ਸੇਵਾ ਕਰਨ ਦਾ ਵੱਡਾ ਮੌਕਾ
ਖ਼ੁਸ਼ ਖ਼ਬਰੀ ਦਾ ਜੋਸ਼ੀਲਾ ਪ੍ਰਚਾਰਕ ਹੋਣ ਦੇ ਨਾਤੇ, ਪੌਲੁਸ ਨੇ ਉਨ੍ਹਾਂ ਇਲਾਕਿਆਂ ਨੂੰ ਲੱਭਿਆ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਸੀ। ਉਨ੍ਹਾਂ ਵਿੱਚੋਂ ਇਕ ਸੀ ਅਫ਼ਸੁਸ ਸ਼ਹਿਰ। ਉਸ ਨੂੰ ਉੱਥੇ ਪ੍ਰਚਾਰ ਕਰ ਕੇ ਇੰਨੀ ਸਫ਼ਲਤਾ ਮਿਲੀ ਕਿ ਉਸ ਨੇ ਭੈਣਾਂ-ਭਰਾਵਾਂ ਨੂੰ ਲਿਖਿਆ: “ਮੈਨੂੰ ਸੇਵਾ ਕਰਨ ਦਾ ਵੱਡਾ ਮੌਕਾ ਮਿਲਿਆ ਹੈ।” (1 ਕੁਰਿੰ. 16:9) ਪੌਲੁਸ ਉਸ ਇਲਾਕੇ ਵਿਚ ਸੇਵਾ ਕਰਦਾ ਰਿਹਾ ਅਤੇ ਉਸ ਨੇ ਅਫ਼ਸੁਸ ਦੇ ਬਹੁਤ ਸਾਰੇ ਲੋਕਾਂ ਦੀ ਮਸੀਹੀ ਬਣਨ ਵਿਚ ਮਦਦ ਕੀਤੀ। (ਰਸੂ. 19:1-20, 26) ਅੱਜ ਸਾਨੂੰ ਵੀ ਸੇਵਾ ਕਰਨ ਦਾ ਵੱਡਾ ਮੌਕਾ ਮਿਲਿਆ ਹੈ। ਪ੍ਰਚਾਰ ਦੀ ਖ਼ਾਸ ਮੁਹਿੰਮ ਦੌਰਾਨ ਬਹੁਤ ਸਾਰੇ ਲੋਕਾਂ ਦੀ ਦਿਲਚਸਪੀ ਜਗਾਈ ਜਾਂਦੀ ਹੈ, ਖ਼ਾਸਕਰ ਉਸ ਇਲਾਕੇ ਵਿਚ ਜੋ ਕਿਸੇ ਨੂੰ ਦਿੱਤਾ ਨਹੀਂ ਗਿਆ। ਇਸ ਲਈ ਸਾਨੂੰ ਸੱਦਾ ਦਿੱਤਾ ਗਿਆ ਹੈ ਕਿ ਅਸੀਂ ਉਨ੍ਹਾਂ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਫੈਲਾਉਣ ਵਿਚ ਮਦਦ ਕਰੀਏ ਜਿੱਥੇ ਅਕਸਰ ਪ੍ਰਚਾਰ ਨਹੀਂ ਹੁੰਦਾ ਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲੀਏ।—2 ਕੁਰਿੰਥੀਆਂ 8:13-15 ਵਿਚ ਨੁਕਤਾ ਦੇਖੋ।
ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਜ਼ਿਆਦਾ ਲੋੜ ਹੈ? ਕੀ ਤੁਸੀਂ ਹੋਰ ਕਿਤੇ ਸੇਵਾ ਕਰਨ ਸੰਬੰਧੀ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕੀਤਾ ਹੈ? ਹਾਲ ਹੀ ਦੇ ਦਹਾਕਿਆਂ ਵਿਚ ਹਜ਼ਾਰਾਂ ਹੀ ਮਸੀਹੀ ਪਰਿਵਾਰ ਉਨ੍ਹਾਂ ਥਾਵਾਂ ʼਤੇ ਗਏ ਹਨ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ ਤਾਂਕਿ ਉਹ ਵਾਢੀ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਣ। ਇਸ ਤਰ੍ਹਾਂ ਕਰਨ ਵਾਲੇ ਇਕ ਪਤੀ-ਪਤਨੀ ਨੇ ਕਿਹਾ: “ਅਸੀਂ ਉਸ ਜਗ੍ਹਾ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਅਸੀਂ ਜ਼ਿਆਦਾ ਸਫ਼ਲ ਹੋ ਸਕਦੇ ਸੀ।” ਜੇ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਤੇ ਹੋਰ ਜਾ ਕੇ ਪ੍ਰਚਾਰ ਕਰ ਸਕਦੇ ਹੋ, ਤਾਂ ਇਸ ਬਾਰੇ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ। ਫਿਰ ਇਸ ਬਾਰੇ ਸਰਕਟ ਓਵਰਸੀਅਰ ਨਾਲ ਗੱਲ ਕਰੋ ਤੇ ਦੇਖੋ ਕਿ ਉਹ ਤੁਹਾਨੂੰ ਕੀ ਸੁਝਾਅ ਦਿੰਦਾ ਹੈ।
ਜੇ ਤੁਸੀਂ ਬ੍ਰਾਂਚ ਆਫ਼ਿਸ ਨੂੰ ਪੁੱਛਣਾ ਚਾਹੁੰਦੇ ਹੋ ਕਿ ਪ੍ਰਚਾਰ ਕਰਨ ਦੀ ਕਿੱਥੇ ਜ਼ਿਆਦਾ ਲੋੜ ਹੈ, ਤਾਂ ਮੰਡਲੀ ਦੀ ਸੇਵਾ ਕਮੇਟੀ ਨੂੰ ਇਸ ਬਾਰੇ ਇਕ ਚਿੱਠੀ ਲਿਖੋ। ਉਹ ਚਿੱਠੀ ਨਾਲ ਆਪਣੀਆਂ ਟਿੱਪਣੀਆਂ ਲਿਖ ਕੇ ਬ੍ਰਾਂਚ ਆਫ਼ਿਸ ਨੂੰ ਭੇਜ ਦੇਣਗੇ। ਸਾਨੂੰ ਜਦ ਤਕ ਸੇਵਾ ਕਰਨ ਦਾ ਵੱਡਾ ਮੌਕਾ ਮਿਲਿਆ ਹੈ, ਆਓ ਆਪਾਂ ਸਾਰੇ ਹਰ ਹਾਲ ਵਿਚ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ।—1 ਕੁਰਿੰ. 15:58.