ਕਿਰਪਾ ਕਰ ਕੇ ਤੁਰੰਤ ਮਿਲੋ
ਕਿਨ੍ਹਾਂ ਨੂੰ ਤੁਰੰਤ ਮਿਲੀਏ? ਉਨ੍ਹਾਂ ਲੋਕਾਂ ਨੂੰ ਜਿਹੜੇ ਸੰਸਥਾ ਨੂੰ ਸਾਹਿੱਤ ਜਾਂ ਨਿਯਮਿਤ ਤੌਰ ਤੇ ਰਸਾਲੇ ਭੇਜਣ ਲਈ ਬੇਨਤੀ ਕਰਦੇ ਹਨ ਜਾਂ ਫਿਰ ਜਿਹੜੇ ਚਾਹੁੰਦੇ ਹਨ ਕਿ ਕੋਈ ਯਹੋਵਾਹ ਦਾ ਗਵਾਹ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਮਿਲੇ। ਇਹ ਲੋਕ ਚਿੱਠੀ, ਟੈਲੀਫ਼ੋਨ ਜਾਂ ਸੰਸਥਾ ਦੀ ਇੰਟਰਨੈੱਟ ਵੈੱਬ ਸਾਈਟ ਰਾਹੀਂ ਬ੍ਰਾਂਚ ਆਫਿਸ ਨਾਲ ਸੰਪਰਕ ਕਰਦੇ ਹਨ। ਜਦੋਂ ਇਹ ਲੋਕ ਸੰਸਥਾ ਨਾਲ ਸੰਪਰਕ ਕਰਦੇ ਹਨ, ਤਾਂ ਬ੍ਰਾਂਚ ਆਫਿਸ ਸਥਾਨਕ ਕਲੀਸਿਯਾ ਨੂੰ S-70 ਫਾਰਮ ਘੱਲ ਕੇ ਉਸ ਵਿਅਕਤੀ ਬਾਰੇ ਸੂਚਨਾ ਦਿੰਦੀ ਹੈ। ਇਸ ਫਾਰਮ ਉੱਤੇ ਲਿਖਿਆ ਹੈ: “ਕਿਰਪਾ ਕਰ ਕੇ ਕਿਸੇ ਕਾਬਲ ਪ੍ਰਕਾਸ਼ਕ ਨੂੰ ਇਸ ਵਿਅਕਤੀ ਕੋਲ ਘੱਲੋ।” ਜਦੋਂ ਬਜ਼ੁਰਗਾਂ ਨੂੰ ਇਹ S-70 ਫਾਰਮ ਮਿਲਦਾ ਹੈ, ਤਾਂ ਉਨ੍ਹਾਂ ਨੂੰ ਇਹ ਫਾਰਮ ਤੁਰੰਤ ਕਿਸੇ ਪ੍ਰਕਾਸ਼ਕ ਨੂੰ ਦੇ ਦੇਣਾ ਚਾਹੀਦਾ ਹੈ ਜੋ ਉਸ ਵਿਅਕਤੀ ਨੂੰ ਮਿਲਣ ਅਤੇ ਉਸ ਦੀ ਮਦਦ ਕਰਨ ਦਾ ਪੂਰਾ ਜਤਨ ਕਰੇਗਾ। ਜੇ ਪ੍ਰਕਾਸ਼ਕ ਨੂੰ ਉਹ ਵਿਅਕਤੀ ਘਰ ਨਹੀਂ ਮਿਲਦਾ, ਤਾਂ ਪ੍ਰਕਾਸ਼ਕ ਉਸ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਕਰ ਸਕਦਾ ਹੈ ਜਾਂ ਫਿਰ ਧਿਆਨ ਨਾਲ ਸੁਰੱਖਿਅਤ ਥਾਂ ਤੇ ਇਕ ਨੋਟ ਛੱਡ ਸਕਦਾ ਹੈ। ਜੇ ਤੁਹਾਨੂੰ ਅਜਿਹੇ ਕਿਸੇ ਵਿਅਕਤੀ ਨੂੰ ਮਿਲਣ ਲਈ ਕਿਹਾ ਜਾਂਦਾ ਹੈ, ਤਾਂ ਕਿਰਪਾ ਕਰ ਕੇ ਉਸ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰੋ।