ਯਹੋਵਾਹ ਦਾ ਨਾਂ ਅਤੇ ਉਸ ਦੇ ਕਾਰਜ ਪ੍ਰਗਟ ਕਰੋ
1 “ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ . . . ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ।” (ਜ਼ਬੂ. 105:1, 3) ਇਨ੍ਹਾਂ ਲਫ਼ਜ਼ਾਂ ਨੂੰ ਲਿਖਣ ਵਾਲੇ ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਤੇ ਉਸ ਦੇ “ਕਾਰਜਾਂ” ਬਾਰੇ ਲੋਕਾਂ ਨੂੰ ਦੱਸ ਕੇ ਬੇਹੱਦ ਖ਼ੁਸ਼ੀ ਹਾਸਲ ਕੀਤੀ। ਪਰ ਕਿਹੜੇ ਕਾਰਜ? ਜੋ ਪਰਮੇਸ਼ੁਰ ਦੀ ਸ਼ਾਨਦਾਰ ਬਾਦਸ਼ਾਹਤ ਅਤੇ “ਮੁਕਤੀ” ਦੀ ਖ਼ੁਸ਼ ਖ਼ਬਰੀ ਨਾਲ ਜੁੜੇ ਹੋਏ ਹਨ।—ਜ਼ਬੂ. 96:2, 3; 145:11, 12.
2 ਸਾਲ 2001 ਦਾ ਸਮਾਰਕ ਸਮਾਰੋਹ ਨੇੜੇ ਆ ਪੁੱਜਿਆ ਹੈ, ਇਸ ਲਈ ਯਹੋਵਾਹ ਨੇ ਸਾਡੇ ਲਈ ਜੋ ਕਾਰਜ ਕੀਤੇ ਹਨ ਉਨ੍ਹਾਂ ਕਰਕੇ ਖ਼ੁਸ਼ ਹੋਣ ਦੇ ਸਾਡੇ ਕੋਲ ਕਈ ਕਾਰਨ ਹਨ। ਕਿਵੇਂ? ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰੇ ਸੱਚੇ ਮਸੀਹੀਆਂ ਲਈ ਸਾਲ ਦਾ ਸਭ ਤੋਂ ਵੱਡਾ ਸਮਾਰੋਹ ਹੈ—ਪ੍ਰਭੂ ਦਾ ਸੰਧਿਆ ਭੋਜ। ਕਿਉਂਕਿ ਐਨੀ ਅਹਿਮੀਅਤ ਤੇ ਮਕਸਦ ਦੇ ਹਿਸਾਬ ਨਾਲ ਇਸ ਤੋਂ ਵੱਡਾ ਹੋਰ ਕੋਈ ਸਮਾਰੋਹ ਹੈ ਹੀ ਨਹੀਂ। ਇਸ ਸਮੇਂ ਸਾਨੂੰ ਸਾਰਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਸਾਡੀ ਮੁਕਤੀ ਲਈ ਯਹੋਵਾਹ ਤੇ ਯਿਸੂ ਨੇ ਕੀ-ਕੀ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਮਾਰਕ ਸਮਾਰੋਹ ਦੇ ਮਹੀਨੇ ਅਸੀਂ “ਮੁਕਤੀ” ਦੀ ਖ਼ੁਸ਼ ਖ਼ਬਰੀ ਦਾ ਬੜੇ ਜੋਸ਼ ਨਾਲ ਪ੍ਰਚਾਰ ਕਰਾਂਗੇ!
