ਅਸੀਂ ਕਿਲ੍ਹਿਆਂ ਜਿੰਨੀਆਂ ਮਜ਼ਬੂਤ ਸਿੱਖਿਆਵਾਂ ਨੂੰ ਢਾਹ ਰਹੇ ਹਾਂ
1 ਸ਼ਤਾਨ ਨੇ ਸਦੀਆਂ ਤੋਂ ਧੋਖੇ ਨਾਲ ਗ਼ਲਤ ਸਿੱਖਿਆਵਾਂ ਸਿਖਾ ਕੇ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਪਰਮੇਸ਼ੁਰੀ ਸੱਚਾਈ ਦੇ ਖ਼ਿਲਾਫ਼ ਦੀਵਾਰਾਂ ਖੜ੍ਹੀਆਂ ਕੀਤੀਆਂ ਹਨ। ਸੰਸਾਰ ਭਰ ਵਿਚ ਉਸ ਨੇ ਤ੍ਰਿਏਕ, ਅਮਰ ਆਤਮਾ ਤੇ ਨਰਕ ਵਿਚ ਤਸੀਹੇ ਭੋਗਣ ਵਰਗੀਆਂ ਸਿੱਖਿਆਵਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਉਹ ਰੱਬ ਦੀ ਹੋਂਦ ਬਾਰੇ ਸ਼ੱਕ ਪੈਦਾ ਕਰਦਾ ਹੈ। ਉਹ ਲੋਕਾਂ ਦੇ ਮਨਾਂ ਵਿਚ ਇਹ ਵਿਚਾਰ ਵੀ ਪਾਉਂਦਾ ਹੈ ਕਿ ਬਾਈਬਲ ਰੱਬ ਦੁਆਰਾ ਲਿਖਾਈ ਗਈ ਪੁਸਤਕ ਨਹੀਂ ਹੈ। ਉਸ ਨੇ ਨਸਲੀ ਤੇ ਕੌਮੀ ਭੇਦ-ਭਾਵ ਦੁਆਰਾ ਲੋਕਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ ਤਾਂਕਿ ਉਹ ਖ਼ੁਸ਼ ਖ਼ਬਰੀ ਦਾ ਚਾਨਣ ਨਾ ਦੇਖ ਸਕਣ। (2 ਕੁਰਿੰ. 4:4) ਅਸੀਂ ਕਿਲ੍ਹਿਆਂ ਵਰਗੇ ਅਜਿਹੇ ਮਜ਼ਬੂਤ ਵਿਸ਼ਵਾਸਾਂ ਨੂੰ ਕਿਵੇਂ ਢਾਹ ਸਕਦੇ ਹਾਂ?—2 ਕੁਰਿੰ. 10:4, 5.
2 ਆਪੋ ਆਪਣਾ ਧਰਮ ਪਿਆਰਾ: ਲੋਕਾਂ ਨੂੰ ਆਪਣੇ ਧਾਰਮਿਕ ਵਿਸ਼ਵਾਸ ਅਤਿ ਪਿਆਰੇ ਹੁੰਦੇ ਹਨ। ਕਈ ਬਚਪਨ ਤੋਂ ਹੀ ਗ਼ਲਤ ਵਿਸ਼ਵਾਸਾਂ ਤੋਂ ਸਿਵਾਇ ਹੋਰ ਕੁਝ ਨਹੀਂ ਜਾਣਦੇ। ਅਜਿਹੇ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਦੇ ਵਿਸ਼ਵਾਸਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ।—1 ਪਤ. 3:15.
