ਅਪ੍ਰੈਲ—ਜੋਸ਼ ਨਾਲ ਚੰਗੇ ਕੰਮ ਕਰਨ ਦਾ ਸਮਾਂ!
1 ਜਿਉਂ-ਜਿਉਂ ਇਕ ਵਾਵਰੋਲਾ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਨੇੜੇ ਆਉਂਦਾ-ਜਾਂਦਾ ਹੈ, ਤਿਉਂ-ਤਿਉਂ ਇਸ ਮੰਡਲਾ ਰਹੇ ਖ਼ਤਰੇ ਬਾਰੇ ਲੋਕਾਂ ਨੂੰ ਖ਼ਬਰਦਾਰ ਕਰਨ ਦੀ ਲੋੜ ਵਧਦੀ ਜਾਂਦੀ ਹੈ। ਵਾਵਰੋਲੇ ਦੇ ਹੋਰ ਜ਼ਿਆਦਾ ਨੇੜੇ ਆਉਣ ਤੇ ਹੋਰ ਜ਼ੋਰਦਾਰ ਚੇਤਾਵਨੀਆਂ ਦੇਣੀਆਂ ਚਾਹੀਦੀਆਂ ਹਨ। ਕਿਉਂ? ਕਿਉਂਕਿ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ! ਸ਼ਾਇਦ ਕੁਝ ਲੋਕਾਂ ਨੇ ਪਹਿਲਾਂ ਦਿੱਤੀਆਂ ਚੇਤਾਵਨੀਆਂ ਨੂੰ ਨਾ ਸੁਣਿਆ ਹੋਵੇ। ਦੂਜਿਆਂ ਨੇ ਸ਼ਾਇਦ ਚੇਤਾਵਨੀਆਂ ਸੁਣੀਆਂ ਹੋਣ, ਪਰ ਬਚਣ ਲਈ ਕੋਈ ਕਦਮ ਨਾ ਚੁੱਕਿਆ ਹੋਵੇ। ਇਸੇ ਤਰ੍ਹਾਂ ਸਾਨੂੰ ਵੀ ਪਰਮੇਸ਼ੁਰੀ ਚੇਤਾਵਨੀਆਂ ਦਿੰਦੇ ਰਹਿਣ ਦਾ ਹੁਕਮ ਦਿੱਤਾ ਗਿਆ ਹੈ ਕਿਉਂਕਿ ਪਰਮੇਸ਼ੁਰ ਦੇ ਜਾਇਜ਼ ਗੁੱਸੇ ਦਾ “ਵਾਵਰੋਲਾ” ਇਸ ਦੁਸ਼ਟ ਦੁਨੀਆਂ ਦੇ ਨਾਮੋ-ਨਿਸ਼ਾਨ ਨੂੰ ਮਿਟਾ ਦੇਵੇਗਾ। (ਕਹਾ. 10:25) ਅਰਬਾਂ ਲੋਕਾਂ ਦੀ ਸਦੀਪਕ ਜ਼ਿੰਦਗੀ ਖ਼ਤਰੇ ਵਿਚ ਹੈ! ਇਸ ਲਈ ਚੇਤਾਵਨੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਸਾਨੂੰ “ਸ਼ੁਭ ਕਰਮਾਂ ਵਿੱਚ ਸਰਗਰਮ” ਹੋਣਾ ਚਾਹੀਦਾ ਹੈ।—ਤੀਤੁ. 2:11-14.
