ਬਆਲ ਉਪਾਸਨਾ—ਇਸਰਾਏਲੀਆਂ ਦੇ ਦਿਲਾਂ ਨੂੰ ਜਿੱਤਣ ਲਈ ਸੰਘਰਸ਼
ਲਗਭਗ ਇਕ ਹਜ਼ਾਰ ਸਾਲ ਤਕ ਇਸਰਾਏਲੀਆਂ ਦੇ ਦਿਲਾਂ ਨੂੰ ਜਿੱਤਣ ਲਈ ਇਕ ਸੰਘਰਸ਼ ਚੱਲਦਾ ਰਿਹਾ। ਇਸ ਸੰਘਰਸ਼ ਵਿਚ ਇਕ ਪਾਸੇ ਤਾਂ ਅੰਧਵਿਸ਼ਵਾਸੀ ਡਰ ਤੇ ਲਿੰਗੀ ਰਸਮਾਂ ਸਨ ਅਤੇ ਦੂਜੇ ਪਾਸੇ ਨਿਹਚਾ ਤੇ ਵਫ਼ਾਦਾਰੀ ਸੀ। ਜ਼ਿੰਦਗੀ ਅਤੇ ਮੌਤ ਦੇ ਇਸ ਸੰਘਰਸ਼ ਨੇ ਬਆਲ ਦੀ ਉਪਾਸਨਾ ਨੂੰ ਯਹੋਵਾਹ ਦੀ ਉਪਾਸਨਾ ਦੇ ਵਿਰੁੱਧ ਖੜ੍ਹਾ ਕਰ ਦਿੱਤਾ।
ਕੀ ਇਸਰਾਏਲ ਕੌਮ ਸੱਚੇ ਪਰਮੇਸ਼ੁਰ ਯਹੋਵਾਹ ਪ੍ਰਤੀ ਵਫ਼ਾਦਾਰ ਬਣੀ ਰਹਿੰਦੀ ਜਿਹੜਾ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਸੀ? (ਕੂਚ 20:2, 3) ਜਾਂ ਕੀ ਉਹ ਕਨਾਨੀਆਂ ਦੇ ਪਸੰਦੀਦਾ ਦੇਵਤਾ ਬਆਲ ਵੱਲ ਹੋ ਜਾਂਦੇ ਜਿਸ ਨੇ ਧਰਤੀ ਨੂੰ ਉਪਜਾਊ ਬਣਾਉਣ ਦਾ ਵਾਅਦਾ ਕੀਤਾ ਸੀ?
ਹਜ਼ਾਰਾਂ ਸਾਲ ਪਹਿਲਾਂ ਚੱਲਿਆ ਇਹ ਅਧਿਆਤਮਿਕ ਸੰਘਰਸ਼ ਸਾਡੇ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ। ਕਿਉਂ? “ਇਹ ਗੱਲਾਂ,” ਪੌਲੁਸ ਨੇ ਲਿਖਿਆ, “ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।” (1 ਕੁਰਿੰਥੀਆਂ 10:11) ਇਸ ਮਹੱਤਵਪੂਰਣ ਸੰਘਰਸ਼ ਤੋਂ ਸਾਨੂੰ ਜੋ ਚੇਤਾਵਨੀ ਮਿਲਦੀ ਹੈ, ਉਹ ਸਾਡੇ ਲਈ ਹੋਰ ਵੀ ਅਰਥਪੂਰਣ ਹੋ ਜਾਵੇਗੀ, ਜੇਕਰ ਅਸੀਂ ਇਹ ਜਾਣ ਲਈਏ ਕਿ ਬਆਲ ਕੌਣ ਸੀ ਅਤੇ ਬਆਲ ਦੀ ਉਪਾਸਨਾ ਵਿਚ ਕੀ ਕੁਝ ਸ਼ਾਮਲ ਸੀ।
ਬਆਲ ਕੌਣ ਸੀ?
ਇਸਰਾਏਲੀ ਲੋਕ ਬਆਲ ਦੇ ਸੰਪਰਕ ਵਿਚ ਉਦੋਂ ਆਏ ਜਦੋਂ ਉਹ ਲਗਭਗ 1473 ਸਾ.ਯੁ.ਪੂ. ਵਿਚ ਕਨਾਨ ਵਿਚ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਕਨਾਨੀ ਬਹੁਤ ਸਾਰੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ ਜੋ ਮਿਸਰ ਦੇ ਦੇਵਤਿਆਂ ਵਰਗੇ ਹੀ ਸਨ, ਭਾਵੇਂ ਕਿ ਉਨ੍ਹਾਂ ਦੇ ਵੱਖੋ-ਵੱਖਰੇ ਨਾਂ ਅਤੇ ਕੁਝ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ ਸਨ। ਪਰੰਤੂ, ਬਾਈਬਲ ਬਆਲ ਨੂੰ ਕਨਾਨੀਆਂ ਦੇ ਮੁੱਖ ਦੇਵਤੇ ਵਜੋਂ ਵਖਰਿਆਉਂਦੀ ਹੈ ਅਤੇ ਪੁਰਾਤੱਤਵੀ ਖੋਜਾਂ ਉਸ ਦੀ ਸ੍ਰੇਸ਼ਟਤਾ ਨੂੰ ਪ੍ਰਮਾਣਿਤ ਕਰਦੀਆਂ ਹਨ। (ਨਿਆਈਆਂ 2:11) ਭਾਵੇਂ ਕਿ ਬਆਲ ਉਨ੍ਹਾਂ ਦੇ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵਤਾ ਨਹੀਂ ਸੀ, ਪਰ ਫਿਰ ਵੀ ਇਹ ਦੇਵਤਾ ਕਨਾਨੀਆਂ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਸੀ। ਉਹ ਵਿਸ਼ਵਾਸ ਕਰਦੇ ਸਨ ਕਿ ਮੀਂਹ, ਹਵਾ ਅਤੇ ਬੱਦਲ ਉਸ ਦੇ ਹੱਥ-ਵਸ ਸਨ ਅਤੇ ਸਿਰਫ਼ ਉਹ ਹੀ ਲੋਕਾਂ ਨੂੰ, ਉਨ੍ਹਾਂ ਦੇ ਜਾਨਵਰਾਂ ਅਤੇ ਫ਼ਸਲਾਂ ਨੂੰ ਬਾਂਝਪਣ ਤੋਂ ਅਤੇ ਇੱਥੋਂ ਤਕ ਕਿ ਮੌਤ ਤੋਂ ਵੀ ਬਚਾ ਸਕਦਾ ਸੀ। ਬਆਲ ਦੀ ਸੁਰੱਖਿਆ ਤੋਂ ਬਿਨਾਂ ਮੌਤ ਨਾਂ ਦਾ ਇਕ ਖੁਣਸੀ ਦੇਵਤਾ ਜ਼ਰੂਰ ਹੀ ਉਨ੍ਹਾਂ ਉੱਤੇ ਬਿਪਤਾਵਾਂ ਲਿਆਉਂਦਾ।
ਬਆਲ ਉਪਾਸਨਾ ਲਿੰਗੀ ਰਸਮਾਂ ਨਾਲ ਭਰੀ ਪਈ ਸੀ। ਇੱਥੋਂ ਤਕ ਕਿ ਬਆਲ ਨਾਲ ਸੰਬੰਧਿਤ ਧਾਰਮਿਕ ਚੀਜ਼ਾਂ, ਜਿਵੇਂ ਕਿ ਥੰਮ੍ਹਾਂ ਅਤੇ ਟੁੰਡਾਂ ਦੇ ਵੀ ਲਿੰਗੀ ਭਾਵਾਰਥ ਸਨ। ਸਪੱਸ਼ਟ ਤੌਰ ਤੇ, ਥੰਮ੍ਹ—ਵੱਡੇ-ਵੱਡੇ ਪੱਥਰ ਜਾਂ ਲਿੰਗ ਦੇ ਰੂਪ ਵਿਚ ਤਰਾਸ਼ੇ ਹੋਏ ਪੱਥਰ—ਬਆਲ ਅਰਥਾਤ ਲਿੰਗੀ ਮੇਲ ਦੇ ਨਰ ਹਿੱਸੇ ਨੂੰ ਦਰਸਾਉਂਦੇ ਸਨ। ਦੂਜੇ ਪਾਸੇ ਟੁੰਡ, ਲੱਕੜ ਦੀਆਂ ਚੀਜ਼ਾਂ ਜਾਂ ਰੁੱਖ ਸਨ ਜੋ ਬਆਲ ਦੀ ਪਤਨੀ ਅਸ਼ੇਰਾਹ ਦੇਵੀ ਨੂੰ ਅਰਥਾਤ ਮਾਦਾ ਗੁਪਤ-ਅੰਗ ਨੂੰ ਦਰਸਾਉਂਦੇ ਸਨ।—1 ਰਾਜਿਆਂ 18:19.
ਮੰਦਰ ਵਿਚ ਵੇਸਵਾ-ਗਮਨ ਅਤੇ ਬੱਚਿਆਂ ਦੀਆਂ ਬਲੀਆਂ ਬਆਲ ਉਪਾਸਨਾ ਦੇ ਦੂਜੇ ਅਹਿਮ ਪਹਿਲੂ ਸਨ। (1 ਰਾਜਿਆਂ 14:23, 24; 2 ਇਤਿਹਾਸ 28:2, 3) ਕਿਤਾਬ ਬਾਈਬਲ ਅਤੇ ਪੁਰਾਤੱਤਵ (ਅੰਗ੍ਰੇਜ਼ੀ) ਕਹਿੰਦੀ ਹੈ: “ਕਨਾਨੀਆਂ ਦੇ ਮੰਦਰਾਂ ਵਿਚ ਗਾਂਡੂ ਅਤੇ ਵੇਸਵਾਵਾਂ (‘ਪਵਿੱਤਰ’ ਆਦਮੀ ਅਤੇ ਔਰਤਾਂ) ਦੋਵੇਂ ਹੁੰਦੇ ਸਨ ਅਤੇ ਉੱਥੇ ਹਰ ਤਰ੍ਹਾਂ ਦੇ ਅਨੈਤਿਕ ਕੰਮ ਕੀਤੇ ਜਾਂਦੇ ਸਨ। [ਕਨਾਨੀ] ਵਿਸ਼ਵਾਸ ਕਰਦੇ ਸਨ ਕਿ ਇਨ੍ਹਾਂ ਰਸਮਾਂ ਨੂੰ ਪੂਰਾ ਕਰਨ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਦੀਆਂ ਫ਼ਸਲਾਂ ਅਤੇ ਇੱਜੜਾਂ ਨੂੰ ਭਾਗ ਲੱਗ ਜਾਣਗੇ।” ਧਾਰਮਿਕ ਪੱਖੋਂ ਤਾਂ ਉਹ ਇਹੀ ਸਫ਼ਾਈ ਪੇਸ਼ ਕਰਦੇ ਸਨ, ਪਰ ਇਹ ਰਸਮਾਂ ਬਿਨਾਂ ਕਿਸੇ ਸ਼ੱਕ ਤੋਂ ਉਨ੍ਹਾਂ ਉਪਾਸਕਾਂ ਦੀਆਂ ਸਰੀਰਕ ਕਾਮਨਾਵਾਂ ਨੂੰ ਚੰਗੀਆਂ ਲੱਗਦੀਆਂ ਸਨ। ਤਾਂ ਫਿਰ ਬਆਲ ਨੇ ਇਸਰਾਏਲੀਆਂ ਦੇ ਦਿਲਾਂ ਨੂੰ ਕਿਵੇਂ ਭਰਮਾਇਆ?
ਇੰਨਾ ਆਕਰਸ਼ਕ ਕਿਉਂ?
