ਪ੍ਰਸ਼ਨ ਡੱਬੀ
◼ ਕੀ ਕਿਸੇ ਹੋਰ ਦੇਸ਼ ਵਿਚ ਰਹਿੰਦੇ ਅਜਨਬੀਆਂ ਨੂੰ ਗਵਾਹੀ ਦੇਣ ਜਾਂ ਸਟੱਡੀ ਕਰਾਉਣ ਲਈ ਪਬਲੀਸ਼ਰਾਂ ਨੂੰ ਹੱਦੋਂ ਵਧ ਇੰਟਰਨੈੱਟ ਵਰਤਣਾ ਚਾਹੀਦਾ ਹੈ?
ਕੁਝ ਪਬਲੀਸ਼ਰਾਂ ਨੇ ਉਨ੍ਹਾਂ ਦੇਸ਼ਾਂ ਵਿਚ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਇੰਟਰਨੈੱਟ ਵਰਤਿਆ ਹੈ ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ ਜਾਂ ਜਿੱਥੇ ਘੱਟ ਪ੍ਰਚਾਰਕ ਹਨ। ਕੁਝ ਮਾਮਲਿਆਂ ਵਿਚ ਇਸ ਤਰ੍ਹਾਂ ਕਰਨ ਦੇ ਵਧੀਆ ਨਤੀਜੇ ਨਿਕਲੇ ਹਨ। ਪਰ ਜਦੋਂ ਪਬਲੀਸ਼ਰ ਅਜਨਬੀਆਂ ਨਾਲ ਈ-ਮੇਲ ਜਾਂ ਚੈਟ ਰੂਮ ਰਾਹੀਂ ਗੱਲ ਕਰਦਾ ਹੈ, ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। (ਜੁਲਾਈ 2007 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।) ਭਾਵੇਂ ਕਿ ਸਾਡਾ ਇਰਾਦਾ ਨੇਕਦਿਲ ਲੋਕਾਂ ਤਕ ਰਾਜ ਦੀ ਖ਼ੁਸ਼ ਖ਼ਬਰੀ ਪਹੁੰਚਾਉਣਾ ਹੈ, ਪਰ ਇੰਟਰਨੈੱਟ ਰਾਹੀਂ ਗੱਲਬਾਤ ਕਰਨ ਨਾਲ ਸ਼ਾਇਦ ਅਸੀਂ ਬੁਰੀ ਸੰਗਤ ਵਿਚ ਫਸ ਜਾਈਏ ਜਿਨ੍ਹਾਂ ਵਿਚ ਧਰਮ-ਤਿਆਗੀ ਵੀ ਹੋ ਸਕਦੇ ਹਨ। (1 ਕੁਰਿੰ. 1:19-25; ਕੁਲੁ. 2:8) ਇਸ ਤੋਂ ਇਲਾਵਾ, ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉੱਥੋਂ ਦੀਆਂ ਸਰਕਾਰਾਂ ਸ਼ਾਇਦ ਚਿੱਠੀਆਂ ਤੇ ਈ-ਮੇਲਾਂ ਵਗੈਰਾ ਉੱਤੇ ਨਿਗਾਹ ਰੱਖਦੀਆਂ ਹੋਣ। ਅਜਿਹੇ ਤਰੀਕੇ ਨਾਲ ਸੰਪਰਕ ਕਰਨ ਨਾਲ ਉੱਥੇ ਦੇ ਭੈਣਾਂ-ਭਰਾਵਾਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸ ਲਈ ਖ਼ੁਸ਼ ਖ਼ਬਰੀ ਸੁਣਾਉਣ ਲਈ ਪਬਲੀਸ਼ਰਾਂ ਨੂੰ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਆਨ-ਲਾਈਨ ਲੱਭਣ ਦੀ ਲੋੜ ਨਹੀਂ ਹੈ।
ਮੰਨ ਲਓ ਕਿ ਤੁਸੀਂ ਕਿਸੇ ਹੋਰ ਦੇਸ਼ ਦੇ ਵਿਅਕਤੀ ਨੂੰ ਗਵਾਹੀ ਦਿੰਦੇ ਹੋ ਅਤੇ ਉਹ ਆਪਣੇ ਦੇਸ਼ ਵਾਪਸ ਮੁੜ ਜਾਂਦਾ ਹੈ, ਤਾਂ ਕੀ ਉਸ ਦੇ ਵਾਪਸ ਜਾਣ ʼਤੇ ਤੁਹਾਨੂੰ ਉਸ ਦੀ ਦਿਲਚਸਪੀ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਬ੍ਰਾਂਚ ਆਫ਼ਿਸ ਕਹਿੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਦੇ ਉਲਟ, ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਉਹ jw.org ਵੈੱਬਸਾਈਟ ਤੋਂ ਹੋਰ ਜਾਣਕਾਰੀ ਕਿਵੇਂ ਲੈ ਸਕਦਾ ਹੈ ਜਾਂ ਉਹ ਉਸ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਕਿਵੇਂ ਸੰਪਰਕ ਕਰ ਸਕਦਾ ਹੈ। ਨਾਲੇ ਤੁਸੀਂ ਉਸ ਨੂੰ ਉਸ ਦੇ ਘਰ ਨੇੜੇ ਕਿੰਗਡਮ ਹਾਲ ਜਾਣ ਦੀ ਹੱਲਾਸ਼ੇਰੀ ਦੇ ਸਕਦੇ ਹੋ। ਇਹ ਗੱਲ ਸੱਚ ਹੈ ਕਿ ਕੁਝ ਦੇਸ਼ਾਂ ਵਿਚ ਕਿੰਗਡਮ ਹਾਲ ਨਹੀਂ ਹਨ। ਜੇ ਉਹ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਇਲਾਕੇ ਦਾ ਗਵਾਹ ਉਸ ਨੂੰ ਆ ਕੇ ਮਿਲੇ, ਤਾਂ ਤੁਹਾਨੂੰ S-43 ਫ਼ਾਰਮ ਭਰ ਕੇ ਮੰਡਲੀ ਦੇ ਸੈਕਟਰੀ ਨੂੰ ਦੇਣਾ ਚਾਹੀਦਾ ਹੈ ਜੋ jw.org ਵਰਤ ਕੇ ਫ਼ਾਰਮ ਅੱਗੇ ਭੇਜੇਗਾ। ਉਸ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਉੱਥੋਂ ਦੇ ਹਾਲਾਤਾਂ ਦਾ ਪਤਾ ਹੁੰਦਾ ਹੈ ਅਤੇ ਉਹ ਵਧੀਆ ਤਰੀਕੇ ਨਾਲ ਉਸ ਵਿਅਕਤੀ ਦੀ ਮਦਦ ਕਰ ਸਕਦਾ ਹੈ।—ਨਵੰਬਰ 2011 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 2 ਦੇਖੋ।
ਜੇ ਤੁਸੀਂ ਕਿਸੇ ਵਿਅਕਤੀ ਨੂੰ ਮਿਲਣ ਜਾਂਦੇ ਸੀ ਜੋ ਹੁਣ ਹੋਰ ਦੇਸ਼ ਚਲਾ ਗਿਆ ਹੈ ਜਾਂ ਕੋਈ ਵਿਅਕਤੀ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੈ ਜਿਸ ਨਾਲ ਤੁਸੀਂ ਇੰਟਰਨੈੱਟ ਰਾਹੀਂ ਸਟੱਡੀ ਕਰ ਰਹੇ ਹੋ ਅਤੇ ਤੁਸੀਂ ਉਸ ਨੂੰ ਕਦੇ ਮਿਲੇ ਨਹੀਂ, ਤਾਂ ਤੁਹਾਨੂੰ ਉੱਪਰ ਦਿੱਤੀ ਸਲਾਹ ਮੰਨਣੀ ਚਾਹੀਦੀ ਹੈ। ਪਰ ਤੁਸੀਂ ਉਸ ਵਿਅਕਤੀ ਦੀ ਦਿਲਚਸਪੀ ਵਧਾਉਂਦੇ ਰਹਿ ਸਕਦੇ ਹੋ ਜਦ ਤਕ ਉਸ ਇਲਾਕੇ ਦਾ ਪਬਲੀਸ਼ਰ ਉਸ ਨੂੰ ਜਾ ਕੇ ਨਹੀਂ ਮਿਲਦਾ। ਫਿਰ ਵੀ ਜੇ ਤੁਸੀਂ ਉਸ ਦੇਸ਼ ਦੇ ਵਿਅਕਤੀ ਨੂੰ ਗਵਾਹੀ ਦਿੰਦੇ ਹੋ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਤਾਂ ਤੁਹਾਨੂੰ ਚਿੱਠੀਆਂ, ਟੈਲੀਫ਼ੋਨ ਜਾਂ ਈ-ਮੇਲਾਂ ਵਗੈਰਾ ਰਾਹੀਂ ਬਾਈਬਲ ਬਾਰੇ ਗੱਲ ਕਰਦਿਆਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।—ਮੱਤੀ 10:16.