ਭਾਗ 4—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ
1 ਜਿਹੜਾ ਵਿਦਿਆਰਥੀ ਪਹਿਲਾਂ ਤੋਂ ਹੀ ਪਾਠ ਪੜ੍ਹ ਕੇ ਰੱਖਦਾ ਹੈ, ਸਵਾਲਾਂ ਦੇ ਜਵਾਬ ਲੱਭਦਾ ਹੈ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਸਿੱਖਦਾ ਹੈ, ਉਹ ਛੇਤੀ ਤਰੱਕੀ ਕਰੇਗਾ। ਇਸ ਲਈ ਆਪਣੇ ਬਾਈਬਲ ਵਿਦਿਆਰਥੀ ਨਾਲ ਬੈਠ ਕੇ ਉਸ ਨੂੰ ਪਾਠ ਦੀ ਤਿਆਰੀ ਕਰਨੀ ਸਿਖਾਓ। ਹੋ ਸਕੇ ਤਾਂ ਉਸ ਨਾਲ ਪੂਰੇ ਪਾਠ ਜਾਂ ਅਧਿਆਇ ਦੀ ਤਿਆਰੀ ਕਰੋ।
2 ਜਵਾਬਾਂ ਥੱਲੇ ਨਿਸ਼ਾਨ ਲਾਉਣੇ ਅਤੇ ਟਿੱਪਣੀਆਂ ਲਿਖਣੀਆਂ: ਵਿਦਿਆਰਥੀ ਨੂੰ ਪਾਠ ਵਿਚ ਦਿੱਤੇ ਸਵਾਲਾਂ ਦੇ ਜਵਾਬ ਲੱਭਣੇ ਸਿਖਾਓ। ਤੁਸੀਂ ਉਸ ਨੂੰ ਆਪਣੀ ਕਿਤਾਬ ਦਿਖਾ ਸਕਦੇ ਹੋ ਜਿਸ ਵਿਚ ਤੁਸੀਂ ਸਿਰਫ਼ ਕੁਝ ਖ਼ਾਸ ਸ਼ਬਦਾਂ ਹੇਠਾਂ ਲਾਈਨਾਂ ਲਾਈਆਂ ਹਨ। ਫਿਰ ਇਕੱਠੇ ਪਾਠ ਦੀ ਤਿਆਰੀ ਕਰਦੇ ਸਮੇਂ ਉਹ ਵੀ ਤੁਹਾਡੇ ਵਾਂਗ ਖ਼ਾਸ ਸ਼ਬਦਾਂ ਥੱਲੇ ਨਿਸ਼ਾਨ ਲਾ ਸਕਦਾ ਹੈ ਜੋ ਜਵਾਬ ਨੂੰ ਚੇਤੇ ਕਰਨ ਵਿਚ ਉਸ ਦੀ ਮਦਦ ਕਰਨਗੇ। (ਲੂਕਾ 6:40) ਇਸ ਤੋਂ ਬਾਅਦ ਉਸ ਨੂੰ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਲਈ ਕਹੋ। ਉਸ ਦੇ ਜਵਾਬ ਤੋਂ ਤੁਸੀਂ ਜਾਣ ਸਕੋਗੇ ਕਿ ਉਸ ਨੂੰ ਗੱਲ ਸਮਝ ਆ ਗਈ ਹੈ ਜਾਂ ਨਹੀਂ।
3 ਜਦੋਂ ਵਿਦਿਆਰਥੀ ਪਾਠ ਦੀ ਤਿਆਰੀ ਕਰਦਾ ਹੈ, ਤਾਂ ਉਸ ਨੂੰ ਪੈਰਿਆਂ ਵਿਚ ਦਿੱਤੇ ਹਵਾਲਿਆਂ ਨੂੰ ਬਾਈਬਲ ਵਿੱਚੋਂ ਪੜ੍ਹਨਾ ਅਤੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਰਸੂ. 