ਨਵਾਂ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ
1 ਜਦ ਕਿ ਮੀਡੀਆ ਅਤੇ ਦੁਨਿਆਵੀ ਸਿੱਖਿਅਕ ਧਨ-ਦੌਲਤ ਦੀ ਮਹਿਮਾ ਕਰਦੇ ਹਨ, ਪਰ ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹਿਤ ਕਰਦਾ ਹੈ: “ਸ਼ੁਭ ਕਰਮਾਂ ਵਿਚ ਧਨੀ ਬਣੋ।” (1 ਤਿਮੋ. 6:18) ਇਹ ਅਪ੍ਰੈਲ 2003 ਤੋਂ ਸ਼ੁਰੂ ਹੋਣ ਵਾਲੇ ਸਾਡੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਵਿਸ਼ਾ ਹੋਵੇਗਾ। ਇਸ ਸੰਮੇਲਨ ਵਿਚ ਸਾਨੂੰ ਕਿਹੜੀ ਗੱਲ ਲਈ ਉਤਸ਼ਾਹਿਤ ਕੀਤਾ ਜਾਵੇਗਾ?
2 ਸਰਕਟ ਨਿਗਾਹਬਾਨ ਇਸ ਗੱਲ ਉੱਤੇ ਚਰਚਾ ਕਰੇਗਾ ਕਿ “ਪਰਮੇਸ਼ੁਰ ਦੀ ਨਜ਼ਰ ਵਿਚ ਧਨੀ ਬਣੋ” ਦਾ ਕੀ ਮਤਲਬ ਹੈ। ਉਹ ਕੁਝ ਭੈਣ-ਭਰਾਵਾਂ ਦੀ ਇੰਟਰਵਿਊ ਲਵੇਗਾ ਜੋ ਅਧਿਆਤਮਿਕ ਤੌਰ ਤੇ ਧਨੀ ਬਣਨ ਲਈ ਮਿਹਨਤ ਕਰ ਰਹੇ ਹਨ। ਮਹਿਮਾਨ ਭਾਸ਼ਣਕਾਰ ਆਪਣੇ ਪਹਿਲੇ ਭਾਸ਼ਣ ਵਿਚ ਦੱਸੇਗਾ ਕਿ ਪਰਮੇਸ਼ੁਰ ਦੇ ਲੋਕ ਕਿਵੇਂ “ਵਾਢੀ ਦੇ ਇਸ ਸਮੇਂ ਵਿਚ ਸ਼ੁਭ ਕਰਮ” ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਗੱਲ ਉੱਤੇ ਸੋਚ-ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਕਿ ਅੱਜ ਕੀਤੇ ਜਾ ਰਹੇ ਪਰਮੇਸ਼ੁਰ ਦੇ ਵਾਢੀ ਦੇ ਕੰਮ ਵਿਚ ਅਸੀਂ ਹੋਰ ਜ਼ਿਆਦਾ ਹਿੱਸਾ ਕਿਵੇਂ ਲੈ ਸਕਦੇ ਹਾਂ।
3 ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮਸੀਹੀ ਨੌਜਵਾਨ ਅਧਿਆਤਮਿਕ ਧਨ ਦਾ ਪਿੱਛਾ ਕਰ ਰਹੇ ਹਨ! ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਅਤੇ ਨੌਜਵਾਨਾਂ ਨੂੰ ਚੰਗੀ ਨੀਂਹ ਰੱਖਣ ਵਿਚ ਮਦਦ ਮਿਲਦੀ ਹੈ ਤਾਂਕਿ ਭਵਿੱਖ ਵਿਚ ਉਨ੍ਹਾਂ ਨੂੰ ਸੇਵਾ ਦੇ ਮੌਕੇ ਮਿਲ ਸਕਣ। ਭਾਸ਼ਣ “ਸ਼ੁਭ ਕਰਮਾਂ ਦੁਆਰਾ ਯਹੋਵਾਹ ਦੀ ਉਸਤਤ ਕਰਨ ਲਈ ਨੌਜਵਾਨਾਂ ਦੀ ਤਾਰੀਫ਼ ਕਰੋ” ਵਿਚ ਨੌਜਵਾਨ ਮਸੀਹੀਆਂ ਦੁਆਰਾ ਕਲੀਸਿਯਾ ਵਿਚ ਕੀਤੇ ਜਾਂਦੇ ਸ਼ੁਭ ਕਰਮਾਂ ਨੂੰ ਉਜਾਗਰ ਕੀਤਾ ਜਾਵੇਗਾ।