2 ਕਈ ਦਹਾਕਿਆਂ ਤੋਂ ਯਹੋਵਾਹ ਦੇ ਲੋਕ ਸਮਾਰਕ ਦੇ ਸਮੇਂ ਜ਼ਿਆਦਾ ਜੋਸ਼ ਨਾਲ ਪ੍ਰਚਾਰ ਕਰਦੇ ਆਏ ਹਨ। ਸਾਲ 1939 ਦੀ ਬਸੰਤ ਵਿਚ, ਇਨਫ਼ਾਰਮੈਂਟ, ਜਿਸ ਨੂੰ ਹੁਣ ਸਾਡੀ ਰਾਜ ਸੇਵਕਾਈ ਕਿਹਾ ਜਾਂਦਾ ਹੈ, ਨੇ ਇਹ ਹੌਸਲਾ-ਅਫ਼ਜ਼ਾਈ ਦਿੱਤੀ: “ਬਸੰਤ ਦਾ ਚੰਗਾ ਮੌਸਮ ਆ ਰਿਹਾ ਹੈ, ਇਸ ਕਰਕੇ ਅਸੀਂ ਆਸ ਰੱਖਦੇ ਹਾਂ ਕਿ ਕਲੀਸਿਯਾ ਦੇ ਪ੍ਰਕਾਸ਼ਕ ਤੇ ਪਾਇਨੀਅਰ ਪ੍ਰਚਾਰ ਵਿਚ ਪਹਿਲਾਂ ਨਾਲੋਂ ਦੁੱਗਣੇ ਘੰਟੇ ਬਿਤਾਉਣਗੇ। ਅਪ੍ਰੈਲ ਵਿਚ ਪੰਜ ਸਿਨੱਚਰਵਾਰ ਤੇ ਪੰਜ ਐਤਵਾਰ ਹਨ। ਅਪ੍ਰੈਲ ਮਹੀਨੇ ਦੇ ਹਰ ਸਿਨੱਚਰਵਾਰ ਅਤੇ ਐਤਵਾਰ . . . ਗਵਾਹੀ ਦੇਣ ਦੇ ਖ਼ਾਸ ਜਤਨ ਕਰੋ।” 60 ਸਾਲ ਪਹਿਲਾਂ ਭਰਾਵਾਂ ਸਾਮ੍ਹਣੇ ਇਹ ਇਕ ਚੁਣੌਤੀ ਭਰਿਆ ਟੀਚਾ ਸੀ! ਸਾਲ 1939 ਦੀ ਤਰ੍ਹਾਂ ਇਸ ਸਾਲ ਵੀ ਅਪ੍ਰੈਲ ਮਹੀਨੇ ਵਿਚ ਪੰਜ ਸਿਨੱਚਰਵਾਰ ਅਤੇ ਪੰਜ ਐਤਵਾਰ ਹਨ। ਇਸ ਮਹੀਨੇ ਤੁਸੀਂ ਕਿਹੜੀਆਂ-ਕਿਹੜੀਆਂ ਯੋਜਨਾਵਾਂ ਬਣਾਈਆਂ ਹਨ? ਤੁਸੀਂ ਆਪਣੇ ਕਲੰਡਰ ਦੇ ਅਪ੍ਰੈਲ ਮਹੀਨੇ ਉੱਤੇ ਕੀ-ਕੀ ਨੋਟ ਕੀਤਾ ਹੈ? ਅਧਿਆਤਮਿਕ ਕੰਮਾਂ ਦੇ ਇਸ ਖ਼ਾਸ ਮਹੀਨੇ ਦੌਰਾਨ ਯਹੋਵਾਹ ਦੇ ਬਾਕੀ ਲੋਕਾਂ ਨਾਲ ਚੰਗੇ ਕੰਮਾਂ ਵਿਚ ਅਹਿਮ ਹਿੱਸਾ ਲੈਣ ਦੀ ਯੋਜਨਾ ਬਣਾਓ।
3 ਅਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ: ਸਾਲ 2000 ਦਾ ਸਭ ਤੋਂ ਅਹਿਮ ਦਿਨ ਇਸੇ ਮਹੀਨੇ ਆਉਂਦਾ ਹੈ। ਇਹ 19 ਅਪ੍ਰੈਲ ਹੈ, ਕਿਉਂਕਿ ਇਸ ਦਿਨ ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਹੈ। ਇਸ ਕਰਕੇ ਆਓ ਅਸੀਂ ਸਮਾਰਕ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬੁਲਾਉਣ ਦਾ ਖ਼ਾਸ ਜਤਨ ਕਰੀਏ। ਜਿਵੇਂ ਪਿਛਲੇ ਮਹੀਨੇ ਸੁਝਾਅ ਦਿੱਤਾ ਗਿਆ ਸੀ, ਸਮਾਰਕ ਵਿਚ ਆਉਣ ਵਾਲੇ ਸਾਰੇ ਸੰਭਾਵੀ ਲੋਕਾਂ ਦੀ ਇਕ ਲਿਸਟ ਬਣਾਓ ਅਤੇ ਚੈੱਕ ਕਰੋ ਕਿ ਕੋਈ ਰਹਿ ਤਾਂ ਨਹੀਂ ਗਿਆ। ਪ੍ਰਚਾਰ ਵਿਚ ਠੰਢੇ ਪੈ ਚੁੱਕੇ ਪ੍ਰਕਾਸ਼ਕਾਂ, ਸਾਰੇ ਬਾਈਬਲ ਵਿਦਿਆਰਥੀਆਂ, ਦਿਲਚਸਪੀ ਦਿਖਾਉਣ ਵਾਲਿਆਂ, ਪਹਿਲਾਂ ਸਟੱਡੀ ਕਰ ਚੁੱਕੇ ਲੋਕਾਂ, ਸਹਿਕਰਮੀਆਂ, ਸਹਿਪਾਠੀਆਂ, ਗੁਆਂਢੀਆਂ, ਰਿਸ਼ਤੇਦਾਰਾਂ ਅਤੇ ਦੂਜੇ ਜਾਣ-ਪਛਾਣ ਵਾਲਿਆਂ ਨੂੰ ਸਮਾਰਕ ਵਿਚ ਬੁਲਾਉਣਾ ਚਾਹੀਦਾ ਹੈ। ਜਿਨ੍ਹਾਂ ਕੋਲ ਆਪਣੀ ਕਾਰ ਜਾਂ ਸਕੂਟਰ ਹੈ, ਉਹ ਪ੍ਰੇਮਪੂਰਵਕ ਤਰੀਕੇ ਨਾਲ ਲੋੜਵੰਦ ਲੋਕਾਂ ਨੂੰ ਆਪਣੇ ਨਾਲ ਸਮਾਰਕ ਵਿਚ ਲਿਆ ਸਕਦੇ ਹਨ। ਸਮਾਰਕ ਦੀ ਸ਼ਾਮ ਸਾਡੇ ਸਾਰਿਆਂ ਕੋਲ ਮਹਿਮਾਨਾਂ ਦਾ ਸੁਆਗਤ ਕਰਨ ਦਾ ਵਿਸ਼ੇਸ਼-ਸਨਮਾਨ ਹੋਵੇਗਾ। ਸਮਾਰਕ ਤੋਂ ਬਾਅਦ, ਅਸੀਂ ਦਿਲਚਸਪੀ ਰੱਖਣ ਵਾਲਿਆਂ ਕੋਲ ਵਾਪਸ ਜਾ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਅਧਿਆਤਮਿਕ ਮਦਦ ਦੇ ਸਕਦੇ ਹਾਂ।
4 ਸਮਾਰਕ ਤੋਂ ਪਹਿਲਾਂ ਅਤੇ ਬਾਅਦ ਦੇ ਦਿਨਾਂ ਵਿਚ “ਸ਼ੁਭ ਕਰਮਾਂ ਵਿੱਚ ਸਰਗਰਮ” ਰਹਿਣ ਦੁਆਰਾ ਇਹ ਦਿਖਾਉਣ ਦਾ ਵਧੀਆ ਤਰੀਕਾ ਹੈ ਕਿ ਜੋ ਕੁਝ ਯਹੋਵਾਹ ਨੇ ਸਾਡੇ ਲਈ ਕੀਤਾ ਹੈ, ਅਸੀਂ ਉਸ ਦੀ ਸੱਚ-ਮੁੱਚ ਕਦਰ ਕਰਦੇ ਹਾਂ। ਦਿਨ ਲੰਮੇ ਹੋਣ ਕਰਕੇ ਬਹੁਤ ਸਾਰੇ ਭੈਣ-ਭਰਾ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕਦੇ ਹਨ। ਜੇ ਤੁਸੀਂ ਸਹਾਇਕ ਪਾਇਨੀਅਰ ਹੋ, ਤਾਂ ਤੁਸੀਂ ਪ੍ਰਚਾਰ ਵਿਚ 50 ਘੰਟੇ ਜਾਂ ਇਸ ਤੋਂ ਜ਼ਿਆਦਾ ਘੰਟੇ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੋਗੇ। (ਮੱਤੀ 5:37) ਮਹੀਨੇ ਦੀ ਸ਼ੁਰੂਆਤ ਵਿਚ ਤੁਸੀਂ ਜੋ ਸਮਾਂ-ਸਾਰਣੀ ਬਣਾਈ ਸੀ, ਉਸ ਦੇ ਮੁਤਾਬਕ ਕੰਮ ਕਰਦੇ ਰਹੋ। (ਉਪ. 3:1; 1 ਕੁਰਿੰ. 