ਸ਼ਾਇਦ ਇਸਰਾਏਲੀਆਂ ਨੇ ਇਕ ਅਜਿਹੇ ਧਰਮ ਨੂੰ ਤਰਜੀਹ ਦਿੱਤੀ, ਜੋ ਉਨ੍ਹਾਂ ਤੋਂ ਬਹੁਤ ਹੀ ਘੱਟ ਮੰਗ ਕਰਦਾ ਸੀ। ਬਆਲ ਦੀ ਉਪਾਸਨਾ ਕਰਨ ਤੇ ਉਨ੍ਹਾਂ ਨੇ ਬਿਵਸਥਾ ਦੀ ਪਾਲਣਾ ਕਰਨ ਤੋਂ ਬਚ ਜਾਣਾ ਸੀ, ਜਿਵੇਂ ਕਿ ਸਬਤ ਅਤੇ ਹੋਰ ਬਹੁਤ ਸਾਰੀਆਂ ਨੈਤਿਕ ਬੰਦਸ਼ਾਂ। (ਲੇਵੀਆਂ 18:2-30; ਬਿਵਸਥਾ ਸਾਰ 5:1-3) ਸ਼ਾਇਦ ਕਨਾਨੀਆਂ ਦੀ ਭੌਤਿਕ ਖ਼ੁਸ਼ਹਾਲੀ ਨੇ ਦੂਸਰੇ ਇਸਰਾਏਲੀਆਂ ਨੂੰ ਇਸ ਗੱਲ ਲਈ ਕਾਇਲ ਕੀਤਾ ਹੋਵੇ ਕਿ ਬਆਲ ਨੂੰ ਖ਼ੁਸ਼ ਕਰਨਾ ਜ਼ਰੂਰੀ ਸੀ।
ਕਨਾਨੀਆਂ ਦੇ ਮੰਦਰ ਉੱਚੀਆਂ ਥਾਵਾਂ ਵਜੋਂ ਜਾਣੇ ਜਾਂਦੇ ਸਨ ਜੋ ਆਮ ਤੌਰ ਤੇ ਰੁੱਖਾਂ ਦੇ ਝੁੰਡਾਂ ਵਿਚ ਪਹਾੜਾਂ ਦੀਆਂ ਟੀਸੀਆਂ ਉੱਤੇ ਬਣੇ ਹੁੰਦੇ ਸਨ। ਇਹ ਮੰਦਰ ਜ਼ਰੂਰ ਜਣਨ-ਸ਼ਕਤੀ ਸੰਬੰਧੀ ਰਸਮਾਂ ਨੂੰ ਪੂਰਿਆਂ ਕਰਨ ਲਈ ਦਿਲ-ਖਿੱਚਵੀਆਂ ਥਾਵਾਂ ਸਾਬਤ ਹੋਏ ਹੋਣਗੇ। ਥੋੜ੍ਹੇ ਸਮੇਂ ਬਾਅਦ, ਕਨਾਨੀਆਂ ਦੀਆਂ ਪਵਿੱਤਰ ਥਾਵਾਂ ਤੇ ਵਾਰ-ਵਾਰ ਜਾਣ ਨਾਲ ਇਸਰਾਏਲੀਆਂ ਦਾ ਜੀ ਨਾ ਭਰਿਆ; ਇਸ ਲਈ ਉਨ੍ਹਾਂ ਨੇ ਖ਼ੁਦ ਆਪਣੇ ਲਈ ਪਵਿੱਤਰ ਥਾਵਾਂ ਬਣਾ ਲਈਆਂ। “ਉਨ੍ਹਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਅਤੇ ਹਰ ਬਿਰਛ ਦੇ ਹੇਠ ਉੱਚੇ ਥਾਵਾਂ ਨੂੰ ਅਤੇ ਮੂਰਤਾਂ ਨੂੰ ਅਤੇ ਟੁੰਡਾਂ ਨੂੰ ਖੜ੍ਹਾ ਕੀਤਾ।”—1 ਰਾਜਿਆਂ 14:23; ਹੋਸ਼ੇਆ 4:13.
ਪਰ ਸਭ ਤੋਂ ਅਹਿਮ ਕਾਰਨ ਇਹ ਸੀ ਕਿ ਬਆਲ ਦੀ ਉਪਾਸਨਾ ਸਰੀਰ ਨੂੰ ਚੰਗੀ ਲੱਗਦੀ ਸੀ। (ਗਲਾਤੀਆਂ 5:19-21) ਉਨ੍ਹਾਂ ਦੀਆਂ ਕਾਮੁਕ ਰਸਮਾਂ ਪਿੱਛੇ ਸਿਰਫ਼ ਚੋਖੀਆਂ ਫ਼ਸਲਾਂ ਅਤੇ ਵੱਗ ਪ੍ਰਾਪਤ ਕਰਨ ਦੀ ਲਾਲਸਾ ਹੀ ਨਹੀਂ ਸੀ। ਜਿਨਸੀ ਸੰਬੰਧਾਂ ਨੂੰ ਮਹਿਮਾ ਦਿੱਤੀ ਗਈ। ਇਸ ਗੱਲ ਦਾ ਸਬੂਤ ਖੁਦਾਈ ਕਰਨ ਤੇ ਮਿਲੇ ਛੋਟੇ-ਛੋਟੇ ਬੁੱਤਾਂ ਤੋਂ ਮਿਲਦਾ ਹੈ। ਇਨ੍ਹਾਂ ਬੁੱਤਾਂ ਦੇ ਗੁਪਤ-ਅੰਗਾਂ ਨੂੰ ਵਧਾ-ਚੜ੍ਹਾ ਕੇ ਚਿੱਤਰਿਤ ਕੀਤਾ ਗਿਆ ਹੈ ਜੋ ਕਿ ਕਾਮ-ਉਤੇਜਨਾ ਨੂੰ ਦਰਸਾਉਂਦੇ ਹਨ। ਦਾਅਵਤਾਂ, ਨਾਚ ਅਤੇ ਸੰਗੀਤ ਉਨ੍ਹਾਂ ਨੂੰ ਕਾਮੁਕ ਕੰਮ ਕਰਨ ਲਈ ਉਕਸਾਉਂਦੇ ਸਨ।
ਪਤਝੜ ਦੀ ਸ਼ੁਰੂਆਤ ਵਿਚ ਅਸੀਂ ਇਸ ਖ਼ਾਸ ਨਜ਼ਾਰੇ ਦੀ ਕਲਪਨਾ ਕਰ ਸਕਦੇ ਹਾਂ। ਇਕ ਬਹੁਤ ਹੀ ਸੋਹਣੇ ਕੁਦਰਤੀ ਮਾਹੌਲ ਵਿਚ, ਉਪਾਸਕ ਖਾ-ਪੀ ਕੇ ਅਤੇ ਸ਼ਰਾਬ ਦੇ ਨਸ਼ੇ ਵਿਚ ਚੂਰ ਹੋ ਕੇ ਨੱਚਦੇ ਹਨ। ਉਪਜਾਇਕਤਾ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਨਾਚ, ਗਰਮੀਆਂ ਦੌਰਾਨ ਸੁਸਤ ਹੋਏ ਬਆਲ ਨੂੰ ਜਗਾਉਣ ਦੇ ਇਰਾਦੇ ਨਾਲ ਕੀਤਾ ਜਾਂਦਾ ਹੈ, ਤਾਂਕਿ ਉਹ ਮੀਂਹ ਵਰ੍ਹਾ ਕੇ ਧਰਤੀ ਨੂੰ ਅਸੀਸ ਦੇਵੇ। ਉਹ ਲਿੰਗ-ਰੂਪੀ ਥੰਮ੍ਹਾਂ ਅਤੇ ਟੁੰਡਾਂ ਦੇ ਆਲੇ-ਦੁਆਲੇ ਨੱਚਦੇ ਹਨ। ਉਨ੍ਹਾਂ ਦੀਆਂ ਹਰਕਤਾਂ, ਖ਼ਾਸ ਤੌਰ ਤੇ ਮੰਦਰ ਵਿਚ ਵੇਸਵਾ-ਗਮਨ ਕਰਨ ਵਾਲਿਆਂ ਦੀਆਂ ਹਰਕਤਾਂ, ਬਹੁਤ ਹੀ ਕਾਮੁਕ ਅਤੇ ਉਤੇਜਕ ਹਨ। ਸੰਗੀਤ ਅਤੇ ਦਰਸ਼ਕ ਉਨ੍ਹਾਂ ਨੂੰ ਹੋਰ ਜ਼ਿਆਦਾ ਉਕਸਾਉਂਦੇ ਹਨ। ਅਤੇ ਸੰਭਵ ਹੈ ਕਿ ਨਾਚ ਦੇ ਖ਼ਤਮ ਹੋਣ ਤੋਂ ਬਾਅਦ ਨਰਤਕ ਜ਼ਨਾਹ ਕਰਨ ਲਈ ਬਆਲ ਦੇ ਭਵਨ ਦੀਆਂ ਕੋਠੜੀਆਂ ਵਿਚ ਚਲੇ ਜਾਂਦੇ ਹਨ।