4 ਸ਼ੁਭ ਕਰਮ ਕਰਨ ਦੇ ਕੀ ਨਤੀਜੇ ਨਿਕਲਦੇ ਹਨ? ਮਹਿਮਾਨ ਭਾਸ਼ਣਕਾਰ ਆਪਣੇ ਆਖ਼ਰੀ ਭਾਸ਼ਣ ਵਿਚ ਇਸ ਬਾਰੇ ਚਰਚਾ ਕਰੇਗਾ ਜਿਸ ਦਾ ਵਿਸ਼ਾ ਹੈ, “ਸ਼ੁਭ ਕਰਮ ਕਰ ਕੇ ਯਹੋਵਾਹ ਦੀਆਂ ਅਸੀਸਾਂ ਪਾਓ।” ਉਹ ਚਾਰ ਤਰੀਕਿਆਂ ਬਾਰੇ ਦੱਸੇਗਾ ਜਿਨ੍ਹਾਂ ਦੁਆਰਾ ਅਸੀਂ ਅਸੀਸਾਂ ਪਾਉਂਦੇ ਹਾਂ: (1) ਨਿੱਜੀ ਤੌਰ ਤੇ (2) ਪਰਿਵਾਰ ਦੇ ਤੌਰ ਤੇ (3) ਕਲੀਸਿਯਾ ਦੇ ਤੌਰ ਤੇ ਅਤੇ (4) ਵਿਸ਼ਵ-ਵਿਆਪੀ ਸੰਗਠਨ ਦੇ ਤੌਰ ਤੇ।
5 ਜਿਨ੍ਹਾਂ ਨੇ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਹੈ, ਉਨ੍ਹਾਂ ਕੋਲ ਬਪਤਿਸਮਾ ਲੈਣ ਦਾ ਮੌਕਾ ਹੋਵੇਗਾ। ਜੇ ਤੁਸੀਂ ਇਹ ਕਦਮ ਉਠਾਉਣ ਲਈ ਤਿਆਰ ਹੋ, ਤਾਂ ਹੁਣੇ ਹੀ ਪ੍ਰਧਾਨ ਨਿਗਾਹਬਾਨ ਨੂੰ ਦੱਸੋ।
6 ਜਦੋਂ ਤੁਹਾਡੇ ਸੰਮੇਲਨ ਦੀ ਤਾਰੀਖ਼ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਸੰਮੇਲਨ ਵਿਚ ਹਾਜ਼ਰ ਹੋਣ ਲਈ ਛੇਤੀ ਤੋਂ ਛੇਤੀ ਪੱਕੀਆਂ ਯੋਜਨਾਵਾਂ ਬਣਾਓ। ਸੰਮੇਲਨ ਵਿਚ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਸ਼ੁਰੂਆਤੀ ਗੀਤ ਅਤੇ ਪ੍ਰਾਰਥਨਾ ਵਿਚ ਹਾਜ਼ਰ ਹੋ ਸਕੋ। ਖ਼ਾਸ ਸੰਮੇਲਨ ਦਿਨ ਦੇ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਹੋਣ ਅਤੇ ਧਿਆਨ ਨਾਲ ਸੁਣਨ ਦੁਆਰਾ ਅਸੀਂ ਅਜਿਹੀ ਜ਼ਿੰਦਗੀ ਜੀਉਣ ਲਈ ਉਤਸ਼ਾਹਿਤ ਹੋਵਾਂਗੇ ਜਿਸ ਨਾਲ ਅਸੀਂ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੱਚ-ਮੁੱਚ ਧਨੀ ਬਣਾਂਗੇ।