14:40) ਆਓ ਅਸੀਂ ਬਾਕੀ ਦੇ ਸਾਰੇ ਭੈਣ-ਭਰਾ, ਪਾਇਨੀਅਰਾਂ ਦੀ ਹੌਸਲਾ-ਅਫ਼ਜ਼ਾਈ ਕਰ ਕੇ ਅਤੇ ਪ੍ਰਚਾਰ ਵਿਚ ਉਨ੍ਹਾਂ ਨਾਲ ਕੰਮ ਕਰ ਕੇ ਉਨ੍ਹਾਂ ਨੂੰ ਆਪਣੀ ਪੂਰੀ-ਪੂਰੀ ਮਦਦ ਦੇਈਏ। (2 ਰਾਜਿ. 10:15, 16 ਦੀ ਤੁਲਨਾ ਕਰੋ।) ਜੇ ਅਸੀਂ ਅਪ੍ਰੈਲ ਵਿਚ ਬੜੇ ਜੋਸ਼ ਨਾਲ ਬੀ ਬੀਜਦੇ ਹਾਂ, ਤਾਂ ਅਸੀਂ ਆਸ ਰੱਖ ਸਕਦੇ ਹਾਂ ਕਿ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲੇਗੀ ਅਤੇ ਯਹੋਵਾਹ ਤੋਂ ਬਰਕਤਾਂ ਮਿਲਣਗੀਆਂ। (ਮਲਾ. 3:10) ਸ਼ਾਇਦ ਇਸ ਤਰ੍ਹਾਂ ਕਰਨ ਨਾਲ ਬਾਅਦ ਵਿਚ ਅਸੀਂ ਸਹਾਇਕ ਪਾਇਨੀਅਰੀ ਜਾਂ ਨਿਯਮਿਤ ਪਾਇਨੀਅਰੀ ਸ਼ੁਰੂ ਕਰ ਸਕਦੇ ਹਾਂ। ਅਪ੍ਰੈਲ ਮਹੀਨੇ ਵਿਚ ਅਸੀਂ ਜਿਹੜੇ ਅਧਿਆਤਮਿਕ ਕੰਮ ਤੇਜ਼ੀ ਨਾਲ ਸ਼ੁਰੂ ਕੀਤੇ ਹਨ, ਆਓ ਆਪਾਂ ਉਨ੍ਹਾਂ ਨੂੰ ਅਗਲੇ ਮਹੀਨਿਆਂ ਵਿਚ ਵੀ ਜਾਰੀ ਰੱਖੀਏ ਤੇ ਬਾਕਾਇਦਾ ਰਾਜ ਪ੍ਰਕਾਸ਼ਕ ਬਣੇ ਰਹੀਏ।
5 ਯਹੋਵਾਹ ਦੇ ਹਜ਼ਾਰਾਂ ਹੀ ਗਵਾਹ ਇਸ ਮਹੀਨੇ ਹੋਰ ਜ਼ਿਆਦਾ ਬਾਈਬਲ ਸਟੱਡੀਆਂ ਸ਼ੁਰੂ ਕਰਾਉਣਗੇ। ਪਰ ਕੀ ਤੁਸੀਂ ਇਕ ਸਟੱਡੀ ਸ਼ੁਰੂ ਕਰਾਉਣੀ ਚਾਹੋਗੇ? ਘੱਟੋ-ਘੱਟ ਇਕ ਸਟੱਡੀ ਹਾਸਲ ਕਰਨ ਲਈ ਪ੍ਰਾਰਥਨਾ ਕਰੋ ਅਤੇ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਵੀ ਕਰੋ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਨੇਕਦਿਲ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸਿਖਾਉਣ ਲਈ ਤੁਹਾਡੀਆਂ ਨਿਮਰ ਪ੍ਰਾਰਥਨਾਵਾਂ ਨੂੰ ਯਹੋਵਾਹ ਜ਼ਰੂਰ ਸੁਣੇਗਾ।—1 ਯੂਹੰ. 3:22.