17:11) ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਹਰ ਹਵਾਲੇ ਦਾ ਪੈਰੇ ਵਿਚ ਦਿੱਤੇ ਕਿਸੇ ਨੁਕਤੇ ਨਾਲ ਸੰਬੰਧ ਹੁੰਦਾ ਹੈ। ਉਸ ਨੂੰ ਕਿਤਾਬ ਦੇ ਹਾਸ਼ੀਏ ਵਿਚ ਹਵਾਲੇ ਸੰਬੰਧੀ ਸੰਖੇਪ ਟਿੱਪਣੀ ਲਿਖਣੀ ਸਿਖਾਓ। ਉਸ ਨੂੰ ਸਮਝਾਓ ਕਿ ਉਹ ਜੋ ਕੁਝ ਸਿੱਖ ਰਿਹਾ ਹੈ ਉਹ ਬਾਈਬਲ ਵਿੱਚੋਂ ਹੈ। ਇਸ ਲਈ ਉਸ ਨੂੰ ਉਤਸ਼ਾਹਿਤ ਕਰੋ ਕਿ ਉਹ ਸਟੱਡੀ ਦੌਰਾਨ ਜਵਾਬ ਦਿੰਦੇ ਵੇਲੇ ਬਾਈਬਲ ਦੀਆਂ ਆਇਤਾਂ ਇਸਤੇਮਾਲ ਕਰੇ।
4 ਸਰਸਰੀ ਨਜ਼ਰ ਅਤੇ ਪੁਨਰ-ਵਿਚਾਰ: ਪਾਠ ਦੀ ਤਿਆਰੀ ਕਰਨ ਤੋਂ ਪਹਿਲਾਂ ਵਿਦਿਆਰਥੀ ਲਈ ਪਾਠ ਉੱਤੇ ਸਰਸਰੀ ਨਜ਼ਰ ਮਾਰਨੀ ਚੰਗੀ ਗੱਲ ਹੋਵੇਗੀ। ਉਸ ਨੂੰ ਸਮਝਾਓ ਕਿ ਸਿਰਲੇਖ, ਉਪ-ਸਿਰਲੇਖ ਅਤੇ ਤਸਵੀਰਾਂ ਦੇਖ ਕੇ ਉਹ ਅੰਦਾਜ਼ਾ ਲਗਾ ਸਕਦਾ ਹੈ ਕਿ ਪਾਠ ਵਿਚ ਕੀ ਕੁਝ ਦੱਸਿਆ ਜਾਵੇਗਾ। ਫਿਰ ਸਮਝਾਓ ਕਿ ਚੰਗੀ ਤਿਆਰੀ ਕਰ ਲੈਣ ਤੋਂ ਬਾਅਦ ਪਾਠ ਦੇ ਮੁੱਖ ਮੁੱਦਿਆਂ ਤੇ ਮੁੜ ਵਿਚਾਰ ਕਰਨਾ ਲਾਹੇਵੰਦ ਹੋਵੇਗਾ। ਜੇ ਪਾਠ ਵਿਚ ਪੁਨਰ-ਵਿਚਾਰ ਲਈ ਸਵਾਲ ਦਿੱਤੇ ਗਏ ਹਨ, ਤਾਂ ਉਹ ਇਨ੍ਹਾਂ ਦੀ ਮਦਦ ਲੈ ਸਕਦਾ ਹੈ। ਮੁੱਖ ਗੱਲਾਂ ਦੁਹਰਾਉਣ ਨਾਲ ਇਹ ਉਸ ਦੇ ਮਨ ਵਿਚ ਚੰਗੀ ਤਰ੍ਹਾਂ ਬੈਠ ਜਾਣਗੀਆਂ।
5 ਜੇ ਵਿਦਿਆਰਥੀ ਆਪਣਾ ਪਾਠ ਚੰਗੀ ਤਰ੍ਹਾਂ ਤਿਆਰ ਕਰਨਾ ਸਿੱਖਦਾ ਹੈ, ਤਾਂ ਉਹ ਕਲੀਸਿਯਾ ਸਭਾਵਾਂ ਵਿਚ ਵੀ ਚੰਗੀਆਂ ਟਿੱਪਣੀਆਂ ਕਰ ਸਕੇਗਾ। ਇਸ ਤੋਂ ਇਲਾਵਾ, ਉਸ ਨੂੰ ਅਧਿਐਨ ਕਰਨ ਦੀ ਚੰਗੀ ਆਦਤ ਪੈ ਜਾਵੇਗੀ ਜੋ ਬਾਈਬਲ ਸਟੱਡੀ ਪੂਰੀ ਕਰ ਲੈਣ ਤੋਂ ਬਾਅਦ ਵੀ ਉਸ ਦੇ ਕੰਮ ਆਵੇਗੀ।