ਸਰਕਟ ਸੰਮੇਲਨ ਦਾ ਨਵਾਂ ਪ੍ਰੋਗ੍ਰਾਮ
ਅਸੀਂ ਸੱਚਾਈ ਦਾ ਵਿਰੋਧ ਕਰਨ ਵਾਲਿਆਂ ਦਾ ਡੱਟ ਕੇ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਅਸੀਂ ਉਨ੍ਹਾਂ ਬੁਰੇ ਪ੍ਰਭਾਵਾਂ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਰਾਹੀਂ ਸ਼ਤਾਨ ਸਾਨੂੰ ਆਪਣੀ ਦੁਨੀਆਂ ਵਿਚ ਵਾਪਸ ਖਿੱਚਣ ਦੀ ਕੋਸ਼ਿਸ਼ ਕਰਦਾ ਹੈ? 2009 ਦੇ ਸੇਵਾ ਸਾਲ ਦੇ ਸਰਕਟ ਸੰਮੇਲਨ ਦੇ ਪ੍ਰੋਗ੍ਰਾਮ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਸ ਦਾ ਵਿਸ਼ਾ ਹੈ “ਭਲਾਈ ਨਾਲ ਬੁਰਾਈ ਨੂੰ ਜਿੱਤ ਲਓ।” (ਰੋਮੀ. 12:21) ਆਓ ਆਪਾਂ ਦੇਖੀਏ ਕਿ ਪ੍ਰੋਗ੍ਰਾਮ ਵਿਚ ਕਿਨ੍ਹਾਂ ਵਿਸ਼ਿਆਂ ʼਤੇ ਗੱਲ ਕੀਤੀ ਜਾਵੇਗੀ।
ਡਿਸਟ੍ਰਿਕਟ ਓਵਰਸੀਅਰ ਇਨ੍ਹਾਂ ਵਿਸ਼ਿਆਂ ਤੇ ਚਰਚਾ ਕਰੇਗਾ: “ਭਲਾਈ ਨਾਲ ਬੁਰਾਈ ਨੂੰ ਜਿੱਤਣ ਲਈ ਮਜ਼ਬੂਤ ਕੀਤੇ ਗਏ,” “ਆਪਣੇ ਆਪ ਉੱਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਖ਼ਬਰਦਾਰ ਰਹੋ!,” “ਸਾਰੀ ਦੁਸ਼ਟਤਾ ਹੁਣ ਜਲਦੀ ਹੀ ਖ਼ਤਮ ਕੀਤੀ ਜਾਵੇਗੀ!,” ਅਤੇ “ਸੰਸਾਰ ਉੱਤੇ ਜੇਤੂ ਹੋਣ ਲਈ ਆਪਣੀ ਨਿਹਚਾ ਮਜ਼ਬੂਤ ਕਰੋ।” ਸਰਕਟ ਓਵਰਸੀਅਰ ਦੋ ਭਾਸ਼ਣ ਦੇਵੇਗਾ। ਪਹਿਲਾ ਰੋਮੀਆਂ 13:11-13 ਤੇ ਆਧਾਰਿਤ ਹੈ ਅਤੇ ਇਸ ਦਾ ਵਿਸ਼ਾ ਹੈ: “ਨੀਂਦਰ ਤੋਂ ਜਾਗਣ ਦਾ ਵੇਲਾ ਆ ਪੁੱਜਿਆ ਹੈ!” ਦੂਜਾ ਕਹਾਉਤਾਂ 24:10 ʼਤੇ ਆਧਾਰਿਤ ਹੈ ਅਤੇ ਇਸ ਦਾ ਵਿਸ਼ਾ ਹੈ: “ਬਿਪਤਾ ਦੇ ਦਿਨ ਢਿੱਲੇ ਨਾ ਪਵੋ।” ਉਹ “ਸਰਕਟ ਦੀਆਂ ਲੋੜਾਂ” ਉੱਤੇ ਵੀ ਚਰਚਾ ਕਰੇਗਾ। ਇਕ ਹੋਰ ਉਤਸ਼ਾਹ ਦੇਣ ਵਾਲਾ ਭਾਸ਼ਣ ਵੀ ਦਿੱਤਾ ਜਾਵੇਗਾ: “ਕੀ ਤੁਸੀਂ ਪਾਇਨੀਅਰੀ ਕਰ ਕੇ ਸੇਵਾ ਕਰ ਸਕਦੇ ਹੋ?” ਦੋ ਭਾਸ਼ਣ-ਲੜੀਆਂ ਦਿੱਤੀਆਂ ਜਾਣਗੀਆਂ। ਪਹਿਲੀ ਦਾ ਵਿਸ਼ਾ ਹੈ: “ਸ਼ਤਾਨ ਦੇ ਛਲ ਛਿੱਦ੍ਰਾਂ ਦਾ ਡੱਟ ਕੇ ਸਾਮ੍ਹਣਾ ਕਰੋ।” ਇਹ ਭਾਸ਼ਣ-ਲੜੀ ਤਕਨਾਲੋਜੀ, ਮਨੋਰੰਜਨ ਅਤੇ ਵਿਦਿਆ ਸੰਬੰਧੀ ਸ਼ਤਾਨ ਦੇ ਛਲ ਛਿੱਦ੍ਰਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਰੱਦ ਕਰਨ ਵਿਚ ਸਾਡੀ ਮਦਦ ਕਰੇਗੀ। ਦੂਜੀ ਭਾਸ਼ਣ-ਲੜੀ ਦਾ ਵਿਸ਼ਾ ਹੈ: “ਬੁਰੇ ਦਿਨ ਵਿਚ ਪ੍ਰਭੂ ਦੀ ਸ਼ਕਤੀ ਵਿਚ ਤਕੜੇ ਹੋਵੇ।” ਇਸ ਵਿਚ ਸਾਨੂੰ ਸਮਝਾਇਆ ਜਾਵੇਗਾ ਕਿ ਅਸੀਂ ਅਫ਼ਸੀਆਂ 6:10-18 ਦੀ ਸਲਾਹ ਨੂੰ ਹੋਰ ਵੀ ਜ਼ਿਆਦਾ ਕਿੱਦਾਂ ਲਾਗੂ ਕਰ ਸਕਦੇ ਹਾਂ।
ਬੁਰਾਈ ਦੇ ਸਰਦਾਰ ਸ਼ਤਾਨ ਨੂੰ ਕ੍ਰੋਧ ਆਉਂਦਾ ਹੈ ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਹਾਂ। (ਪਰ. 12:17) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਉਹ ਸਾਡੇ ਉੱਤੇ ਵਾਰ ਕਰਦਾ ਰਹਿੰਦਾ ਹੈ। (ਯਸਾ. 43:10, 12) ਪਰ ਸ਼ਤਾਨ ਬੁਰੀ ਤਰ੍ਹਾਂ ਹਾਰੇਗਾ ਕਿਉਂਕਿ ‘ਭਲਾਈ ਨਾਲ ਬੁਰਾਈ ਨੂੰ ਜਿੱਤਣ’ ਦਾ ਸਾਡਾ ਇਰਾਦਾ ਪੱਕਾ ਹੈ। ਇਸ ਸੰਮੇਲਨ ਦੇ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਹੋਣ ਲਈ ਹੁਣ ਤੋਂ ਤਿਆਰੀ ਕਰੋ ਤਾਂਕਿ ਤੁਸੀਂ ਪੂਰਾ-ਪੂਰਾ ਲਾਭ ਉਠਾ ਸਕੋ।