਟ੍ਰੈਕਟ ਗਵਾਹੀ ਦੇਣ ਦਾ ਅੱਜ ਵੀ ਅਸਰਦਾਰ ਜ਼ਰੀਆ ਹਨ।
2. ਟ੍ਰੈਕਟ ਇੰਨੇ ਅਸਰਦਾਰ ਕਿਉਂ ਹਨ?
2 ਕਿਉਂ ਅਸਰਦਾਰ ਹਨ: ਟ੍ਰੈਕਟ ਰੰਗਦਾਰ ਹੋਣ ਕਰਕੇ ਅੱਖਾਂ ਨੂੰ ਭਾਉਂਦੇ ਹਨ। ਇਨ੍ਹਾਂ ਵਿਚਲਾ ਸੰਖੇਪ ਸੰਦੇਸ਼ ਦਿਲਚਸਪ ਹੈ ਤੇ ਜਾਣਕਾਰੀ ਵਧਾਉਂਦਾ ਹੈ। ਟ੍ਰੈਕਟ ਲੋਕਾਂ ਦਾ ਧਿਆਨ ਖਿੱਚਦੇ ਹਨ ਜੋ ਸ਼ਾਇਦ ਰਸਾਲੇ ਜਾਂ ਕਿਤਾਬਾਂ ਨਹੀਂ ਲੈਣਾ ਚਾਹੁੰਦੇ। ਨਵੇਂ ਪਬਲੀਸ਼ਰ ਅਤੇ ਬੱਚੇ ਵੀ ਇਨ੍ਹਾਂ ਨੂੰ ਆਸਾਨੀ ਨਾਲ ਪੇਸ਼ ਕਰ ਸਕਦੇ ਹਨ। ਨਾਲੇ ਟ੍ਰੈਕਟ ਛੋਟੇ ਆਕਾਰ ਦੇ ਹੋਣ ਕਰਕੇ ਆਸਾਨੀ ਨਾਲ ਇਨ੍ਹਾਂ ਨੂੰ ਆਪਣੇ ਕੋਲ ਰੱਖਿਆ ਜਾ ਸਕਦਾ ਹੈ।
3. ਆਪਣਾ ਜਾਂ ਕੋਈ ਛਾਪਿਆ ਗਿਆ ਤਜਰਬਾ ਦੱਸੋ ਜਿਸ ਤੋਂ ਟ੍ਰੈਕਟਾਂ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ।
3 ਪਹਿਲਾਂ-ਪਹਿਲਾਂ ਕਈ ਟ੍ਰੈਕਟ ਦੇ ਜ਼ਰੀਏ ਸੱਚਾਈ ਸਿੱਖਦੇ ਹਨ। ਮਿਸਾਲ ਲਈ, ਇਕ ਔਰਤ ਨੂੰ ਸੜਕ ʼਤੇ ਪਿਆ ਇਕ ਟ੍ਰੈਕਟ ਨਜ਼ਰ ਆਇਆ। ਉਸ ਨੇ ਇਸ ਨੂੰ ਚੁੱਕਿਆ, ਪੜ੍ਹਿਆ ਤੇ ਫਿਰ ਬੋਲੀ: “ਮੈਨੂੰ ਸੱਚਾਈ ਮਿਲ ਗਈ!” ਫਿਰ ਉਹ ਕਿੰਗਡਮ ਹਾਲ ਗਈ, ਬਾਈਬਲ ਸਟੱਡੀ ਕਰਨ ਲੱਗੀ ਤੇ ਬਪਤਿਸਮਾ ਲੈ ਲਿਆ। ਇਹ ਸਾਰਾ ਕੁਝ ਟ੍ਰੈਕਟ ਵਿਚਲੀ ਪਰਮੇਸ਼ੁਰ ਦੇ ਬਚਨ ਦੀ ਤਾਕਤ ਦਾ ਕਮਾਲ ਸੀ।
4. ਸਾਡਾ ਟੀਚਾ ਕੀ ਹੋਣਾ ਚਾਹੀਦਾ ਜਿਸ ਮਹੀਨੇ ਅਸੀਂ ਟ੍ਰੈਕਟ ਪੇਸ਼ ਕਰਾਂਗੇ?
