“ਮੈਂ ਸਮਾਂ ਕਿੱਥੋਂ ਕੱਢਾਂ?”
1 ਇਹ ਸ਼ਿਕਾਇਤ ਸਾਨੂੰ ਸਾਰਿਆਂ ਨੂੰ ਹੀ ਹੈ ਕਿਉਂਕਿ ਅਸੀਂ ਆਪਣੇ ਕੰਮ-ਧੰਦਿਆਂ ਵਿਚ ਬੜੇ ਰੁੱਝੇ ਹੋਏ ਹਾਂ। ਇਹ ਕਿਹਾ ਜਾਂਦਾ ਹੈ ਕਿ ਸਮਾਂ ਬਹੁਤ ਅਨਮੋਲ ਹੈ ਤੇ ਕਦੇ ਠਹਿਰਦਾ ਨਹੀਂ। ਤਾਂ ਫਿਰ ਅਸੀਂ ਚੰਗ-ਚੰਗੇਰੀਆਂ ਜਾਂ ਜ਼ਿਆਦਾ ਮਹੱਤਵਪੂਰਣ ਗੱਲਾਂ ਜਿਵੇਂ ਕਿ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਸਮਾਂ ਕਿੱਥੋਂ ਕੱਢ ਸਕਦੇ ਹਾਂ?—ਫ਼ਿਲਿ. 1:10.
2 ਸਮਾਂ ਕੱਢਣ ਦਾ ਮਤਲਬ ਹੋਰ ਜ਼ਿਆਦਾ ਸਮਾਂ ਭਾਲਣਾ ਨਹੀਂ, ਸਗੋਂ ਇਹ ਫ਼ੈਸਲਾ ਕਰਨਾ ਹੈ ਕਿ ਜਿੰਨਾ ਸਮਾਂ ਸਾਡੇ ਕੋਲ ਹੈ ਉਸ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਡੇ ਸਾਰਿਆਂ ਕੋਲ ਹਫ਼ਤੇ ਦੇ 168 ਘੰਟੇ ਹੁੰਦੇ ਹਨ ਜਿਨ੍ਹਾਂ ਵਿੱਚੋਂ 100 ਕੁ ਘੰਟੇ ਸੌਣ ਤੇ ਕੰਮ ਕਰਨ ਵਿਚ ਬੀਤ ਜਾਂਦੇ ਹਨ। ਤਾਂ ਫਿਰ ਅਸੀਂ ਬਾਕੀ ਬਚੇ ਘੰਟਿਆਂ ਤੋਂ ਕਿਵੇਂ ਪੂਰਾ-ਪੂਰਾ ਫ਼ਾਇਦਾ ਉਠਾ ਸਕਦੇ ਹਾਂ? ਅਫ਼ਸੀਆਂ 5:15-17 ਸਲਾਹ ਦਿੰਦਾ ਹੈ ਕਿ ਅਸੀਂ “ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ” ਚੱਲੀਏ ਤੇ ‘ਸਮੇਂ ਨੂੰ ਲਾਭਦਾਇਕ ਕਰੀਏ ਤੇ ਸਮਝੀਏ ਭਈ ਪ੍ਰਭੁ ਦੀ ਕੀ ਇੱਛਿਆ ਹੈ।’ ਇਹ ਆਇਤਾਂ ਉਨ੍ਹਾਂ ਕੰਮਾਂ ਨੂੰ ਕਰਨ ਦੇ ਹਰੇਕ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਦੀ ਲੋੜ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੂੰ ਯਹੋਵਾਹ ਮਹੱਤਵਪੂਰਣ ਕਹਿੰਦਾ ਹੈ।
3 ਯਿਸੂ ਨੇ ਸਾਡੇ ਦਿਨਾਂ ਦੀ ਤੁਲਨਾ ਨੂਹ ਦੇ ਦਿਨਾਂ ਨਾਲ ਕੀਤੀ ਸੀ। (ਲੂਕਾ 17:26, 27) ਉਸ ਵੇਲੇ ਦੇ ਲੋਕ ਰੋਜ਼-ਮੱਰਾ ਜ਼ਿੰਦਗੀ ਦੇ ਕੰਮ-ਧੰਦਿਆਂ ਵਿਚ ਰੁੱਝੇ ਹੋਏ ਸਨ। ਪਰ ਨੂਹ ਨੇ ਇਕ ਵਿਸ਼ਾਲ ਕਿਸ਼ਤੀ ਬਣਾਉਣ ਅਤੇ ਪ੍ਰਚਾਰ ਕਰਨ ਲਈ ਸਮਾਂ ਕੱਢਿਆ। (ਇਬ. 11:7; 2 ਪਤ. 2:5) ਕਿਵੇਂ? ਉਸ ਨੇ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦਿੱਤੀ ਅਤੇ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਆਗਿਆ ਦਿੱਤੀ ਸੀ ਉਸ ਨੇ “ਤਿਵੇਂ” ਹੀ ਕੀਤਾ।—ਉਤ. 6:22.
4 ਕਿਹੜੀ ਗੱਲ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ? ਯਿਸੂ ਨੇ ਕਿਹਾ ਸੀ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਹਰ ਹਫ਼ਤੇ ਸਾਨੂੰ ‘ਵੇਲੇ ਸਿਰ ਅਧਿਆਤਮਿਕ ਰਸਤ’ ਮਿਲਦੀ ਹੈ। (ਲੂਕਾ 12:42) ਜੇ ਅਸੀਂ ਇਸ ਤੋਂ ਸੱਚ-ਮੁੱਚ ਫ਼ਾਇਦਾ ਉਠਾਉਣਾ ਹੈ, ਤਾਂ ਸਾਨੂੰ ਨਿੱਜੀ ਤੌਰ ਤੇ ਇਸ ਨੂੰ ਬਾਕਾਇਦਾ ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ-ਸਾਰਣੀ ਬਣਾਉਣ ਦੀ ਲੋੜ ਹੈ। ਕਦੇ-ਕਦਾਈਂ ਅਸੀਂ ਜਲਦੀ ਵਿਚ ਹੋਣ ਕਰਕੇ ਕਾਹਲੀ-ਕਾਹਲੀ ਭੋਜਨ ਖਾਂਦੇ ਹਾਂ, ਪਰ ਜੇ ਅਸੀਂ ਅਧਿਆਤਮਿਕ ਭੋਜਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਕਦੀ ਵੀ ਇਸ ਨੂੰ ਜਲਦੀ-ਜਲਦੀ ਨਹੀਂ ਖਾਵਾਂਗੇ। ਇਸ ਦੀ ਬਜਾਇ, ਅਸੀਂ ਸ਼ੁਕਰਗੁਜ਼ਾਰੀ ਨਾਲ ਅਧਿਆਤਮਿਕ ਗੱਲਾਂ ਦਾ ਅਧਿਐਨ ਕਰਨ ਅਤੇ ਆਨੰਦ ਮਾਣਨ ਲਈ ਸਮਾਂ ਕੱਢਾਂਗੇ।
5 ਅਧਿਆਤਮਿਕ ਭੋਜਨ ਖਾਣ ਨਾਲ ਸਾਨੂੰ ਸਦੀਪਕ ਜ਼ਿੰਦਗੀ ਮਿਲ ਸਕਦੀ ਹੈ। (ਯੂਹੰ. 17:3) ਸਾਡੇ ਰੋਜ਼-ਮੱਰਾ ਦੇ ਕੰਮਾਂ ਵਿਚ ਅਧਿਆਤਮਿਕ ਗੱਲਾਂ ਲਈ ਪਹਿਲੀ ਥਾਂ ਹੋਣੀ ਚਾਹੀਦੀ ਹੈ। ਕੀ ਅਸੀਂ ਹੋਰ ਰੋਜ਼ ਬਾਈਬਲ ਪੜ੍ਹਨ ਅਤੇ ਮਸੀਹੀ ਸਭਾਵਾਂ ਦੀ ਤਿਆਰੀ ਕਰਨ ਲਈ ਸਮਾਂ ਕੱਢ ਸਕਦੇ ਹਾਂ? ਜੀ ਹਾਂ, ਕੱਢ ਸਕਦੇ ਹਾਂ। ਫਿਰ ਸਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਜਾਣ ਕੇ ਅਤੇ ਇਸ ਨੂੰ ਪੂਰਾ ਕਰ ਕੇ “ਵੱਡਾ ਲਾਭ” ਹੋਵੇਗਾ।—ਜ਼ਬੂ. 19:7-11.