ਦੂਜਿਆਂ ਨੂੰ ਸਿਖਾਓ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ
1 ਅਜੇ ਵੀ ਅਨੇਕ ਲੋਕ ਮਿਲ ਸਕਦੇ ਹਨ ਜੋ ਅਧਿਆਤਮਿਕ ਤੌਰ ਤੇ “ਯਹੋਵਾਹ ਦੀ ਬਾਣੀ ਦੇ ਸੁਣਨ” ਤੋਂ ਵਾਂਝੇ ਰੱਖੇ ਗਏ ਹਨ। (ਆਮੋ. 8:11) ਜਦ ਕਿ ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਹੋਂਦ ਵਿਚ ਹੈ, ਉਹ ਉਸ ਦੇ ਮਕਸਦ ਅਤੇ ਮੰਗਾਂ ਤੋਂ ਅਣਜਾਣ ਹਨ। ਇਸ ਲਈ, ਸਾਨੂੰ ਉਨ੍ਹਾਂ ਨੂੰ ਰਾਜ ਦੀ ਜਾਨ-ਬਚਾਊ ਸੱਚਾਈ ਸਿਖਾਉਣ ਦੀ ਲੋੜ ਹੈ। ਹਰੇਕ ਮੌਕੇ ਤੇ ਗਵਾਹੀ ਦੇਣ ਲਈ ਪੂਰੀ ਤਰ੍ਹਾਂ ਲੈਸ ਅਤੇ ਤਿਆਰ ਹੋਣ ਨਾਲ, ਅਸੀਂ ਉਨ੍ਹਾਂ ਤਕ ਪਹੁੰਚ ਸਕਦੇ ਹਾਂ ਜੋ ਸਿੱਖਣਾ ਚਾਹੁੰਦੇ ਹਨ ਕਿ ਯਹੋਵਾਹ ਕੀ ਮੰਗ ਕਰਦਾ ਹੈ।
2 ਅਪ੍ਰੈਲ ਅਤੇ ਮਈ ਦੌਰਾਨ, ਸਾਡੇ ਕੋਲ ਵੰਡਣ ਲਈ ਅਤੇ ਸਬਸਕ੍ਰਿਪਸ਼ਨ ਪੇਸ਼ ਕਰਨ ਲਈ ਪਹਿਰਾਬੁਰਜ ਅਤੇ ਅਵੇਕ! ਦੇ ਬਹੁਤ ਹੀ ਸਮੇਂ-ਅਨੁਕੂਲ ਅੰਕ ਹੋਣਗੇ। ਇਸ ਤੋਂ ਇਲਾਵਾ, ਪਹਿਲੀ ਵਾਰ, ਅਸੀਂ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਪੇਸ਼ ਕਰਾਂਗੇ। ਇਸ ਦੀਆਂ ਆਕਰਸ਼ਕ ਤਸਵੀਰਾਂ ਅਤੇ ਵਿਚਾਰ-ਉਕਸਾਊ ਸਵਾਲਾਂ ਦੇ ਕਾਰਨ ਇਹ ਵੱਡੀ ਪੁਸਤਿਕਾ ਵਿਆਪਕ ਤੌਰ ਤੇ ਪਸੰਦ ਕੀਤੀ ਜਾਵੇਗੀ। ਸਾਡੇ ਉੱਤਮ ਪ੍ਰਕਾਸ਼ਨਾਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਵਿਚ ਮਦਦ ਦੇਣ ਲਈ ਨਿਮਨਲਿਖਿਤ ਸੁਝਾਉ ਪੇਸ਼ ਕੀਤੇ ਗਏ ਹਨ।
