ਸ਼ੁਭ ਕਰਮਾਂ ਰਾਹੀਂ ਯਹੋਵਾਹ ਦੀ ਵਡਿਆਈ ਕਰੋ
1 ਜਦੋਂ ਤੁਸੀਂ ਇਕ ਜ਼ਬਰਦਸਤ ਤੂਫ਼ਾਨ ਦੀ ਲਪੇਟ ਵਿਚ ਆ ਜਾਂਦੇ ਹੋ, ਤਾਂ ਕਿਸੇ ਘਰ ਵਿਚ ਪਨਾਹ ਲੈਣ ਨਾਲ ਤੁਹਾਨੂੰ ਕਿੰਨੀ ਰਾਹਤ ਮਿਲਦੀ ਹੈ! ਜੇ ਘਰ ਨਿੱਘਾ ਤੇ ਸੁਰੱਖਿਅਤ ਹੈ ਤੇ ਜੇ ਉੱਥੋਂ ਦੇ ਲੋਕ ਪਰਾਹੁਣਾਚਾਰੀ ਦਿਖਾਉਂਦੇ ਹਨ, ਤਾਂ ਤੁਸੀਂ ਉੱਥੇ ਖ਼ੁਸ਼ੀ-ਖ਼ੁਸ਼ੀ ਰਹਿੰਦੇ ਹੋ। ਰਾਜ ਪ੍ਰਚਾਰ ਦਾ ਕੰਮ ਲੋਕਾਂ ਨੂੰ ਸ਼ਤਾਨ ਦੀ ਦੁਨੀਆਂ ਤੋਂ ਬਚਣ ਲਈ ਅਜਿਹੀ ਹੀ ਸੁਰੱਖਿਅਤ ਪਨਾਹ ਦਾ ਰਾਹ ਦਿਖਾਉਂਦਾ ਹੈ। ਕੀ ਸਾਡਾ ਚਾਲ-ਚਲਣ ਲੋਕਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦਾ ਹੈ ਕਿ ਇਹ ਸੁਰੱਖਿਅਤ ਪਨਾਹ ਕਿੰਨੀ ਫ਼ਾਇਦੇਮੰਦ ਹੈ? ਬਿਲਕੁਲ, ਕਿਉਂਕਿ ਯਿਸੂ ਨੇ ਕਿਹਾ ਸੀ ਕਿ ਲੋਕ ‘ਸਾਡੇ ਸ਼ੁਭ ਕਰਮ ਵੇਖ ਕੇ ਸਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨਗੇ।’—ਮੱਤੀ 5:16.
2 ਅਸੀਂ ਆਪਣਾ ਚਾਲ-ਚਲਣ ਕਿਹੋ ਜਿਹਾ ਰੱਖੀਏ ਕਿ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਯਹੋਵਾਹ ਤੇ ਉਸ ਦੇ ਸੰਗਠਨ ਵੱਲ ਖਿੱਚੇ ਚਲੇ ਆਉਣ? ਲੂਕਾ 6:31 ਅਤੇ 10:27 ਵਿਚ ਕਹੇ ਯਿਸੂ ਦੇ ਲਫ਼ਜ਼ਾਂ ਮੁਤਾਬਕ ਰੋਜ਼ਾਨਾ ਆਪਣੀ ਜ਼ਿੰਦਗੀ ਨੂੰ ਢਾਲ਼ਣ ਦੁਆਰਾ ਅਸੀਂ ਇੰਜ ਕਰ ਸਕਦੇ ਹਾਂ। ਇਹ ਸਾਨੂੰ ਆਪਣੇ ਸੰਗੀ ਮਨੁੱਖਾਂ ਪ੍ਰਤੀ ਪ੍ਰੇਮਮਈ ਪਰਵਾਹ ਦਿਖਾਉਣ ਲਈ ਪ੍ਰੇਰਿਤ ਕਰੇਗਾ ਜਿਸ ਤੋਂ ਇਹ ਪਤਾ ਲੱਗੇਗਾ ਕਿ ਅਸੀਂ ਇਸ ਬੇਰਹਿਮ ਤੇ ਬੇਪਰਵਾਹ ਦੁਨੀਆਂ ਤੋਂ ਬਿਲਕੁਲ ਵੱਖਰੇ ਹਾਂ।
3 ਸਮੁੰਦਰੀ ਬੇੜੀ ਵਿਚ ਸਫ਼ਰ ਕਰਦੇ ਹੋਏ ਇਕ ਭੈਣ ਨੇ ਦੇਖਿਆ ਕਿ ਇਕ ਤੀਵੀਂ ਦੀ ਸਿਹਤ ਐਨੀ ਖ਼ਰਾਬ ਸੀ ਕਿ ਉਹ ਆਪਣੇ ਬੱਚੇ ਦੀ ਦੇਖ-ਭਾਲ ਨਹੀਂ ਕਰ ਪਾ ਰਹੀ ਸੀ। ਭੈਣ ਨੇ ਬੱਚੇ ਦੀ ਦੇਖ-ਭਾਲ ਕਰਨ ਵਿਚ ਪਹਿਲ ਕੀਤੀ। ਜਦੋਂ ਤੀਵੀਂ ਨੇ ਕਿਹਾ ਕਿ ਉਹ ਉਸ ਦਾ ਕਿਵੇਂ ਸ਼ੁਕਰੀਆ ਅਦਾ ਕਰੇ, ਤਾਂ ਭੈਣ ਨੇ ਕਿਹਾ: ‘ਜਦੋਂ ਵੀ ਤੁਹਾਡੇ ਘਰ ਯਹੋਵਾਹ ਦੇ ਗਵਾਹ ਆਉਣ ਕਿਰਪਾ ਕਰ ਕੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ।’ ਤੀਵੀਂ ਨੇ ਇੰਜ ਹੀ ਕੀਤਾ ਤੇ ਹੁਣ ਉਹ ਤੇ ਉਸ ਦਾ ਪਤੀ ਦੋਵੇਂ ਗਵਾਹ ਹਨ। ਇਸ ਭੈਣ ਦੇ ਸ਼ੁਭ ਕਰਮਾਂ ਕਰਕੇ ਹੀ ਇਸ ਜੋੜੇ ਨੇ ਸੱਚਾਈ ਸਵੀਕਾਰ ਕੀਤੀ।
4 ਜ਼ਿੰਦਗੀ ਦੇ ਹਰ ਪਹਿਲੂ ਵਿਚ ਸ਼ੁਭ ਕਰਮ: ਆਂਢ-ਗੁਆਂਢ ਵਿਚ, ਕੰਮ-ਕਾਰ ਵਾਲੀ ਥਾਂ ਜਾਂ ਸਕੂਲ ਵਿਚ ਅਤੇ ਦਿਲ-ਪਰਚਾਵੇ ਵੇਲੇ ਸਾਡੇ ਚਾਲ-ਚਲਣ ਨੂੰ ਦੇਖ ਕੇ ਹੀ ਲੋਕ ਸਾਡੇ ਤੇ ਸਾਡੇ ਧਰਮ ਬਾਰੇ ਆਪਣੀ ਰਾਇ ਬਣਾਉਂਦੇ ਹਨ। ਇਸ ਲਈ ਸਾਨੂੰ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ: ‘ਲੋਕ ਮੇਰੇ ਤੇ ਮੇਰੇ ਪਰਿਵਾਰ ਬਾਰੇ ਕੀ ਸੋਚਦੇ ਹਨ? ਕੀ ਸਾਡੇ ਗੁਆਂਢੀਆਂ ਨੂੰ ਸਾਡਾ ਘਰ ਤੇ ਵਿਹੜਾ ਸਾਫ਼-ਸੁਥਰਾ ਲੱਗਦਾ ਹੈ? ਕੀ ਮੇਰੇ ਸਹਿਕਰਮੀ ਅਤੇ ਸਹਿਪਾਠੀ ਮੈਨੂੰ ਸਮੇਂ ਦਾ ਪਾਬੰਦ ਤੇ ਮਿਹਨਤੀ ਸਮਝਦੇ ਹਨ? ਕੀ ਦੂਜਿਆਂ ਨੂੰ ਸਾਡਾ ਪਹਿਰਾਵਾ ਸਲੀਕੇਦਾਰ ਤੇ ਆਦਰਮਈ ਲੱਗਦਾ ਹੈ?’ ਸਾਡੇ ਸ਼ੁਭ ਕਰਮਾਂ ਦੇ ਸਦਕਾ ਦੂਜੇ ਲੋਕ ਯਹੋਵਾਹ ਦੀ ਭਗਤੀ ਵੱਲ ਹੋਰ ਵੀ ਖਿੱਚੇ ਜਾ ਸਕਦੇ ਹਨ।
5 ਪਤਰਸ ਨੇ ਚੇਤਾਵਨੀ ਦਿੱਤੀ ਸੀ ਕਿ ਮਸੀਹੀਆਂ ਦੀ ਨਿੰਦਿਆ ਕੀਤੀ ਜਾਵੇਗੀ। (1 ਪਤ. 4:4) ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਚਾਲ-ਚਲਣ ਕਰਕੇ ਕੋਈ ਸਾਡੀ ਨਿੰਦਿਆ ਨਾ ਕਰੇ। (1 ਪਤ. 2:12) ਜੇ ਸਾਡੇ ਰੋਜ਼ਾਨਾ ਦੇ ਕੰਮ ਸਾਡੇ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ, ਤਾਂ ਫਿਰ ਅਸੀਂ ਉੱਚੀ ਥਾਂ ਤੇ ਰੱਖੇ ਉਨ੍ਹਾਂ ਦੀਵਿਆਂ ਵਾਂਗ ਹੋਵਾਂਗੇ ਜੋ ਲੋਕਾਂ ਨੂੰ ਯਹੋਵਾਹ ਵੱਲੋਂ ਦਿੱਤੀ ਸੁਰੱਖਿਅਤ ਪਨਾਹ ਵਿਚ ਆਸਰਾ ਲੈਣ ਲਈ ਆਕਰਸ਼ਿਤ ਕਰਦੇ ਹਨ।—ਮੱਤੀ 5:14-16.