4 ਘਰ-ਘਰ ਜਾਣਾ: ਟ੍ਰੈਕਟ ਗਵਾਹੀ ਦੇਣ ਦਾ ਅਸਰਦਾਰ ਜ਼ਰੀਆ ਹਨ। ਇਸ ਲਈ ਨਵੰਬਰ ਤੋਂ ਸ਼ੁਰੂ ਹੋ ਕੇ ਕਦੇ-ਕਦੇ ਇਹ ਮਹੀਨੇ ਦੀ ਸਾਹਿੱਤ ਪੇਸ਼ਕਸ਼ ਹੋਇਆ ਕਰਨਗੇ। ਸਾਡਾ ਟੀਚਾ ਲੋਕਾਂ ਨੂੰ ਸਿਰਫ਼ ਟ੍ਰੈਕਟ ਦੇਣਾ ਹੀ ਨਹੀਂ ਹੈ ਸਗੋਂ ਟ੍ਰੈਕਟ ਨੂੰ ਵਰਤ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਹੈ। ਜੇ ਪਹਿਲੀ ਵਾਰ ਮਿਲਣ ਤੇ ਜਾਂ ਰਿਟਰਨ ਵਿਜ਼ਿਟ ਕਰਦਿਆਂ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਜਾਂ ਕੋਈ ਹੋਰ ਪ੍ਰਕਾਸ਼ਨ ਵਰਤ ਕੇ ਦਿਖਾ ਸਕਦੇ ਹਾਂ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਅਸੀਂ ਘਰ-ਘਰ ਪ੍ਰਚਾਰ ਕਰਦਿਆਂ ਟ੍ਰੈਕਟ ਕਿਵੇਂ ਪੇਸ਼ ਕਰ ਸਕਦੇ ਹਾਂ? ਹਰ ਟ੍ਰੈਕਟ ਵੱਖਰਾ ਹੁੰਦਾ ਹੈ, ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਦੇਖੀਏ ਕਿ ਉਸ ਵਿਚ ਕੀ ਹੈ।
5. ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਟ੍ਰੈਕਟ ਕਿਵੇਂ ਪੇਸ਼ ਕਰ ਸਕਦੇ ਹਾਂ?
5 ਸਾਡੀ ਪੇਸ਼ਕਾਰੀ ਅਤੇ ਟ੍ਰੈਕਟ ਇਲਾਕੇ ਦੇ ਲੋਕਾਂ ਦੀ ਦਿਲਚਸਪੀ ਮੁਤਾਬਕ ਹੋਣੇ ਚਾਹੀਦੇ ਹਨ। ਘਰ-ਮਾਲਕ ਨੂੰ ਟ੍ਰੈਕਟ ਦੇ ਕੇ ਅਸੀਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਟ੍ਰੈਕਟ ਦਾ ਧਿਆਨ-ਖਿੱਚਵਾਂ ਕਵਰ ਉਸ ਦੀ ਦਿਲਚਸਪੀ ਜਗ੍ਹਾ ਸਕਦਾ ਹੈ। ਜਾਂ ਅਸੀਂ ਉਸ ਨੂੰ ਕਈ ਟ੍ਰੈਕਟ ਦਿਖਾ ਸਕਦੇ ਹਾਂ ਜਿਨ੍ਹਾਂ ਵਿੱਚੋਂ ਉਹ ਆਪਣੇ ਮਨ-ਪਸੰਦ ਦਾ ਟ੍ਰੈਕਟ ਚੁਣ ਸਕਦਾ ਹੈ। ਜਦੋਂ ਅਸੀਂ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦੇ ਹਾਂ ਜਿੱਥੇ ਲੋਕ ਆਪਣਾ ਦਰਵਾਜ਼ਾ ਨਹੀਂ ਖੋਲ੍ਹਣਾ ਚਾਹੁੰਦੇ, ਤਾਂ ਅਸੀਂ ਟ੍ਰੈਕਟ ਇਸ ਤਰੀਕੇ ਨਾਲ ਫੜ ਸਕਦੇ ਹਾਂ ਕਿ ਘਰ-ਮਾਲਕ ਕਵਰ ਦੇਖ ਸਕੇ ਜਾਂ ਅਸੀਂ ਦਰਵਾਜ਼ੇ ਦੇ ਥੱਲਿਓਂ ਦੀ ਟ੍ਰੈਕਟ ਪਾ ਕੇ ਉਸ ਦੇ ਵਿਚਾਰ ਪੁੱਛ ਸਕਦੇ ਹਾਂ। ਜੇ ਟ੍ਰੈਕਟ ਉੱਤੇ ਸਵਾਲ ਪੁੱਛਿਆ ਗਿਆ ਹੈ, ਤਾਂ ਅਸੀਂ ਉਸ ਨੂੰ ਇਸ ਬਾਰੇ ਆਪਣੇ ਵਿਚਾਰ ਦੱਸਣ ਲਈ ਪੁੱਛ ਸਕਦੇ ਹਾਂ। ਜਾਂ ਅਸੀਂ ਆਪਣੇ ਵੱਲੋਂ ਕੋਈ ਸਵਾਲ ਪੁੱਛ ਸਕਦੇ ਹਾਂ ਜੋ ਉਸ ਦੀ ਦਿਲਚਸਪੀ ਜਗਾਵੇਗਾ ਤੇ ਗੱਲਬਾਤ ਕਰਨ ਲਈ ਉਸ ਨੂੰ ਉਕਸਾਵੇਗਾ। ਫਿਰ ਅਸੀਂ ਟ੍ਰੈਕਟ ਵਿੱਚੋਂ ਘਰ-ਮਾਲਕ ਨਾਲ ਥੋੜ੍ਹਾ ਜਿਹਾ ਪੜ੍ਹ ਸਕਦੇ ਹਾਂ ਅਤੇ ਜਿੱਥੇ ਸਵਾਲ ਆਉਂਦਾ ਹੈ ਉੱਥੇ ਥੋੜ੍ਹਾ ਰੁਕ ਕੇ ਉਸ ਦੇ ਵਿਚਾਰ ਪੁੱਛ ਸਕਦੇ ਹਾਂ। ਮੁੱਖ ਹਵਾਲੇ ਬਾਈਬਲ ਵਿੱਚੋਂ ਪੜ੍ਹੇ ਜਾ ਸਕਦੇ ਹਨ। ਜਾਣਕਾਰੀ ਪੜ੍ਹਨ ਤੋਂ ਬਾਅਦ ਅਸੀਂ ਗੱਲਬਾਤ ਖ਼ਤਮ ਕਰ ਕੇ ਦੁਬਾਰਾ ਮਿਲਣ ਦੇ ਪੱਕੇ ਇੰਤਜ਼ਾਮ ਕਰ ਸਕਦੇ ਹਾਂ। ਜੇ ਮੰਡਲੀ ਆਮ ਤੌਰ ਤੇ ਉਨ੍ਹਾਂ ਘਰਾਂ ਵਿਚ ਸਾਹਿੱਤ ਛੱਡਦੀ ਹੈ ਜਿੱਥੇ ਕੋਈ ਘਰ ਨਹੀਂ ਹੁੰਦਾ, ਤਾਂ ਅਸੀਂ ਆਉਂਦੇ-ਜਾਂਦੇ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਉੱਥੇ ਟ੍ਰੈਕਟ ਛੱਡ ਸਕਦੇ ਹਾਂ।
6. ਸੜਕ ਤੇ ਗਵਾਹੀ ਦਿੰਦਿਆਂ ਅਸੀਂ ਟ੍ਰੈਕਟ ਕਿਵੇਂ ਵਰਤ ਸਕਦੇ ਹਾਂ?