3 ਲੋਕਾਂ ਦੀ ਭਾਲ ਕਰਨੀ: ਜਿਨ੍ਹਾਂ ਇਲਾਕਿਆਂ ਵਿਚ ਘਰ-ਘਰ ਦੀ ਸੇਵਕਾਈ ਕਰਦੇ ਸਮੇਂ ਅਨੇਕ ਲੋਕ ਘਰ ਨਹੀਂ ਮਿਲਦੇ ਹਨ, ਉੱਥੇ ਇਹ ਲਾਭਦਾਇਕ ਸਾਬਤ ਹੋ ਰਿਹਾ ਹੈ ਕਿ ਜਿੱਥੇ ਕਿਤੇ ਵੀ ਲੋਕ ਹੋਣ, ਉਨ੍ਹਾਂ ਦੀ ਭਾਲ ਕਰ ਕੇ ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਨਵੰਬਰ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਨੇ ਸਾਨੂੰ ਖ਼ੁਸ਼ ਖ਼ਬਰੀ ਨੂੰ ਹਰ ਜਗ੍ਹਾ—ਸੜਕ ਤੇ, ਪਬਲਿਕ ਵਾਹਣਾਂ ਤੇ, ਅਤੇ ਪਾਰਕ, ਪਾਰਕਿੰਗ ਥਾਵਾਂ, ਅਤੇ ਕਾਰੋਬਾਰੀ ਇਲਾਕਿਆਂ ਵਿਚ—ਪ੍ਰਚਾਰ ਕਰਨ ਦਾ ਉਤਸ਼ਾਹ ਦਿੱਤਾ। ਇਸ ਨੇ ਸਾਨੂੰ ਗ਼ੈਰ-ਰਸਮੀ ਤੌਰ ਤੇ ਪ੍ਰਚਾਰ ਕਰਨ ਲਈ ਮੌਕੇ ਬਣਾਉਣ ਦੀ ਜ਼ਰੂਰਤ ਪ੍ਰਤੀ ਵੀ ਸਚੇਤ ਕੀਤਾ। ਇਸ ਦੀ ਮਿਸਾਲ ਵਜੋਂ, ਇਕ ਪਾਇਨੀਅਰ ਭੈਣ ਚਿੜੀਆ-ਘਰ ਗਈ ਅਤੇ ਆਪਣੇ ਨਾਲ ਅਗਸਤ 8, 1996, ਅਵੇਕ! ਦੀਆਂ ਕਾਫ਼ੀ ਕਾਪੀਆਂ ਲੈ ਗਈ ਜਿਸ ਵਿਚ “ਲੁਪਤ ਹੋ ਰਹੀਆਂ ਨਸਲਾਂ—ਕਿਉਂ ਚਿੰਤਿਤ ਹੋਈਏ?” ਲੇਖ-ਮਾਲਾ ਸੀ। ਇਕ ਘੰਟੇ ਦੇ ਅੰਦਰ, ਉਸ ਨੇ ਕਈ ਬਹੁਤ ਹੀ ਕਦਰਦਾਨ ਪਸ਼ੂ ਪ੍ਰੇਮੀਆਂ ਨੂੰ 40 ਕਾਪੀਆਂ ਦਿੱਤੀਆਂ! ਖ਼ੁਸ਼ ਖ਼ਬਰੀ ਨੂੰ ਹਰ ਜਗ੍ਹਾ ਪ੍ਰਚਾਰ ਕਰਨ ਵਿਚ ਤੁਹਾਨੂੰ ਅਜੇ ਤਕ ਕਿਹੜੀ ਸਫ਼ਲਤਾ ਹਾਸਲ ਹੋਈ ਹੈ? ਪਹਿਰਾਬੁਰਜ, ਅਵੇਕ! ਅਤੇ ਮੰਗ ਵੱਡੀ ਪੁਸਤਿਕਾ ਖ਼ਾਸ ਤੌਰ ਤੇ ਹਰ ਪ੍ਰਕਾਰ ਦੀ ਗਵਾਹੀ ਲਈ ਉਪਯੁਕਤ ਹਨ, ਕਿਉਂਕਿ ਇਹ ਉਹ ਜਾਣਕਾਰੀ ਪੇਸ਼ ਕਰਦੇ ਹਨ ਜੋ ਲੋਕਾਂ ਦੇ ਜੀਵਨ ਉੱਤੇ ਅਸਰ ਪਾਉਂਦੀ ਹੈ ਅਤੇ ਸੋਚਣ ਸ਼ਕਤੀ ਨੂੰ ਉਤੇਜਿਤ ਕਰਦੀ ਹੈ।
