ਪ੍ਰਸ਼ਨ ਡੱਬੀ
◼ ਕੂਪਨ ਭਰ ਕੇ ਅਤੇ ਇੰਟਰਨੈੱਟ ਦੁਆਰਾ ਸਾਹਿੱਤ ਅਤੇ ਬਾਈਬਲ ਸਟੱਡੀ ਲਈ ਕੌਣ ਦਰਖ਼ਾਸਤ ਕਰ ਸਕਦਾ ਹੈ?
ਸਾਡੇ ਸਾਹਿੱਤ ਵਿਚ ਅਕਸਰ ਅਜਿਹੇ ਕੂਪਨ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਭਰ ਕੇ ਬ੍ਰਾਂਚ ਆਫ਼ਿਸ ਤੋਂ ਸਾਹਿੱਤ ਮੰਗਵਾ ਸਕਦੇ ਹਨ ਜਾਂ ਪੁੱਛ ਸਕਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਦਾ ਕੋਈ ਗਵਾਹ ਜਾ ਕੇ ਮਿਲੇ। ਇਸ ਤੋਂ ਇਲਾਵਾ, ਸਾਡੀ ਵੈੱਬ-ਸਾਈਟ www.watchtower.org ਉੱਤੇ ਬਾਈਬਲ ਸਟੱਡੀ ਕਰਨ ਲਈ ਪੁੱਛਿਆ ਜਾ ਸਕਦਾ ਹੈ। ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਬਹੁਤ ਲੋਕ ਸੱਚਾਈ ਸਿੱਖ ਰਹੇ ਹਨ। ਪਰ ਜਦੋਂ ਪਬਲੀਸ਼ਰਾਂ ਨੇ ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਨੂੰ ਸਾਹਿੱਤ ਭੇਜਣ ਜਾਂ ਉਨ੍ਹਾਂ ਨਾਲ ਸਟੱਡੀ ਸ਼ੁਰੂ ਕਰਨ ਲਈ ਦਰਖ਼ਾਸਤ ਕੀਤੀ ਹੈ, ਤਾਂ ਕੁਝ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ।
ਜਿਨ੍ਹਾਂ ਲੋਕਾਂ ਨੂੰ ਬ੍ਰਾਂਚ ਆਫ਼ਿਸ ਤੋਂ ਸਾਹਿੱਤ ਭੇਜਿਆ ਗਿਆ ਹੈ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੀ ਸੰਸਥਾ ਉਨ੍ਹਾਂ ਨੂੰ ਤੰਗ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਸਾਹਿੱਤ ਨਹੀਂ ਮੰਗਿਆ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਨਾਂ ਜ਼ਰੂਰ ਕਿਸੇ ਸੂਚੀ ਵਿਚ ਲਿਖਿਆ ਹੋਇਆ ਹੋਣਾ। ਜਦੋਂ ਪਬਲੀਸ਼ਰ ਇਨ੍ਹਾਂ ਲੋਕਾਂ ਨੂੰ ਮਿਲਣ ਗਏ, ਤਾਂ ਉਹ ਪਬਲੀਸ਼ਰਾਂ ਨਾਲ ਬਹੁਤ ਗੁੱਸੇ ਹੋਏ ਕਿਉਂਕਿ ਉਨ੍ਹਾਂ ਨੇ ਖ਼ੁਦ ਕੋਈ ਦਰਖ਼ਾਸਤ ਨਹੀਂ ਕੀਤੀ ਸੀ। ਇਸ ਕਰਕੇ ਸਾਡੀ ਵੈੱਬ-ਸਾਈਟ ਤੇ ਜਾਂ ਕੂਪਨਾਂ ਦੇ ਜ਼ਰੀਏ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਖ਼ੁਦ ਦਰਖ਼ਾਸਤਾਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਪਬਲੀਸ਼ਰਾਂ ਨੂੰ। ਜਦੋਂ ਬ੍ਰਾਂਚ ਨੂੰ ਪਤਾ ਲੱਗਦਾ ਹੈ ਕਿ ਪਬਲੀਸ਼ਰ ਨੇ ਕਿਸੇ ਲਈ ਦਰਖ਼ਾਸਤ ਕੀਤੀ ਹੈ, ਤਾਂ ਆਮ ਤੌਰ ਤੇ ਉਹ ਪੂਰੀ ਨਹੀਂ ਕੀਤੀ ਜਾਂਦੀ।
ਅਸੀਂ ਫਿਰ ਕਿਸੇ ਰਿਸ਼ਤੇਦਾਰ ਜਾਂ ਵਾਕਫ਼ ਦੀ ਸੱਚਾਈ ਜਾਣਨ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ? ਜੇ ਤੁਸੀਂ ਚਾਹੁੰਦੇ ਹੋ ਕਿ ਉਸ ਨੂੰ ਸਾਹਿੱਤ ਮਿਲੇ, ਤਾਂ ਕਿਉਂ ਨਾ ਤੁਸੀਂ ਖ਼ੁਦ ਤੋਹਫ਼ੇ ਵਜੋਂ ਉਸ ਨੂੰ ਸਾਹਿੱਤ ਭੇਜੋ? ਜੇ ਉਹ ਦਿਲਚਸਪੀ ਰੱਖਦਾ ਹੈ ਅਤੇ ਚਾਹੁੰਦਾ ਹੈ ਕਿ ਗਵਾਹ ਉਸ ਨੂੰ ਮਿਲਣ ਲਈ ਆਉਣ, ਪਰ ਤੁਸੀਂ ਜਾਣਦੇ ਨਹੀਂ ਕਿ ਉੱਥੋਂ ਦੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਕਿਵੇਂ ਸੰਪਰਕ ਕੀਤਾ ਜਾਵੇ, ਤਾਂ ਤੁਸੀਂ Please Follow Up (S-43) ਫਾਰਮ ਭਰ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੇ ਸਕਦੇ ਹੋ ਜੋ ਉਸ ਨੂੰ ਚੈੱਕ ਕਰ ਕੇ ਬ੍ਰਾਂਚ ਆਫ਼ਿਸ ਨੂੰ ਭੇਜ ਦੇਵੇਗਾ। ਪਰ ਜੇ ਦਿਲਚਸਪੀ ਰੱਖਣ ਵਾਲਾ ਵਿਅਕਤੀ ਜੇਲ੍ਹ ਜਾਂ ਨਸ਼ਾ ਛੁਡਾਉਣ ਵਾਲੇ ਸੈਂਟਰ ਵਿਚ ਹੈ, ਤਾਂ ਤੁਹਾਨੂੰ ਉਸ ਲਈ ਬ੍ਰਾਂਚ ਆਫ਼ਿਸ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ ਤੁਹਾਨੂੰ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਉਨ੍ਹਾਂ ਭਰਾਵਾਂ ਨਾਲ ਸੰਪਰਕ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਜੋ ਉਨ੍ਹਾਂ ਥਾਵਾਂ ਤੇ ਜਾਂਦੇ ਹਨ ਜਾਂ ਉਹ ਬੰਦਾ ਖ਼ੁਦ ਬ੍ਰਾਂਚ ਨੂੰ ਲਿਖ ਸਕਦਾ ਹੈ।