ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਯਹੋਵਾਹ ਸਾਡੀ ਭਗਤੀ ਅਤੇ ਮਹਿਮਾ ਦਾ ਹੱਕਦਾਰ ਹੈ। ਅਸੀਂ ਉਸ ਦੀ ਮਹਿਮਾ ਕਿਵੇਂ ਕਰਦੇ ਹਾਂ? ਉਸ ਦੀ ਮਹਿਮਾ ਕਰਦੇ ਹੋਏ ਕਈਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ? ਪਰਮੇਸ਼ੁਰ ਨੂੰ ਵਡਿਆਉਣ ਵਾਲਿਆਂ ਨੂੰ ਕਿਹੜੀਆਂ ਅਸੀਸਾਂ ਮਿਲਦੀਆਂ ਹਨ? 2008 ਸੇਵਾ ਸਾਲ ਦਾ ਸਰਕਟ ਸੰਮੇਲਨ ਪ੍ਰੋਗ੍ਰਾਮ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ। ਇਸ ਸੰਮੇਲਨ ਦਾ ਵਿਸ਼ਾ ਹੈ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰ. 10:31) ਗੌਰ ਕਰੋ ਕਿ ਇਸ ਦੋ-ਦਿਨਾ ਸੰਮੇਲਨ ਵਿਚ ਅਸੀਂ ਕੀ ਕੁਝ ਸਿੱਖਾਂਗੇ।
ਜ਼ਿਲ੍ਹਾ ਨਿਗਾਹਬਾਨ ਇਨ੍ਹਾਂ ਵਿਸ਼ਿਆਂ ਤੇ ਚਰਚਾ ਕਰੇਗਾ: “ਪਰਮੇਸ਼ੁਰ ਦੀ ਵਡਿਆਈ ਕਿਉਂ ਕਰੀਏ?” ਅਤੇ “ਪਰਮੇਸ਼ੁਰ ਦੇ ਅਸੂਲਾਂ ਤੇ ਚੱਲ ਕੇ ਚੰਗੀ ਮਿਸਾਲ ਬਣੋ।” ਉਹ ਪਬਲਿਕ ਭਾਸ਼ਣ “ਅੱਜ ਕਿਹੜੇ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ?” ਅਤੇ ਸੰਮੇਲਨ ਦਾ ਅਖ਼ੀਰਲਾ ਭਾਸ਼ਣ ਵੀ ਦੇਵੇਗਾ ਜਿਸ ਦਾ ਵਿਸ਼ਾ ਹੈ: “ਸਾਰੇ ਮਿਲ ਕੇ ਸੰਸਾਰ ਭਰ ਵਿਚ ਪਰਮੇਸ਼ੁਰ ਦੀ ਵਡਿਆਈ ਕਰਨ।” ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵੀ ਚਲਾਏਗਾ। ਸਰਕਟ ਨਿਗਾਹਬਾਨ ਤਿੰਨ ਭਾਸ਼ਣ ਦੇਵੇਗਾ ਜਿਨ੍ਹਾਂ ਦੇ ਵਿਸ਼ੇ ਹਨ: “ਦੂਜਿਆਂ ਅੱਗੇ ਪਰਮੇਸ਼ੁਰ ਦਾ ਤੇਜ ਚਮਕਾ ਕੇ ਖ਼ੁਸ਼ੀ ਪਾਓ,” “ਸਰਕਟ ਦੀਆਂ ਲੋੜਾਂ” ਅਤੇ “‘ਸਚਿਆਈ ਉੱਤੇ ਇਸਥਿਰ’ ਰਹੋ” ਜੋ ਕਿ 2 ਪਤਰਸ 1:12 ਤੇ ਆਧਾਰਿਤ ਹੈ। ਇਕ ਹੋਰ ਭਾਸ਼ਣ ਵਿਚ ਅਸੀਂ ਸਿੱਖਾਂਗੇ ਕਿ ਕਿਵੇਂ “ਪਾਇਨੀਅਰ ਸੇਵਾ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ।” ਸੰਮੇਲਨ ਵਿਚ ਦੋ ਭਾਸ਼ਣ-ਲੜੀਆਂ ਪੇਸ਼ ਕੀਤੀਆਂ ਜਾਣਗੀਆਂ। ਪਹਿਲੀ ਦਾ ਵਿਸ਼ਾ ਹੈ “ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੀ ਵਡਿਆਈ ਕਰੋ।” ਇਸ ਵਿਚ 1 ਕੁਰਿੰਥੀਆਂ 10:31 ਦੇ ਅਰਥ ਨੂੰ ਖੋਲ੍ਹ ਕੇ ਸਮਝਾਇਆ ਜਾਵੇਗਾ। ਦੂਜੀ ਭਾਸ਼ਣ-ਲੜੀ “ਯਹੋਵਾਹ ਦੀ ਮਹਿਮਾ ਕਰਨ ਲਈ ਉਸ ਦੀ ਸੇਵਾ ਕਰੋ” ਵਿਚ ਭਗਤੀ ਦੇ ਵੱਖੋ-ਵੱਖਰੇ ਪਹਿਲੂਆਂ ਉੱਤੇ ਚਰਚਾ ਕੀਤੀ ਜਾਵੇਗੀ। ਐਤਵਾਰ ਨੂੰ ਦੈਨਿਕ ਪਾਠ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਪਹਿਰਾਬੁਰਜ ਵਿੱਚੋਂ ਅਧਿਐਨ ਲੇਖ ਦਾ ਸਾਰ ਵੀ ਪੇਸ਼ ਕੀਤਾ ਜਾਵੇਗਾ। ਸੰਮੇਲਨ ਵਿਚ ਨਵੇਂ ਚੇਲਿਆਂ ਨੂੰ ਬਪਤਿਸਮਾ ਦੇਣ ਦਾ ਵੀ ਇੰਤਜ਼ਾਮ ਹੋਵੇਗਾ।
ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਨੂੰ ਅਹਿਮੀਅਤ ਨਹੀਂ ਦਿੰਦੇ। ਕਈ ਤਾਂ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਯਹੋਵਾਹ ਦੀ ਮਹਾਨਤਾ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। (ਯੂਹੰ. 5:44) ਪਰ ਸਮਾਂ ਕੱਢ ਕੇ ਇਸ ਅਹਿਮ ਵਿਸ਼ੇ ਉੱਤੇ ਸੋਚ-ਵਿਚਾਰ ਕਰਨਾ ਯਕੀਨਨ ਫ਼ਾਇਦੇਮੰਦ ਹੈ ਕਿ ਅਸੀਂ ਕਿਵੇਂ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ” ਲਈ ਕਰੀਏ। ਸੋ ਹੁਣੇ ਤੋਂ ਯੋਜਨਾ ਬਣਾਓ ਕਿ ਤੁਸੀਂ ਸੰਮੇਲਨ ਦੇ ਚਾਰੇ ਸੈਸ਼ਨਾਂ ਵਿਚ ਹਾਜ਼ਰ ਰਹੋਗੇ ਤੇ ਇਨ੍ਹਾਂ ਤੋਂ ਪੂਰਾ-ਪੂਰਾ ਲਾਭ ਹਾਸਲ ਕਰੋਗੇ।