6 ਇੱਥੇ ਪ੍ਰਚਾਰ ਵਿਚ ਅਜ਼ਮਾਈ ਗਈ ਇਕ ਪੇਸ਼ਕਾਰੀ ਦਿੱਤੀ ਗਈ ਹੈ ਜੋ ਗੱਲ-ਬਾਤ ਸ਼ੁਰੂ ਕਰਨ ਵਿਚ ਬਹੁਤ ਵਧੀਆ ਸਾਬਤ ਹੋਈ ਹੈ। ਗੱਲ ਸ਼ੁਰੂ ਕਰਨ ਲਈ ਪੁੱਛੋ: “ਕੀ ਤੁਸੀਂ ਸੋਚਦੇ ਹੋ ਕਿ ਅੱਜ-ਕੱਲ੍ਹ ਕੁਝ ਨੌਜਵਾਨ ਜੋ ਹਿੰਸਾ ਕਰਦੇ ਹਨ, ਉਹ ਇਹ ਦੁਸ਼ਟ ਆਤਮਾਵਾਂ ਦੇ ਅਸਰ ਹੇਠ ਆ ਕੇ ਕਰਦੇ ਹਨ ਜਾਂ ਇਹ ਮਾਪਿਆਂ ਵੱਲੋਂ ਦਿੱਤੀ ਸਿਖਲਾਈ ਦੀ ਘਾਟ ਕਰ ਕੇ ਹੈ?” ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਕਹਿੰਦਾ ਹੈ ਕਿ ਇਹ “ਦੁਸ਼ਟ ਆਤਮਾਵਾਂ” ਦੇ ਕਾਰਨ ਹੈ, ਤਾਂ ਪਰਕਾਸ਼ ਦੀ ਪੋਥੀ 12:9, 12 ਪੜ੍ਹੋ ਅਤੇ ਦੱਸੋ ਕਿ ਦੁਨੀਆਂ ਵਿਚ ਹੋ ਰਹੀ ਗੜਬੜੀ ਵਿਚ ਸ਼ਤਾਨ ਦਾ ਹੱਥ ਹੈ। ਫਿਰ ਮੰਗ ਬਰੋਸ਼ਰ ਦਾ ਪਾਠ 4 ਖੋਲ੍ਹੋ ਅਤੇ ਉਸ ਨੂੰ ਪੁੱਛੋ ਕਿ ਕੀ ਉਸ ਨੇ ਕਦੇ ਸੋਚਿਆ ਹੈ ਕਿ ਸ਼ਤਾਨ ਕਿੱਥੋਂ ਆਇਆ ਹੈ। ਪਹਿਲੇ ਦੋ ਪੈਰੇ ਪੜ੍ਹੋ ਅਤੇ ਇਨ੍ਹਾਂ ਤੇ ਚਰਚਾ ਕਰੋ। ਜੇ ਵਿਅਕਤੀ ਕਹਿੰਦਾ ਹੈ ਕਿ ਸਕੂਲਾਂ ਵਿਚ ਹੁੰਦੀ ਹਿੰਸਾ “ਮਾਪਿਆਂ ਵੱਲੋਂ ਦਿੱਤੀ ਸਿਖਲਾਈ ਦੀ ਘਾਟ” ਦਾ ਨਤੀਜਾ ਹੈ, ਤਾਂ 2 ਤਿਮੋਥਿਉਸ 3:1-3 ਪੜ੍ਹੋ ਅਤੇ ਉਨ੍ਹਾਂ ਔਗੁਣਾਂ ਬਾਰੇ ਦੱਸੋ ਜਿਨ੍ਹਾਂ ਕਰਕੇ ਇਹ ਸਮੱਸਿਆ ਵੱਧਦੀ ਜਾ ਰਹੀ ਹੈ। ਫਿਰ ਮੰਗ ਬਰੋਸ਼ਰ ਦਾ ਪਾਠ 8 ਖੋਲ੍ਹੋ, ਪੈਰਾ 5 ਪੜ੍ਹੋ ਅਤੇ ਗੱਲ-ਬਾਤ ਜਾਰੀ ਰੱਖੋ। ਜੇ ਤੁਸੀਂ ਦੁਬਾਰਾ ਵਾਪਸ ਜਾਓਗੇ, ਤਾਂ ਤੁਹਾਨੂੰ ਉਸ ਵਿਅਕਤੀ ਨਾਲ ਬਾਈਬਲ ਸਟੱਡੀ ਕਰਨ ਦਾ ਮੌਕਾ ਮਿਲ ਸਕਦਾ ਹੈ। ਅਗਲੀ ਕਿਸੇ ਮੁਲਾਕਾਤ ਦੌਰਾਨ ਉਸ ਨੂੰ ਪੁੱਛੋ ਕਿ ਜੋ ਗੱਲਾਂ ਉਹ ਸਿੱਖ ਰਿਹਾ ਹੈ, ਕੀ ਕੋਈ ਹੋਰ ਵਿਅਕਤੀ ਵੀ ਇਨ੍ਹਾਂ ਗੱਲਾਂ ਨੂੰ ਸਿੱਖਣ ਵਿਚ ਦਿਲਚਸਪੀ ਰੱਖਦਾ ਹੈ।