4 ਗੱਲ-ਬਾਤ ਸ਼ੁਰੂ ਕਰਨੀ: ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦਾ ਆਖ਼ਰੀ ਸਫ਼ਾ ਵੇਰਵਾ ਦਿੰਦਾ ਹੈ ਕਿ ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਲਈ ਆਪਣੀ ਖ਼ੁਦ ਦੀ ਪੇਸ਼ਕਾਰੀ ਕਿਵੇਂ ਤਿਆਰ ਕਰਨੀ ਹੈ। ਇਹੋ ਸੁਝਾਉ ਮੰਗ ਵੱਡੀ ਪੁਸਤਿਕਾ ਲਈ ਆਪਣੀ ਪੇਸ਼ਕਾਰੀ ਤਿਆਰ ਕਰਦੇ ਸਮੇਂ ਵੀ ਪ੍ਰਭਾਵਕਾਰੀ ਹੋਣਗੇ। ਅਸੀਂ ਜੋ ਕਹਿੰਦੇ ਹਾਂ ਉਹ ਇੰਨਾ ਸੰਖੇਪ ਹੋ ਸਕਦਾ ਹੈ ਕਿ ਕੁਝ ਹੀ ਵਾਕ ਹੋਣ ਜਾਂ ਉਹ ਇੰਨਾ ਲੰਬਾ ਹੋ ਸਕਦਾ ਹੈ ਕਿ ਇਕ ਸ਼ਾਸਤਰ-ਸੰਬੰਧੀ ਵਿਚਾਰ ਸ਼ਾਮਲ ਕੀਤਾ ਜਾਵੇ। ਮਹੱਤਵਪੂਰਣ ਹੈ ਕਿ ਆਰੰਭਕ ਸ਼ਬਦਾਂ ਨੂੰ ਧਿਆਨ ਨਾਲ ਚੁਣਿਆ ਜਾਵੇ, ਕਿਉਂਕਿ ਇਹ ਸ਼ਾਇਦ ਨਿਸ਼ਚਿਤ ਕਰਨ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰਦੇ ਹੋ, ਉਹ ਸੁਣਨਾ ਜਾਰੀ ਰੱਖੇਗਾ ਜਾਂ ਨਹੀਂ। ਕੁਝ ਲੋਕਾਂ ਨੇ ਇਸ ਆਰੰਭਕ ਟਿੱਪਣੀ ਨਾਲ ਸਫ਼ਲਤਾ ਹਾਸਲ ਕੀਤੀ ਹੈ: “ਮੈਂ ਇਕ ਲੇਖ ਪੜ੍ਹਿਆ ਹੈ ਜੋ ਮੈਨੂੰ ਚੰਗਾ ਲੱਗਾ, ਅਤੇ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।” ਜਾਂ ਅਗਲੇ ਵਿਅਕਤੀ ਨੂੰ ਗੱਲ-ਬਾਤ ਵਿਚ ਸ਼ਾਮਲ ਕਰਨ ਲਈ ਇਕ ਦਿਲਚਸਪ ਸਵਾਲ ਪੁੱਛਿਆ ਜਾ ਸਕਦਾ ਹੈ।
5 ਜੇਕਰ ਤੁਹਾਡੇ ਇਲਾਕੇ ਵਿਚ ਉਪਯੁਕਤ ਹੋਵੇ, ਤਾਂ ਤੁਸੀਂ ਇਸ ਮਹੀਨੇ ਆਪਣੀਆਂ ਪੇਸ਼ਕਾਰੀਆਂ ਵਿਚ ਹੇਠ ਦਿੱਤੇ ਗਏ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਸਕਦੇ ਹੋ:
◼ “ਅੱਜਕਲ੍ਹ ਅਸੀਂ ਹਰ ਥਾਂ ਤੇ ਕਿੰਨਾ ਗੰਦ-ਮੰਦ ਲਿਖਿਆ, ਨਾਲ ਹੀ ਕੂੜਾ-ਕਰਕਟ, ਅਤੇ ਪ੍ਰਦੂਸ਼ਣ ਦੇਖਦੇ ਹਾਂ। ਧਰਤੀ ਨੂੰ ਸਾਫ਼ ਕਰਨ ਅਤੇ ਇਕ ਬਿਹਤਰ ਰਹਿਣਯੋਗ ਜਗ੍ਹਾ ਬਣਾਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੋਵੇਗੀ?” ਜਵਾਬ ਲਈ ਸਮਾਂ ਦਿਓ, ਅਤੇ ਫਿਰ ਵਿਆਖਿਆ ਕਰੋ ਕਿ ਤੁਹਾਡੇ ਕੋਲ ਅਜਿਹੀ ਜਾਣਕਾਰੀ ਹੈ ਜੋ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਧਰਤੀ ਕਿਵੇਂ ਅਤੇ ਕਦੋਂ ਇਕ ਵਿਸ਼ਵ-ਵਿਆਪੀ ਬਾਗ਼ ਬਣੇਗੀ। ਇਕ ਚਾਲੂ ਰਸਾਲੇ ਵਿੱਚੋਂ ਇਕ ਖ਼ਾਸ ਗੱਲ, ਇਕ ਸੰਖਿਪਤ ਸ਼ਾਸਤਰਵਚਨ, ਅਤੇ ਇਕ ਰੰਗੀਨ ਤਸਵੀਰ ਸਾਂਝੀ ਕਰੋ, ਅਤੇ ਵਿਆਖਿਆ ਕਰੋ ਕਿ ਉਹ ਕਿਵੇਂ ਰਸਾਲੇ ਨੂੰ ਬਾਕਾਇਦਾ ਹਾਸਲ ਕਰ ਸਕਦਾ ਹੈ। ਜੇਕਰ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਇਨਕਾਰ ਕੀਤੀ ਜਾਂਦੀ ਹੈ, ਤਾਂ ਨਿਸ਼ਚੇ ਹੀ ਰਸਾਲੇ ਦੀਆਂ ਕੁਝ ਕਾਪੀਆਂ ਪੇਸ਼ ਕਰੋ। ਗੱਲ-ਬਾਤ ਖ਼ਤਮ ਕਰਨ ਤੋਂ ਪਹਿਲਾਂ, ਇਸ ਗੱਲ-ਬਾਤ ਨੂੰ ਕਿਸੇ ਹੋਰ ਸਮੇਂ ਜਾਰੀ ਰੱਖਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ।
◼ “ਕੀ ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਦਾ ਇਹ ਮਕਸਦ ਸੀ ਕਿ ਅਸੀਂ ਅਜਿਹੀਆਂ ਮੁਸੀਬਤਾਂ ਨਾਲ ਘਿਰਿਆ ਜੀਵਨ ਬਤੀਤ ਕਰੀਏ ਜਿਨ੍ਹਾਂ ਦਾ ਅਸੀਂ ਅੱਜ ਸਾਮ੍ਹਣਾ ਕਰ ਰਹੇ ਹਾਂ?” ਵਿਅਕਤੀ ਦੇ ਜਵਾਬ ਦੇਣ ਮਗਰੋਂ, ਤੁਸੀਂ ਕਹਿ ਸਕਦੇ ਹੋ: “ਸ਼ਾਇਦ ਤੁਸੀਂ ਉਸ ਪ੍ਰਾਰਥਨਾ ਬਾਰੇ ਸੁਣਿਆ ਹੋਵੇਗਾ ਜੋ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਰਨੀ ਸਿਖਾਈ ਸੀ, ਜਿਸ ਵਿਚ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਬੇਨਤੀ ਕੀਤੀ ਗਈ ਸੀ। ਕੀ ਤੁਸੀਂ ਇਹ ਜਾਣਨ ਵਿਚ ਦਿਲਚਸਪੀ ਰੱਖਦੇ ਹੋ ਕਿ ਪਰਮੇਸ਼ੁਰ ਦਾ ਇਹ ਰਾਜ ਕੀ ਹੈ?” ਮੰਗ ਵੱਡੀ ਪੁਸਤਿਕਾ ਦਾ ਪਾਠ 6 ਖੋਲ੍ਹੋ, ਅਤੇ ਪਾਠ ਦੇ ਸ਼ੁਰੂ ਵਿਚ ਦਿੱਤੇ ਗਏ ਸਵਾਲ ਪੜ੍ਹੋ। ਫਿਰ, ਜਿਉਂ ਹੀ ਤੁਸੀਂ ਪੈਰਾ 1 ਪੜ੍ਹਦੇ ਹੋ, ਪਹਿਲੇ ਸਵਾਲ ਦਾ ਜਵਾਬ ਦਿਖਾਓ। ਸਮਝਾਓ ਕਿ ਬਾਕੀ ਦੇ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਸੰਖੇਪ ਵਿਚ ਦਿੱਤੇ ਗਏ ਹਨ। ਵੱਡੀ ਪੁਸਤਿਕਾ ਪੇਸ਼ ਕਰੋ ਅਤੇ ਰਾਜ ਬਾਰੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਦੁਬਾਰਾ ਆਉਣ ਦੀ ਪੇਸ਼ਕਸ਼ ਕਰੋ।
◼ “ਅਨੇਕ ਸੋਚਵਾਨ ਲੋਕ ਸੰਸਾਰ ਦੇ ਧਰਮਾਂ ਨੂੰ ਮਨੁੱਖ ਦੀਆਂ ਸਮੱਸਿਆਵਾਂ ਦੀ ਜੜ੍ਹ ਵਜੋਂ, ਨਾ ਕਿ ਹਲ ਵਜੋਂ ਵਿਚਾਰਨ ਲੱਗੇ ਹਨ। ਇਸ ਬਾਰੇ ਤੁਹਾਡੀ ਕੀ ਰਾਇ ਹੈ?” ਉਸ ਵਿਅਕਤੀ ਦਾ ਵਿਚਾਰ ਸੁਣਨ ਮਗਰੋਂ, ਕਿਸੇ ਇਕ ਚਾਲੂ ਰਸਾਲੇ ਵਿੱਚੋਂ ਝੂਠੇ ਧਰਮਾਂ ਦੀ ਅਸਫ਼ਲਤਾ ਜਾਂ ਉਨ੍ਹਾਂ ਦੇ ਨੇੜੇ ਅੱਪੜਦੇ ਪਤਨ ਬਾਰੇ ਅਜਿਹੀ ਗੱਲ ਦਿਖਾਓ ਜੋ ਉਸ ਦੀ ਦਿਲਚਸਪੀ ਜਗਾਵੇ। ਸਬਸਕ੍ਰਿਪਸ਼ਨ ਪੇਸ਼ ਕਰੋ। ਆਪਣਾ ਨਾਂ ਦੱਸੋ ਅਤੇ ਉਸ ਦਾ ਨਾਂ ਪੁੱਛੋ, ਅਤੇ ਦੁਬਾਰਾ ਮਿਲਣ ਦੀ ਪੇਸ਼ਕਸ਼ ਕਰੋ ਤਾਂਕਿ ਤੁਸੀਂ ਸਮਝਾ ਸਕੋ ਕਿ ਕਿਉਂ ਸੱਚੇ ਧਰਮ ਨੇ ਮਨੁੱਖਜਾਤੀ ਨੂੰ ਨਿਰਾਸ਼ ਨਹੀਂ ਕੀਤਾ ਹੈ।
◼ “ਅੱਜ ਪਰਿਵਾਰਕ ਜੀਵਨ ਵਿਚ ਇੰਨੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ, ਕੀ ਤੁਸੀਂ ਕਦੀ ਸੋਚਿਆ ਹੈ ਕਿ ਪਰਿਵਾਰਕ ਖ਼ੁਸ਼ੀ ਹਾਸਲ ਕਰਨ ਦਾ ਰਾਜ਼ ਕੀ ਹੈ?” ਜਵਾਬ ਦੀ ਉਡੀਕ ਕਰੋ, ਅਤੇ ਵਿਆਖਿਆ ਕਰੋ ਕਿ ਬਾਈਬਲ ਵਿਚ, ਪਰਮੇਸ਼ੁਰ ਪਰਿਵਾਰਕ ਖ਼ੁਸ਼ੀ ਦਾ ਅਸਲੀ ਰਾਜ਼ ਪ੍ਰਗਟ ਕਰਦਾ ਹੈ। ਸ਼ਾਇਦ ਤੁਸੀਂ ਯਸਾਯਾਹ 48:17 