ਬਾਈਬਲ ਬਾਰੇ ਹੋਰ ਸਿੱਖਣ ਵਿਚ ਉਨ੍ਹਾਂ ਦੀ ਮਦਦ ਕਰੋ
1 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਵੇਲੇ ਅਸੀਂ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਸਾਡੇ ਪ੍ਰਚਾਰ ਖੇਤਰ ਤੋਂ ਬਾਹਰ ਰਹਿੰਦੇ ਹਨ ਜਾਂ ਹੋਰ ਭਾਸ਼ਾ ਬੋਲਦੇ ਹਨ। ਕੁਝ ਲੋਕ ਸਿਰਫ਼ ਸੈਨਤ ਭਾਸ਼ਾ ਸਮਝਦੇ ਹਨ। ਕਈ ਲੋਕ ਜਿਨ੍ਹਾਂ ਨਾਲ ਅਸੀਂ ਬਾਈਬਲ ਉੱਤੇ ਚਰਚਾ ਕੀਤੀ ਹੈ, ਕਿਤੇ ਹੋਰ ਜਾ ਕੇ ਰਹਿਣ ਲੱਗ ਪੈਂਦੇ ਹਨ। ਅਸੀਂ ਇਨ੍ਹਾਂ ਨੂੰ ਬਾਈਬਲ ਬਾਰੇ ਹੋਰ ਸਿਖਾਉਣ ਦਾ ਕਿਵੇਂ ਪ੍ਰਬੰਧ ਕਰ ਸਕਦੇ ਹਾਂ? ਅਸੀਂ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਇਸਤੇਮਾਲ ਕਰ ਸਕਦੇ ਹਾਂ।
2 ਜਦੋਂ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ, ਤਾਂ ਉਹ ਜ਼ਿਆਦਾ ਧਿਆਨ ਨਾਲ ਇਸ ਨੂੰ ਸੁਣਦੇ ਹਨ। (ਰਸੂ. 22:1, 2) ਇਸ ਲਈ ਜਦੋਂ ਅਸੀਂ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਮਿਲਦੇ ਹਾਂ, ਤਾਂ ਸਾਨੂੰ S-43 ਫਾਰਮ ਭਰਨਾ ਚਾਹੀਦਾ ਹੈ, ਭਾਵੇਂ ਉਹ ਵਿਅਕਤੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਵੀ ਦਿਖਾਉਂਦਾ। ਪਰ ਜੇ ਕਿਸੇ ਇਲਾਕੇ ਵਿਚ ਹੋਰ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਹਨ ਤੇ ਉਨ੍ਹਾਂ ਦੀ ਭਾਸ਼ਾ ਬੋਲਣ ਵਾਲੇ ਭੈਣ-ਭਰਾ ਉੱਥੇ ਬਾਕਾਇਦਾ ਪ੍ਰਚਾਰ ਕਰਦੇ ਹਨ, ਤਾਂ ਇਹ ਫਾਰਮ ਭਰਨ ਦੀ ਲੋੜ ਨਹੀਂ, ਸਿਵਾਇ ਉਦੋਂ ਜਦੋਂ ਕੋਈ ਘਰ-ਸੁਆਮੀ ਬਹੁਤ ਦਿਲਚਸਪੀ ਦਿਖਾਉਂਦਾ ਹੈ।
3 ਫਾਰਮ ਭਰਨਾ: ਸਮਝਦਾਰੀ ਨਾਲ ਉਸ ਵਿਅਕਤੀ ਦਾ ਨਾਂ, ਪਤਾ ਤੇ ਟੈਲੀਫ਼ੋਨ ਨੰਬਰ ਲੈਣ ਦੀ ਕੋਸ਼ਿਸ਼ ਕਰੋ। ਫਾਰਮ ਉੱਤੇ ਲਿਖੋ ਕਿ ਉਸ ਨੇ ਕਿੰਨੀ ਕੁ ਦਿਲਚਸਪੀ ਦਿਖਾਈ, ਉਸ ਨੂੰ ਕਦੋਂ ਮਿਲਿਆ ਜਾ ਸਕਦਾ ਹੈ, ਉਸ ਨੇ ਕਿਹੜੀ ਕਿਤਾਬ ਜਾਂ ਰਸਾਲਾ ਲਿਆ ਸੀ ਜਾਂ ਮੰਗਿਆ ਹੈ ਅਤੇ ਉਹ ਕਿਹੜੀ ਭਾਸ਼ਾ ਚੰਗੀ ਤਰ੍ਹਾਂ ਸਮਝਦਾ ਹੈ। ਪੂਰਾ ਫਾਰਮ ਭਰ ਕੇ ਤੁਰੰਤ ਕਲੀਸਿਯਾ ਦੇ ਸੈਕਟਰੀ ਨੂੰ ਦੇ ਦਿਓ। ਸੈਕਟਰੀ ਇਹ ਫਾਰਮ ਉਸ ਭਾਸ਼ਾ ਦੀ ਕਲੀਸਿਯਾ ਜਾਂ ਗਰੁੱਪ ਨੂੰ ਘੱਲ ਦੇਵੇਗਾ।
4 ਫਾਰਮ ਘੱਲਣਾ: ਜੇ ਸੈਕਟਰੀ ਨੂੰ ਪਤਾ ਨਹੀਂ ਹੈ ਕਿ ਕਿਹੜੀ ਕਲੀਸਿਯਾ ਜਾਂ ਗਰੁੱਪ ਨੂੰ ਇਹ ਫਾਰਮ ਘੱਲਣਾ ਹੈ ਜਾਂ ਉਸ ਕੋਲ ਉਸ ਕਲੀਸਿਯਾ ਦਾ ਪਤਾ ਨਹੀਂ ਹੈ, ਤਾਂ ਉਹ ਬ੍ਰਾਂਚ ਆਫਿਸ ਵਿਚ “ਟੈਰੀਟਰੀ ਡੈੱਸਕ” ਨੂੰ ਟੈਲੀਫ਼ੋਨ ਕਰ ਕੇ ਇਹ ਜਾਣਕਾਰੀ ਲੈ ਸਕਦਾ ਹੈ। ਫਾਰਮ ਘੱਲਦੇ ਵੇਲੇ ਸਿਟੀ ਓਵਰਸੀਅਰ ਨੂੰ ਦੱਸਣ ਦੀ ਲੋੜ ਨਹੀਂ।
5 ਜਦੋਂ ਕਿਸੇ ਕਲੀਸਿਯਾ ਜਾਂ ਗਰੁੱਪ ਨੂੰ S-43 ਫਾਰਮ ਮਿਲਦਾ ਹੈ, ਤਾਂ ਫਾਰਮ ਵਿਚ ਦੱਸੇ ਗਏ ਵਿਅਕਤੀ ਨੂੰ ਤੁਰੰਤ ਮਿਲਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਜੇ ਅਸੀਂ ਪੂਰੀ ਲਗਨ ਨਾਲ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਦੇ ਦਿਲ ਖੋਲ੍ਹ ਦੇਵੇਗਾ ਜੋ ਅਨੰਤ ਜ਼ਿੰਦਗੀ ਪਾਉਣ ਦੀ ਇੱਛਾ ਰੱਖਦੇ ਹਨ।—ਰਸੂ. 13:48.