ਲੋਕਾਂ ਵਿਚ ਦਿਲਚਸਪੀ ਲਓ—ਉਨ੍ਹਾਂ ਦੀਆਂ ਲੋੜਾਂ ਪਛਾਣੋ
1 ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਲੋਕਾਂ ਦੀਆਂ ਲੋੜਾਂ ਜਾਣਦੇ ਤੇ ਉਨ੍ਹਾਂ ਨੂੰ ਪੂਰਾ ਕਰਦੇ ਹਨ। (2 ਇਤ. 16:9; ਮਰ. 6:34) ਅਸੀਂ ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਦੀਆਂ ਰੁਚੀਆਂ ਅਤੇ ਚਿੰਤਾਵਾਂ ਨੂੰ ਭਾਂਪ ਕੇ ਉਨ੍ਹਾਂ ਮੁਤਾਬਕ ਖ਼ੁਸ਼ ਖ਼ਬਰੀ ਨੂੰ ਢਾਲ਼ ਸਕਦੇ ਹਾਂ।
2 ਆਲੇ-ਦੁਆਲੇ ਤੇ ਨਜ਼ਰ ਮਾਰੋ: ਯਿਸੂ ਧਿਆਨ ਰੱਖਦਾ ਸੀ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਸੀ। (ਮਰ. 12:41-43; ਲੂਕਾ 19:1-6) ਇਸੇ ਤਰ੍ਹਾਂ, ਜਦ ਅਸੀਂ ਕਿਸੇ ਦੇ ਘਰ ਪ੍ਰਚਾਰ ਕਰਨ ਜਾਂਦੇ ਹਾਂ ਤੇ ਉੱਥੇ ਧਾਰਮਿਕ ਤਸਵੀਰਾਂ, ਗੱਡੀ ਉੱਤੇ ਲੱਗੇ ਸਟਿੱਕਰ ਜਾਂ ਵਿਹੜੇ ਵਿਚ ਖਿਡੌਣੇ ਪਏ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਇਨ੍ਹਾਂ ਮੁਤਾਬਕ ਗੱਲਬਾਤ ਸ਼ੁਰੂ ਕਰਦੇ ਹੋਏ ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾ ਸਕੀਏ।
3 ਇਕ ਵਿਅਕਤੀ ਦੇ ਚਿਹਰੇ ਦੇ ਹਾਵ-ਭਾਵਾਂ ਤੇ ਉਸ ਦੇ ਸਲੀਕੇ ਤੋਂ ਸਾਨੂੰ ਉਸ ਦੀਆਂ ਭਾਵਨਾਵਾਂ ਬਾਰੇ ਕੁਝ ਪਤਾ ਲੱਗ ਸਕਦਾ ਹੈ। (ਕਹਾ. 15:13) ਅਜਿਹੇ ਵਿਅਕਤੀ ਨੂੰ ਸ਼ਾਇਦ ਕਿਸੇ ਅਜ਼ੀਜ਼ ਦੀ ਮੌਤ ਹੋਣ ਕਰਕੇ ਜਾਂ ਕਿਸੇ ਹੋਰ ਸਮੱਸਿਆ ਕਰਕੇ ਦਿਲਾਸੇ ਦੀ ਲੋੜ ਹੋਵੇ। ਕੁਝ ਢੁਕਵੇਂ ਹਵਾਲੇ ਸਾਂਝੇ ਕਰਨ ਨਾਲ ਸ਼ਾਇਦ ਉਸ ਨੂੰ ਚੰਗਾ ਲੱਗੇ। (ਕਹਾ. 16:24) ਕੀ ਘਰ-ਸੁਆਮੀ ਕਿਤੇ ਜਾਣ ਦੀ ਕਾਹਲੀ ਵਿਚ ਹੈ ਜਾਂ ਕੀ ਉਸ ਦਾ ਬੱਚਾ ਰੋ ਰਿਹਾ ਹੈ? ਜੇ ਹਾਂ, ਤਾਂ ਸ਼ਾਇਦ ਕਿਸੇ ਹੋਰ ਸਮੇਂ ਤੇ ਆਉਣਾ ਬਿਹਤਰ ਹੋਵੇਗਾ। ਇਸ ਤਰ੍ਹਾਂ ਸਮਝਦਾਰੀ ਦਿਖਾਉਣ ਅਤੇ “ਦਰਦੀ” ਬਣਨ ਨਾਲ ਉਹ ਵਿਅਕਤੀ ਸ਼ਾਇਦ ਅਗਲੀ ਵਾਰ ਸਾਡੀ ਗੱਲ ਸੁਣਨ ਲਈ ਜ਼ਿਆਦਾ ਤਿਆਰ ਹੋਵੇ।—1 ਪਤ. 3:8.
4 ਹਾਲਾਤ ਅਨੁਸਾਰ ਗੱਲਬਾਤ ਨੂੰ ਢਾਲ਼ੋ: ਪੌਲੁਸ ਰਸੂਲ ਨੇ ਦੇਖਿਆ ਕਿ ਅਥੇਨੈ ਸ਼ਹਿਰ ਵਿਚ “ਅਣਜਾਤੇ ਦੇਵ ਲਈ” ਇਕ ਜਗਵੇਦੀ ਬਣੀ ਹੋਈ ਸੀ। ਉਸ ਨੇ ਇਸ ਜਗਵੇਦੀ ਅਨੁਸਾਰ ਆਪਣੀ ਗੱਲਬਾਤ ਨੂੰ ਢਾਲ਼ ਕੇ ਖ਼ੁਸ਼ ਖ਼ਬਰੀ ਸੁਣਾਈ। ਉਸ ਨੇ ਕਿਹਾ: “ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ।” ਪੌਲੁਸ ਨੇ ਸੂਝ-ਬੂਝ ਨਾਲ ਖ਼ੁਸ਼ ਖ਼ਬਰੀ ਸੁਣਾਈ ਜਿਸ ਕਰਕੇ ਉੱਥੇ ਹਾਜ਼ਰ ਕੁਝ ਲੋਕ ਰਾਜ ਦਾ ਸੰਦੇਸ਼ ਸੁਣ ਕੇ ਵਿਸ਼ਵਾਸੀ ਬਣ ਗਏ।—ਰਸੂ. 17:23, 34.
5 ਇਸੇ ਤਰ੍ਹਾਂ ਜਦ ਅਸੀਂ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀਆਂ ਰੁਚੀਆਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਤੇ ਅਸੀਂ ਆਪਣੀ ਗੱਲਬਾਤ ਨੂੰ ਉਸ ਅਨੁਸਾਰ ਢਾਲ਼ ਸਕਦੇ ਹਾਂ। ਘਰ-ਸੁਆਮੀ ਦੇ ਦਿਲ ਦੀ ਗੱਲ ਜਾਣਨ ਲਈ ਉਸ ਤੋਂ ਸਵਾਲ ਪੁੱਛ ਸਕਦੇ ਹਾਂ। ਅਸੀਂ ਅਜਿਹੇ ਹਵਾਲੇ ਯਾਦ ਕਰ ਸਕਦੇ ਹਾਂ ਜੋ ਉਸ ਦੀ ਦਿਲਚਸਪੀ ਜਗਾਉਣ ਲਈ ਵਰਤੇ ਜਾ ਸਕਦੇ ਹਨ। (ਕਹਾ. 20:5) ਇਸ ਤਰ੍ਹਾਂ ਲੋਕਾਂ ਦੀਆਂ ਲੋੜਾਂ ਪਛਾਣ ਕੇ ਅਤੇ ਉਨ੍ਹਾਂ ਵਿਚ ਰੁਚੀ ਲੈ ਕੇ ਅਸੀਂ ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਸੁਣਾ ਸਕਾਂਗੇ।