ਪੜ੍ਹ ਸਕਦੇ ਹੋ। ਫਿਰ ਮੰਗ ਵੱਡੀ ਪੁਸਤਿਕਾ ਦਾ ਪਾਠ 8 ਖੋਲ੍ਹੋ, ਅਤੇ ਬਾਈਬਲ ਦੀਆਂ ਕੁਝ ਉਲਿਖਤ ਆਇਤਾਂ ਦਿਖਾਓ ਜੋ ਪਰਿਵਾਰ ਦੇ ਹਰੇਕ ਜੀਅ ਲਈ ਭਰੋਸੇਯੋਗ ਮਾਰਗ-ਦਰਸ਼ਨ ਪ੍ਰਦਾਨ ਕਰਦੀਆਂ ਹਨ। ਪਾਠ ਦੇ ਆਰੰਭ ਵਿਚ ਦਿੱਤੇ ਸਵਾਲਾਂ ਦੀ ਸੂਚੀ ਪੜ੍ਹੋ। ਉਸ ਵਿਅਕਤੀ ਨੂੰ ਪੁੱਛੋ ਜੇਕਰ ਉਹ ਜਵਾਬ ਪੜ੍ਹਨਾ ਚਾਹੇਗਾ। ਉਸ ਨੂੰ ਵੱਡੀ ਪੁਸਤਿਕਾ ਪੇਸ਼ ਕਰੋ ਅਤੇ ਸੁਖੀ ਪਰਿਵਾਰਕ ਜੀਵਨ ਲਈ ਬਾਈਬਲ ਵਿਚ ਪਾਏ ਗਏ ਹੋਰ ਜ਼ਿਆਦਾ ਵਿਵਹਾਰਕ ਮਾਰਗ-ਦਰਸ਼ਨ ਸਾਂਝੇ ਕਰਨ ਲਈ ਅਗਲੀ ਵਾਰ ਵਾਪਸ ਆਉਣ ਦੀ ਪੇਸ਼ਕਸ਼ ਕਰੋ।
6 ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਨੇ ਸਾਨੂੰ ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਣ ਦਾ ਉਤਸ਼ਾਹ ਦਿੱਤਾ ਸੀ। ਇਸ ਵਿਚ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਮੰਗ ਵੱਡੀ ਪੁਸਤਿਕਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਸੀ, ਜੇਕਰ ਪਹਿਲੀ ਮੁਲਾਕਾਤ ਤੇ ਨਹੀਂ, ਤਾਂ ਪੁਨਰ-ਮੁਲਾਕਾਤ ਤੇ। ਮਨੁੱਖਜਾਤੀ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਉਹ ਸਿੱਖਣ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ, ਅਤੇ ਫਿਰ ਇਸ ਨੂੰ ਪੂਰਾ ਕਰਨ। (ਕੁਲੁ. 1:9, 10) ਅਸੀਂ ਅਪ੍ਰੈਲ ਅਤੇ ਮਈ ਦੌਰਾਨ ਦੂਜਿਆਂ ਨੂੰ ਬਹੁਤ ਲਾਭ ਪਹੁੰਚਾਵਾਂਗੇ ਜੇਕਰ ਅਸੀਂ ਜੀਵਨ ਲਈ ਯਹੋਵਾਹ ਦੀਆਂ ਮੰਗਾਂ ਬਾਰੇ ਜੋ ਕੁਝ ਜਾਣਦੇ ਹਾਂ, ਉਨ੍ਹਾਂ ਨੂੰ ਸਿਖਾਉਣਾ ਸ਼ੁਰੂ ਕਰ ਸਕੀਏ।—1 ਕੁਰਿੰ. 9:23.