ਭਾਗ 1—ਯਹੋਵਾਹ ਦੇ ਪ੍ਰੇਮ ਲਈ ਕਦਰ ਦਿਖਾਉਣ ਨਾਲ ਮਿਲੀਆਂ ਬਰਕਤਾਂ
1 ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ [ਯਹੋਵਾਹ] ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰ. 4:19) ਯਹੋਵਾਹ ਨੇ ਸਾਨੂੰ ਜੋ ਕੁਝ ਦਿੱਤਾ ਹੈ, ਉਸ ਬਾਰੇ ਸੋਚਣ ਨਾਲ ਅਸੀਂ ਉਸ ਲਈ ਗਹਿਰੀ ਕਦਰ ਦਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ। ਯਿਸੂ ਨੇ ਪਰਮੇਸ਼ੁਰ ਦੇ ਨਾਂ ਅਤੇ ਰਾਜ ਬਾਰੇ ਆਗਿਆਕਾਰੀ ਨਾਲ ਗਵਾਹੀ ਦੇਣ ਦੁਆਰਾ ਗਹਿਰੀ ਕਦਰ ਦਿਖਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ। (ਯੂਹੰ. 14:31) ਆਓ ਆਪਾਂ ਕੁਝ ਤਰੀਕਿਆਂ ਤੇ ਗੌਰ ਕਰੀਏ ਜਿਨ੍ਹਾਂ ਦੁਆਰਾ ਅਸੀਂ ਯਹੋਵਾਹ ਦੇ ਪ੍ਰੇਮ ਅਤੇ ਬਰਕਤਾਂ ਲਈ ਆਪਣੀ ਕਦਰ ਦਿਖਾ ਸਕਦੇ ਹਾਂ।
2 ਘਰ-ਘਰ ਜਾਣ ਦੁਆਰਾ: ਯਿਸੂ ਨੇ ਆਪਣੇ ਚੇਲਿਆਂ ਨੂੰ ਰਾਜ ਦਾ ਪ੍ਰਚਾਰ ਕਰਨਾ ਸਿਖਾਇਆ। ਉਸ ਦੀਆਂ ਹਿਦਾਇਤਾਂ ਸਾਫ਼ ਦਿਖਾਉਂਦੀਆਂ ਹਨ ਕਿ ਉਸ ਦੇ ਚੇਲੇ ਖ਼ੁਸ਼ ਖ਼ਬਰੀ ਫੈਲਾਉਣ ਲਈ ਘਰ-ਘਰ ਪ੍ਰਚਾਰ ਕਰਨ ਗਏ ਸਨ (ਲੂਕਾ 9:1-6; 10:1-7) ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ ਤੇ ਸਾਡਾ ਵਿਰੋਧ ਕਰਦੇ ਹਨ, ਤਾਂ ਉਸ ਸਮੇਂ ਪਰਮੇਸ਼ੁਰ ਅਤੇ ਗੁਆਂਢੀਆਂ ਲਈ ਪ੍ਰੇਮ ਘਰ-ਘਰ ਪ੍ਰਚਾਰ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਪਰ ਘਰ-ਘਰ ਜਾਣ ਨਾਲ ਸਾਨੂੰ ਵੀ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ, ਸਾਡਾ ਇਰਾਦਾ ਹੋਰ ਦ੍ਰਿੜ੍ਹ ਹੁੰਦਾ ਹੈ ਤੇ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ।
3 ਦੂਤਾਂ ਦੇ ਨਿਰਦੇਸ਼ਨ ਅਧੀਨ ਪ੍ਰਚਾਰ ਕਰਨ ਨਾਲ ਸਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲੇ ਹਨ ਜੋ ਸੱਚਾਈ ਲਈ ਭੁੱਖੇ ਤੇ ਪਿਆਸੇ ਹਨ। (ਪਰ. 14:6) ਕਈ ਲੋਕਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਗਵਾਹ ਆਏ, ਤਾਂ ਉਹ ਮਦਦ ਲਈ ਪ੍ਰਾਰਥਨਾ ਕਰ ਰਹੇ ਸਨ। ਦੋ ਗਵਾਹ ਤੇ ਇਕ ਬੱਚਾ ਕੈਰੀਬੀਅਨ ਟਾਪੂ ਤੇ ਘਰ-ਘਰ ਪ੍ਰਚਾਰ ਕਰ ਰਹੇ ਸਨ। ਜਦੋਂ ਗਵਾਹਾਂ ਨੇ ਪ੍ਰਚਾਰ ਖ਼ਤਮ ਕਰਨ ਦਾ ਫ਼ੈਸਲਾ ਕੀਤਾ, ਤਾਂ ਬੱਚੇ ਨੇ ਅਗਲੇ ਘਰ ਦਾ ਦਰਵਾਜ਼ਾ ਖਟਖਟਾ ਦਿੱਤਾ। ਇਕ ਜਵਾਨ ਔਰਤ ਨੇ ਦਰਵਾਜ਼ਾ ਖੋਲ੍ਹਿਆ। ਇਕ ਦੇਖ ਕੇ ਭੈਣਾਂ ਅੱਗੇ ਆਈਆਂ ਤੇ ਉਸ ਔਰਤ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ ਤੇ ਦੱਸਿਆ ਕਿ ਉਹ ਉਸ ਨੂੰ ਬਾਈਬਲ ਸਿਖਾਉਣ ਲਈ ਗਵਾਹਾਂ ਨੂੰ ਘੱਲੇ!
4 ਸੜਕਾਂ ਤੇ ਗਵਾਹੀ ਦੇਣੀ: ਕਈ ਖੇਤਰਾਂ ਵਿਚ ਲੋਕਾਂ ਨੂੰ ਘਰ ਮਿਲਣਾ ਬੜਾ ਮੁਸ਼ਕਲ ਹੈ, ਪਰ ਉਨ੍ਹਾਂ ਨੂੰ ਮਿਲਣ ਵਾਸਤੇ ਸੜਕ ਗਵਾਹੀ ਇਕ ਪ੍ਰਭਾਵਕਾਰੀ ਤਰੀਕਾ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਭਾਰੀ ਸੁਰੱਖਿਆ ਵਾਲੀਆਂ ਕਲੋਨੀਆਂ ਜਾਂ ਇਮਾਰਤਾਂ ਵਿਚ ਰਹਿੰਦੇ ਹਨ ਜਿੱਥੇ ਅਸੀਂ ਘਰ-ਘਰ ਨਹੀਂ ਜਾ ਸਕਦੇ। ਪਰ ਯਹੋਵਾਹ ਦੇ ਪ੍ਰੇਮ ਲਈ ਕਦਰ ਸਾਨੂੰ ਰਾਜ ਸੰਦੇਸ਼ ਲੋਕਾਂ ਤਕ ਪਹੁੰਚਾਉਣ ਲਈ ਸੜਕਾਂ ਤੇ ਗਵਾਹੀ ਦੇਣ ਅਤੇ ਦੂਸਰਾ ਹਰ ਸੰਭਵ ਜ਼ਰੀਆਂ ਆਪਣਾਉਣ ਲਈ ਪ੍ਰੇਰਦੀ ਹੈ।—ਕਹਾ 1:20, 21.
5 ਪੁਨਰ-ਮੁਲਾਕਾਤਾਂ ਕਰਨ ਦੁਆਰਾ: ਅਸੀਂ ਉਨ੍ਹਾਂ ਲੋਕਾਂ ਨੂੰ ਲੱਭ ਰਹੇ ਹਾਂ ਜੋ “ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸੁਚੇਤ ਹਨ।” (ਮੱਤੀ 5:3, ਨਿ ਵ) ਅਸੀਂ ਲੋਕਾਂ ਦੀ ਇਸ ਲੋੜ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੁੰਦੇ ਹਾਂ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਵਾਪਸ ਜਾ ਕੇ ਸੱਚਾਈ ਦੇ ਬੀਜੇ ਬੀਆਂ ਨੂੰ ਪਾਣੀ ਦਈਏ। (1 ਕੁਰਿੰ. 3:6-8) ਆਸਟ੍ਰੇਲੀਆਂ ਦੀ ਇਕ ਭੈਣ ਨੇ ਇਕ ਔਰਤ ਨੂੰ ਇਕ ਟ੍ਰੈਕਟ ਦਿੱਤਾ ਜਿਸ ਨੇ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਸੀ। ਪਰ ਭੈਣ ਉਸ ਦੇ ਘਰ ਜਾ ਕੇ ਉਸ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਦੀ ਰਹੀ। ਅਖ਼ੀਰ ਜਦੋਂ ਭੈਣ ਉਸ ਨੂੰ ਮਿਲੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਔਰਤ ਨੇ ਪਹਿਲੀ ਹੀ ਮੁਲਾਕਾਤ ਤੋਂ ਬਾਅਦ ਇਕ ਕੀਮਤੀ ਬਾਈਬਲ ਖ਼ਰੀਦੀ ਸੀ। ਭੈਣ ਨੇ ਉਸ ਨਾਲ ਅਧਿਐਨ ਸ਼ੁਰੂ ਕਰ ਦਿੱਤਾ!
6 ਬਾਈਬਲ ਅਧਿਐਨ ਕਰਵਾਉਣੇ: ਇਹ ਸਾਡੀ ਸੇਵਕਾਈ ਦਾ ਸਭ ਤੋਂ ਆਨੰਦਦਾਇਕ ਤੇ ਫਲਦਾਇਕ ਪਹਿਲੂ ਹੋ ਸਕਦਾ ਹੈ। ਯਹੋਵਾਹ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਨੀ, ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਦੇਖਣਾ ਅਤੇ ਫਿਰ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਸਬੂਤ ਵਜੋਂ ਮਸੀਹੀ ਬਪਤਿਸਮਾ ਲੈਂਦੇ ਦੇਖਣਾ ਸਾਡੇ ਲਈ ਕਿੰਨੀ ਵੱਡੀ ਬਰਕਤ ਹੈ!—1 ਥੱਸ. 2:20; 3 ਯੂਹੰ. 4.
7 ਅਗਲੇ ਅੰਕ ਵਿਚ ਅਸੀਂ ਹੋਰ ਤਰੀਕਿਆਂ ਉੱਤੇ ਵਿਚਾਰ ਕਰਾਂਗੇ ਜਿਨ੍ਹਾਂ ਦੁਆਰਾ ਯਹੋਵਾਹ ਦੇ ਪ੍ਰੇਮ ਲਈ ਕਦਰ ਦਿਖਾਉਣ ਨਾਲ ਸਾਨੂੰ ਬਰਕਤਾਂ ਮਿਲੀਆਂ ਹਨ।