ਖ਼ਾਸ ਸੰਮੇਲਨ ਦਿਨ ਦਾ ਨਵਾਂ ਪ੍ਰੋਗ੍ਰਾਮ
2009 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਦਾ ਵਿਸ਼ਾ ਹੈ ‘ਵੇਖੀਂ ਕਿ ਤੂੰ ਸੇਵਕਾਈ ਨੂੰ ਪੂਰਿਆਂ ਕਰੀਂ।’ ਇਹ ਕੁਲੁੱਸੀਆਂ 4:17 ਉੱਤੇ ਆਧਾਰਿਤ ਹੈ। ਮਸੀਹੀਆਂ ਵਜੋਂ ਅਸੀਂ ਇਸ ਸਲਾਹ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਵੀ ਯਿਸੂ ਦੀ ਤਰ੍ਹਾਂ ਵਫ਼ਾਦਾਰੀ ਨਾਲ ਆਪਣੀ ਸੇਵਕਾਈ ਪੂਰੀ ਕਰਨੀ ਚਾਹੁੰਦੇ ਹਾਂ। (ਯੂਹੰ. 17:4) ਇਸ ਸੰਬੰਧ ਵਿਚ ਪੌਲੁਸ ਰਸੂਲ ਨੇ ਵੀ ਸਾਡੇ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਆਪਣੀ ਸੇਵਕਾਈ ਪੂਰੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ।—ਰਸੂ. 20:24.
ਸਰਕਟ ਓਵਰਸੀਅਰ ਦੇ ਭਾਸ਼ਣ ਵਿਚ ਦਿਖਾਇਆ ਜਾਵੇਗਾ ਕਿ ਕਈ ਭੈਣ-ਭਰਾ ਆਪਣੀ ਸੇਵਕਾਈ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਿੱਦਾਂ ਕਰਦੇ ਹਨ। ਫਿਰ “ਆਪਣੇ ਲਾਏ ਹੋਏ ਬੂਟਿਆਂ ਦੀ ਦੇਖ-ਭਾਲ ਕਰੋ” ਨਾਮਕ ਭਾਸ਼ਣ ਵਿਚ ਦੱਸਿਆ ਜਾਵੇਗਾ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ ਜੋ ਸਦਾ ਦੀ ਜ਼ਿੰਦਗੀ ਦੇ ਰਾਹ ਉੱਤੇ ਚੱਲਣਾ ਚਾਹੁੰਦੇ ਹਨ। ਮਹਿਮਾਨ ਭਾਸ਼ਣਕਾਰ ਆਪਣੇ ਪਹਿਲੇ ਭਾਸ਼ਣ ਵਿਚ 2 ਕੁਰਿੰਥੀਆਂ 6:1-10 ਦੀ ਆਇਤ-ਬਰ-ਆਇਤ ਚਰਚਾ ਕਰੇਗਾ। ਉਸ ਦੇ ਭਾਸ਼ਣ ਦਾ ਵਿਸ਼ਾ ਹੈ: “ਅਸੀਂ ਪਰਮੇਸ਼ੁਰ ਦੇ ਸੇਵਕਾਂ ਵਜੋਂ ਪਰਮਾਣ ਕਿਵੇਂ ਦਿੰਦੇ ਹਾਂ।” ਦੁਪਹਿਰ ਨੂੰ ਉਹ ਇਕ ਹੋਰ ਭਾਸ਼ਣ ਦੇਵੇਗਾ ਜਿਸ ਦਾ ਵਿਸ਼ਾ ਹੈ: “ਆਪਣੀ ਸੇਵਕਾਈ ਦੇ ਸਨਮਾਨ ਦੀ ਪੂਰੀ ਤਰ੍ਹਾਂ ਕਦਰ ਕਰੋ।” “ਬੁੱਢੇ ਤੇ ਜਵਾਨ ਸੇਵਕਾਈ ਦਾ ਆਨੰਦ ਮਾਣਦੇ ਹਨ” ਅਤੇ “ਸੇਵਕਾਈ ਪੂਰੀ ਕਰਨ ਵਾਲੇ ਨੌਜਵਾਨ” ਨਾਂ ਦੇ ਭਾਸ਼ਣ ਸੁਣ ਕੇ ਤੁਹਾਨੂੰ ਬਹੁਤ ਹੌਸਲਾ ਮਿਲੇਗਾ। ਜਿਹੜੇ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਅਗਲੇ ਸੰਮੇਲਨ ਵਿਚ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਛੇਤੀ ਆਪਣੀ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰਨੀ ਚਾਹੀਦੀ ਹੈ। ਸਾਡੇ ਸਾਰੇ ਸੰਮੇਲਨਾਂ ਵਿਚ ਪਹਿਰਾਬੁਰਜ ਦੀ ਚਰਚਾ ਕੀਤੀ ਜਾਂਦੀ ਹੈ। ਇਸ ਲਈ ਪਹਿਰਾਬੁਰਜ ਦੀ ਆਪਣੀ ਕਾਪੀ ਨਾਲ ਲਿਆਉਣੀ ਨਾ ਭੁੱਲਿਓ।
ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਹੋਰਨਾਂ ਕੰਮਾਂ-ਕਾਰਾਂ ਵਿਚ ਇੰਨਾ ਸਮਾਂ ਨਾ ਲਾਈਏ ਕਿ ਅਸੀਂ ਯਹੋਵਾਹ ਵੱਲੋਂ ਮਿਲੀ ਸੇਵਕਾਈ ਪੂਰੀ ਨਾ ਕਰ ਪਾਈਏ। ਇਸ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਤੋਂ ਸਾਨੂੰ ਉਤਸ਼ਾਹ ਮਿਲੇਗਾ ਕਿ ਅਸੀਂ ਆਪਣੀ ਸੇਵਕਾਈ ਬਾਰੇ ਸਹੀ ਨਜ਼ਰੀਆ ਰੱਖੀਏ ਅਤੇ ਉਸ ਨੂੰ ਪੂਰਾ ਕਰੀਏ।