3 ਕੀ ਤੁਸੀਂ ਸਹਾਇਕ ਪਾਇਨੀਅਰੀ ਕਰੋਗੇ? ਪਿਛਲੇ ਸਾਲ ਅਪ੍ਰੈਲ ਵਿਚ 3,287 ਭੈਣ-ਭਰਾਵਾਂ ਨੇ ਸਹਾਇਕ ਪਾਇਨੀਅਰੀ ਕੀਤੀ। ਕੀ ਇਸ ਸਾਲ ਵੀ ਅਸੀਂ ਮਾਰਚ ਤੇ ਅਪ੍ਰੈਲ ਵਿਚ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰ ਕੇ ਇਨ੍ਹਾਂ ਮਹੀਨਿਆਂ ਨੂੰ ਖ਼ਾਸ ਮਹੀਨੇ ਬਣਾ ਸਕਦੇ ਹਾਂ? ਮਾਰਚ ਵਿਚ ਪੰਜ ਸ਼ਨੀਵਾਰ ਤੇ ਅਪ੍ਰੈਲ ਵਿਚ ਪੰਜ ਐਤਵਾਰ ਹਨ। ਨੌਕਰੀ ਕਰਨ ਵਾਲੇ ਭੈਣ-ਭਰਾਵਾਂ ਨੇ ਯੋਜਨਾ ਬਣਾ ਕੇ ਦੇਖਿਆ ਹੈ ਕਿ ਜੇ ਉਹ ਸ਼ਨੀਵਾਰ ਤੇ ਐਤਵਾਰ ਪੂਰਾ ਦਿਨ ਪ੍ਰਚਾਰ ਕਰਨ, ਤਾਂ ਉਹ ਸਹਾਇਕ ਪਾਇਨੀਅਰੀ ਕਰ ਸਕਦੇ ਹਨ। ਮਹੀਨੇ ਦੇ 50 ਘੰਟਿਆਂ ਨੂੰ ਪੂਰਾ ਕਰਨ ਲਈ ਇਕ ਸਹਾਇਕ ਪਾਇਨੀਅਰ ਨੂੰ ਹਰ ਹਫ਼ਤੇ ਔਸਤਨ 12 ਘੰਟੇ ਪ੍ਰਚਾਰ ਕਰਨ ਦੀ ਲੋੜ ਹੈ। ਸਫ਼ਾ 4 ਤੇ ਸੁਝਾਈਆਂ ਗਈਆਂ ਸਮਾਂ-ਸਾਰਣੀਆਂ ਨੂੰ ਧਿਆਨ ਨਾਲ ਦੇਖੋ। ਕੀ ਇਨ੍ਹਾਂ ਵਿੱਚੋਂ ਕੋਈ ਇਕ ਤੁਹਾਡੇ ਹਾਲਾਤਾਂ ਤੇ ਢੁਕਦੀ ਹੈ? ਜੇ ਨਹੀਂ, ਤਾਂ ਸ਼ਾਇਦ ਤੁਸੀਂ ਮਾਰਚ ਤੇ ਅਪ੍ਰੈਲ ਦੇ ਮਹੀਨੇ ਸਹਾਇਕ ਪਾਇਨੀਅਰੀ ਕਰਨ ਲਈ ਖ਼ੁਦ ਆਪਣੀ ਇਕ ਸਮਾਂ-ਸਾਰਣੀ ਬਣਾ ਸਕਦੇ ਹੋ।
4 ਬਜ਼ੁਰਗਾਂ ਨੂੰ ਹੁਣ ਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਲਈ ਕਲੀਸਿਯਾ ਦਾ ਜੋਸ਼ ਵਧਾਉਣਾ ਚਾਹੀਦਾ ਹੈ ਤੇ ਮਦਦ ਦੇਣੀ ਚਾਹੀਦੀ ਹੈ। ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਇਕ ਕਲੀਸਿਯਾ ਦੇ ਸਾਰੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੇ ਸਹਾਇਕ ਪਾਇਨੀਅਰੀ ਕੀਤੀ ਅਤੇ 121 ਪ੍ਰਕਾਸ਼ਕਾਂ ਵਿੱਚੋਂ 64 ਜਣਿਆਂ ਨੇ ਪਾਇਨੀਅਰੀ ਕੀਤੀ! ਕਲੀਸਿਯਾ ਨੂੰ ਉਦੋਂ ਕਿੰਨੀ ਖ਼ੁਸ਼ੀ ਹੋਈ ਜਦੋਂ ਛੇ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨੇ ਮਾਰਚ ਤੇ ਅਪ੍ਰੈਲ ਤੋਂ ਰਿਪੋਰਟ ਦੇਣੀ ਸ਼ੁਰੂ ਕੀਤੀ। ਯਕੀਨਨ, ਬੱਚਿਆਂ ਅਤੇ ਨਵੇਂ ਵਿਅਕਤੀਆਂ ਕੋਲ ਇਹੀ ਸਭ ਤੋਂ ਵਧੀਆ ਸਮਾਂ ਹੈ ਕਿ ਉਹ ਬਜ਼ੁਰਗਾਂ ਨੂੰ ਪੁੱਛਣ ਕਿ ਕੀ ਉਹ ਪ੍ਰਚਾਰ ਕੰਮ ਵਿਚ ਹਿੱਸਾ ਲੈ ਸਕਦੇ ਹਨ ਜਾਂ ਨਹੀਂ।
5 ਜ਼ਿਆਦਾ ਮਿਹਨਤ ਕਰਨ ਤੇ ਬਰਕਤਾਂ ਮਿਲਦੀਆਂ ਹਨ: ਜੋ ਕਲੀਸਿਯਾਵਾਂ ਖ਼ਾਸ ਟੀਚੇ ਰੱਖ ਕੇ ਵੱਧ ਤੋਂ ਵੱਧ ਮਿਹਨਤ ਕਰਦੀਆਂ ਹਨ, ਉਹ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣਦੀਆਂ ਹਨ। ਕੁਝ ਕਲੀਸਿਯਾਵਾਂ ਉਨ੍ਹਾਂ ਇਲਾਕਿਆਂ ਵੱਲ ਧਿਆਨ ਦੇ ਸਕਦੀਆਂ ਹਨ ਜਿੱਥੇ ਕਦੇ-ਕਦਾਈਂ ਹੀ ਪ੍ਰਚਾਰ ਕੀਤਾ ਜਾਂਦਾ ਹੈ ਜਾਂ ਉਹ ਦੂਸਰੇ ਕਈ ਹੋਰ ਨਵੇਂ ਤਰੀਕਿਆਂ ਨਾਲ ਗਵਾਹੀ ਦੇਣ ਬਾਰੇ ਸੋਚ ਸਕਦੀਆਂ ਹਨ ਜਾਂ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਉੱਤੇ ਜ਼ੋਰ ਦੇ ਸਕਦੀਆਂ ਹਨ। ਇੰਜ ਕਰਨ ਨਾਲ ਉਨ੍ਹਾਂ ਲੋਕਾਂ ਤਕ ਪਹੁੰਚਿਆ ਜਾ ਸਕਦਾ ਹੈ ਜੋ ਅਕਸਰ ਘਰਾਂ ਵਿਚ ਨਹੀਂ ਮਿਲਦੇ ਜਾਂ ਜਿਨ੍ਹਾਂ ਤਕ ਪਹੁੰਚਣਾ ਬਹੁਤ ਔਖਾ ਹੁੰਦਾ ਹੈ।
6 ਕੀ ਕਮਜ਼ੋਰ ਸਿਹਤ ਜਾਂ ਢਲ਼ਦੀ ਉਮਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਤੋਂ ਰੋਕਦੀ ਹੈ? ਬਿਲਕੁਲ ਨਹੀਂ! ਮਿਸਾਲ ਲਈ 86 ਸਾਲਾਂ ਦੀ ਇਕ ਬਜ਼ੁਰਗ ਭੈਣ ਤੇ ਗੌਰ ਕਰੋ। ਉਸ ਨੂੰ ਕੈਂਸਰ ਹੈ। ਲੱਤਾਂ ਸੁੱਜੀਆਂ ਹੋਣ ਦੇ ਬਾਵਜੂਦ ਉਸ ਨੇ ਅਪ੍ਰੈਲ ਮਹੀਨੇ ਵਿਚ ਸਹਾਇਕ ਪਾਇਨੀਅਰੀ ਕੀਤੀ। ਟੈਲੀਫ਼ੋਨ ਗਵਾਹੀ ਰਾਹੀਂ ਉਸ ਨੇ ਸੇਵਾ ਵਿਚ ਪੂਰਾ-ਪੂਰਾ ਹਿੱਸਾ ਲਿਆ ਤੇ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ। ਇਸ ਨਾਲ ਉਸ ਭੈਣ ਅਤੇ ਉਸ ਦੀ ਕਲੀਸਿਯਾ ਦਾ ਜੋਸ਼ ਹੋਰ ਵੀ ਵੱਧ ਗਿਆ।
7 ਸਮਾਰਕ ਲਈ ਚੰਗੀ ਤਿਆਰੀ ਕਰੋ: ਇਸ ਸਾਲ ਸਮਾਰਕ 8 ਅਪ੍ਰੈਲ ਨੂੰ ਆਉਂਦਾ ਹੈ। ਐਤਵਾਰ ਨੂੰ ਹੋਣ ਕਰਕੇ ਜ਼ਿਆਦਾ ਲੋਕਾਂ ਲਈ ਆਉਣਾ ਮੁਮਕਿਨ ਹੈ। ਜੇ ਅਸੀਂ (1) ਖ਼ੁਦ ਸਮਾਰਕ ਵਿਚ ਹੋਈਏ ਤੇ (2) ਜੇ ਲੋਕਾਂ ਨੂੰ ਬੁਲਾਈਏ, ਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਾਰਕ ਹਾਜ਼ਰੀ ਹੋ ਸਕਦੀ ਹੈ। ਸਾਨੂੰ ਕਿਨ੍ਹਾਂ ਨੂੰ ਬੁਲਾਉਣਾ ਚਾਹੀਦਾ ਹੈ?
8 ਤੁਸੀਂ ਆਪਣੇ ਖੇਤਰ ਸੇਵਾ ਦੇ ਰਿਕਾਰਡਾਂ ਵਿੱਚੋਂ ਉਨ੍ਹਾਂ ਵਿਅਕਤੀਆਂ ਦੇ ਨਾਂ ਲੱਭੋ ਜਿਨ੍ਹਾਂ ਨੇ ਥੋੜ੍ਹੀ-ਬਹੁਤੀ ਦਿਲਚਸਪੀ ਦਿਖਾਈ ਸੀ, ਭਾਵੇਂ ਕਿ ਤੁਸੀਂ ਉਨ੍ਹਾਂ ਨੂੰ ਲਗਾਤਾਰ ਨਹੀਂ ਮਿਲੇ। ਸਮਾਰਕ ਤੋਂ ਦੋ ਜਾਂ ਤਿੰਨ ਹਫ਼ਤੇ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਜਾ ਕੇ ਮਿਲੋ ਤੇ ਸਮਾਰਕ ਸੱਦਾ ਪੱਤਰ ਦਿਓ। ਜੇ ਤੁਹਾਡੇ ਹਾਲਾਤ ਇਜਾਜ਼ਤ ਦੇਣ, ਤਾਂ ਜੋ ਲੋਕ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਤੁਸੀਂ ਆਪਣੇ ਸਕੂਟਰ ਤੇ ਜਾਂ ਕਾਰ ਵਿਚ ਲਿਆ ਸਕਦੇ ਹੋ।
