ਅਸਰਦਾਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ
1. ਸਟੱਡੀਆਂ ਕਰਾਉਣ ਵਾਲਿਆਂ ਦੀ ਕੀ ਜ਼ਿੰਮੇਵਾਰੀ ਹੈ?
1 ਕੋਈ ਵੀ ਪਰਮੇਸ਼ੁਰ ਦੀ ਸੇਵਾ ਤਦ ਤਕ ਨਹੀਂ ਕਰ ਸਕਦਾ ਜਦ ਤਕ ਯਹੋਵਾਹ ‘ਉਸ ਨੂੰ ਨਹੀਂ ਖਿੱਚਦਾ।’ (ਯੂਹੰ. 6:44) ਫਿਰ ਵੀ ਜਿਹੜੇ ਭੈਣ-ਭਰਾ ਬਾਈਬਲ ਸਟੱਡੀਆਂ ਕਰਾਉਂਦੇ ਹਨ, ਉਨ੍ਹਾਂ ਨੂੰ ਆਪਣੇ ਸਵਰਗੀ ਪਿਤਾ ਦੇ ਨੇੜੇ ਜਾਣ ਵਿਚ ਲੋਕਾਂ ਦੀ ਪੂਰੀ-ਪੂਰੀ ਮਦਦ ਕਰਨੀ ਚਾਹੀਦੀ ਹੈ। (ਯਾਕੂ. 4:8) ਇਸ ਵਾਸਤੇ ਤਿਆਰੀ ਕਰਨ ਦੀ ਲੋੜ ਹੈ। ਉਨ੍ਹਾਂ ਦੀ ਬਾਈਬਲ ਦੇ ਸੰਦੇਸ਼ ਨੂੰ ਸਮਝਣ ਅਤੇ ਤਰੱਕੀ ਕਰਨ ਵਿਚ ਮਦਦ ਕਰਨ ਲਈ ਸਿਰਫ਼ ਪੈਰੇ ਪੜ੍ਹ ਕੇ ਸਵਾਲ ਪੁੱਛਣੇ ਹੀ ਕਾਫ਼ੀ ਨਹੀਂ ਹੈ।
2. ਅਸਰਦਾਰ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਣ ਨਾਲ ਕੀ ਫ਼ਾਇਦਾ ਹੋਵੇਗਾ?
2 ਅਸਰਦਾਰ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਣ ਲਈ ਪਬਲੀਸ਼ਰ ਨੂੰ ਆਪਣੀ ਬਾਈਬਲ ਸਟੱਡੀ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ (1) ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝੇ, (2) ਇਨ੍ਹਾਂ ਨੂੰ ਕਬੂਲ ਕਰੇ ਅਤੇ (3) ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੇ। (ਯੂਹੰ. 3:16; 17:3; ਯਾਕੂ. 2:26) ਇਹ ਤਿੰਨ ਕਦਮ ਚੁੱਕਣ ਲਈ ਇਕ ਵਿਅਕਤੀ ਨੂੰ ਕਈ ਮਹੀਨਿਆਂ ਤਕ ਸਾਡੀ ਮਦਦ ਦੀ ਲੋੜ ਪੈ ਸਕਦੀ ਹੈ। ਪਰ ਉਹ ਇਹ ਤਿੰਨੇ ਕਦਮ ਚੁੱਕ ਕੇ ਦਿਖਾਵੇਗਾ ਕਿ ਉਹ ਯਹੋਵਾਹ ਦੇ ਹੋਰ ਨੇੜੇ ਜਾ ਰਿਹਾ ਹੈ ਅਤੇ ਸਮਰਪਣ ਵੱਲ ਵਧ ਰਿਹਾ ਹੈ।
3. ਕਾਬਲ ਸਿੱਖਿਅਕ ਸਵਾਲ ਕਿਉਂ ਪੁੱਛਦੇ ਹਨ?
