ਯਹੋਵਾਹ ਦੇ ਪ੍ਰੇਮ ਲਈ ਕਦਰ ਦਿਖਾਉਣ ਨਾਲ ਮਿਲੀਆਂ ਬਰਕਤਾਂ —ਭਾਗ 2
1 ਪਿਛਲੇ ਮਹੀਨੇ ਇਸ ਲੇਖ ਦੇ ਪਹਿਲੇ ਭਾਗ ਵਿਚ ਅਸੀਂ ਚਾਰ ਤਰੀਕਿਆਂ ਨੂੰ ਦੇਖਿਆ ਸੀ ਜਿਨ੍ਹਾਂ ਦੁਆਰਾ ਅਸੀਂ ਸੇਵਕਾਈ ਵਿਚ ਯਹੋਵਾਹ ਦੇ ਪਿਆਰ ਲਈ ਕਦਰ ਦਿਖਾ ਸਕਦੇ ਹਾਂ। (1 ਯੂਹੰ. 4:9-11) ਇਸ ਭਾਗ ਵਿਚ ਅਸੀਂ ਪੰਜ ਹੋਰ ਤਰੀਕਿਆਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਦੁਆਰਾ ਅਸੀਂ ਯਹੋਵਾਹ ਦੇ ਪਿਆਰ ਲਈ ਕਦਰ ਦਿਖਾ ਸਕਦੇ ਹਾਂ। ਜਦੋਂ ਅਸੀਂ ਦੂਜਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ।
2 ਗ਼ੈਰ-ਰਸਮੀ ਗਵਾਹੀ ਦੇਣੀ: ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਫ਼ਾਇਦੇਮੰਦ ਸਾਹਿੱਤ ਦੇਣ ਦਾ ਇਹ ਤਰੀਕਾ ਬਹੁਤ ਪ੍ਰਭਾਵਕਾਰੀ ਹੈ। ਇਸ ਲਈ ‘ਸਮੇਂ ਨੂੰ ਲਾਭਦਾਇਕ ਕਰਨਾ’ ਅਤੇ ਸਾਨੂੰ ਮਿਲਣ ਵਾਲੇ ਹਰ ਵਿਅਕਤੀ ਨੂੰ ਗਵਾਹੀ ਦੇਣੀ ਬੜੀ ਚੰਗੀ ਗੱਲ ਹੈ। (ਅਫ਼. 5:16) ਇਸ ਤਰੀਕੇ ਨਾਲ ਗਵਾਹੀ ਦੇਣ ਲਈ ਸ਼ਾਇਦ ਸਾਨੂੰ ਆਪਣੇ ਅੰਦਰ ਹਿੰਮਤ ਪੈਦਾ ਕਰਨ ਦੀ ਲੋੜ ਹੈ। ਪਰ ਜੇ ਅਸੀਂ ਪਰਮੇਸ਼ੁਰ ਦੇ ਪਿਆਰ ਦੀ ਕਦਰ ਕਰਦੇ ਹਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਪਛਾਣਦੇ ਹਾਂ, ਤਾਂ ਅਸੀਂ ਹਰ ਮੌਕੇ ਤੇ ਗਵਾਹੀ ਦੇਵਾਂਗੇ।—2 ਤਿਮੋ. 1:7, 8.
3 ਇਕ ਪੂਰੇ ਸਮੇਂ ਦੇ ਸੇਵਕ ਨੇ ਜਦੋਂ ਟੈਕਸੀ ਵਿਚ ਆਪਣੇ ਨਾਲ ਬੈਠੇ ਮੁਸਾਫ਼ਰ ਨਾਲ ਗੱਲ ਕੀਤੀ, ਤਾਂ ਉਸ ਨੂੰ ਵੱਡੀ ਬਰਕਤ ਮਿਲੀ। ਉਸ ਆਦਮੀ ਨੇ ਦਿਲਚਸਪੀ ਦਿਖਾਈ। ਭਰਾ ਨੇ ਉਸ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਤੇ ਬਾਅਦ ਵਿਚ ਉਸ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ। ਉਹ ਸੱਚਾਈ ਵਿਚ ਆ ਗਿਆ ਅਤੇ ਤਰੱਕੀ ਕਰ ਕੇ ਕਲੀਸਿਯਾ ਦਾ ਬਜ਼ੁਰਗ ਬਣ ਗਿਆ!
