ਨਵੇਂ ਬਰੋਸ਼ਰ ਨੂੰ ਵੰਡਣ ਦੀ ਖ਼ਾਸ ਮੁਹਿੰਮ
1 ਅੱਜ ਬਹੁਤ ਸਾਰੇ ਲੋਕ ਦੁਨੀਆਂ ਦੇ ਭੈੜੇ ਹਾਲਾਤ ਦੇਖ ਕੇ ਦੁਖੀ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਾਲਾਤ ਕਿਉਂ ਇੰਨੇ ਖ਼ਰਾਬ ਹਨ, ਭਵਿੱਖ ਵਿਚ ਕੀ ਹੋਣ ਵਾਲਾ ਹੈ ਅਤੇ ਆਉਣ ਵਾਲੇ ਨਾਸ਼ ਤੋਂ ਬਚਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। (ਹਿਜ਼. 9:4) ਲੋਕਾਂ ਨੂੰ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਅਹਿਮੀਅਤ ਬਾਰੇ ਦੱਸਣ ਲਈ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਸੋਮਵਾਰ, 18 ਅਪ੍ਰੈਲ ਤੋਂ ਲੈ ਕੇ ਐਤਵਾਰ, 15 ਮਈ ਤਕ ਜਾਗਦੇ ਰਹੋ! ਨਾਮਕ ਨਵੇਂ ਬਰੋਸ਼ਰ ਨੂੰ ਵੰਡਣ ਦੀ ਮੁਹਿੰਮ ਚਲਾਉਣਗੇ।
2 ਅਸੀਂ ਘਰ-ਘਰ ਪ੍ਰਚਾਰ ਕਰਦੇ ਸਮੇਂ, ਪੁਨਰ-ਮੁਲਾਕਾਤਾਂ ਕਰਦੇ ਸਮੇਂ ਜਾਂ ਜਿੱਥੇ ਕਿਤੇ ਵੀ ਲੋਕ ਮਿਲਣ ਉਨ੍ਹਾਂ ਨੂੰ ਇਹ ਬਰੋਸ਼ਰ ਦੇ ਸਕਦੇ ਹਾਂ। ਪਰ ਸਾਨੂੰ ਬਰੋਸ਼ਰ ਅੰਨ੍ਹੇਵਾਹ ਨਹੀਂ ਵੰਡਣਾ ਚਾਹੀਦਾ। ਬਰੋਸ਼ਰ ਸਿਰਫ਼ ਉਨ੍ਹਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ ਜੋ ਬਾਈਬਲ ਦੀ ਮਦਦ ਨਾਲ ਦੁਨੀਆਂ ਦੇ ਹਾਲਾਤਾਂ ਦਾ ਮਤਲਬ ਜਾਣਨਾ ਚਾਹੁੰਦੇ ਹਨ। ਜਿਨ੍ਹਾਂ ਨੂੰ ਜ਼ਿਆਦਾ ਰੁਚੀ ਨਹੀਂ ਹੈ ਉਨ੍ਹਾਂ ਨੂੰ ਕੋਈ ਟ੍ਰੈਕਟ ਦਿੱਤਾ ਜਾ ਸਕਦਾ।
3 ਕਿਸੇ ਦੀ ਦਿਲਚਸਪੀ ਜਗਾਉਣ ਲਈ ਤੁਸੀਂ ਇਹ ਕਹਿ ਸਕਦੇ ਹੋ:
◼ “ਅੱਜ ਦੀਆਂ ਗੰਭੀਰ ਸਮੱਸਿਆਵਾਂ ਅਤੇ ਭਿਆਨਕ ਵਾਰਦਾਤਾਂ ਕਰਕੇ ਬਹੁਤ ਸਾਰੇ ਲੋਕ ਪਰੇਸ਼ਾਨ ਹਨ। [ਕਿਸੇ ਖ਼ਬਰ ਦਾ ਜ਼ਿਕਰ ਕਰੋ।] ਕੀ ਤੁਹਾਨੂੰ ਪਤਾ ਕਿ ਅਜਿਹੀਆਂ ਘਟਨਾਵਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ? [ਜਵਾਬ ਲਈ ਸਮਾਂ ਦਿਓ। ਫਿਰ ਜਿਸ ਖ਼ਬਰ ਦੀ ਤੁਸੀਂ ਮਿਸਾਲ ਦਿੰਦੇ ਹੋ, ਉਸ ਨਾਲ ਢੁਕਦੀ ਕੋਈ ਆਇਤ ਪੜ੍ਹੋ ਜਿਵੇਂ ਮੱਤੀ 24:3, 7, 8; ਲੂਕਾ 21:7, 10, 11; ਜਾਂ 2 ਤਿਮੋਥਿਉਸ 3:1-5.] ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਡੇ ਦਿਨਾਂ ਵਿਚ ਹੋ ਰਹੀਆਂ ਘਟਨਾਵਾਂ ਦਾ ਕੀ ਮਤਲਬ ਹੈ ਅਤੇ ਭਵਿੱਖ ਵਿਚ ਕੀ ਹੋਣ ਵਾਲਾ ਹੈ। ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੋਗੇ? [ਜਵਾਬ ਲਈ ਸਮਾਂ ਦਿਓ। ਜੇ ਉਹ ਹੋਰ ਜਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਬਰੋਸ਼ਰ ਦਿਓ।] ਅਸੀਂ ਇਹ ਬਰੋਸ਼ਰ ਬਿਨਾਂ ਪੈਸੇ ਲਏ ਲੋਕਾਂ ਨੂੰ ਦਿੰਦੇ ਹਾਂ। ਪਰ ਜੇ ਤੁਸੀਂ ਚਾਹੋ, ਤਾਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਸਾਡੇ ਸਿੱਖਿਆਦਾਇਕ ਕੰਮ ਲਈ ਆਪਣੀ ਮਰਜ਼ੀ ਨਾਲ ਚੰਦਾ ਦੇ ਸਕਦੇ ਹੋ।”
4 ਜਾਂ ਤੁਸੀਂ ਇਹ ਪੇਸ਼ਕਾਰੀ ਅਜ਼ਮਾ ਸਕਦੇ ਹੋ:
◼ “ਜਦੋਂ ਲੋਕ ਭਿਆਨਕ ਘਟਨਾਵਾਂ ਬਾਰੇ ਸੁਣਦੇ ਹਨ ਜਾਂ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ, ਤਾਂ ਉਹ ਦੁਖੀ ਮਨ ਨਾਲ ਪੁੱਛਦੇ ਹਨ ਕਿ ਪਰਮੇਸ਼ੁਰ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਦਾ ਕਿਉਂ ਨਹੀਂ। ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਜਲਦੀ ਹੀ ਇਨਸਾਨਾਂ ਦੇ ਦੁੱਖ ਦੂਰ ਕਰੇਗਾ। ਧਿਆਨ ਦਿਓ ਕਿ ਜਦੋਂ ਪਰਮੇਸ਼ੁਰ ਇੱਦਾਂ ਕਰੇਗਾ, ਤਾਂ ਇਨਸਾਨਾਂ ਨੂੰ ਕੀ ਫ਼ਾਇਦੇ ਹੋਣਗੇ। [ਜ਼ਬੂਰਾਂ ਦੀ ਪੋਥੀ 37:10, 11 ਪੜ੍ਹੋ।] ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੋਗੇ?” ਫਿਰ ਉੱਪਰ ਦੱਸੇ ਤਰੀਕੇ ਨਾਲ ਗੱਲ ਖ਼ਤਮ ਕਰੋ।
5 ਬਰੋਸ਼ਰ ਲੈਣ ਵਾਲੇ ਹਰ ਵਿਅਕਤੀ ਦਾ ਨਾਂ ਅਤੇ ਪਤਾ ਲੈਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਉਸ ਦੀ ਹੋਰ ਸਿੱਖਣ ਵਿਚ ਮਦਦ ਕਰ ਸਕੋ। ਇਹ ਕਿੱਦਾਂ ਕਰਨਾ ਹੈ, ਇਸ ਬਾਰੇ ਸਾਡੀ ਰਾਜ ਸੇਵਕਾਈ ਦੇ ਬਾਅਦ ਦੇ ਅੰਕਾਂ ਵਿਚ ਹੋਰ ਸੁਝਾਅ ਦਿੱਤੇ ਜਾਣਗੇ। ਜੇ ਵਿਅਕਤੀ ਜ਼ਿਆਦਾ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਉਸੇ ਵੇਲੇ ਜਾਗਦੇ ਰਹੋ! ਜਾਂ ਮੰਗ ਬਰੋਸ਼ਰ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹੋ।
6 ਜਿਸ ਹਫ਼ਤੇ ਇਸ ਲੇਖ ਦੀ ਚਰਚਾ ਕੀਤੀ ਜਾਵੇਗੀ, ਉਸ ਹਫ਼ਤੇ ਸੇਵਾ ਸਭਾ ਤੋਂ ਬਾਅਦ ਭੈਣ-ਭਰਾ ਨਵੇਂ ਬਰੋਸ਼ਰ ਦੀਆਂ ਕਾਪੀਆਂ ਲੈ ਸਕਦੇ ਹਨ। ਚੰਗਾ ਹੋਵੇਗਾ ਜੇਕਰ ਪ੍ਰਕਾਸ਼ਕ ਤੇ ਪਾਇਨੀਅਰ ਸਿਰਫ਼ ਉੱਨੀਆਂ ਕਾਪੀਆਂ ਲੈਣ ਜਿੰਨੀਆਂ ਉਹ ਮੁਹਿੰਮ ਦੇ ਪਹਿਲੇ ਕੁਝ ਦਿਨਾਂ ਵਿਚ ਵੰਡ ਸਕਣਗੇ। ਅਸੀਂ ਦੁਆ ਕਰਦੇ ਹਾਂ ਕਿ ਯਹੋਵਾਹ ਇਸ ਮੁਹਿੰਮ ਉੱਤੇ ਆਪਣੀ ਬਰਕਤ ਪਾਵੇ ਤਾਂਕਿ ਦੁਨੀਆਂ ਭਰ ਵਿਚ ਉਸ ਦੀ ਮਹਿਮਾ ਹੋਵੇ ਅਤੇ ਨੇਕਦਿਲ ਲੋਕ ਸੱਚਾਈ ਬਾਰੇ ਜਾਣ ਸਕਣ।—ਜ਼ਬੂ. 90:17.