3 ਸਟੱਡੀ ਕਰਨ ਵਾਲਾ ਕੀ ਸੋਚਦਾ ਹੈ? ਜੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਉਹ ਬਾਈਬਲ ਦੀਆਂ ਗੱਲਾਂ ਨੂੰ ਸਮਝਦਾ ਅਤੇ ਕਬੂਲ ਕਰਦਾ ਹੈ ਜਾਂ ਨਹੀਂ, ਤਾਂ ਸਾਨੂੰ ਆਪ ਹੀ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਆਪਣੇ ਵਿਚਾਰ ਦੱਸਣ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (ਯਾਕੂ. 1:19) ਕੀ ਉਹ ਸਮਝਦਾ ਹੈ ਕਿ ਚਰਚਾ ਕੀਤੇ ਜਾ ਰਹੇ ਵਿਸ਼ੇ ਬਾਰੇ ਬਾਈਬਲ ਕੀ ਕਹਿੰਦੀ ਹੈ? ਕੀ ਉਹ ਆਪਣੇ ਲਫ਼ਜ਼ਾਂ ਵਿਚ ਉਸ ਵਿਸ਼ੇ ਬਾਰੇ ਸਮਝਾ ਸਕਦਾ ਹੈ? ਉਹ ਸਿੱਖੀਆਂ ਗੱਲਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਕੀ ਉਸ ਨੂੰ ਯਕੀਨ ਹੈ ਕਿ ਬਾਈਬਲ ਜੋ ਕੁਝ ਸਿਖਾਉਂਦੀ ਹੈ, ਉਹ ਸਹੀ ਹੈ? (1 ਥੱਸ. 2:13) ਕੀ ਉਹ ਸਮਝਦਾ ਹੈ ਕਿ ਉਹ ਜੋ ਗੱਲਾਂ ਸਿੱਖ ਰਿਹਾ ਹੈ, ਉਸ ਮੁਤਾਬਕ ਉਸ ਨੂੰ ਆਪਣੀ ਜ਼ਿੰਦਗੀ ਜੀਉਣ ਦੇ ਢੰਗ ਨੂੰ ਬਦਲਣਾ ਚਾਹੀਦਾ ਹੈ? (ਕੁਲੁ. 3:10) ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਸਾਨੂੰ ਉਸ ਨੂੰ ਧਿਆਨ ਨਾਲ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਫਿਰ ਉਸ ਦੀ ਗੱਲ ਸੁਣਨੀ ਚਾਹੀਦੀ ਹੈ।—ਮੱਤੀ 16:13-16.
4. ਜੇ ਬਾਈਬਲ ਸਟੱਡੀ ਨੂੰ ਬਾਈਬਲ ਦੀ ਕੋਈ ਸਿੱਖਿਆ ਸਮਝਣੀ ਜਾਂ ਲਾਗੂ ਕਰਨੀ ਔਖੀ ਲੱਗਦੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਇਕ ਵਿਅਕਤੀ ਦੀਆਂ ਆਦਤਾਂ ਅਤੇ ਉਸ ਦੇ ਸੋਚਣ ਦਾ ਤਰੀਕਾ ਉਸ ਦੀ ਰਗ-ਰਗ ਵਿਚ ਵਸਿਆ ਹੁੰਦਾ ਹੈ। (2 ਕੁਰਿੰ. 10:5) ਉਦੋਂ ਕੀ ਜਦੋਂ ਸਾਡੀ ਕੋਈ ਸਟੱਡੀ ਸਿੱਖੀਆਂ ਗੱਲਾਂ ਨੂੰ ਕਬੂਲ ਨਹੀਂ ਕਰਦੀ ਜਾਂ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੀ? ਅਜਿਹੀ ਹਾਲਤ ਵਿਚ ਸਾਨੂੰ ਕੁਝ ਸਮੇਂ ਤਕ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਵਿੱਤਰ ਸ਼ਕਤੀ ਦੇ ਜ਼ਰੀਏ ਪਰਮੇਸ਼ੁਰ ਦਾ ਬਚਨ ਉਸ ਦੇ ਦਿਲ ʼਤੇ ਅਸਰ ਕਰੇ। (1 ਕੁਰਿੰ. 3:6, 7; ਇਬ. 4:12) ਉਸ ʼਤੇ ਦਬਾਅ ਪਾਉਣ ਦੀ ਬਜਾਇ ਚੰਗਾ ਹੋਵੇਗਾ ਕਿ ਅਸੀਂ ਉਸ ਸਿੱਖਿਆ ਨੂੰ ਜੋ ਉਸ ਨੂੰ ਸਮਝਣੀ ਜਾਂ ਲਾਗੂ ਕਰਨੀ ਔਖੀ ਲੱਗਦੀ ਹੈ, ਛੱਡ ਕੇ ਕਿਸੇ ਹੋਰ ਵਿਸ਼ੇ ਬਾਰੇ ਚਰਚਾ ਕਰੀਏ। ਜਦ ਅਸੀਂ ਉਸ ਨੂੰ ਬਾਈਬਲ ਦੀਆਂ ਗੱਲਾਂ ਪਿਆਰ ਅਤੇ ਧੀਰਜ ਨਾਲ ਸਿਖਾਉਂਦੇ ਰਹਿੰਦੇ ਹਾਂ, ਤਾਂ ਸ਼ਾਇਦ ਵਕਤ ਦੇ ਬੀਤਣ ਨਾਲ ਉਹ ਆਪਣੇ ਵਿਚ ਲੋੜੀਂਦੀਆਂ ਤਬਦੀਲੀਆਂ ਕਰੇ।