—ਗਿਣਤੀ 25:1, 2. ਕੂਚ 32:6, 17-19; ਆਮੋਸ 2:8 ਦੀ ਤੁਲਨਾ ਕਰੋ।
ਉਹ ਵੇਖਣ ਨਾਲ ਚੱਲੇ ਨਾਂ ਕਿ ਨਿਹਚਾ ਨਾਲ
ਜਦੋਂ ਕਿ ਇਹੋ ਜਿਹੀ ਕਾਮੁਕ ਉਪਾਸਨਾ ਨੇ ਬਹੁਤਿਆਂ ਨੂੰ ਆਪਣੇ ਵੱਲ ਖਿੱਚਿਆ, ਪਰ ਡਰ ਦੀ ਭਾਵਨਾ ਨੇ ਵੀ ਇਸਰਾਏਲੀਆਂ ਨੂੰ ਬਆਲ ਦੀ ਉਪਾਸਨਾ ਕਰਨ ਲਈ ਮਜਬੂਰ ਕੀਤਾ। ਜਦੋਂ ਇਸਰਾਏਲੀਆਂ ਨੇ ਯਹੋਵਾਹ ਵਿਚ ਆਪਣੀ ਨਿਹਚਾ ਗੁਆ ਦਿੱਤੀ, ਤਾਂ ਮੁਰਦਿਆਂ ਦਾ ਡਰ, ਭਵਿੱਖ ਦਾ ਡਰ ਅਤੇ ਜਾਦੂਗਰੀ ਵਿਚ ਦਿਲਚਸਪੀ ਉਨ੍ਹਾਂ ਨੂੰ ਪ੍ਰੇਤਵਾਦ ਦੇ ਅਭਿਆਸ ਵੱਲ ਲੈ ਗਈ, ਜਿਸ ਵਿਚ ਬਹੁਤ ਹੀ ਜ਼ਿਆਦਾ ਘਿਣਾਉਣੀਆਂ ਰਸਮਾਂ ਸਨ। ਕਨਾਨੀ ਲੋਕ ਪੂਰਵਜ-ਪੂਜਾ ਵਿਚ ਮਰੇ ਹੋਏ ਲੋਕਾਂ ਨੂੰ ਕਿਵੇਂ ਮਾਣ ਦਿੰਦੇ ਸਨ, ਇਸ ਬਾਰੇ ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਦਾਅਵਤਾਂ . . . ਪਰਿਵਾਰਕ ਕਬਰਸਤਾਨ ਵਿਚ ਜਾਂ ਕਬਰਾਂ ਤੇ ਮਨਾਈਆਂ ਜਾਂਦੀਆਂ ਸਨ, ਜਿਨ੍ਹਾਂ ਵਿਚ ਰਵਾਇਤੀ ਨਸ਼ੇਬਾਜ਼ੀ ਅਤੇ ਕਾਮੁਕ ਕੰਮ (ਜਿਸ ਵਿਚ ਸ਼ਾਇਦ ਗੋਤਰ-ਗਮਨ ਵੀ ਸ਼ਾਮਲ ਸੀ) ਕੀਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਖ਼ਿਆਲ ਅਨੁਸਾਰ ਇਨ੍ਹਾਂ ਵਿਚ ਮਰੇ ਹੋਏ ਲੋਕ ਵੀ ਹਿੱਸਾ ਲੈਂਦੇ ਸਨ।” ਇਸ ਤਰ੍ਹਾਂ ਦੇ ਘਿਣਾਉਣੇ ਪ੍ਰੇਤਵਾਦੀ ਕੰਮਾਂ ਵਿਚ ਹਿੱਸਾ ਲੈਣ ਕਰਕੇ, ਇਸਰਾਏਲੀ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਹੋਰ ਵੀ ਜ਼ਿਆਦਾ ਦੂਰ ਹੋ ਗਏ।—ਬਿਵਸਥਾ ਸਾਰ 18:9-12.
ਮੂਰਤੀਆਂ—ਅਤੇ ਉਨ੍ਹਾਂ ਨਾਲ ਸੰਬੰਧਿਤ ਰਸਮਾਂ—ਨੇ ਵੀ ਉਨ੍ਹਾਂ ਇਸਰਾਏਲੀਆਂ ਨੂੰ ਆਪਣੇ ਵੱਲ ਖਿੱਚਿਆ, ਜਿਹੜੇ ਨਿਹਚਾ ਦੀ ਬਜਾਇ ਵੇਖਣ ਨਾਲ ਚੱਲਣਾ ਚਾਹੁੰਦੇ ਸਨ। (2 ਕੁਰਿੰਥੀਆਂ 5:7) ਯਹੋਵਾਹ ਦੇ ਅਦਿੱਖ ਹੱਥ ਨਾਲ ਕੀਤੇ ਗਏ ਸ਼ਾਨਦਾਰ ਚਮਤਕਾਰ ਦੇਖਣ ਤੋਂ ਬਾਅਦ ਵੀ, ਮਿਸਰ ਨੂੰ ਛੱਡ ਕੇ ਆਏ ਬਹੁਤ ਸਾਰੇ ਇਸਰਾਏਲੀਆਂ ਨੇ ਇਕ ਮੂਰਤ ਦੀ ਜ਼ਰੂਰਤ ਮਹਿਸੂਸ ਕੀਤੀ ਜਿਸ ਨੂੰ ਉਹ ਦੇਖ ਸਕਣ ਅਤੇ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੀ ਯਾਦ ਦਿਲਾਵੇ। (ਕੂਚ 32:1-4) ਇਸੇ ਤਰ੍ਹਾਂ ਹੀ, ਉਨ੍ਹਾਂ ਦੀਆਂ ਕੁਝ ਸੰਤਾਨਾਂ ਨੇ ਵੀ ਦਿੱਸਣ ਵਾਲੀਆਂ ਮੂਰਤੀਆਂ ਦੀ, ਜਿਵੇਂ ਕਿ ਬਆਲ ਦੀਆਂ ਮੂਰਤੀਆਂ ਦੀ ਉਪਾਸਨਾ ਕਰਨੀ ਪਸੰਦ ਕੀਤੀ।—1 ਰਾਜਿਆਂ 12:25-30.
