ਭਾਗ 2—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਤਿਆਰੀ ਕਰਨੀ
1 ਚੰਗੇ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਣ ਦਾ ਮਤਲਬ ਇਹੀ ਨਹੀਂ ਹੈ ਕਿ ਅਸੀਂ ਪੈਰਿਆਂ ਉੱਤੇ ਚਰਚਾ ਕਰੀਏ ਅਤੇ ਦਿੱਤੇ ਹਵਾਲਿਆਂ ਨੂੰ ਪੜ੍ਹੀਏ। ਸਾਨੂੰ ਇਸ ਤਰੀਕੇ ਨਾਲ ਸਿਖਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਦੇ ਮਨ ਉੱਤੇ ਇਸ ਦਾ ਗਹਿਰਾ ਅਸਰ ਪਵੇ। ਇਸ ਲਈ ਵਿਦਿਆਰਥੀ ਨੂੰ ਧਿਆਨ ਵਿਚ ਰੱਖਦੇ ਹੋਏ ਚੰਗੀ ਤਰ੍ਹਾਂ ਤਿਆਰੀ ਕਰਨੀ ਜ਼ਰੂਰੀ ਹੈ।—ਕਹਾ. 15:28.
2 ਤਿਆਰੀ ਕਰਨ ਦਾ ਢੰਗ: ਸਭ ਤੋਂ ਪਹਿਲਾਂ ਯਹੋਵਾਹ ਨੂੰ ਵਿਦਿਆਰਥੀ ਅਤੇ ਉਸ ਦੀਆਂ ਲੋੜਾਂ ਬਾਰੇ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਵਿਚ ਤੁਹਾਡੀ ਮਦਦ ਕਰੇ। (ਕੁਲੁ. 1:9, 10) ਜਿਸ ਅਧਿਆਇ ਵਿੱਚੋਂ ਤੁਸੀਂ ਸਟੱਡੀ ਕਰਾਉਣੀ ਹੈ, ਉਸ ਦਾ ਮੁੱਖ ਵਿਸ਼ਾ ਸਮਝਣ ਲਈ ਅਧਿਆਇ ਦੇ ਸਿਰਲੇਖ, ਉਪ-ਸਿਰਲੇਖਾਂ ਅਤੇ ਤਸਵੀਰਾਂ ਵਗੈਰਾ ਉੱਤੇ ਵਿਚਾਰ ਕਰੋ। ਆਪਣੇ ਆਪ ਤੋਂ ਪੁੱਛੋ, ‘ਇਸ ਜਾਣਕਾਰੀ ਦਾ ਮੁੱਖ ਮਕਸਦ ਕੀ ਹੈ?’ ਇਹ ਜਾਣ ਕੇ ਤੁਸੀਂ ਸਟੱਡੀ ਕਰਾਉਣ ਵੇਲੇ ਮੁੱਖ ਨੁਕਤਿਆਂ ਉੱਤੇ ਜ਼ਿਆਦਾ ਧਿਆਨ ਦੇ ਪਾਓਗੇ।
3 ਇਕ-ਇਕ ਪੈਰਾ ਪੜ੍ਹ ਕੇ ਉਸ ਉੱਤੇ ਵਿਚਾਰ ਕਰੋ। ਦਿੱਤੇ ਗਏ ਸਵਾਲਾਂ ਦੇ ਜਵਾਬ ਲੱਭੋ ਅਤੇ ਖ਼ਾਸ ਸ਼ਬਦਾਂ ਅਤੇ ਵਾਕਾਂ ਉੱਤੇ ਨਿਸ਼ਾਨ ਲਾਓ। ਬਾਈਬਲ ਦੀਆਂ ਆਇਤਾਂ ਉੱਤੇ ਸੋਚ-ਵਿਚਾਰ ਕਰ ਕੇ ਦੇਖੋ ਕਿ ਇਨ੍ਹਾਂ ਦਾ ਪੈਰੇ ਦੇ ਮੁੱਖ ਨੁਕਤੇ ਨਾਲ ਕੀ ਸੰਬੰਧ ਹੈ ਅਤੇ ਫਿਰ ਦੇਖੋ ਕਿ ਤੁਸੀਂ ਕਿਹੜੀਆਂ ਆਇਤਾਂ ਸਟੱਡੀ ਦੌਰਾਨ ਪੜ੍ਹੋਗੇ। ਤੁਸੀਂ ਕਿਤਾਬ ਜਾਂ ਬਰੋਸ਼ਰ ਵਿਚ ਖਾਲੀ ਥਾਂ ਉੱਤੇ ਆਇਤਾਂ ਬਾਰੇ ਕੁਝ ਗੱਲਾਂ ਲਿਖ ਵੀ ਸਕਦੇ ਹੋ। ਵਿਦਿਆਰਥੀ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਜੋ ਵੀ ਸਿੱਖ ਰਿਹਾ ਹੈ, ਪਰਮੇਸ਼ੁਰ ਦੇ ਬਚਨ ਵਿੱਚੋਂ ਹੈ।—1 ਥੱਸ. 2:13.
4 ਸਟੱਡੀ ਨੂੰ ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਢਾਲ਼ੋ: ਇਸ ਤੋਂ ਬਾਅਦ, ਆਪਣੇ ਵਿਦਿਆਰਥੀ ਨੂੰ ਮਨ ਵਿਚ ਰੱਖ ਕੇ ਪਾਠ ਨੂੰ ਤਿਆਰ ਕਰੋ। ਸੋਚੋ ਕਿ ਉਹ ਕਿਹੜੇ ਸਵਾਲ ਪੁੱਛ ਸਕਦਾ ਹੈ ਜਾਂ ਉਸ ਨੂੰ ਕਿਹੜੇ ਨੁਕਤੇ ਸਮਝਣ ਜਾਂ ਸਵੀਕਾਰ ਕਰਨ ਵਿਚ ਮੁਸ਼ਕਲ ਲੱਗਣਗੇ। ਆਪਣੇ ਆਪ ਨੂੰ ਪੁੱਛੋ: ‘ਉਸ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਕੀ ਸਮਝਣ ਦੀ ਲੋੜ ਹੈ ਜਾਂ ਆਪਣੇ ਵਿਚ ਕੀ ਸੁਧਾਰ ਕਰਨ ਦੀ ਲੋੜ ਹੈ? ਮੈਂ ਉਸ ਦੇ ਦਿਲ ਤਕ ਕਿੱਦਾਂ ਪਹੁੰਚ ਸਕਦਾ ਹਾਂ?’ ਫਿਰ ਇਸ ਦੇ ਮੁਤਾਬਕ ਉਸ ਨੂੰ ਸਿਖਾਓ। ਕੋਈ ਖ਼ਾਸ ਨੁਕਤਾ ਜਾਂ ਆਇਤ ਸਮਝਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰਨ ਲਈ ਤੁਹਾਨੂੰ ਸ਼ਾਇਦ ਕੋਈ ਉਦਾਹਰਣ ਜਾਂ ਕਈ ਸਵਾਲ ਤਿਆਰ ਕਰਨੇ ਪੈਣ। (ਨਹ. 8:8) ਪਰ ਬਿਨਾਂ ਵਜ੍ਹਾ ਵਾਧੂ ਜਾਣਕਾਰੀ ਨਾ ਦਿਓ ਜਿਸ ਦਾ ਮੁੱਖ ਵਿਸ਼ੇ ਨਾਲ ਕੋਈ ਸੰਬੰਧ ਨਹੀਂ। ਸਟੱਡੀ ਦੇ ਅਖ਼ੀਰ ਵਿਚ ਖ਼ਾਸ ਨੁਕਤਿਆਂ ਉੱਤੇ ਮੁੜ ਵਿਚਾਰ ਕਰਨ ਨਾਲ ਵਿਦਿਆਰਥੀ ਇਨ੍ਹਾਂ ਨੂੰ ਯਾਦ ਰੱਖ ਸਕੇਗਾ।
5 ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਨਵੇਂ ਲੋਕ ਧਰਮ ਦੇ ਫਲ ਪੈਦਾ ਕਰ ਕੇ ਯਾਨੀ ਯਹੋਵਾਹ ਦੀ ਸੇਵਾ ਕਰ ਕੇ ਉਸ ਦੀ ਮਹਿਮਾ ਕਰਦੇ ਹਨ! (ਫ਼ਿਲਿ. 1:11) ਇਸ ਟੀਚੇ ਤਕ ਪਹੁੰਚਣ ਵਿਚ ਵਿਦਿਆਰਥੀ ਦੀ ਮਦਦ ਕਰਨ ਲਈ ਹਰ ਵਾਰ ਚੰਗੀ ਤਰ੍ਹਾਂ ਤਿਆਰੀ ਕਰ ਕੇ ਸਟੱਡੀ ਕਰਾਓ।