9 ਕੁਝ ਕਲੀਸਿਯਾਵਾਂ ਵਿਚ ਸਾਰੇ ਸਮਾਰਕ ਸੱਦਾ ਪੱਤਰ ਨਹੀਂ ਵਰਤੇ ਜਾਂਦੇ। ਇਸ ਲਈ, ਕਲੀਸਿਯਾਵਾਂ ਦੇ ਸੈਕਟਰੀਆਂ ਨੂੰ ਯਕੀਨੀ ਹੋਣਾ ਚਾਹੀਦਾ ਹੈ ਕਿ ਸੱਦਾ ਪੱਤਰ ਕਾਫ਼ੀ ਚਿਰ ਪਹਿਲਾਂ ਹੀ ਸਾਰਿਆਂ ਨੂੰ ਵੰਡਣ ਲਈ ਦੇ ਦਿੱਤੇ ਜਾਣ। ਤੁਸੀਂ ਸੱਦਾ-ਪੱਤਰ ਦੇ ਹੇਠਾਂ ਸਾਫ਼-ਸਾਫ਼ ਲਫ਼ਜ਼ਾਂ ਵਿਚ ਸਮਾਰਕ ਦਾ ਸਮਾਂ ਤੇ ਪਤਾ ਲਿਖ ਜਾਂ ਟਾਈਪ ਕਰ ਸਕਦੇ ਹੋ। ਜਾਂ ਜੇ ਤੁਹਾਡੇ ਕਿੰਗਡਮ ਹਾਲ ਵਿਚ ਹੀ ਸਮਾਰਕ ਹੋਣ ਵਾਲਾ ਹੈ, ਤਾਂ ਤੁਸੀਂ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਦੀ ਸੂਚੀ ਦੇ ਸਕਦੇ ਹੋ। ਲੋਕਾਂ ਨੂੰ ਚੇਤਾ ਕਰਾਉਣ ਲਈ ਸਾਨੂੰ ਜਿੱਥੇ ਤਕ ਹੋ ਸਕੇ ਖ਼ੁਦ ਜਾ ਕੇ ਸਮਾਰਕ ਸੱਦਾ-ਪੱਤਰ ਦੇਣੇ ਚਾਹੀਦੇ ਹਨ।
10 ਗ਼ੈਰ-ਸਰਗਰਮ ਭੈਣ-ਭਰਾਵਾਂ ਨੂੰ ਨਾ ਭੁੱਲੋ: ਜਦੋਂ ਬਾਈਬਲ ਵਿਦਿਆਰਥੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈਂਦਾ ਹੈ, ਤਾਂ ਇਹ ਖ਼ੁਸ਼ ਹੋਣ ਦਾ ਕਾਰਨ ਹੁੰਦਾ ਹੈ। ਹਰ ਸਾਲ ਸਾਡੇ ਵਿੱਚੋਂ ਕੁਝ ਭੈਣ-ਭਰਾ ਸਾਡੇ ਨਾਲ ਸੰਗਤੀ ਕਰਨੀ ਅਤੇ ਯਹੋਵਾਹ ਦੇ ਨਾਂ ਤੇ ਉਸ ਦੇ ਕਾਰਜਾਂ ਬਾਰੇ ਦੂਜਿਆਂ ਨੂੰ ਦੱਸਣਾ ਛੱਡ ਦਿੰਦੇ ਹਨ। ਸਾਨੂੰ ਉਨ੍ਹਾਂ ਭੈਣ-ਭਰਾਵਾਂ ਪ੍ਰਤੀ ਚਿੰਤਾ ਦਿਖਾਉਣੀ ਚਾਹੀਦੀ ਹੈ। ਕਿਉਂਕਿ ਜ਼ਿਆਦਾਤਰ ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੇ ਸੱਚਾਈ ਨਹੀਂ ਛੱਡੀ ਹੈ, ਪਰ ਸ਼ਾਇਦ ਉਨ੍ਹਾਂ ਨੇ ਨਿਰਾਸ਼ਾ, ਨਿੱਜੀ ਸਮੱਸਿਆਵਾਂ ਜਾਂ ਜ਼ਿੰਦਗੀ ਦੇ ਹੋਰ ਫ਼ਿਕਰ-ਫਾਕਿਆਂ ਕਰਕੇ ਪ੍ਰਚਾਰ ਕਰਨਾ ਛੱਡ ਦਿੱਤਾ ਹੋਵੇ। (ਮੱਤੀ 13:20-22) ਇਸ ਤੋਂ ਪਹਿਲਾਂ ਕਿ ਸ਼ਤਾਨ ਦੀ ਰੀਤੀ-ਵਿਵਸਥਾ ਅਧਿਆਤਮਿਕ ਤੌਰ ਤੇ ਕਮਜ਼ੋਰ ਭੈਣ-ਭਰਾਵਾਂ ਨੂੰ ਨਿਗਲ ਜਾਏ, ਸਾਨੂੰ ਉਨ੍ਹਾਂ ਨੂੰ ਕਲੀਸਿਯਾ ਵਿਚ ਮੁੜ ਆਉਣ ਲਈ ਮਦਦ ਦੇਣ ਦੀ ਲੋੜ ਹੈ। (1 ਪਤ. 5:8) ਇਸ ਸਮਾਰਕ ਦੇ ਸਮੇਂ ਦੌਰਾਨ ਅਸੀਂ ਸਾਰੇ ਗ਼ੈਰ-ਸਰਗਰਮ ਭੈਣ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਤਾਂਕਿ ਉਹ ਵੀ ਮੁੜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ।
11 ਕਲੀਸਿਯਾ ਦੇ ਸੈਕਟਰੀ ਨੂੰ ਸਾਰੇ ਪੁਸਤਕ ਅਧਿਐਨ ਸੰਚਾਲਕਾਂ ਨੂੰ ਉਨ੍ਹਾਂ ਦੇ ਗਰੁੱਪ ਦੇ ਗ਼ੈਰ-ਸਰਗਰਮ ਭੈਣ-ਭਰਾ ਬਾਰੇ ਦੱਸਣਾ ਚਾਹੀਦਾ ਹੈ। ਕਲੀਸਿਯਾ ਦੀ ਸੇਵਾ ਸਮਿਤੀ ਅਜਿਹੇ ਭੈਣ-ਭਰਾਵਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲਣ ਵਿਚ ਪਹਿਲ ਕਰੇਗੀ। ਜੇ ਇਹ ਫ਼ੈਸਲਾ ਕੀਤਾ ਜਾਂਦਾ ਹੈ ਕਿ ਵਿਅਕਤੀ ਨੂੰ ਬਾਈਬਲ ਸਟੱਡੀ ਕਰਾਉਣ ਨਾਲ ਫ਼ਾਇਦਾ ਹੋ ਸਕਦਾ ਹੈ, ਤਾਂ ਸੇਵਾ ਸਮਿਤੀ ਨਾਲ ਇਹ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕਿ ਉਸ ਨੂੰ ਸਟੱਡੀ ਕਰਾਉਣ ਲਈ ਕੌਣ ਠੀਕ ਰਹੇਗਾ, ਸੇਵਾ ਨਿਗਾਹਬਾਨ ਇਸ ਦਾ ਇੰਤਜ਼ਾਮ ਕਰੇਗਾ। ਹਾਲਾਂਕਿ ਸਟੱਡੀ ਲੰਮੇ ਚਿਰ ਤਕ ਕਰਾਉਣੀ ਜ਼ਰੂਰੀ ਨਹੀਂ, ਪਰ ਸਟੱਡੀ ਕਰਾਉਣ ਵਾਲਾ ਭੈਣ-ਭਰਾ ਸਮਾਂ, ਪੁਨਰ-ਮੁਲਾਕਾਤਾਂ ਤੇ ਬਾਈਬਲ ਸਟੱਡੀ ਆਪਣੀ ਰਿਪੋਰਟ ਵਿਚ ਲਿਖ ਸਕਦਾ ਹੈ।