3 ਲੋਕਾਂ ਦਾ ਆਦਰ-ਮਾਣ ਕਰਦੇ ਹੋਏ ਉਨ੍ਹਾਂ ਨੂੰ ਇਹ ਦੱਸਣ ਦਾ ਮੌਕਾ ਦਿਓ ਕਿ ਉਹ ਕੀ ਵਿਸ਼ਵਾਸ ਕਰਦੇ ਹਨ ਤੇ ਕਿਉਂ। (ਯਾਕੂ. 1:19) ਸ਼ਾਇਦ ਉਹ ਅਮਰ ਆਤਮਾ ਵਿਚ ਇਸ ਕਰਕੇ ਵਿਸ਼ਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਅਜ਼ੀਜ਼ ਮੌਤ ਦੀ ਨੀਂਦ ਸੌਂ ਗਿਆ ਹੈ ਜਿਸ ਨੂੰ ਉਹ ਮੁੜ ਕੇ ਦੇਖਣ ਲਈ ਤਰਸਦੇ ਹਨ। ਜਾਂ ਉਹ ਇਸ ਲਈ ਧਾਰਮਿਕ ਤਿਉਹਾਰ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ-ਗਿਲਣ ਦਾ ਮੌਕਾ ਮਿਲਦਾ ਹੈ। ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅਸੀਂ ਉਨ੍ਹਾਂ ਦੇ ਵਿਚਾਰ ਜਾਣ ਸਕਾਂਗੇ। ਫਿਰ ਅਸੀਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਏ ਬਗ਼ੈਰ ਗੱਲਬਾਤ ਅੱਗੇ ਤੋਰ ਸਕਾਂਗੇ। ਜਾਂ ਅਸੀਂ ਅਗਲੀ ਵਾਰ ਆਣ ਕੇ ਹੋਰ ਗੱਲਬਾਤ ਕਰਨ ਦਾ ਫ਼ੈਸਲਾ ਕਰ ਸਕਦੇ ਹਾਂ।—ਕਹਾ. 16:23.
4 ਯਿਸੂ ਦੀ ਰੀਸ ਕਰੋ: ਯਿਸੂ ਨੇ ਬਿਵਸਥਾ ਦੇ ਇਕ ਗਿਆਨੀ ਦੇ ਸਵਾਲ ਦਾ ਜਵਾਬ ਵਧੀਆ ਢੰਗ ਨਾਲ ਦਿੱਤਾ ਜਿਸ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। ਯਿਸੂ ਜਾਣਦਾ ਸੀ ਕਿ ਇਸ ਗਿਆਨੀ ਨੂੰ ਆਪਣੇ ਧਾਰਮਿਕ ਵਿਸ਼ਵਾਸ ਬਹੁਤ ਪਿਆਰੇ ਸਨ। ਜੇ ਯਿਸੂ ਉਸ ਨੂੰ ਸਿੱਧਾ ਜਵਾਬ ਦਿੰਦਾ, ਤਾਂ ਗਿਆਨੀ ਲਈ ਸ਼ਾਇਦ ਉਸ ਦੀ ਗੱਲ ਨੂੰ ਕਬੂਲ ਕਰਨਾ ਮੁਸ਼ਕਲ ਹੁੰਦਾ। ਸੋ ਯਿਸੂ ਨੇ ਪਵਿੱਤਰ ਸ਼ਾਸਤਰ ਵਿੱਚੋਂ ਉਸ ਨੂੰ ਹਵਾਲੇ ਦਿੱਤੇ, ਉਸ ਦੇ ਵਿਚਾਰ ਪੁੱਛੇ ਤੇ ਇਕ ਉਦਾਹਰਣ ਦੇ ਕੇ ਸਹੀ ਸਿੱਟੇ ਤੇ ਪਹੁੰਚਣ ਵਿਚ ਉਸ ਦੀ ਮਦਦ ਕੀਤੀ।—ਲੂਕਾ 10:25-37.
5 ਪਰਮੇਸ਼ੁਰ ਦੇ ਬਚਨ ਵਿਚ ਇੰਨੀ ਸ਼ਕਤੀ ਹੈ ਕਿ ਇਹ ਕਿਲ੍ਹਿਆਂ ਵਰਗੇ ਮਜ਼ਬੂਤ ਝੂਠੇ ਵਿਸ਼ਵਾਸਾਂ ਨੂੰ ਢਾਹ ਸਕਦਾ ਹੈ। (ਇਬ. 4:12) ਜੇ ਅਸੀਂ ਲੋਕਾਂ ਨੂੰ ਸਮਝ ਅਤੇ ਧੀਰਜ ਨਾਲ ਸਿਖਾਵਾਂਗੇ, ਤਾਂ ਪਰਮੇਸ਼ੁਰੀ ਸੱਚਾਈ ਉਨ੍ਹਾਂ ਦੇ ਦਿਲਾਂ ਨੂੰ ਛੋਹ ਜਾਵੇਗੀ। ਇਸ ਤਰ੍ਹਾਂ ਉਨ੍ਹਾਂ ਨੂੰ ਝੂਠ ਨੂੰ ਰੱਦ ਕਰਨ ਤੇ ਸੱਚਾਈ ਨੂੰ ਅਪਣਾਉਣ ਦੀ ਤਾਕਤ ਮਿਲੇਗੀ ਜੋ ਉਨ੍ਹਾਂ ਨੂੰ ਆਜ਼ਾਦ ਕਰੇਗੀ।—ਯੂਹੰ. 8:32.