ਇਕ ਦੂਸਰੇ ਦਾ ਹੌਸਲਾ ਵਧਾਉਣ ਦਾ ਖ਼ਾਸ ਮੌਕਾ
1 ਇਕ ਵੀ ਅਜਿਹਾ ਦਿਨ ਨਹੀਂ ਬੀਤਦਾ ਜਦੋਂ ਯਹੋਵਾਹ ਦੇ ਲੋਕਾਂ ਦੀ ਨਿਹਚਾ ਨਾ ਪਰਖੀ ਜਾਂਦੀ ਹੋਵੇ। ਸ਼ਤਾਨ ਜਾਣਦਾ ਹੈ ਕਿ ਉਸ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ, ਤਾਂ ਹੀ ਉਹ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਪਰ. 12:12) ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ” ਹੋਈਏ, ਤਾਂਕਿ ਅਸੀਂ ‘ਬੁਰੇ ਦਿਨ ਵਿੱਚ ਸਾਹਮਣਾ ਕਰ ਸਕੀਏ ਅਤੇ ਸੱਭੋ ਕੁਝ ਮੁਕਾ ਕੇ ਖਲੋ ਸਕੀਏ।’—ਅਫ਼. 6:10, 13.
2 ਯਹੋਵਾਹ ਨੇ ਸਾਨੂੰ ਤਕੜਾ ਕਰਨ ਵਾਸਤੇ ਸਾਡੇ ਲਈ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਇਕੱਠੇ ਹੋਣ ਦਾ ਪ੍ਰਬੰਧ ਕੀਤਾ ਹੈ। ਪੌਲੁਸ ਰਸੂਲ ਇਸ ਪ੍ਰਬੰਧ ਦੀ ਅਹਿਮੀਅਤ ਨੂੰ ਜਾਣਦਾ ਸੀ। ਉਹ ਆਪਣੇ ਮਸੀਹੀ ਭਰਾਵਾਂ ਦੀ ਸੰਗਤੀ ਲਈ ਤਰਸਦਾ ਸੀ ਤਾਂਕਿ “ਦੋਹਾਂ ਦੀ ਨਿਸ਼ਾ ਹੋਵੇ” ਅਤੇ ਉਹ ‘ਤਕੜੇ ਹੋ ਸਕਣ।’ (ਰੋਮੀ. 1:11, 12) ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਾਨੂੰ ਤਕੜੇ ਕਰਨ ਵਾਸਤੇ ਪ੍ਰਬੰਧਕ ਸਭਾ ਨੇ ਬੜੇ ਪਿਆਰ ਨਾਲ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਦਾ ਇੰਤਜ਼ਾਮ ਕੀਤਾ ਹੈ ਜਿਸ ਵਿਚ ਸਾਨੂੰ ਇਕ ਦੂਸਰੇ ਨੂੰ ਹੌਸਲਾ ਦੇਣ ਦਾ ਮੌਕਾ ਮਿਲੇਗਾ।
3 ਲਾਭ ਹਾਸਲ ਕਰਨ ਲਈ ਸੰਮੇਲਨ ਵਿਚ ਹਾਜ਼ਰ ਹੋਵੋ: ਸੰਮੇਲਨ ਵਿਚ ਤਿੰਨੇ ਦਿਨ ਹਾਜ਼ਰ ਰਹਿਣ ਦਾ ਟੀਚਾ ਰੱਖੋ। ‘ਲਾਭ ਉਠਾਉਣ’ ਲਈ ਪਹਿਲੇ ਗੀਤ ਤੋਂ ਲੈ ਕੇ ਆਖ਼ਰੀ ਪ੍ਰਾਰਥਨਾ ਤਕ ਹਾਜ਼ਰ ਰਹੋ ਤਾਂਕਿ ਤੁਸੀਂ ਦਿਲੋਂ “ਆਮੀਨ” ਕਹਿ ਸਕੋ। (ਯਸਾ. 48:17, 18) ਇਸ ਸਾਲ ਸੰਮੇਲਨ ਛੁੱਟੀਆਂ ਦੇ ਦੌਰਾਨ ਰੱਖੇ ਗਏ ਹਨ ਤਾਂਕਿ ਸਾਰੇ ਬੱਚੇ ਅਤੇ ਕੰਮਕਾਜੀ ਭੈਣ-ਭਰਾ ਇਨ੍ਹਾਂ ਵਿਚ ਹਾਜ਼ਰ ਹੋ ਸਕਣ ਅਤੇ ਉਨ੍ਹਾਂ ਨੂੰ ਜ਼ਿਆਦਾ ਛੁੱਟੀਆਂ ਲੈਣ ਦੀ ਲੋੜ ਨਾ ਪਵੇ। ਪਰ ਉੱਤਰੀ ਅਤੇ ਉੱਤਰ-ਪੂਰਬੀ ਇਲਾਕਿਆਂ ਵਿਚ ਰਹਿਣ ਵਾਲੇ ਭਰਾਵਾਂ ਨੂੰ ਮੁੰਬਈ ਵਿਚ ਹੋਣ ਵਾਲੇ ਸੰਮੇਲਨ ਵਿਚ ਜਾਣ ਲਈ ਜ਼ਿਆਦਾ ਦਿਨ ਲੱਗਣਗੇ। ਇਸ ਲਈ ਉਨ੍ਹਾਂ ਨੂੰ ਸੰਮੇਲਨ ਵਿਚ ਤਿੰਨੇ ਦਿਨ ਹਾਜ਼ਰ ਰਹਿਣ ਲਈ ਛੁੱਟੀ ਲੈਣ ਦੇ ਹੁਣ ਤੋਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ। ਇਨ੍ਹਾਂ ਵੱਡੇ ਸੰਮੇਲਨਾਂ ਵਿਚ ਜਾਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ, ਪਰ ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਸ ਦੀ ਇੱਛਾ ਪੂਰੀ ਕਰਨ ਵਿਚ ਉਹ ਸਾਡੀ ਜ਼ਰੂਰ ਮਦਦ ਕਰੇਗਾ। (1 ਯੂਹੰ. 5:14, 15) ਸਫ਼ਰ ਦੀ ਤਾਰੀਖ਼ ਤੋਂ ਦੋ ਮਹੀਨੇ ਪਹਿਲਾਂ ਹੀ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਾਈਆਂ ਜਾ ਸਕਦੀਆਂ ਹਨ। ਇਸ ਲਈ, ਜੇ ਤੁਸੀਂ ਅਜੇ ਟਿਕਟਾਂ ਬੁੱਕ ਨਹੀਂ ਕਰਾਈਆਂ, ਤਾਂ ਹੁਣ ਤੋਂ ਹੀ ਟਿਕਟਾਂ ਬੁੱਕ ਕਰਾਓ ਅਤੇ ਰਹਿਣ ਦਾ ਬੰਦੋਬਸਤ ਕਰੋ। ਇਨ੍ਹਾਂ ਕੰਮਾਂ ਨੂੰ ਆਖ਼ਰ ਤਕ ਨਾ ਛੱਡੋ। ਭਰੋਸਾ ਰੱਖੋ ਕਿ ਸੰਮੇਲਨ ਵਿਚ ਤਿੰਨੇ ਦਿਨ ਹਾਜ਼ਰ ਰਹਿਣ ਲਈ ਅਸੀਂ ਜੋ ਵੀ ਮਿਹਨਤ ਕਰਾਂਗੇ, ਉਸ ਉੱਤੇ ਯਹੋਵਾਹ ਜ਼ਰੂਰ ਅਸੀਸ ਪਾਵੇਗਾ।—ਕਹਾ. 10:22.
4 ਹੌਸਲਾ-ਅਫ਼ਜ਼ਾਈ ਦੀ ਤਾਂਘ ਵਿਚ ਰਹੋ: ਕੀ ਤੁਸੀਂ ਕਦੇ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਤੋਂ ਬਾਅਦ ਇਹ ਕਿਹਾ ਹੈ ਕਿ “ਮੈਂ ਇਸ ਸੰਮੇਲਨ ਦਾ ਬਹੁਤ ਹੀ ਆਨੰਦ ਮਾਣਿਆ!”? ਤੁਸੀਂ ਇਸ ਤਰ੍ਹਾਂ ਕਿਉਂ ਮਹਿਸੂਸ ਕੀਤਾ? ਕਿਉਂਕਿ ਅਸੀਂ ਨਾਮੁਕੰਮਲ ਇਨਸਾਨ ਹੋਣ ਕਰਕੇ ਜ਼ਿੰਦਗੀ ਦੀ ਭੱਜ-ਦੌੜ ਵਿਚ ਬਹੁਤ ਥੱਕ ਜਾਂਦੇ ਹਾਂ। (ਯਸਾ. 40:30) ਇਸ ਲਈ ਸਾਨੂੰ ਅਧਿਆਤਮਿਕ ਹੌਸਲਾ-ਅਫ਼ਜ਼ਾਈ ਦੀ ਲੋੜ ਹੈ। ਇਕ ਭੈਣ ਨੇ ਕਿਹਾ: “ਰੋਜ਼ਮੱਰਾ ਦੀ ਜ਼ਿੰਦਗੀ ਮੈਨੂੰ ਥਕਾ ਦਿੰਦੀ ਹੈ, ਪਰ ਸੰਮੇਲਨਾਂ ਵਿਚ ਜਾ ਕੇ ਮੈਨੂੰ ਫਿਰ ਤੋਂ ਅਧਿਆਤਮਿਕ ਤਾਕਤ ਮਿਲਦੀ ਹੈ ਅਤੇ ਮੈਨੂੰ ਸਹੀ ਨਜ਼ਰੀਆ ਰੱਖਣ ਦੀ ਪ੍ਰੇਰਣਾ ਮਿਲਦੀ ਹੈ। ਇਹ ਪ੍ਰੇਰਣਾ ਮੈਨੂੰ ਬਿਲਕੁਲ ਸਹੀ ਸਮੇਂ ਤੇ ਮਿਲਦੀ ਹੈ ਜਦੋਂ ਮੈਨੂੰ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।” ਤੁਸੀਂ ਵੀ ਸ਼ਾਇਦ ਕਦੇ ਇਸ ਭੈਣ ਵਾਂਗ ਮਹਿਸੂਸ ਕੀਤਾ ਹੋਵੇਗਾ।