12 ਪਿਛਲੇ ਸਾਲ ਇਕ ਭੈਣ ਨੇ ਘਰ-ਘਰ ਦੀ ਸੇਵਕਾਈ ਦੌਰਾਨ ਸੜਕ ਤੇ ਇਕ ਨੌਜਵਾਨ ਨੂੰ ਰਸਾਲੇ ਦਿੱਤੇ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਇਕ ਗ਼ੈਰ-ਸਰਗਰਮ ਗਵਾਹ ਹੈ। ਉਸ ਨੇ ਕਿੰਗਡਮ ਹਾਲ ਦਾ ਪਤਾ ਪੁੱਛਿਆ ਤੇ ਭੈਣ ਨੂੰ ਆਪਣੇ ਘਰ ਬੁਲਾਇਆ। ਸਿੱਟੇ ਵਜੋਂ, ਇਹ ਜੋੜਾ ਅਗਲੀ ਵਾਰ ਸਭਾ ਵਿਚ ਆਇਆ ਤੇ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ।
13 ਜ਼ਿਆਦਾ ਪ੍ਰਚਾਰ ਕਰਨ ਲਈ ਤਿਆਰ ਹੋ ਜਾਓ! ਜ਼ਬੂਰਾਂ ਦੇ ਜਿਸ ਲਿਖਾਰੀ ਨੇ ਕਿਹਾ ਕਿ ਸਾਨੂੰ ਯਹੋਵਾਹ ਦਾ ਨਾਂ ਤੇ ਉਸ ਦੇ ਕਾਰਜ ਪਰਗਟ ਕਰਨੇ ਚਾਹੀਦੇ ਹਨ, ਉਹ ਅੱਗੇ ਕਹਿੰਦਾ ਹੈ: “ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ ਕੰਮਾਂ ਉੱਤੇ ਧਿਆਨ ਕਰੋ! ਉਹ ਦੇ ਪਵਿੱਤਰ ਨਾਮ ਵਿੱਚ ਫ਼ਖਰ ਕਰੋ।” (ਜ਼ਬੂ. 105:2, 3) ਆਓ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰ ਕੇ ਯਹੋਵਾਹ ਦੇ ਮਹਾਨ ਨਾਂ ਅਤੇ ਉਸ ਦੇ “ਅਚਰਜ ਕੰਮਾਂ” ਵੱਲ ਲੋਕਾਂ ਦਾ ਧਿਆਨ ਦਿਵਾਈਏ ਤੇ ਇਸ ਸਾਲ ਦੇ ਸਮਾਰਕ ਸਮਾਰੋਹ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਸਮਾਰੋਹ ਬਣਾਈਏ!
[ਸਫ਼ੇ 4 ਉੱਤੇ ਡੱਬੀ]
ਸਹਾਇਕ ਪਾਇਨੀਅਰੀ ਲਈ ਹਰ ਹਫ਼ਤੇ 12 ਘੰਟੇ ਪੂਰੇ ਕਰਨ ਦੇ ਵੱਖ-ਵੱਖ ਤਰੀਕੇ
ਦਿਨ ਘੰਟੇ
ਸੋਮਵਾਰ 1 2 − −
ਮੰਗਲਵਾਰ 1 − 3 −
ਬੁੱਧਵਾਰ 1 2 − 5
ਵੀਰਵਾਰ 1 − 3 −
ਸ਼ੁੱਕਰਵਾਰ 1 2 − −
ਸ਼ਨੀਵਾਰ 5 4 3 5
ਐਤਵਾਰ 2 2 3 2
ਕੁੱਲ: 12 12 12 12
ਕੀ ਇਨ੍ਹਾਂ ਵਿੱਚੋਂ ਕੋਈ ਇਕ ਸਮਾਂ-ਸਾਰਣੀ ਤੁਹਾਡੇ ਲਈ ਢੁਕਵੀਂ ਹੈ।
ਜੇ ਨਹੀਂ, ਤਾਂ ਫਿਰ ਕਿਉਂ ਨਾ ਤੁਸੀਂ ਆਪਣੀ ਇਕ ਸਮਾਂ-ਸਾਰਣੀ ਬਣਾਓ?