‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜ਼ਰੂਰ ਕੀਤਾ ਜਾਵੇਗਾ’!
1. ਸਾਨੂੰ ਕਿੱਦਾਂ ਪਤਾ ਹੈ ਕਿ ਪ੍ਰਚਾਰ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ?
1 ਯਹੋਵਾਹ ਦੀ ਇੱਛਾ ਪੂਰੀ ਹੋ ਕੇ ਹੀ ਰਹੇਗੀ ਕਿਉਂਕਿ ਉਸ ਨੂੰ ਕੋਈ ਨਹੀਂ ਰੋਕ ਸਕਦਾ। (ਯਸਾ. 14:24) ਭਾਵੇਂ ਕਿ ਗਿਦਾਊਨ ਅਤੇ ਉਸ ਦੇ 300 ਆਦਮੀ 1,35,000 ਮਿਦਯਾਨੀਆਂ ਦੀ ਫ਼ੌਜ ਦਾ ਸਾਮ੍ਹਣਾ ਕਰ ਰਹੇ ਸਨ ਅਤੇ ਲੱਗਦਾ ਸੀ ਕਿ ਉਹ ਹਾਰ ਜਾਣਗੇ, ਫਿਰ ਵੀ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾ! ਭਲਾ, ਮੈਂ ਤੈਨੂੰ ਘੱਲਿਆ ਨਹੀਂ?” (ਨਿਆ. 6:14) ਅੱਜ ਯਹੋਵਾਹ ਕਿਹੜੇ ਕੰਮ ਦਾ ਸਮਰਥਨ ਕਰ ਰਿਹਾ ਹੈ? ਯਿਸੂ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ।” (ਮੱਤੀ 24:14) ਇਸ ਕੰਮ ਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ!
2. ਅਸੀਂ ਕਿਉਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਪ੍ਰਚਾਰ ਵਿਚ ਸਾਡੇ ਇਕੱਲੇ-ਇਕੱਲੇ ਦੀ ਮਦਦ ਕਰੇਗਾ?
2 ਯਹੋਵਾਹ ਹਰੇਕ ਦੀ ਮਦਦ ਕਰਦਾ ਹੈ: ਜਦ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਇਕ ਗਰੁੱਪ ਵਜੋਂ ਯਹੋਵਾਹ ਦੇ ਗਵਾਹ ਸਫ਼ਲ ਹੋਣਗੇ, ਪਰ ਕੀ ਯਹੋਵਾਹ ਸਾਡੇ ਵਿੱਚੋਂ ਹਰੇਕ ਜਣੇ ਦੀ ਮਦਦ ਕਰੇਗਾ? ਲੋੜ ਵੇਲੇ ਪੌਲੁਸ ਰਸੂਲ ਨੇ ਖ਼ੁਦ ਮਹਿਸੂਸ ਕੀਤਾ ਕਿ ਯਹੋਵਾਹ ਆਪਣੇ ਪੁੱਤਰ ਯਿਸੂ ਦੁਆਰਾ ਉਸ ਨੂੰ ਸਹਾਰਾ ਦੇ ਰਿਹਾ ਸੀ। (2 ਤਿਮੋ. 4:17) ਇਸੇ ਤਰ੍ਹਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਸ ਦੀ ਇੱਛਾ ਪੂਰੀ ਕਰਨ ਦੇ ਸਾਡੇ ਜਤਨਾਂ ʼਤੇ ਵੀ ਆਪਣੀ ਬਰਕਤ ਪਾਵੇਗਾ।—1 ਯੂਹੰ. 5:14.
3. ਯਹੋਵਾਹ ਕਿਨ੍ਹਾਂ-ਕਿਨ੍ਹਾਂ ਹਾਲਾਤਾਂ ਵਿਚ ਸਾਡੀ ਮਦਦ ਕਰਦਾ ਹੈ?
3 ਕੀ ਤੁਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਇੰਨਾ ਥੱਕ ਜਾਂਦੇ ਹੋ ਕਿ ਪ੍ਰਚਾਰ ਕਰਨ ਲਈ ਤੁਹਾਡੇ ਵਿਚ ਜਾਨ ਨਹੀਂ ਰਹਿੰਦੀ? “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ।” (ਯਸਾ. 40:29-31) ਕੀ ਤੁਸੀਂ ਸਤਾਹਟ ਜਾਂ ਵਿਰੋਧ ਦਾ ਸਾਮ੍ਹਣਾ ਕਰਦੇ ਹੋ? “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂ. 55:22) ਕੀ ਤੁਸੀਂ ਕਦੀ-ਕਦੀ ਘਬਰਾ ਜਾਂਦੇ ਹੋ? “ਜਾਹ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ।” (ਕੂਚ 4:11, 12) ਕੀ ਮਾੜੀ ਸਿਹਤ ਕਰਕੇ ਤੁਸੀਂ ਥੋੜ੍ਹਾ ਹੀ ਪ੍ਰਚਾਰ ਕਰ ਸਕਦੇ ਹੋ? ਯਹੋਵਾਹ ਪੂਰੇ ਤਨ-ਮਨ ਨਾਲ ਕੀਤੀ ਤੁਹਾਡੀ ਥੋੜ੍ਹੀ ਤੋਂ ਥੋੜ੍ਹੀ ਸੇਵਾ ਦੀ ਵੀ ਕਦਰ ਕਰਦਾ ਹੈ।—1 ਕੁਰਿੰ. 3:6, 9.
4. ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਸਾਡੇ ʼਤੇ ਕੀ ਅਸਰ ਪਵੇਗਾ?
4 ਯਹੋਵਾਹ ਦੀ ਬਾਂਹ “ਅੱਗੇ ਵੱਧੀ ਹੋਈ ਹੈ। ਉਸ ਨੂੰ ਕੌਣ ਰੋਕ ਸਕਦਾ ਹੈ”? (ਯਸਾ. 14:27, CL) ਕਿਉਂਕਿ ਸਾਨੂੰ ਆਪਣੀ ਸੇਵਕਾਈ ʼਤੇ ਯਹੋਵਾਹ ਦੀ ਬਰਕਤ ਦਾ ਪੂਰਾ ਭਰੋਸਾ ਹੈ, ਸੋ ਆਓ ਆਪਾਂ ਸਮਝਦਾਰੀ ਨਾਲ “ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼ ਕਰਦੇ” ਰਹੀਏ।—ਰਸੂ. 14:3.