4 ਚਿੱਠੀਆਂ ਲਿਖਣੀਆਂ: ਸ਼ਾਇਦ ਅਸੀਂ ਕਿਸੇ ਬੀਮਾਰੀ ਜਾਂ ਖ਼ਰਾਬ ਮੌਸਮ ਕਾਰਨ ਘਰ-ਘਰ ਨਹੀਂ ਜਾ ਸਕਦੇ। ਪਰ ਅਸੀਂ ਆਪਣੇ ਜਾਣ-ਪਛਾਣ ਵਾਲਿਆਂ ਨੂੰ, ਜਿਨ੍ਹਾਂ ਦੇ ਘਰ ਵਿਚ ਕਿਸੇ ਦੀ ਮੌਤ ਹੋਈ ਹੋਵੇ ਜਾਂ ਜੋ ਪ੍ਰਚਾਰ ਦੌਰਾਨ ਘਰਾਂ ਵਿਚ ਨਹੀਂ ਮਿਲੇ ਸਨ, ਉਨ੍ਹਾਂ ਨੂੰ ਚਿੱਠੀ ਲਿਖ ਕੇ ਸੰਖੇਪ ਵਿਚ ਗਵਾਹੀ ਦੇ ਸਕਦੇ ਹਾਂ। ਅਸੀਂ ਚਿੱਠੀ ਦੇ ਨਾਲ ਕੋਈ ਢੁਕਵਾਂ ਟ੍ਰੈਕਟ ਭੇਜ ਸਕਦੇ ਹਾਂ ਜਿਸ ਵਿਚ ਬਾਈਬਲ ਦਾ ਮਨਭਾਉਂਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਜੋ ਉਸ ਵਿਅਕਤੀ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰੇਗਾ। ਵਾਪਸੀ ਪਤੇ ਲਈ ਕਿਰਪਾ ਕਰ ਕੇ ਸ਼ਾਖ਼ਾ ਦਫ਼ਤਰ ਦਾ ਪਤਾ ਨਾ ਦਿਓ, ਸਗੋਂ ਆਪਣਾ ਜਾਂ ਕਿੰਗਡਮ ਹਾਲ ਦਾ ਪਤਾ ਦਿਓ।
5 ਟੈਲੀਫ਼ੋਨ ਗਵਾਹੀ: ਇਹ ਉਨ੍ਹਾਂ ਲੋਕਾਂ ਤਕ ਪਹੁੰਚਣ ਦਾ ਵਧੀਆ ਜ਼ਰੀਆ ਹੈ ਜਿਨ੍ਹਾਂ ਨੂੰ ਅਸੀਂ ਘਰ-ਘਰ ਪ੍ਰਚਾਰ ਕਰਦੇ ਸਮੇਂ ਨਹੀਂ ਮਿਲ ਸਕਦੇ। ਜੇ ਅਸੀਂ ਇਸ ਨੂੰ ਸਮਝਦਾਰੀ, ਸਨੇਹ-ਭਾਵਨਾ, ਹੁਸ਼ਿਆਰੀ ਅਤੇ ਕੁਸ਼ਲਤਾ ਨਾਲ ਕਰੀਏ, ਤਾਂ ਇਸ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ। ਫਰਵਰੀ 2001 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 5-6 ਉੱਤੇ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਸਨ ਕਿ ਅਸੀਂ ਵਧੀਆ ਨਤੀਜੇ ਕਿਵੇਂ ਹਾਸਲ ਕਰ ਸਕਦੇ ਹਾਂ।
6 ਇਕ ਭੈਣ ਨੇ ਟੈਲੀਫ਼ੋਨ ਤੇ ਗਵਾਹੀ ਦਿੰਦੇ ਸਮੇਂ ਇਕ ਔਰਤ ਨੂੰ ਪੁੱਛਿਆ ਕਿ ਕੀ ਉਸ ਨੇ ਕਦੇ ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਿਆ ਹੈ। ਉਸ ਔਰਤ ਨੇ ਹਾਂ ਵਿਚ ਜਵਾਬ ਦਿੱਤਾ। ਉਸ ਨੇ ਦੱਸਿਆ ਕਿ ਭਵਿੱਖ ਬਾਰੇ ਨਿਰਾਸ਼ਾ ਹੋਣ ਕਰਕੇ ਉਸ ਨੇ ਘਰ ਦੇ ਦੂਸਰੇ ਮੈਂਬਰਾਂ ਨਾਲ ਗੱਲ ਕਰਨੀ ਵੀ ਛੱਡ ਦਿੱਤੀ ਹੈ। ਭੈਣ ਦੁਆਰਾ ਦਿਖਾਈ ਸੱਚੀ ਦਿਲਚਸਪੀ ਤੋਂ ਪ੍ਰੇਰਿਤ ਹੋ ਕੇ ਉਹ ਔਰਤ ਬਾਜ਼ਾਰ ਵਿਚ ਭੈਣ ਨੂੰ ਮਿਲਣ ਵਾਸਤੇ ਸਹਿਮਤ ਹੋ ਗਈ। ਨਤੀਜੇ ਵਜੋਂ, ਉਹ ਔਰਤ ਖ਼ੁਸ਼ੀ-ਖ਼ੁਸ਼ੀ ਬਾਈਬਲ ਅਧਿਐਨ ਕਰਨ ਲਈ ਮੰਨ ਗਈ!