7 ਅਪ੍ਰੈਲ ਦੌਰਾਨ “ਸ਼ੁਭ ਕਰਮਾਂ ਵਿੱਚ ਸਰਗਰਮ” ਹੋਣ ਦਾ ਇਕ ਹੋਰ ਤਰੀਕਾ ਹੈ ਪ੍ਰਚਾਰ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਕੰਮ ਕਰਨਾ। ਕੀ ਤੁਸੀਂ ਕਿਸੇ ਪਾਰਕ ਜਾਂ ਪਾਰਕਿੰਗ ਥਾਂ ਤੇ ਗਵਾਹੀ ਦੇਣ ਬਾਰੇ ਸੋਚਿਆ ਹੈ? ਕਿਸੇ ਬਸ ਸਟਾਪ ਜਾਂ ਰੇਲਵੇ ਸਟੇਸ਼ਨ ਤੇ? ਜਾਂ ਕੀ ਤੁਸੀਂ ਟੈਲੀਫ਼ੋਨ ਰਾਹੀਂ, ਸੜਕਾਂ ਉੱਤੇ ਜਾਂ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣੀ ਚਾਹੋਗੇ? ਕਿਉਂ ਨਾ ਫਿਰ ਇਸ ਮਹੀਨੇ ਇਨ੍ਹਾਂ ਗੱਲਾਂ ਨੂੰ ਅਮਲ ਵਿਚ ਲਿਆਈਏ? ਯਹੋਵਾਹ ਤੁਹਾਨੂੰ ਦਲੇਰੀ ਨਾਲ ਬੋਲਣ ਲਈ ਲੋੜੀਂਦੀ ਮਦਦ ਦੇਵੇਗਾ। (ਰਸੂ. 4:31; 1 ਥੱਸ. 2:2ਅ) ਸ਼ਾਇਦ ਤੁਸੀਂ ਅਜਿਹੇ ਪਾਇਨੀਅਰ ਜਾਂ ਪ੍ਰਕਾਸ਼ਕ ਨਾਲ ਕੰਮ ਕਰ ਸਕਦੇ ਹੋ ਜੋ ਪ੍ਰਚਾਰ ਕਰਨ ਦੇ ਇਨ੍ਹਾਂ ਤਰੀਕਿਆਂ ਵਿਚ ਮਾਹਰ ਹੈ।
8 ਜੋ ਭੈਣ-ਭਰਾ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਦੀ ਇੱਛਾ ਰੱਖਦੇ ਹਨ, ਉਹ ਗ਼ੈਰ-ਰਸਮੀ ਗਵਾਹੀ ਦੇਣ ਵਿਚ ਵੀ ਹਿੱਸਾ ਲੈਣਾ ਚਾਹੁਣਗੇ। ਪਰ ਗ਼ੈਰ-ਰਸਮੀ ਗਵਾਹੀ ਦੌਰਾਨ ਅਕਸਰ ਵਿਅਕਤੀ ਨਾਲ ਦੋਸਤਾਨਾ ਤਰੀਕੇ ਨਾਲ ਗੱਲ-ਬਾਤ ਕਰਨੀ ਚਾਹੀਦੀ ਹੈ। ਸਾਂਝੀ ਦਿਲਚਸਪੀ ਦੇ ਵਿਸ਼ੇ ਤੇ ਗੱਲ-ਬਾਤ ਕਰੋ, ਸ਼ਾਇਦ ਪੈਰਾ 6 ਵਿਚ ਦਿੱਤੀ ਪੇਸ਼ਕਾਰੀ ਨੂੰ ਇਸਤੇਮਾਲ ਕਰਕੇ ਗੱਲ-ਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਥੋੜ੍ਹੇ ਤੋਂ ਥੋੜ੍ਹੇ ਸਮੇਂ ਦੀ ਵੀ ਚੰਗੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਸਮਾਂ ਖੁੰਝ ਜਾਵੇਗਾ। ਕਿਉਂ ਨਾ ਪੰਜ, ਦਸ, ਪੰਦਰਾਂ ਮਿੰਟਾਂ ਦਾ ਵੀ ਫ਼ਾਇਦਾ ਉਠਾਉਂਦੇ ਹੋਏ ਗ਼ੈਰ-ਰਸਮੀ ਗਵਾਹੀ ਦੇਈਏ?