ਕੌਣ ਜਿੱਤਿਆ?
ਕਈ ਸਦੀਆਂ ਤਕ ਅਰਥਾਤ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਜਦੋਂ ਉਹ ਮੋਆਬ ਦੇ ਮੈਦਾਨਾਂ ਵਿਚ ਪਹੁੰਚੇ ਸਨ, ਦੇ ਸਮੇਂ ਤੋਂ ਲੈ ਕੇ ਬਾਬਲ ਦੀ ਕੈਦ ਵਿਚ ਜਾਣ ਤਕ ਇਸਰਾਏਲੀਆਂ ਦੇ ਦਿਲਾਂ ਨੂੰ ਜਿੱਤਣ ਲਈ ਇਹ ਜ਼ੋਰਦਾਰ ਸੰਘਰਸ਼ ਚੱਲਦਾ ਰਿਹਾ। ਇਸਰਾਏਲੀ ਕਦੀ ਯਹੋਵਾਹ ਵੱਲ ਹੋਏ ਤੇ ਕਦੀ ਬਆਲ ਵੱਲ। ਕਈ ਵਾਰ ਜ਼ਿਆਦਾਤਰ ਇਸਰਾਏਲੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਪਰ ਅਕਸਰ ਉਹ ਬਆਲ ਵੱਲ ਮੁੜ ਜਾਂਦੇ ਸਨ। ਇਸ ਦੀ ਮੁੱਖ ਵਜ੍ਹਾ ਆਲੇ-ਦੁਆਲੇ ਦੇ ਝੂਠੇ ਧਰਮਾਂ ਦੇ ਲੋਕਾਂ ਨਾਲ ਉਨ੍ਹਾਂ ਦੀ ਸੰਗਤੀ ਸੀ।
ਲੜਾਈ ਵਿਚ ਕਨਾਨੀਆਂ ਦੀ ਹਾਰ ਤੋਂ ਬਾਅਦ, ਕਨਾਨੀ ਲੋਕ ਹੋਰ ਵੀ ਜ਼ਿਆਦਾ ਮਕਾਰ ਢੰਗ ਨਾਲ ਲੜੇ। ਉਹ ਇਸਰਾਏਲੀਆਂ ਦੇ ਨਾਲ-ਨਾਲ ਰਹੇ ਅਤੇ ਉਨ੍ਹਾਂ ਨੇ ਆਪਣੇ ਜੇਤੂਆਂ ਨੂੰ ਕਨਾਨ ਦੇਸ਼ ਦੇ ਦੇਵਤਿਆਂ ਨੂੰ ਮੰਨਣ ਲਈ ਹੱਲਾਸ਼ੇਰੀ ਦਿੱਤੀ। ਗਿਦਾਊਨ ਅਤੇ ਸਮੂਏਲ ਵਰਗੇ ਬਹਾਦਰ ਨਿਆਈਆਂ ਨੇ ਇਸ ਝੁਕਾਅ ਦਾ ਵਿਰੋਧ ਕੀਤਾ। ਸਮੂਏਲ ਨੇ ਲੋਕਾਂ ਨੂੰ ਉਪਦੇਸ਼ ਦਿੱਤਾ: ‘ਓਪਰਿਆਂ ਦੇਵਤਿਆਂ ਨੂੰ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ।’ ਕੁਝ ਸਮੇਂ ਲਈ ਇਸਰਾਏਲੀਆਂ ਨੇ ਸਮੂਏਲ ਦੇ ਉਪਦੇਸ਼ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੇ “ਬਆਲੀਮ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਨਿਰੀ ਯਹੋਵਾਹ ਦੀ ਹੀ ਸੇਵਾ ਕੀਤੀ।”—1 ਸਮੂਏਲ 7:3, 4; ਨਿਆਈਆਂ 6:25-27.
ਸ਼ਾਊਲ ਅਤੇ ਦਾਊਦ ਦੇ ਰਾਜ ਤੋਂ ਬਾਅਦ, ਸੁਲੇਮਾਨ ਨੇ ਆਪਣੇ ਬੁਢਾਪੇ ਵਿਚ ਪਰਾਏ ਦੇਵਤਿਆਂ ਨੂੰ ਬਲੀਆਂ ਚੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। (1 ਰਾਜਿਆਂ 11:4-8) ਇਸਰਾਏਲ ਅਤੇ ਯਹੂਦਾਹ ਦੇ ਦੂਸਰੇ ਰਾਜਿਆਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਅਤੇ ਬਆਲ ਦੇ ਵੱਲ ਹੋ ਗਏ। ਫਿਰ ਵੀ, ਏਲੀਯਾਹ, ਅਲੀਸ਼ਾ ਅਤੇ ਯੋਸੀਯਾਹ ਵਰਗੇ ਵਫ਼ਾਦਾਰ ਨਬੀਆਂ ਅਤੇ ਰਾਜਿਆਂ ਨੇ ਬਆਲ ਉਪਾਸਕਾਂ ਦੇ ਵਿਰੁੱਧ ਲੜਨ ਵਿਚ ਅਗਵਾਈ ਕੀਤੀ। (2 ਇਤਹਾਸ 34:1-5) ਇਸ ਤੋਂ ਇਲਾਵਾ, ਇਸਰਾਏਲੀ ਇਤਿਹਾਸ ਦੇ ਇਸ ਸਮੇਂ ਦੌਰਾਨ, ਅਜਿਹੇ ਲੋਕ ਵੀ ਸਨ ਜਿਹੜੇ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ। ਅਹਾਬ ਅਤੇ ਈਜ਼ਬਲ ਦੇ ਸਮੇਂ ਦੌਰਾਨ ਵੀ, ਸੱਤ ਹਜ਼ਾਰ ਲੋਕਾਂ ਨੇ ‘ਬਆਲ ਅੱਗੇ ਆਪਣੇ ਗੋਡੇ ਨਿਵਾਉਣ’ ਤੋਂ ਇਨਕਾਰ ਕਰ ਦਿੱਤਾ ਸੀ, ਜਦ ਕਿ ਉਸ ਸਮੇਂ ਬਆਲ ਉਪਾਸਨਾ ਸਿਖਰ ਤੇ ਸੀ।—1 ਰਾਜਿਆਂ 19:18.