7 ਨਵੇਂ ਲੋਕਾਂ ਦਾ ਸੁਆਗਤ ਕਰਨਾ: ਜੇ ਅਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਸਭਾ ਵਿਚ ਆਏ ਕਿਸੇ ਵੀ ਨਵੇਂ ਵਿਅਕਤੀ ਦਾ ਧਿਆਨ ਰੱਖਾਂਗੇ ਤੇ ਉਸ ਦਾ ਸੁਆਗਤ ਕਰਾਂਗੇ। (ਰੋਮੀ. 15:7) ਉਸ ਨੂੰ ਇਸ ਗੱਲ ਦਾ ਅਹਿਸਾਸ ਕਰਾਓ ਕਿ ਉੱਥੇ ਮੌਜੂਦ ਸਾਰੇ ਲੋਕ ਉਸ ਦੀ ਅਧਿਆਤਮਿਕ ਭਲਾਈ ਵਿਚ ਦਿਲੋਂ ਦਿਲਚਸਪੀ ਰੱਖਦੇ ਹਨ। ਸਾਡੀ ਸੱਚੀ ਦਿਲਚਸਪੀ ਅਤੇ ਉਸ ਨੂੰ ਬਾਈਬਲ ਅਧਿਐਨ ਕਰਾਉਣ ਦੀ ਸਾਡੀ ਪੇਸ਼ਕਸ਼ ਉਸ ਨੂੰ ਸਾਡੀ ਮਦਦ ਸਵੀਕਾਰ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ।
8 ਸਾਡਾ ਚੰਗਾ ਆਚਰਣ: ਅਸੀਂ ਆਪਣੇ ਚੰਗੇ ਆਚਰਣ ਨਾਲ ਸੱਚਾਈ ਨੂੰ ਸ਼ਿੰਗਾਰਦੇ ਹਾਂ। (ਤੀਤੁ. 2:10) ਦੁਨੀਆਂ ਦੇ ਲੋਕ ਜਦੋਂ ਯਹੋਵਾਹ ਦੇ ਗਵਾਹਾਂ ਵਜੋਂ ਸਾਡੀ ਤਾਰੀਫ਼ ਕਰਦੇ ਹਨ, ਤਾਂ ਇਸ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। (1 ਪਤ. 2:12) ਇਸ ਨਾਲ ਵੀ ਦੂਜਿਆਂ ਨੂੰ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਮਿਲ ਸਕਦੀ ਹੈ।
9 ਕਿਉਂ ਨਾ ਅਸੀਂ ਯਹੋਵਾਹ ਦੇ ਮਹਾਨ ਪਿਆਰ ਲਈ ਆਪਣੀ ਕਦਰ ਦਿਖਾਉਣ ਲਈ ਇਨ੍ਹਾਂ ਪੰਜ ਤਰੀਕਿਆਂ ਉੱਤੇ ਵਿਚਾਰ ਕਰੀਏ ਅਤੇ ਇਨ੍ਹਾਂ ਨੂੰ ਅਮਲ ਵਿਚ ਲਿਆਈਏ? (1 ਯੂਹੰ. 4:16) ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।