ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਸ਼ਤਾਨ ਦੀ ਦੁਨੀਆਂ ਸਾਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਇਹ ਹਮੇਸ਼ਾ ਚੱਲਦੀ ਰਹੇਗੀ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਇਸ ਦੇ ਉਲਟ ਦੱਸਦਾ ਹੈ। (1 ਯੂਹੰ. 2:15-17) ਇਹ ਸਾਨੂੰ ਸਮਝਾਉਂਦਾ ਹੈ ਕਿ ‘ਧਰਤੀ ਉੱਤੇ ਧਨ ਜੋੜਨ’ ਦਾ ਕੋਈ ਫ਼ਾਇਦਾ ਨਹੀਂ ਹੈ। ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕਰਨ ਲਈ 2007 ਸੇਵਾ ਸਾਲ ਦੇ ਸਰਕਟ ਸੰਮੇਲਨ ਪ੍ਰੋਗ੍ਰਾਮ ਵਿਚ ਇਸ ਵਿਸ਼ੇ ਤੇ ਗੱਲ ਕੀਤੀ ਜਾਵੇਗੀ, “ਸੁਰਗ ਵਿੱਚ . . . ਧਨ ਜੋੜੋ।”—ਮੱਤੀ 6:19, 20.
ਅਫ਼ਸੀਆਂ 2:2 ਉਸ “ਆਤਮਾ” ਦੀ ਗੱਲ ਕਰਦਾ ਹੈ ‘ਜੋ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ ਅਤੇ ਇਸ ਵੇਲੇ ਉਹਨਾਂ ਲੋਕਾਂ ਦੇ ਵਿਚ ਕੰਮ ਕਰਦੀ ਹੈ, ਜੋ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਹਨ।’ (ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ ਦੀ ਦੁਨੀਆਂ ਉੱਤੇ ਹਾਵੀ ਭੌਤਿਕਵਾਦੀ ਸੋਚ ਇਸੇ ਆਤਮਾ ਦਾ ਹਿੱਸਾ ਹੈ। ਜਿਵੇਂ ਸਾਡੇ ਸਾਹ ਲੈਣ ਲਈ ਹਵਾ ਹਰ ਥਾਂ ਮੌਜੂਦ ਹੈ, ਉਸੇ ਤਰ੍ਹਾਂ “ਜਗਤ ਦਾ ਆਤਮਾ” ਇਸ ਦੁਨੀਆਂ ਦੀ ਰਗ-ਰਗ ਵਿਚ ਸਮਾਇਆ ਹੋਇਆ ਹੈ। (1 ਕੁਰਿੰ. 2:12) ਇਸ ਆਤਮਾ ਦੇ ਸ਼ਕਤੀਸ਼ਾਲੀ ਹੋਣ ਕਾਰਨ ਕਿਹਾ ਗਿਆ ਹੈ ਕਿ ਇਸ ਕੋਲ ‘ਅਧਿਕਾਰ’ ਹੈ। ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ ਸਾਡੀ ਮਦਦ ਕਰੇਗਾ ਕਿ ਅਸੀਂ ਦੁਨੀਆਂ ਦੀ ਭੌਤਿਕਵਾਦੀ ਸੋਚ ਤੋਂ ਪਰੇ ਰਹੀਏ ਅਤੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਈਏ। (ਮੱਤੀ 6:33) ਇਸ ਤੋਂ ਇਲਾਵਾ, ਇਹ ਪ੍ਰੋਗ੍ਰਾਮ ਸਾਨੂੰ ਦਬਾਵਾਂ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਸੇਵਕਾਈ ਕਰਦਿਆਂ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦੇਵੇਗਾ।
ਦੋਵੇਂ ਦਿਨ ਹਾਜ਼ਰ ਹੋ ਕੇ ਪ੍ਰੋਗ੍ਰਾਮ ਨੂੰ “ਹੋਰ ਵੀ ਧਿਆਨ” ਨਾਲ ਸੁਣਨ ਦਾ ਨਿਸ਼ਚਾ ਕਰੋ। (ਇਬ. 2:1) ਸੰਖੇਪ ਵਿਚ ਉਨ੍ਹਾਂ ਗੱਲਾਂ ਨੂੰ ਲਿਖ ਲਓ ਜਿਹੜੀਆਂ ਤੁਸੀਂ ਜ਼ਿੰਦਗੀ ਵਿਚ ਅਤੇ ਸੇਵਕਾਈ ਵਿਚ ਲਾਗੂ ਕਰਨੀਆਂ ਚਾਹੁੰਦੇ ਹੋ। ਅਧਿਆਤਮਿਕ ਤੌਰ ਤੇ ਮਾਲਾ-ਮਾਲ ਕਰਨ ਵਾਲੇ ਇਸ ਪ੍ਰੋਗ੍ਰਾਮ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਸੁਣਨ ਨਾਲ ਸਾਡੀ ਨਿਹਚਾ ਪੱਕੀ ਹੋਵੇਗੀ ਤੇ ਸਾਨੂੰ ‘ਸੁਰਗ ਵਿੱਚ ਆਪਣੇ ਲਈ ਧਨ ਜੋੜਨ’ ਦਾ ਉਤਸ਼ਾਹ ਮਿਲੇਗਾ।