6 ਸੜਕ ਤੇ ਗਵਾਹੀ ਦੇਣੀ: ਕੀ ਤੁਸੀਂ ਸੜਕ ਤੇ ਗਵਾਹੀ ਦਿੰਦੇ ਵੇਲੇ ਟ੍ਰੈਕਟ ਵਰਤੇ ਹਨ? ਕੁਝ ਲੋਕ ਜਲਦੀ ਵਿਚ ਹੁੰਦੇ ਹਨ ਅਤੇ ਸਾਡੇ ਨਾਲ ਰੁਕ ਕੇ ਗੱਲ ਨਹੀਂ ਕਰਨਾ ਚਾਹੁੰਦੇ। ਇਸ ਲਈ ਸ਼ਾਇਦ ਪਤਾ ਨਾ ਲੱਗੇ ਕੇ ਉਹ ਦਿਲਚਸਪੀ ਰੱਖਦੇ ਹਨ ਜਾਂ ਨਹੀਂ। ਉਨ੍ਹਾਂ ਨੂੰ ਨਵੇਂ ਰਸਾਲੇ ਦੇਣ ਦੀ ਬਜਾਇ ਕਿਉਂ ਨਾ ਟ੍ਰੈਕਟ ਦਿਓ ਜੇ ਸਾਨੂੰ ਪਤਾ ਨਹੀਂ ਕਿ ਉਹ ਰਸਾਲੇ ਪੜ੍ਹਨਗੇ ਜਾਂ ਨਹੀਂ? ਧਿਆਨ ਖਿੱਚਣ ਵਾਲਾ ਕਵਰ ਅਤੇ ਸੰਦੇਸ਼ ਛੋਟਾ ਹੋਣ ਕਰਕੇ ਉਹ ਸ਼ਾਇਦ ਕੁਝ ਮਿੰਟ ਮਿਲਣ ਤੇ ਇਸ ਨੂੰ ਪੜ੍ਹਨ ਲਈ ਉਤਸੁਕ ਹੋਣ। ਜੇ ਉਹ ਕਾਹਲੀ ਵਿਚ ਨਹੀਂ ਹਨ, ਤਾਂ ਅਸੀਂ ਉਨ੍ਹਾਂ ਨਾਲ ਟ੍ਰੈਕਟ ਵਿੱਚੋਂ ਥੋੜ੍ਹੀ ਗੱਲਬਾਤ ਕਰ ਸਕਦੇ ਹਾਂ। ਫਿਰ ਵੀ ਧਿਆਨ ਰੱਖੋ ਤੇ ਮੁਸ਼ਕਲ ਖੜ੍ਹੀ ਕਰਨ ਵਾਲਿਆਂ ਤੋਂ ਬਚੋ।
7. ਤਜਰਬੇ ਦੱਸੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਟ੍ਰੈਕਟ ਕਿਵੇਂ ਵਰਤਣੇ ਹਨ।
7 ਮੌਕਾ ਮਿਲਣ ਤੇ ਗਵਾਹੀ ਦੇਣੀ: ਟ੍ਰੈਕਟਾਂ ਨਾਲ ਮੌਕਾ ਮਿਲਣ ਤੇ ਗਵਾਹੀ ਦੇਣੀ ਸੌਖੀ ਹੈ। ਇਕ ਭਰਾ ਜਦੋਂ ਵੀ ਘਰੋਂ ਬਾਹਰ ਜਾਂਦਾ ਹੈ, ਉਹ ਆਪਣੀ ਜੇਬ ਵਿਚ ਕੁਝ ਟ੍ਰੈਕਟ ਪਾ ਲੈਂਦਾ ਹੈ। ਜਦੋਂ ਉਹ ਕਿਸੇ ਨੂੰ ਮਿਲਦਾ ਹੈ ਜਿਵੇਂ ਕਿ ਕਿਸੇ ਦੁਕਾਨ ਵਿਚ ਕੋਈ ਕੰਮ ਕਰਨ ਵਾਲਾ, ਤਾਂ ਉਹ ਇਹੀ ਕਹਿੰਦਾ ਹੈ ਕਿ ਉਹ ਉਸ ਨੂੰ ਕੁਝ ਪੜ੍ਹਨ ਲਈ ਦੇਣਾ ਚਾਹੁੰਦਾ ਹੈ ਤੇ ਟ੍ਰੈਕਟ ਦੇ ਦਿੰਦਾ ਹੈ। ਜਦੋਂ ਇਕ ਪਤੀ-ਪਤਨੀ ਇਕ ਸ਼ਹਿਰ ਦਾ ਸੈਰ-ਸਪਾਟਾ ਕਰਨ ਗਏ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਉੱਥੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਮਿਲਣਗੇ। ਸੋ ਉਹ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਅਤੇ ਵੱਖੋ-ਵੱਖਰੇ ਭਾਸ਼ਾਵਾਂ ਵਿਚ ਕਈ ਟ੍ਰੈਕਟ ਲੈ ਕੇ ਗਏ। ਫਿਰ ਜਦੋਂ ਉਹ ਕਿਸੇ ਚੀਜ਼ਾਂ ਵੇਚਣ ਵਾਲੇ ਜਾਂ ਪਾਰਕ ਜਾਂ ਰੈਸਟੋਰੈਂਟ ਵਿਚ ਆਪਣੇ ਨੇੜੇ ਬੈਠੇ ਕਿਸੇ ਵਿਅਕਤੀ ਨੂੰ ਕਿਸੇ ਹੋਰ ਭਾਸ਼ਾ ਵਿਚ ਬੋਲਦੇ ਸੁਣਦੇ ਸਨ, ਤਾਂ ਉਹ ਉਸ ਨੂੰ ਉਸ ਦੀ ਭਾਸ਼ਾ ਵਿਚ ਟ੍ਰੈਕਟ ਦਿੰਦੇ ਸਨ।
8. ਟ੍ਰੈਕਟ ਬੀ ਵਰਗੇ ਕਿਵੇਂ ਹਨ?
8 ‘ਆਪਣਾ ਬੀ ਬੀਜੋ’: ਟ੍ਰੈਕਟਾਂ ਦੀ ਤੁਲਨਾ ਬੀ ਨਾਲ ਕੀਤੀ ਜਾ ਸਕਦੀ ਹੈ। ਇਕ ਕਿਸਾਨ ਜਿੱਥੇ ਮਰਜ਼ੀ ਆਪਣੇ ਬੀ ਸੁੱਟ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਬੀ ਜੜ੍ਹ ਫੜ ਕੇ ਪੁੰਗਰਨਗੇ। ਉਪਦੇਸ਼ਕ ਦੀ ਪੋਥੀ 11:6 ਵਿਚ ਲਿਖਿਆ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” ਇਸ ਲਈ ਆਓ ਆਪਾਂ ਇਨ੍ਹਾਂ ਬਹੁਤ ਹੀ ਅਸਰਕਾਰੀ ਟ੍ਰੈਕਟਾਂ ਨਾਲ “ਗਿਆਨ ਨੂੰ ਖਿਲਾਰਦੇ” ਰਹੀਏ।—ਕਹਾ. 15:7.
[ਸਫ਼ਾ 3 ਉੱਤੇ ਸੁਰਖੀ]
ਟ੍ਰੈਕਟ ਗਵਾਹੀ ਦੇਣ ਲਈ ਅਸਰਕਾਰੀ ਜ਼ਰੀਆ ਹਨ, ਇਸ ਲਈ ਨਵੰਬਰ ਤੋਂ ਸ਼ੁਰੂ ਹੋ ਕੇ ਕਦੇ-ਕਦੇ ਇਹ ਮਹੀਨੇ ਦੀ ਸਾਹਿੱਤ ਪੇਸ਼ਕਸ਼ ਹੋਣਗੇ