ਅਖ਼ੀਰ, ਬਾਬਲ ਦੀ ਕੈਦ ਤੋਂ ਯਹੂਦੀਆਂ ਦੇ ਮੁੜਨ ਤੋਂ ਬਾਅਦ ਬਆਲ ਦੀ ਉਪਾਸਨਾ ਦਾ ਬਿਲਕੁਲ ਵੀ ਜ਼ਿਕਰ ਨਹੀਂ ਆਉਂਦਾ ਹੈ। ਅਜ਼ਰਾ 6:21 ਵਿਚ ਜ਼ਿਕਰ ਕੀਤੇ ਗਏ ਲੋਕਾਂ ਵਾਂਗ, ਉਨ੍ਹਾਂ ਸਾਰਿਆਂ ਨੇ ‘ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਭਾਲ ਕਰਨ, ਉਸ ਧਰਤੀ ਦੀਆਂ ਪਰਾਈਆਂ ਜਾਤੀਆਂ ਦੀਆਂ ਪਲੀਤਗੀਆਂ ਤੋਂ ਅੱਡ ਹੋਣ’ ਦਾ ਪੱਕਾ ਇਰਾਦਾ ਕੀਤਾ।
ਬਆਲ ਦੀ ਉਪਾਸਨਾ ਤੋਂ ਚੇਤਾਵਨੀਆਂ
ਚਾਹੇ ਬਆਲ ਦੀ ਉਪਾਸਨਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ, ਪਰ ਉਸ ਸਮੇਂ ਦੇ ਕਨਾਨੀ ਧਰਮ ਅਤੇ ਅੱਜ ਦੇ ਸਮਾਜ ਵਿਚ ਇਕ ਚੀਜ਼ ਮਿਲਦੀ-ਜੁਲਦੀ ਹੈ—ਜਿਨਸੀ ਸੰਬੰਧਾਂ ਨੂੰ ਮਹਿਮਾ। ਸਾਡੇ ਆਲੇ-ਦੁਆਲੇ ਦਾ ਮਾਹੌਲ ਸਾਨੂੰ ਅਨੈਤਿਕਤਾ ਵਿਚ ਪੈਣ ਲਈ ਉਕਸਾਉਂਦਾ ਹੈ। (ਅਫ਼ਸੀਆਂ 2:2) ਪੌਲੁਸ ਚੇਤਾਵਨੀ ਦਿੰਦਾ ਹੈ: “ਸਾਡੀ ਲੜਾਈ . . . ਇਸ ਅੰਧਘੋਰ ਦੇ ਮਹਾਰਾਜਿਆਂ [“ਅਦਿੱਖ ਸ਼ਕਤੀ,” ਫ਼ਿਲਿਪਸ] ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ।”—ਅਫ਼ਸੀਆਂ 6:12.
ਸ਼ਤਾਨ ਦੀ ਇਹ “ਅਦਿੱਖ ਸ਼ਕਤੀ” ਲੋਕਾਂ ਨੂੰ ਅਧਿਆਤਮਿਕ ਤੌਰ ਤੇ ਗ਼ੁਲਾਮ ਬਣਾਉਣ ਲਈ ਲਿੰਗੀ ਅਨੈਤਿਕਤਾ ਨੂੰ ਉਤਸ਼ਾਹਿਤ ਕਰਦੀ ਹੈ। (ਯੂਹੰਨਾ 8:34) ਅੱਜ ਦੇ ਖੁੱਲ੍ਹ ਦੇਣ ਵਾਲੇ ਸਮਾਜ ਵਿਚ ਲੋਕ ਅਨੈਤਿਕਤਾ ਨੂੰ ਜਣਨ-ਸ਼ਕਤੀ ਦੀ ਰਸਮ ਦੇ ਤੌਰ ਤੇ ਨਹੀਂ ਵਿਚਾਰਦੇ ਹਨ, ਸਗੋਂ ਉਸ ਨੂੰ ਨਿੱਜੀ ਸੰਤੁਸ਼ਟੀ ਪ੍ਰਾਪਤ ਕਰਨ ਜਾਂ ਆਪਣੀ ਮਰਜ਼ੀ ਨੂੰ ਪੂਰਾ ਕਰਨ ਦਾ ਤਰੀਕਾ ਮੰਨਦੇ ਹਨ। ਪ੍ਰਸਾਰ ਮਾਧਿਅਮ ਵੀ ਇਸੇ ਤਰ੍ਹਾਂ ਕਰਨ ਦੀ ਪ੍ਰੇਰਣਾ ਦਿੰਦਾ ਹੈ। ਮਨੋਰੰਜਨ, ਸੰਗੀਤ ਅਤੇ ਵਿਗਿਆਪਨ, ਲੋਕਾਂ ਦੇ ਦਿਮਾਗ਼ਾਂ ਨੂੰ ਅਨੈਤਿਕ ਸੰਦੇਸ਼ਾਂ ਨਾਲ ਲਬਾਲਬ ਭਰ ਰਹੇ ਹਨ। ਪਰਮੇਸ਼ੁਰ ਦੇ ਸੇਵਕ ਵੀ ਇਸ ਹਮਲੇ ਤੋਂ ਬਚੇ ਹੋਏ ਨਹੀਂ ਹਨ। ਅਸਲ ਵਿਚ, ਮਸੀਹੀ ਕਲੀਸਿਯਾ ਵਿੱਚੋਂ ਛੇਕੇ ਜਾਣ ਵਾਲੇ ਜ਼ਿਆਦਾਤਰ ਲੋਕ ਉਹ ਹੁੰਦੇ ਹਨ, ਜਿਹੜੇ ਇਹੋ ਜਿਹੇ ਕੰਮਾਂ ਵਿਚ ਫਸ ਜਾਂਦੇ ਹਨ। ਇਨ੍ਹਾਂ ਅਨੈਤਿਕ ਸੁਝਾਵਾਂ ਦਾ ਲਗਾਤਾਰ ਵਿਰੋਧ ਕਰ ਕੇ ਹੀ ਇਕ ਮਸੀਹੀ ਸ਼ੁੱਧ ਰਹਿ ਸਕਦਾ ਹੈ।—ਰੋਮੀਆਂ 12:9.