9 ਸਿੱਖੀਆਂ ਗੱਲਾਂ ਨੂੰ ਯਾਦ ਕਰਨ ਦਾ ਸਮਾਂ: ਉਨ੍ਹਾਂ ਅਸਰਦਾਰ ਨੁਕਤਿਆਂ ਬਾਰੇ ਸੋਚੋ ਜਿਨ੍ਹਾਂ ਨੂੰ ਸਾਲ 1999-2000 ਦੇ “ਪਰਮੇਸ਼ੁਰ ਦਾ ਅਗੰਮ-ਵਾਕ” ਜ਼ਿਲ੍ਹਾ ਸੰਮੇਲਨ ਦੇ ਡਰਾਮੇ ਵਿਚ ਦੱਸਿਆ ਗਿਆ ਸੀ। ਆਪਣੀ ਰੂਹਾਨੀ ਵਿਰਾਸਤ ਦੀ ਕਦਰ ਕਰੋ ਨਾਮਕ ਡਰਾਮੇ ਨੇ ਸਾਨੂੰ ਯਾਕੂਬ ਅਤੇ ਏਸਾਓ ਵਿਚਲੇ ਫ਼ਰਕ ਨੂੰ ਧਿਆਨ ਨਾਲ ਸੋਚਣ ਲਈ ਮਜਬੂਰ ਕੀਤਾ। ਏਸਾਓ ਨੇ ਕਿਹਾ ਕਿ ਉਸ ਨੂੰ ਵੀ ਯਾਕੂਬ ਵਾਂਗ ਰੂਹਾਨੀ ਗੱਲਾਂ ਵਿਚ ਦਿਲਚਸਪੀ ਸੀ, ਪਰ ਏਸਾਓ ਦੇ ਕੰਮ ਇਸ ਗੱਲ ਨੂੰ ਨਹੀਂ ਦਿਖਾਉਂਦੇ ਸਨ। (ਉਤ. 25:29-34) ਸਾਡੇ ਲਈ ਕਿੰਨੀ ਹੀ ਜ਼ੋਰਦਾਰ ਚੇਤਾਵਨੀ! ਯਾਕੂਬ ਵਾਂਗ ਆਓ ਅਸੀਂ ਵੀ ਯਹੋਵਾਹ ਕੋਲੋਂ ਬਰਕਤਾਂ ਲੈਣ ਲਈ ਸਖ਼ਤ ਮਿਹਨਤ ਜਾਂ ਜੱਦੋ-ਜਹਿਦ ਕਰਨ ਲਈ ਤਿਆਰ ਰਹੀਏ। (ਉਤ. 32:24-29) ਕਿਉਂ ਨਾ ਅਪ੍ਰੈਲ ਅਤੇ ਬਾਅਦ ਦੇ ਸਾਰੇ ਮਹੀਨਿਆਂ ਦੌਰਾਨ ਆਪਣੇ ਜੋਸ਼ ਨੂੰ ਹੋਰ ਜ਼ਿਆਦਾ ਵਧਾਈਏ ਅਤੇ ਆਪਣੀ ਇਸ ਬੇਮਿਸਾਲ ਰੂਹਾਨੀ ਵਿਰਾਸਤ ਨੂੰ ਐਂਵੇ ਹੀ ਨਾ ਸਮਝੀਏ?
