ਭਾਗ 5—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਸਟੱਡੀ ਦੌਰਾਨ ਕਿੰਨੀ ਕੁ ਸਾਮੱਗਰੀ ਪੜ੍ਹੀਏ
1 ਚੇਲਿਆਂ ਨੂੰ ਸਿਖਾਉਂਦੇ ਸਮੇਂ ਯਿਸੂ ਨੇ ਉਨ੍ਹਾਂ ਦੀ ਸਿੱਖਣ ਦੀ ਕਾਬਲੀਅਤ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ। ਉਸ ਨੇ ਉਨ੍ਹਾਂ ਨੂੰ “ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵੱਧ ਤੋਂ ਵੱਧ ਉਹ ਸਮਝਣ ਯੋਗ ਸਨ।” (ਮਰ. 4:33, ਈਜ਼ੀ ਟੂ ਰੀਡ ਵਰਯਨ; ਯੂਹੰ. 16:12) ਇਸੇ ਤਰ੍ਹਾਂ, ਅੱਜ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕਾਂ ਨੂੰ ਵੀ ਪਤਾ ਲਗਾਉਣ ਦੀ ਲੋੜ ਹੈ ਕਿ ਹਰ ਵਿਦਿਆਰਥੀ ਨਾਲ ਕਿੰਨੀ ਕੁ ਸਾਮੱਗਰੀ ਪੜ੍ਹਨੀ ਚਾਹੀਦੀ ਹੈ। ਇਹ ਸਿੱਖਿਅਕ ਤੇ ਵਿਦਿਆਰਥੀ ਦੋਨਾਂ ਦੀ ਕਾਬਲੀਅਤ ਤੇ ਹਾਲਾਤਾਂ ਉੱਤੇ ਨਿਰਭਰ ਕਰੇਗਾ।
2 ਪੱਕੀ ਨਿਹਚਾ ਪੈਦਾ ਕਰੋ: ਜਿੱਥੇ ਇਕ ਵਿਦਿਆਰਥੀ ਇੱਕੋ ਵਾਰੀ ਸਮਝਾਉਣ ਤੇ ਕੋਈ ਗੱਲ ਝੱਟ ਸਮਝ ਜਾਂਦਾ ਹੈ, ਉੱਥੇ ਦੂਸਰੇ ਵਿਦਿਆਰਥੀਆਂ ਨੂੰ ਕਈ ਵਾਰ ਸਮਝਾਉਣ ਦੀ ਲੋੜ ਪੈ ਸਕਦੀ ਹੈ। ਸਾਡਾ ਉਦੇਸ਼ ਛੇਤੀ-ਛੇਤੀ ਪਾਠ ਪੂਰਾ ਕਰਨਾ ਨਹੀਂ, ਸਗੋਂ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਸਿਖਾਉਣਾ ਹੈ। ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਹੀ ਵਿਦਿਆਰਥੀ ਵਿਚ ਪੱਕੀ ਨਿਹਚਾ ਪੈਦਾ ਹੋਵੇਗੀ।—ਕਹਾ. 4:7; ਰੋਮੀ. 12:2.
3 ਹਰ ਹਫ਼ਤੇ ਸਟੱਡੀ ਕਰਾਉਂਦੇ ਸਮੇਂ ਵਿਦਿਆਰਥੀ ਨਾਲ ਆਰਾਮ ਨਾਲ ਬੈਠ ਕੇ ਉਸ ਦੀ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਤੇ ਸਵੀਕਾਰ ਕਰਨ ਵਿਚ ਮਦਦ ਕਰੋ। ਉਸ ਨੂੰ ਹਫੜਾ-ਦਫੜੀ ਵਿਚ ਨਾ ਸਿਖਾਓ, ਨਹੀਂ ਤਾਂ ਉਹ ਪਰਮੇਸ਼ੁਰੀ ਸੱਚਾਈਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇਗਾ। ਮੁੱਖ ਗੱਲਾਂ ਨੂੰ ਖੋਲ੍ਹ ਕੇ ਸਮਝਾਓ ਅਤੇ ਇਨ੍ਹਾਂ ਦੀ ਪੁਸ਼ਟੀ ਲਈ ਬਾਈਬਲ ਵਿੱਚੋਂ ਅਹਿਮ ਆਇਤਾਂ ਦਿਖਾਓ।—2 ਤਿਮੋ. 3:16, 17.
4 ਸਟੱਡੀ ਵਿਚ ਅੜਿੱਕਾ ਨਾ ਪੈਣ ਦਿਓ: ਅਸੀਂ ਹਫੜਾ-ਦਫੜੀ ਵਿਚ ਸਟੱਡੀ ਨਹੀਂ ਕਰਾਉਣੀ ਚਾਹੁੰਦੇ, ਪਰ ਨਾਲ ਹੀ ਸਾਨੂੰ ਦੁਨੀਆਂ-ਜਹਾਨ ਦੀਆਂ ਗੱਲਾਂ ਕਰਨ ਵਿਚ ਵੀ ਸਮਾਂ ਬਰਬਾਦ ਕਰਨ ਤੋਂ ਬਚਣਾ ਚਾਹੀਦਾ ਹੈ। ਜੇ ਵਿਦਿਆਰਥੀ ਨੂੰ ਆਪਣੀਆਂ ਸਮੱਸਿਆਵਾਂ ਵਗੈਰਾ ਬਾਰੇ ਗੱਲਾਂ ਕਰਨ ਦੀ ਆਦਤ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਟੱਡੀ ਖ਼ਤਮ ਕਰਨ ਤੋਂ ਬਾਅਦ ਅਸੀਂ ਇਸ ਬਾਰੇ ਗੱਲ ਕਰਾਂਗੇ।—ਉਪ. 3:1.
5 ਦੂਜੇ ਪਾਸੇ, ਅਸੀਂ ਦੂਸਰਿਆਂ ਨੂੰ ਸੱਚਾਈ ਸਿਖਾਉਣ ਲਈ ਇੰਨੇ ਉਤਸੁਕ ਹੋ ਸਕਦੇ ਹਾਂ ਕਿ ਅਸੀਂ ਇੱਕੋ ਵਾਰੀ ਉਨ੍ਹਾਂ ਨੂੰ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। (ਜ਼ਬੂ. 145:6, 7) ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਜੁੜਿਆ ਕੋਈ ਮੁੱਦਾ ਜਾਂ ਤਜਰਬਾ ਦੱਸਣ ਨਾਲ ਸਟੱਡੀ ਦਿਲਚਸਪ ਬਣ ਸਕਦੀ ਹੈ, ਪਰ ਅਸੀਂ ਵਾਧੂ ਗੱਲਾਂ ਦੱਸਣ ਵਿਚ ਇੰਨਾ ਜ਼ਿਆਦਾ ਸਮਾਂ ਨਹੀਂ ਲਾਵਾਂਗੇ ਕਿ ਵਿਦਿਆਰਥੀ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਹੀ ਚੰਗੀ ਤਰ੍ਹਾਂ ਨਾ ਸਮਝ ਸਕੇ।
6 ਹਰ ਹਫ਼ਤੇ ਵਿਦਿਆਰਥੀ ਨੂੰ ਉੱਨਾ ਹੀ ਸਿਖਾਓ ਜਿੰਨਾ ਉਹ ਚੰਗੀ ਤਰ੍ਹਾਂ ਸਮਝ ਸਕੇ। ਇਸ ਤਰ੍ਹਾਂ ਕਰ ਕੇ ਅਸੀਂ ‘ਯਹੋਵਾਹ ਦੇ ਚਾਨਣ ਵਿੱਚ ਚੱਲਣ’ ਵਿਚ ਵਿਦਿਆਰਥੀ ਦੀ ਮਦਦ ਕਰ ਸਕਾਂਗੇ।—ਯਸਾ. 2:5.