ਖ਼ਾਸ ਤੌਰ ਤੇ ਨੌਜਵਾਨ ਗਵਾਹਾਂ ਨੂੰ ਜ਼ਿਆਦਾ ਖ਼ਤਰਾ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਸ਼ਾਇਦ ਆਕਰਸ਼ਕ ਲੱਗਦੀਆਂ ਹੋਣ ਉਹ ਅਕਸਰ ਅਨੈਤਿਕਤਾ ਨਾਲ ਭਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਦੂਸਰੇ ਨੌਜਵਾਨਾਂ ਤੋਂ ਆਉਣ ਵਾਲੇ ਦਬਾਵਾਂ ਦਾ ਵੀ ਵਿਰੋਧ ਕਰਨਾ ਪੈਂਦਾ ਹੈ, ਜਿਹੜੇ ਇਨ੍ਹਾਂ ਕੰਮਾਂ ਨੂੰ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਉਕਸਾਉਂਦੇ ਹਨ। (ਕਹਾਉਤਾਂ 1:10-15 ਦੀ ਤੁਲਨਾ ਕਰੋ।) ਉਦਾਹਰਣ ਲਈ, ਪਾਰਟੀਆਂ ਵਿਚ ਬਹੁਤ ਸਾਰੇ ਨੌਜਵਾਨ ਇਸ ਮੁਸੀਬਤ ਵਿਚ ਫਸ ਗਏ ਹਨ। ਜਿਵੇਂ ਪ੍ਰਾਚੀਨ ਸਮੇਂ ਦੀ ਬਆਲ ਉਪਾਸਨਾ ਦੇ ਵਿਚ ਹੁੰਦਾ ਸੀ, ਉਵੇਂ ਹੀ ਅੱਜ ਸੰਗੀਤ, ਨਾਚ ਅਤੇ ਜਿਨਸੀ ਖਿੱਚ ਮਿਲ ਕੇ ਮਾਹੌਲ ਨੂੰ ਹੋਰ ਵੀ ਕਾਮੁਕ ਬਣਾ ਦਿੰਦੇ ਹਨ।—2 ਤਿਮੋਥਿਉਸ 2:22.
“ਜੁਆਨ ਕਿਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ?” ਜ਼ਬੂਰਾਂ ਦੇ ਲਿਖਾਰੀ ਨੇ ਪੁੱਛਿਆ। “ਉਹ [ਯਹੋਵਾਹ] ਦੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ,” ਉਸ ਨੇ ਜਵਾਬ ਦਿੱਤਾ। (ਜ਼ਬੂਰ 119:9) ਜਿਵੇਂ ਪਰਮੇਸ਼ੁਰ ਦੀ ਬਿਵਸਥਾ ਨੇ ਇਸਰਾਏਲੀਆਂ ਨੂੰ ਕਨਾਨੀਆਂ ਦੀ ਗੂੜ੍ਹੀ ਸੰਗਤ ਤੋਂ ਬਚਣ ਲਈ ਕਿਹਾ ਸੀ, ਉਸੇ ਤਰ੍ਹਾਂ ਹੀ ਸਾਨੂੰ ਵੀ ਬਾਈਬਲ ਬੁਰੀਆਂ ਸੰਗਤਾਂ ਤੋਂ ਬਚਣ ਲਈ ਖ਼ਬਰਦਾਰ ਕਰਦੀ ਹੈ। (1 ਕੁਰਿੰਥੀਆਂ 15:32, 33) ਇਕ ਨੌਜਵਾਨ ਮਸੀਹੀ ਉਦੋਂ ਸਮਝਦਾਰੀ ਦਿਖਾਉਂਦਾ ਹੈ, ਜਦੋਂ ਉਹ ਉਸ ਕੰਮ ਲਈ ਨਾਂਹ ਕਹਿੰਦਾ ਹੈ, ਜੋ ਸ਼ਾਇਦ ਉਸ ਨੂੰ ਜਿਨਸੀ ਤੌਰ ਤੇ ਤਾਂ ਆਕਰਸ਼ਕ ਲੱਗਦਾ ਹੋਵੇ, ਪਰ ਜਿਸ ਬਾਰੇ ਉਹ ਜਾਣਦਾ ਹੈ ਕਿ ਇਹ ਨੈਤਿਕ ਤੌਰ ਤੇ ਨੁਕਸਾਨਦੇਹ ਹੈ। ਵਫ਼ਾਦਾਰ ਏਲੀਯਾਹ ਦੇ ਵਾਂਗ, ਅਸੀਂ ਵੀ ਲੋਕਾਂ ਦੇ ਬਦਲਦੇ ਖ਼ਿਆਲਾਂ ਦੇ ਅਨੁਸਾਰ ਆਪਣੇ ਫ਼ੈਸਲੇ ਨਹੀਂ ਕਰਾਂਗੇ।—1 ਰਾਜਿਆਂ 18:21. ਮੱਤੀ 7:13, 14 ਦੀ ਤੁਲਨਾ ਕਰੋ।
ਇਕ ਹੋਰ ਚੇਤਾਵਨੀ ਨਿਹਚਾ ਦੀ ਘਾਟ ਨਾਲ ਸੰਬੰਧਿਤ ਹੈ, ਅਰਥਾਤ ‘ਪਾਪ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ।’ (ਇਬਰਾਨੀਆਂ 12:1) ਇੰਜ ਲੱਗਦਾ ਹੈ ਕਿ ਬਹੁਤ ਸਾਰੇ ਇਸਰਾਏਲੀ ਅਜੇ ਵੀ ਯਹੋਵਾਹ ਵਿਚ ਵਿਸ਼ਵਾਸ ਰੱਖਦੇ ਸਨ, ਪਰ ਉਹ ਆਪਣੀਆਂ ਫ਼ਸਲਾਂ ਦੀ ਰੱਖਿਆ ਲਈ ਅਤੇ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਲਈ ਬਆਲ ਦੇਵਤਾ ਉੱਤੇ ਭਰੋਸਾ ਰੱਖਦੇ ਸਨ। ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਬਹੁਤ ਹੀ ਦੂਰ ਸੀ ਅਤੇ ਉਸ ਦੇ ਨਿਯਮਾਂ ਦੀ ਪਾਲਣਾ ਕਰਨੀ ਵੀ ਵਿਵਹਾਰਕ ਨਹੀਂ ਸੀ। ਬਆਲ ਉਪਾਸਨਾ ਉਨ੍ਹਾਂ ਤੋਂ ਕਿਸੇ ਵੀ ਗੱਲ ਦੀ ਮੰਗ ਨਹੀਂ ਕਰਦੀ ਸੀ ਅਤੇ ਇਹ ਬਹੁਤ ਸੌਖੀ ਸੀ—ਉਹ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਵੀ ਬਆਲ ਲਈ ਧੂਪ ਧੁਖਾ ਸਕਦੇ ਸਨ। (ਯਿਰਮਿਯਾਹ 32:29) ਸੰਭਵ ਹੈ ਕਿ ਲੋਕ ਬਆਲ ਉਪਾਸਨਾ ਦੀਆਂ ਸਿਰਫ਼ ਕੁਝ ਹੀ ਰਸਮਾਂ ਵਿਚ ਹਿੱਸਾ ਲੈਣ ਦੁਆਰਾ ਜਾਂ ਬਆਲ ਨੂੰ ਯਹੋਵਾਹ ਦੇ ਨਾਂ ਤੇ ਬਲੀਆਂ ਚੜ੍ਹਾਉਣ ਦੁਆਰਾ ਹੌਲੀ-ਹੌਲੀ ਬਆਲ ਉਪਾਸਨਾ ਵਿਚ ਪੈ ਗਏ।
