ਭਾਗ 10—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਵਿਦਿਆਰਥੀਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਦੇਣੀ
1 ਜਦੋਂ ਬਜ਼ੁਰਗ ਫ਼ੈਸਲਾ ਕਰਦੇ ਹਨ ਕਿ ਬਾਈਬਲ ਵਿਦਿਆਰਥੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਲਾਇਕ ਹੈ, ਤਾਂ ਵਿਦਿਆਰਥੀ ਕਲੀਸਿਯਾ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਸਕਦਾ ਹੈ। (ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ [ਹਿੰਦੀ], ਸਫ਼ੇ 79-81 ਦੇਖੋ।) ਘਰ-ਘਰ ਪ੍ਰਚਾਰ ਕਰਨ ਵਿਚ ਅਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ?
2 ਇਕੱਠੇ ਤਿਆਰੀ ਕਰੋ: ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਵਿਦਿਆਰਥੀ ਨੂੰ ਸਾਡੀ ਰਾਜ ਸੇਵਕਾਈ ਅਤੇ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਪੇਸ਼ਕਾਰੀਆਂ ਦਿਖਾਓ। ਸਥਾਨਕ ਇਲਾਕੇ ਲਈ ਢੁਕਵੀਂ ਕੋਈ ਸੌਖੀ ਪੇਸ਼ਕਾਰੀ ਲੱਭਣ ਵਿਚ ਉਸ ਦੀ ਮਦਦ ਕਰੋ। ਸ਼ੁਰੂ ਤੋਂ ਹੀ ਉਸ ਨੂੰ ਸੇਵਕਾਈ ਵਿਚ ਬਾਈਬਲ ਵਰਤਣ ਲਈ ਉਤਸ਼ਾਹਿਤ ਕਰੋ।—2 ਤਿਮੋ. 4:2.
3 ਅਭਿਆਸ ਕਰਨ ਨਾਲ ਨਵੇਂ ਪ੍ਰਕਾਸ਼ਕ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਪੇਸ਼ਕਾਰੀ ਦਾ ਅਭਿਆਸ ਕਰਦੇ ਸਮੇਂ ਉਸ ਨੂੰ ਦੱਸੋ ਕਿ ਸੇਵਕਾਈ ਵਿਚ ਲੋਕਾਂ ਵੱਲੋਂ ਆਮ ਕਹੀਆਂ ਜਾਂ ਪੁੱਛੀਆਂ ਜਾਂਦੀਆਂ ਗੱਲਾਂ ਦਾ ਸੋਚ-ਸਮਝ ਕੇ ਕਿਵੇਂ ਜਵਾਬ ਦੇਣਾ ਹੈ। (ਕੁਲੁ. 4:6) ਉਸ ਨੂੰ ਭਰੋਸਾ ਦਿਵਾਓ ਕਿ ਮਸੀਹੀ ਪ੍ਰਚਾਰਕਾਂ ਨੂੰ ਘਰ-ਸੁਆਮੀ ਦੇ ਹਰ ਸਵਾਲ ਦਾ ਜਵਾਬ ਪਤਾ ਹੋਣਾ ਜ਼ਰੂਰੀ ਨਹੀਂ। ਜਵਾਬ ਪਤਾ ਨਾ ਹੋਣ ਦੀ ਹਾਲਤ ਵਿਚ ਅਕਸਰ ਇਹੀ ਕਹਿਣਾ ਚੰਗਾ ਹੁੰਦਾ ਹੈ ਕਿ ਅਸੀਂ ਰਿਸਰਚ ਕਰ ਕੇ ਅਗਲੀ ਵਾਰ ਇਨ੍ਹਾਂ ਸਵਾਲਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ।—ਕਹਾ. 15:28.