5 ਸਾਨੂੰ ਨਾ ਸਿਰਫ਼ ਭਾਸ਼ਣਾਂ ਅਤੇ ਇੰਟਰਵਿਊਆਂ ਤੋਂ ਹੌਸਲਾ-ਅਫ਼ਜ਼ਾਈ ਮਿਲਦੀ ਹੈ, ਪਰ ਸੰਮੇਲਨ ਦੀਆਂ ਹੋਰ ਖੂਬੀਆਂ ਵੀ ਸਾਨੂੰ ਮਜ਼ਬੂਤ ਕਰਦੀਆਂ ਹਨ। ਇਕ ਭਰਾ ਨੇ ਕਿਹਾ: “ਮੈਨੂੰ ਸੰਮੇਲਨ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਸਾਨੂੰ ਬਾਈਬਲ ਦੇ ਸਿਧਾਂਤਾਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਲਾਗੂ ਕਰਨਾ ਸਿਖਾਇਆ ਜਾਂਦਾ ਹੈ। ਅਤੇ ਡਰਾਮੇ ਸਾਨੂੰ ਦਿਖਾਉਂਦੇ ਹਨ ਕਿ ਅਸੀਂ ਬੀਤੇ ਸਮੇਂ ਦੇ ਲੋਕਾਂ ਦੀਆਂ ਚੰਗੀਆਂ ਤੇ ਭੈੜੀਆਂ ਉਦਾਹਰਣਾਂ ਤੋਂ ਕੀ ਸਬਕ ਸਿੱਖ ਸਕਦੇ ਹਾਂ। ਮੈਂ ਹਮੇਸ਼ਾ ਨਵੀਆਂ ਰਿਲੀਸਾਂ ਦੀ ਉਤਸ਼ਾਹ ਨਾਲ ਉਡੀਕ ਕਰਦਾ ਹਾਂ ਅਤੇ ਵਾਪਸ ਘਰ ਆਉਣ ਤੇ ਮੈਂ ਕਾਫ਼ੀ ਸਮੇਂ ਤਕ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਦਾ ਆਨੰਦ ਮਾਣਦਾ ਹਾਂ।”
6 ਯਹੋਵਾਹ ਨੇ ਇਨ੍ਹਾਂ ‘ਭੈੜੇ ਸਮਿਆਂ’ ਵਿਚ ਸਾਨੂੰ ਮਜ਼ਬੂਤ ਕਰਨ ਲਈ ਸੰਮੇਲਨਾਂ ਦਾ ਖ਼ਾਸ ਪ੍ਰਬੰਧ ਕੀਤਾ ਹੈ। (2 ਤਿਮੋ. 3:1) ਇਹ ਪਰਮੇਸ਼ੁਰ ਦੀ ਇਸ ਸਲਾਹ ਉੱਤੇ ਚੱਲਣ ਵਿਚ ਸਾਡੀ ਮਦਦ ਕਰਦੇ ਹਨ: “ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।” (1 ਕੁਰਿੰ. 16:13) ਇਸ ਲਈ, ਆਓ ਆਪਾਂ ਦ੍ਰਿੜ੍ਹ ਹੋਈਏ ਕਿ ਅਸੀਂ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਦੇ ਹਰ ਸੈਸ਼ਨ ਵਿਚ ਹਾਜ਼ਰ ਰਹਾਂਗੇ ਅਤੇ ਇਕ ਦੂਸਰੇ ਦਾ ਹੌਸਲਾ ਵਧਾਵਾਂਗੇ!
[ਸਫ਼ੇ 3 ਉੱਤੇ ਡੱਬੀ]
ਤਿੰਨੇ ਦਿਨ ਹਾਜ਼ਰ ਰਹਿਣ ਦੀ ਤਿਆਰੀ ਕਰੋ
■ ਆਪਣੇ ਕੰਮ ਤੋਂ ਛੁੱਟੀ ਲੈਣ ਦਾ ਪ੍ਰਬੰਧ ਕਰੋ।
■ ਸੰਮੇਲਨ ਵਾਲੇ ਸ਼ਹਿਰ ਵਿਚ ਰਹਿਣ ਦਾ ਬੰਦੋਬਸਤ ਕਰੋ।
■ ਸੰਮੇਲਨ ਵਿਚ ਜਾਣ ਲਈ ਟਿਕਟਾਂ ਬੁੱਕ ਕਰਾਓ।