ਭਾਗ 11—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਪੁਨਰ-ਮੁਲਾਕਾਤਾਂ ਕਰਨ ਵਿਚ ਵਿਦਿਆਰਥੀਆਂ ਦੀ ਮਦਦ ਕਰਨੀ
1 ਜਦੋਂ ਬਾਈਬਲ ਵਿਦਿਆਰਥੀ ਪ੍ਰਚਾਰ ਕਰਨ ਲੱਗੇਗਾ, ਤਾਂ ਉਸ ਨੂੰ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਲੈਣ ਵਾਲੇ ਲੋਕ ਮਿਲਣਗੇ। ਅਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਵਧੀਆ ਢੰਗ ਨਾਲ ਪੁਨਰ-ਮੁਲਾਕਾਤਾਂ ਕਰ ਸਕੇ ਤੇ ਲੋਕਾਂ ਦੀ ਦਿਲਚਸਪੀ ਵਧਾ ਸਕੇ?
2 ਪਹਿਲੀ ਮੁਲਾਕਾਤ ਤੇ ਹੀ ਪੁਨਰ-ਮੁਲਾਕਾਤ ਦੀ ਤਿਆਰੀ ਸ਼ੁਰੂ ਕਰੋ। ਵਿਦਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਲੋਕਾਂ ਵਿਚ ਗਹਿਰੀ ਦਿਲਚਸਪੀ ਲਵੇ। (ਫ਼ਿਲਿ. 2:4) ਉਸ ਨੂੰ ਸਿਖਾਓ ਕਿ ਲੋਕਾਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਲਈ ਕਿਵੇਂ ਪ੍ਰੇਰਿਤ ਕਰਨਾ ਹੈ, ਫਿਰ ਉਨ੍ਹਾਂ ਦੀ ਗੱਲ ਸੁਣਨੀ ਹੈ ਤੇ ਉਨ੍ਹਾਂ ਦੇ ਮਨ-ਪਸੰਦ ਦੀਆਂ ਗੱਲਾਂ ਤੇ ਧਿਆਨ ਦੇਣਾ ਹੈ। ਜਦੋਂ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਨਵੇਂ ਪ੍ਰਕਾਸ਼ਕ ਨੂੰ ਉਸ ਬਾਰੇ ਜਾਣਕਾਰੀ ਲਿਖਣ ਲਈ ਕਹੋ। ਉਸ ਜਾਣਕਾਰੀ ਨੂੰ ਵਰਤ ਕੇ ਅੱਗੋਂ ਚਰਚਾ ਕਰਨ ਦੀ ਯੋਜਨਾ ਬਣਾਉਣ ਵਿਚ ਉਸ ਦੀ ਮਦਦ ਕਰੋ।
3 ਪੁਨਰ-ਮੁਲਾਕਾਤ ਕਰਨ ਦੀ ਤਿਆਰੀ: ਪਹਿਲੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਤੇ ਵਿਚਾਰ ਕਰੋ ਅਤੇ ਵਿਦਿਆਰਥੀ ਨੂੰ ਦਿਖਾਓ ਕਿ ਰਾਜ ਸੰਦੇਸ਼ ਦੀ ਕਿਹੜੀ ਗੱਲ ਘਰ-ਸੁਆਮੀ ਨੂੰ ਚੰਗੀ ਲੱਗ ਸਕਦੀ ਹੈ। (1 ਕੁਰਿੰ. 9:19-23) ਇਕੱਠੇ ਬੈਠ ਕੇ ਕੋਈ ਪੇਸ਼ਕਾਰੀ ਤਿਆਰ ਕਰੋ ਜਿਸ ਵਿਚ ਵਿਦਿਆਰਥੀ ਬਾਈਬਲ ਦੀ ਕੋਈ ਆਇਤ ਅਤੇ ਸਟੱਡੀ ਲਈ ਵਰਤੇ ਜਾਣ ਵਾਲੇ ਪ੍ਰਕਾਸ਼ਨ ਦਾ ਇਕ ਪੈਰਾ ਪੜ੍ਹੇਗਾ। ਇਸ ਤੋਂ ਇਲਾਵਾ, ਗੱਲਬਾਤ ਦੇ ਅਖ਼ੀਰ ਵਿਚ ਕੋਈ ਸਵਾਲ ਪੁੱਛਣ ਬਾਰੇ ਵੀ ਸੋਚੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਦਿਓਗੇ। ਨਵੇਂ ਪ੍ਰਕਾਸ਼ਕ ਨੂੰ ਦਿਖਾਓ ਕਿ ਹਰ ਮੁਲਾਕਾਤ ਤੇ ਘਰ-ਸੁਆਮੀ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਹੋਰ ਜ਼ਿਆਦਾ ਜਾਣਕਾਰੀ ਕਿਵੇਂ ਦੇਣੀ ਹੈ।
4 ਆਪਣੇ ਵਿਦਿਆਰਥੀ ਨੂੰ ਇਹ ਵੀ ਸਿਖਾਉਣਾ ਲਾਹੇਵੰਦ ਰਹੇਗਾ ਕਿ ਉਹ ਮੁਲਾਕਾਤ ਦੇ ਸ਼ੁਰੂ ਵਿਚ ਕੁਝ ਕਹੇ। ਘਰ-ਸੁਆਮੀ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਹ ਕਹਿ ਸਕਦਾ ਹੈ: “ਪਿਛਲੀ ਵਾਰ ਤੁਹਾਡੇ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਾ ਤੇ ਅੱਜ ਮੈਂ ਇਸ [ਵਿਸ਼ਾ ਦੱਸੋ] ਬਾਰੇ ਬਾਈਬਲ ਵਿੱਚੋਂ ਹੋਰ ਜਾਣਕਾਰੀ ਸਾਂਝੀ ਕਰਨ ਆਇਆ ਹਾਂ।” ਨਵੇਂ ਪ੍ਰਕਾਸ਼ਕ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਜੇ ਘਰ ਦਾ ਕੋਈ ਹੋਰ ਮੈਂਬਰ ਦਰਵਾਜ਼ਾ ਖੋਲ੍ਹਦਾ ਹੈ, ਤਾਂ ਉਸ ਨਾਲ ਕਿਵੇਂ ਗੱਲ ਕਰਨੀ ਹੈ।
5 ਪੂਰੀ ਤਨਦੇਹੀ ਨਾਲ ਪੁਨਰ-ਮੁਲਾਕਾਤਾਂ ਕਰੋ: ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਕੋਲ ਛੇਤੀ ਤੋਂ ਛੇਤੀ ਵਾਪਸ ਜਾ ਕੇ ਚੰਗੀ ਮਿਸਾਲ ਕਾਇਮ ਕਰੇ। ਹੋ ਸਕਦਾ ਲੋਕਾਂ ਨੂੰ ਮਿਲਣ ਵਾਸਤੇ ਵਾਰ-ਵਾਰ ਜਾਣਾ ਪਵੇ। ਵਿਦਿਆਰਥੀ ਨੂੰ ਸਿਖਾਓ ਕਿ ਲੋਕਾਂ ਨੂੰ ਦੁਬਾਰਾ ਮਿਲਣ ਵਾਸਤੇ ਕਿਵੇਂ ਦਿਨ ਤੇ ਸਮਾਂ ਨਿਰਧਾਰਿਤ ਕਰਨਾ ਹੈ ਤੇ ਇਸ ਦੇ ਨਾਲ ਹੀ ਨਿਯਤ ਕੀਤੇ ਸਮੇਂ ਤੇ ਲੋਕਾਂ ਕੋਲ ਜਾਣ ਦੀ ਅਹਿਮੀਅਤ ਸਮਝਣ ਵਿਚ ਉਸ ਦੀ ਮਦਦ ਕਰੋ। (ਮੱਤੀ 5:37) ਨਵੇਂ ਪ੍ਰਕਾਸ਼ਕ ਨੂੰ ਸਿਖਾਓ ਕਿ ਭੇਡਾਂ ਵਰਗੇ ਲੋਕਾਂ ਦੀ ਦਿਲਚਸਪੀ ਨੂੰ ਵਧਾਉਣ ਤੋਂ ਇਲਾਵਾ, ਉਸ ਨੂੰ ਉਨ੍ਹਾਂ ਨਾਲ ਹਮੇਸ਼ਾ ਸਲੀਕੇ ਨਾਲ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ ਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ।—ਤੀਤੁ. 3:2.