4 ਇਕੱਠੇ ਪ੍ਰਚਾਰ ਕਰਨਾ: ਵਿਦਿਆਰਥੀ ਦੇ ਪਹਿਲੀ ਵਾਰ ਪ੍ਰਚਾਰ ਕਰਨ ਤੇ ਉਸ ਨੂੰ ਆਪਣੇ ਨਾਲ ਪ੍ਰਚਾਰ ਤੇ ਲੈ ਕੇ ਜਾਓ। ਪ੍ਰਚਾਰ ਕਰਦੇ ਸਮੇਂ ਉਸ ਨੂੰ ਦਿਖਾਓ ਕਿ ਤੁਸੀਂ ਉਹ ਪੇਸ਼ਕਾਰੀ ਕਿਵੇਂ ਦਿੰਦੇ ਹੋ ਜੋ ਤੁਸੀਂ ਇਕੱਠਿਆਂ ਨੇ ਤਿਆਰ ਕੀਤੀ ਹੈ। ਉਸ ਨੂੰ ਵੀ ਗੱਲ ਕਰਨ ਲਈ ਕਹੋ। ਤੁਸੀਂ ਸ਼ਾਇਦ ਨਵੇਂ ਪ੍ਰਕਾਸ਼ਕ ਨੂੰ ਪੇਸ਼ਕਾਰੀ ਦਾ ਥੋੜ੍ਹਾ ਜਿਹਾ ਹਿੱਸਾ ਬੋਲਣ ਲਈ ਕਹਿ ਸਕਦੇ ਹੋ, ਜਿਵੇਂ ਉਹ ਇਕ ਹਵਾਲੇ ਨੂੰ ਪੜ੍ਹ ਕੇ ਉਸ ਉੱਤੇ ਟਿੱਪਣੀ ਦੇ ਸਕਦਾ ਹੈ। ਵਿਦਿਆਰਥੀ ਦੀ ਸ਼ਖ਼ਸੀਅਤ ਅਤੇ ਉਸ ਦੀਆਂ ਕਾਬਲੀਅਤਾਂ ਨੂੰ ਧਿਆਨ ਵਿਚ ਰੱਖੋ। (ਫ਼ਿਲਿ. 4:5) ਪ੍ਰਚਾਰ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਉਸ ਨੂੰ ਸ਼ਾਬਾਸ਼ੀ ਵੀ ਦਿਓ।
5 ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈਣ ਲਈ ਸਮਾਂ-ਸਾਰਣੀ ਬਣਾਉਣ ਵਿਚ ਨਵੇਂ ਪ੍ਰਕਾਸ਼ਕ ਦੀ ਮਦਦ ਕਰਨੀ ਜ਼ਰੂਰੀ ਹੈ। (ਫ਼ਿਲਿ. 3:16) ਜੇ ਉਹ ਹਰ ਹਫ਼ਤੇ ਪ੍ਰਚਾਰ ਤੇ ਜਾ ਸਕੇ, ਤਾਂ ਹੋਰ ਵੀ ਚੰਗੀ ਗੱਲ ਹੈ। ਸੇਵਕਾਈ ਵਿਚ ਇਕੱਠੇ ਕੰਮ ਕਰਨ ਦੇ ਪੱਕੇ ਇੰਤਜ਼ਾਮ ਕਰੋ ਤੇ ਵਿਦਿਆਰਥੀ ਨੂੰ ਦੂਸਰੇ ਜੋਸ਼ੀਲੇ ਪ੍ਰਚਾਰਕਾਂ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਕਰੋ। ਉਨ੍ਹਾਂ ਦੀ ਮਿਸਾਲ ਅਤੇ ਸੰਗਤ ਤੋਂ ਉਸ ਨੂੰ ਆਪਣੇ ਵਿਚ ਪ੍ਰਚਾਰ ਕਰਨ ਦੇ ਹੁਨਰ ਪੈਦਾ ਕਰਨ ਵਿਚ ਮਦਦ ਮਿਲੇਗੀ ਅਤੇ ਉਹ ਘਰ-ਘਰ ਪ੍ਰਚਾਰ ਕਰਨ ਦਾ ਆਨੰਦ ਮਾਣ ਸਕੇਗਾ।