ਥੋੜ੍ਹੀ-ਬਹੁਤ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਵੀ ਦੁਬਾਰਾ ਮਿਲੋ
1 ਸਾਡੇ ਵਿੱਚੋਂ ਕਈ ਅੱਜ ਸੱਚਾਈ ਵਿਚ ਇਸ ਲਈ ਹਨ ਕਿਉਂਕਿ ਕਿਸੇ ਨੇ ਗੌਰ ਕੀਤਾ ਸੀ ਕਿ ਸਾਨੂੰ ਰਾਜ ਦੇ ਸੰਦੇਸ਼ ਵਿਚ ਕੁਝ ਦਿਲਚਸਪੀ ਸੀ। ਇਸ ਦਿਲਚਸਪੀ ਨੂੰ ਵਧਾਉਣ ਲਈ ਉਹ ਸ਼ਾਇਦ ਕਈ ਵਾਰ ਸਾਨੂੰ ਮਿਲਣ ਆਉਂਦਾ ਰਿਹਾ। ਇਸੇ ਤਰ੍ਹਾਂ ਸਾਨੂੰ ਵੀ ਥੋੜ੍ਹੀ-ਬਹੁਤੀ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਦੁਬਾਰਾ ਮਿਲਣ ਜਾਣਾ ਚਾਹੀਦਾ ਹੈ। ਜੀ ਹਾਂ, ‘ਚੇਲੇ ਬਣਾਉਣ’ ਲਈ ਲੋਕਾਂ ਨੂੰ ਦੁਬਾਰਾ ਮਿਲਣਾ ਜ਼ਰੂਰੀ ਹੈ।—ਮੱਤੀ 28:19, 20.
2 ਗੌਰ ਕਰੋ ਕਿ ਲੋਕਾਂ ਨੂੰ ਦਿਲਚਸਪੀ ਹੈ ਕਿ ਨਹੀਂ: ਜੇ ਕੋਈ ਸਾਹਿੱਤ ਨਹੀਂ ਵੀ ਲੈਂਦਾ, ਤਾਂ ਵੀ ਸਾਨੂੰ ਉਸ ਦੇ ਚਿਹਰੇ ਦੇ ਹਾਵਾਂ-ਭਾਵਾਂ, ਆਵਾਜ਼ ਜਾਂ ਸ਼ਬਦਾਂ ਤੋਂ ਪਤਾ ਲੱਗ ਸਕਦਾ ਹੈ ਕਿ ਉਸ ਨੂੰ ਰਾਜ ਦੇ ਸੰਦੇਸ਼ ਵਿਚ ਕੁਝ ਦਿਲਚਸਪੀ ਹੈ। ਇਹ ਪਤਾ ਲੱਗਣ ਤੇ ਸਾਨੂੰ ਉਸ ਨੂੰ ਦੁਬਾਰਾ ਮਿਲਣਾ ਚਾਹੀਦਾ ਹੈ। ਇਕ ਭਰਾ ਇਕ ਬੰਦੇ ਨੂੰ ਲਗਾਤਾਰ ਪੰਜ ਵਾਰ ਮਿਲਣ ਗਿਆ ਜਿਸ ਦੌਰਾਨ ਉਸ ਨੇ ਕੋਈ ਸਾਹਿੱਤ ਨਹੀਂ ਲਿਆ। ਛੇਵੀਂ ਵਾਰ ਮਿਲਣ ਤੇ ਉਸ ਬੰਦੇ ਨੇ ਸਾਹਿੱਤ ਲੈ ਲਿਆ ਤੇ ਉਹ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ।
3 ਜੇ ਤੁਹਾਨੂੰ ਕਿਸੇ ਦੀ ਰੁਚੀ ਦਾ ਪਤਾ ਲੱਗਦਾ ਹੈ, ਤਾਂ ਉਸ ਨੂੰ ਤੁਰੰਤ ਮਿਲੋ, ਸ਼ਾਇਦ ਕੁਝ ਦਿਨਾਂ ਬਾਅਦ ਹੀ। ਉਸ ਵਿਅਕਤੀ ਦੇ ਦਿਲ ਵਿਚ ਤੁਸੀਂ ਜੋ ਕੁਝ ਬੀਜਿਆ ਹੈ, ਉਸ ਨੂੰ ਨਸ਼ਟ ਕਰਨ ਦਾ “ਦੁਸ਼ਟ” ਯਾਨੀ ਸ਼ਤਾਨ ਨੂੰ ਮੌਕਾ ਨਾ ਦਿਓ। (ਮੱਤੀ 13:19) ਜੇ ਤੁਸੀਂ ਉਸ ਵਿਅਕਤੀ ਨਾਲ ਕਿਸੇ ਸਮੇਂ ਤੇ ਮਿਲਣ ਦਾ ਵਾਅਦਾ ਕੀਤਾ ਹੈ, ਤਾਂ ਆਪਣੇ ਵਾਅਦੇ ਦੇ ਪੱਕੇ ਰਹੋ।—ਮੱਤੀ 5:37.
4 ਸੜਕ ਤੇ ਗਵਾਹੀ ਦਿੰਦਿਆਂ: ਕੀ ਤੁਸੀਂ ਸੜਕ ਤੇ ਗਵਾਹੀ ਦਿੰਦਿਆਂ ਜਾਂ ਗ਼ੈਰ-ਰਸਮੀ ਗਵਾਹੀ ਦਿੰਦਿਆਂ ਲੋਕਾਂ ਦੀ ਰੁਚੀ ਪਤਾ ਲੱਗਣ ਤੇ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਂਦੇ ਹੋ? ਗੱਲਬਾਤ ਦੇ ਅਖ਼ੀਰ ਤੇ ਤੁਸੀਂ ਕਹਿ ਸਕਦੇ ਹੋ: “ਤੁਹਾਡੇ ਨਾਲ ਗੱਲ ਕਰ ਕੇ ਬਹੁਤ ਖ਼ੁਸ਼ੀ ਹੋਈ। ਮੈਂ ਤੁਹਾਨੂੰ ਕਿੱਥੇ ਮਿਲ ਸਕਦਾ ਹਾਂ ਤਾਂਕਿ ਆਪਾਂ ਇਸ ਵਿਸ਼ੇ ਬਾਰੇ ਹੋਰ ਗੱਲਬਾਤ ਕਰ ਸਕੀਏ?” ਕੁਝ ਪ੍ਰਕਾਸ਼ਕ ਜਦੋਂ ਮੁਨਾਸਬ ਸਮਝਦੇ ਹਨ, ਆਪਣਾ ਫ਼ੋਨ ਨੰਬਰ ਦਿਲਚਸਪੀ ਰੱਖਣ ਵਾਲਿਆਂ ਨੂੰ ਦਿੰਦੇ ਹਨ ਜਾਂ ਉਨ੍ਹਾਂ ਦਾ ਫ਼ੋਨ ਨੰਬਰ ਲੈਂਦੇ ਹਨ। ਜੇ ਲੋਕ ਤੁਹਾਨੂੰ ਇੱਕੋ ਜਗ੍ਹਾ ਸੜਕ ਤੇ ਗਵਾਹੀ ਦਿੰਦਿਆਂ ਦੇਖਦੇ ਹਨ, ਤਾਂ ਉਹ ਸ਼ਾਇਦ ਤੁਹਾਨੂੰ ਆਪਣਾ ਨੰਬਰ ਜਾਂ ਪਤਾ ਦੇਣ ਤੋਂ ਨਾ ਹਿਚਕਿਚਾਉਣ। ਜੇ ਉਹ ਆਪਣਾ ਨੰਬਰ ਜਾਂ ਪਤਾ ਨਹੀਂ ਵੀ ਦੇਣਾ ਚਾਹੁੰਦੇ, ਤਾਂ ਵੀ ਤੁਸੀਂ ਉਨ੍ਹਾਂ ਦੀ ਦਿਲਚਸਪੀ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਜਦ ਉਹ ਤੁਹਾਨੂੰ ਦੁਬਾਰਾ ਸੜਕ ਤੇ ਮਿਲਣਗੇ।
5 ਆਪਣੇ ਹੱਥੀਂ ਲਾਏ ਅਤੇ ਸਿੰਜੇ ਬੂਟੇ ਨੂੰ ਵਧਦਾ-ਫੁੱਲਦਾ ਦੇਖ ਕੇ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਲੋਕਾਂ ਨੂੰ ਦੁਬਾਰਾ ਮਿਲਦੇ ਹਾਂ ਤੇ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (1 ਕੁਰਿੰ. 3:6) ਇਸ ਲਈ ਉਨ੍ਹਾਂ ਸਾਰਿਆਂ ਨੂੰ ਮਿਲਣ ਦਾ ਟੀਚਾ ਰੱਖੋ ਜੋ ਰਾਜ ਦੇ ਸੰਦੇਸ਼ ਵਿਚ ਥੋੜ੍ਹੀ-ਬਹੁਤ ਦਿਲਚਸਪੀ ਲੈਂਦੇ ਹਨ।