10 “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ!” (ਸਫ਼. 1:14) ਇਸ ਲਈ, ਰਾਜ ਦੀ ਖ਼ੁਸ਼ ਖ਼ਬਰੀ ਜ਼ਰੂਰ ਸੁਣਾਈ ਜਾਣੀ ਚਾਹੀਦੀ ਹੈ। ਕਿਉਂਕਿ ਜ਼ਿੰਦਗੀਆਂ ਖ਼ਤਰੇ ਵਿਚ ਹਨ! ਜਦੋਂ ਅਸੀਂ ਸਾਰੇ “ਸ਼ੁਭ ਕਰਮਾਂ ਵਿੱਚ ਸਰਗਰਮ” ਹੋ ਕੇ ਇਕੱਠੇ ਕੰਮ ਕਰਾਂਗੇ, ਤਾਂ ਇਹ ਮਹੀਨਾ ਯਹੋਵਾਹ ਦੇ ਸਾਰੇ ਲੋਕਾਂ ਲਈ ਚੰਗਾ ਸਾਬਤ ਹੋਵੇ।
[ਸਫ਼ੇ 4 ਉੱਤੇ ਡੱਬੀ]
ਸਮਾਰਕ ਦੌਰਾਨ ਯਾਦ ਰੱਖਣ ਵਾਲੀਆਂ ਕੁਝ ਗੱਲਾਂ
ਇਸ ਸਾਲ ਸਮਾਰਕ ਸਮਾਰੋਹ ਬੁੱਧਵਾਰ, 19 ਅਪ੍ਰੈਲ ਨੂੰ ਮਨਾਇਆ ਜਾਵੇਗਾ। ਬਜ਼ੁਰਗਾਂ ਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:
◼ ਸਭਾ ਦਾ ਸਮਾਂ ਤੈ ਕਰਨ ਵੇਲੇ ਧਿਆਨ ਰੱਖੋ ਕਿ ਹਾਜ਼ਰੀਨ ਵਿਚ ਪ੍ਰਤੀਕਾਂ ਦਾ ਦਿੱਤਾ ਜਾਣਾ ਸੂਰਜ ਡੁੱਬਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ।
◼ ਭਾਸ਼ਣਕਾਰ ਨੂੰ ਅਤੇ ਬਾਕੀ ਸਾਰਿਆਂ ਨੂੰ ਸਮਾਰੋਹ ਦੇ ਠੀਕ ਸਮੇਂ ਅਤੇ ਥਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।
◼ ਰੋਟੀ ਅਤੇ ਦਾਖ-ਰਸ ਨੂੰ ਤਿਆਰ ਰੱਖਿਆ ਜਾਣਾ ਚਾਹੀਦਾ ਹੈ।—ਪਹਿਰਾਬੁਰਜ (ਅੰਗ੍ਰੇਜ਼ੀ) 15 ਫਰਵਰੀ 1985 ਦਾ ਸਫ਼ਾ 19 ਵੇਖੋ।
◼ ਪਲੇਟਾਂ, ਗਲਾਸ, ਮੇਜ਼ ਤੇ ਮੇਜ਼ਪੋਸ਼ ਪਹਿਲਾਂ ਹੀ ਹਾਲ ਵਿਚ ਲਿਆ ਕੇ ਸਹੀ ਥਾਂ ਤੇ ਰੱਖ ਦਿੱਤੇ ਜਾਣੇ ਚਾਹੀਦੇ ਹਨ।
◼ ਕਿੰਗਡਮ ਹਾਲ ਜਾਂ ਸਭਾ ਦੀ ਕਿਸੇ ਹੋਰ ਥਾਂ ਦੀ ਸਮੇਂ ਤੋਂ ਪਹਿਲਾਂ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
◼ ਸੇਵਾਦਾਰਾਂ ਅਤੇ ਵਰਤਾਉਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਚੁਣ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਬਾਰੇ ਅਤੇ ਕੰਮਾਂ ਦੇ ਸਹੀ ਤਰੀਕੇ ਬਾਰੇ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
◼ ਜਿਹੜੇ ਮਸਹ ਕੀਤੇ ਹੋਏ ਵਿਅਕਤੀ ਕਮਜ਼ੋਰ ਹਨ ਅਤੇ ਸਮਾਰਕ ਵਿਚ ਹਾਜ਼ਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਰੋਟੀ ਤੇ ਦਾਖ-ਰਸ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।
◼ ਜਦੋਂ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਿਚ ਸਮਾਰਕ ਸਮਾਰੋਹ ਮਨਾਉਣ ਦੀਆਂ ਯੋਜਨਾਵਾਂ ਬਣਾਉਂਦੀਆਂ ਹਨ, ਤਾਂ ਕਲੀਸਿਯਾਵਾਂ ਦਰਮਿਆਨ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ, ਤਾਂਕਿ ਮੁੱਖ ਦਰਵਾਜ਼ੇ, ਸੜਕ ਅਤੇ ਪਾਰਕਿੰਗ ਥਾਂਵਾਂ ਵਿਚ ਬੇਲੋੜੀ ਭੀੜ ਨਾ ਹੋਵੇ।