ਅਸੀਂ ਕਿਵੇਂ ਨਿਹਚਾ ਗੁਆ ਸਕਦੇ ਹਾਂ ਅਤੇ ਕਿਵੇਂ ਜੀਉਂਦੇ ਪਰਮੇਸ਼ੁਰ ਯਹੋਵਾਹ ਤੋਂ ਹੌਲੀ-ਹੌਲੀ ਬੇਮੁੱਖ ਹੋ ਸਕਦੇ ਹਾਂ? (ਇਬਰਾਨੀਆਂ 3:12) ਹੌਲੀ-ਹੌਲੀ ਸਭਾਵਾਂ ਅਤੇ ਸੰਮੇਲਨਾਂ ਲਈ ਸਾਡੀ ਕਦਰਦਾਨੀ ਘੱਟ ਸਕਦੀ ਹੈ। ਇਹੋ ਜਿਹਾ ਰਵੱਈਆ ਯਹੋਵਾਹ ਦੇ “ਵੇਲੇ ਸਿਰ . . . ਰਸਤ” ਦੇਣ ਦੇ ਅਧਿਆਤਮਿਕ ਪ੍ਰਬੰਧ ਪ੍ਰਤੀ ਕਦਰਦਾਨੀ ਦੀ ਘਾਟ ਨੂੰ ਦਿਖਾਉਂਦਾ ਹੈ। (ਮੱਤੀ 24:45-47) ਇਸ ਤਰ੍ਹਾਂ ਕਮਜ਼ੋਰ ਹੋ ਕੇ ਅਸੀਂ ਸ਼ਾਇਦ ‘ਜੀਵਨ ਦੇ ਬਚਨ’ ਉੱਤੇ ਆਪਣੀ ਪਕੜ ਨੂੰ ਢਿੱਲਾ ਛੱਡ ਦੇਈਏ, ਜਾਂ ਇੱਥੋਂ ਤਕ ਕਿ ਦੁਚਿੱਤੇ ਹੋ ਜਾਈਏ, ਤੇ ਸ਼ਾਇਦ ਧਨ-ਦੌਲਤ ਦੇ ਪਿੱਛੇ ਲੱਗ ਜਾਈਏ ਜਾਂ ਅਨੈਤਿਕਤਾ ਦੇ ਸ਼ਿਕਾਰ ਹੋ ਜਾਈਏ।—ਫ਼ਿਲਿੱਪੀਆਂ 2:16. ਜ਼ਬੂਰ 119:113 ਦੀ ਤੁਲਨਾ ਕਰੋ।
ਆਪਣੀ ਖਰਿਆਈ ਨੂੰ ਘੁੱਟ ਕੇ ਫੜਨਾ
ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਦਿਲਾਂ ਨੂੰ ਜਿੱਤਣ ਲਈ ਸੰਘਰਸ਼ ਚੱਲ ਰਿਹਾ ਹੈ। ਕੀ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਬਣੇ ਰਹਾਂਗੇ ਜਾਂ ਫਿਰ ਸੰਸਾਰ ਦੀ ਅਨੈਤਿਕ ਰਹਿਣੀ-ਬਹਿਣੀ ਵਿਚ ਪੈ ਕੇ ਉਸ ਤੋਂ ਦੂਰ ਹਟ ਜਾਵਾਂਗੇ? ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਵੇਂ ਇਸਰਾਏਲੀ ਕਨਾਨੀਆਂ ਦੇ ਘਿਣਾਉਣੇ ਕੰਮਾਂ ਵੱਲ ਆਕਰਸ਼ਿਤ ਹੋ ਗਏ ਸਨ, ਉਸੇ ਤਰ੍ਹਾਂ ਅੱਜ ਵੀ ਕੁਝ ਮਸੀਹੀ ਆਦਮੀ ਅਤੇ ਔਰਤਾਂ ਸ਼ਰਮਨਾਕ ਕੰਮਾਂ ਨੂੰ ਕਰਨ ਦੇ ਲਾਲਚ ਵਿਚ ਪੈ ਗਏ ਹਨ।—ਕਹਾਉਤਾਂ 7:7, 21-23 ਦੀ ਤੁਲਨਾ ਕਰੋ।
ਇਹੋ ਜਿਹੀ ਅਧਿਆਤਮਿਕ ਹਾਰ ਤੋਂ ਬਚਿਆ ਜਾ ਸਕਦਾ ਹੈ, ਜੇਕਰ ਮੂਸਾ ਦੇ ਵਾਂਗ ਅਸੀਂ ਵੀ ‘ਅਲੱਖ ਨੂੰ ਜਾਣੀਦਾ ਲੱਖ ਕੇ ਤਕੜੇ ਰਹੀਏ।’ (ਇਬਰਾਨੀਆਂ 11:27) ਇਹ ਸੱਚ ਹੈ ਕਿ ਸਾਨੂੰ ‘ਨਿਹਚਾ ਦੇ ਲਈ ਜਤਨ’ ਕਰਨਾ ਪੈਣਾ ਹੈ। (ਯਹੂਦਾਹ 3) ਪਰ ਆਪਣੇ ਪਰਮੇਸ਼ੁਰ ਅਤੇ ਉਸ ਦੇ ਸਿਧਾਂਤਾਂ ਪ੍ਰਤੀ ਵਫ਼ਾਦਾਰ ਰਹਿ ਕੇ, ਅਸੀਂ ਉਸ ਸਮੇਂ ਦੀ ਉਤਸ਼ਾਹ ਨਾਲ ਉਡੀਕ ਕਰ ਸਕਦੇ ਹਾਂ ਜਦੋਂ ਝੂਠੀ ਉਪਾਸਨਾ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਬਿਲਕੁਲ ਜਿਵੇਂ ਯਹੋਵਾਹ ਦੀ ਉਪਾਸਨਾ ਬਆਲ ਦੀ ਉਪਾਸਨਾ ਉੱਤੇ ਜੇਤੂ ਹੋਈ ਸੀ, ਉਸੇ ਤਰ੍ਹਾਂ ਅਸੀਂ ਵੀ ਨਿਸ਼ਚਿਤ ਹੋ ਸਕਦੇ ਹਾਂ ਕਿ ਜਲਦੀ ਹੀ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:9.
[ਸਫ਼ੇ 31 ਉੱਤੇ ਤਸਵੀਰ]
ਗਜ਼ਰ ਸ਼ਹਿਰ ਵਿਚ ਟੁੱਟੇ-ਭੱਜੇ ਥੰਮ੍ਹ ਜੋ ਬਆਲ ਉਪਾਸਨਾ ਵਿਚ ਵਰਤੇ ਗਏ ਸਨ
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Musée du Louvre, Paris