ਰੱਬ ਦੀ ਸੁਣਨ ਵਿਚ ਲੋਕਾਂ ਦੀ ਮਦਦ ਕਰੋ
1. “ਪਰਮੇਸ਼ੁਰ ਦਾ ਰਾਜ ਆਵੇ!” ਜ਼ਿਲ੍ਹਾ ਸੰਮੇਲਨ ਵਿਚ ਕਿਹੜੇ ਬਰੋਸ਼ਰ ਰਿਲੀਜ਼ ਕੀਤੇ ਗਏ ਸਨ ਅਤੇ ਕਿਸ ਕਾਰਨ ਇਹ ਲਾਭਦਾਇਕ ਬਰੋਸ਼ਰ ਹਨ?
1 “ਪਰਮੇਸ਼ੁਰ ਦਾ ਰਾਜ ਆਵੇ!” ਜ਼ਿਲ੍ਹਾ ਸੰਮੇਲਨ ਵਿਚ ਦੋ ਨਵੇਂ ਬਰੋਸ਼ਰ ਰਿਲੀਜ਼ ਕੀਤੇ ਗਏ ਸਨ। ਇਕ ਸੀ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਤੇ ਦੂਜਾ ਸੀ ਸੌਖਾ ਬਰੋਸ਼ਰ ਰੱਬ ਦੀ ਸੁਣੋ। ਇਨ੍ਹਾਂ ਵਿਚ ਥੋੜ੍ਹੇ ਜਿਹੇ ਵਾਕ ਹੋਣ ਕਰਕੇ ਇਨ੍ਹਾਂ ਦਾ ਫਟਾਫਟ ਤੇ ਸੌਖਿਆਂ ਹੀ ਅਨੁਵਾਦ ਕੀਤਾ ਜਾ ਸਕਦਾ ਹੈ। ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਜਦੋਂ ਰਿਲੀਜ਼ ਕੀਤਾ ਗਿਆ ਸੀ, ਉਸ ਵੇਲੇ 431 ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
2. ਇਨ੍ਹਾਂ ਬਰੋਸ਼ਰਾਂ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?
2 ਇਨ੍ਹਾਂ ਬਰੋਸ਼ਰਾਂ ਤੋਂ ਖ਼ਾਸਕਰ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ? ਥੱਲੇ ਦੱਸੇ ਹਾਲਾਤਾਂ ʼਤੇ ਗੌਰ ਕਰੋ ਜੋ ਦੁਨੀਆਂ ਭਰ ਵਿਚ ਅਕਸਰ ਪੈਦਾ ਹੁੰਦੇ ਹਨ:
• ਜਦੋਂ ਪਬਲੀਸ਼ਰ ਘਰ-ਮਾਲਕ ਨਾਲ ਪਹਿਲੀ ਵਾਰ ਜਾਂ ਦੁਬਾਰਾ ਗੱਲ ਕਰਦਾ ਹੈ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਘਰ-ਮਾਲਕ ਅਨਪੜ੍ਹ ਹੈ ਜਾਂ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦਾ।
• ਪਬਲੀਸ਼ਰ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦਾ ਹੈ ਜਿਨ੍ਹਾਂ ਦੀ ਭਾਸ਼ਾ ਵਿਚ ਅਸੀਂ ਕੁਝ ਹੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਹੈ ਜਾਂ ਕਿਸੇ ਪ੍ਰਕਾਸ਼ਨ ਦਾ ਅਨੁਵਾਦ ਨਹੀਂ ਕੀਤਾ। ਜਾਂ ਕਿਸੇ ਇਲਾਕੇ ਦੇ ਜ਼ਿਆਦਾਤਰ ਲੋਕ ਉਸ ਭਾਸ਼ਾ ਨੂੰ ਪੜ੍ਹ ਨਹੀਂ ਸਕਦੇ ਜਿਸ ਭਾਸ਼ਾ ਵਿਚ ਉਨ੍ਹਾਂ ਨੂੰ ਗੱਲ ਕਰਨੀ ਪਸੰਦ ਹੈ।
• ਪਬਲੀਸ਼ਰ ਆਪਣੇ ਇਲਾਕੇ ਵਿਚ ਬੋਲ਼ਿਆਂ ਨੂੰ ਸੈਨਤ ਭਾਸ਼ਾ ਵਿਚ ਪ੍ਰਚਾਰ ਕਰਦਾ ਹੈ।
• ਮਾਪੇ ਆਪਣੇ ਬੱਚੇ ਨੂੰ ਸੱਚਾਈ ਸਿਖਾਉਣੀ ਚਾਹੁੰਦੇ ਹਨ, ਪਰ ਬੱਚਾ ਹਾਲੇ ਪੜ੍ਹਨਾ ਨਹੀਂ ਜਾਣਦਾ।
3. ਰੱਬ ਦੀ ਸੁਣੋ ਬਰੋਸ਼ਰ ਕਿਵੇਂ ਤਿਆਰ ਕੀਤਾ ਗਿਆ ਸੀ?
3 ਬਰੋਸ਼ਰਾਂ ਨੂੰ ਕਿਵੇਂ ਤਿਆਰ ਕੀਤਾ ਗਿਆ ਹੈ: ਰੱਬ ਦੀ ਸੁਣੋ ਬਰੋਸ਼ਰ ਵਿਚ ਪੜ੍ਹਨਾ ਵਾਸਤੇ ਬਹੁਤ ਘੱਟ ਜਾਣਕਾਰੀ ਹੈ ਯਾਨੀ ਇਕ ਸਾਦਾ ਜਿਹਾ ਵਾਕ ਅਤੇ ਹਰ ਸਫ਼ੇ ਦੇ ਥੱਲੇ ਇਕ ਹਵਾਲਾ ਦਿੱਤਾ ਗਿਆ ਹੈ ਜਿਹੜਾ ਮੁੱਖ ਨੁਕਤੇ ʼਤੇ ਜ਼ੋਰ ਦਿੰਦਾ ਹੈ। ਕਿਉਂ? ਕਲਪਨਾ ਕਰੋ ਕਿ ਕਿਸੇ ਨੇ ਤੁਹਾਨੂੰ ਅਜਿਹੀ ਭਾਸ਼ਾ ਵਿਚ ਬਰੋਸ਼ਰ ਦਿੱਤਾ ਜਿਸ ਨੂੰ ਤੁਸੀਂ ਪੜ੍ਹ ਨਹੀਂ ਸਕਦੇ। ਤੁਸੀਂ ਤਾਂ ਸ਼ਾਇਦ ਇਸ ਵਿਚਲੇ ਅੱਖਰਾਂ ਨੂੰ ਪਛਾਣ ਵੀ ਨਹੀਂ ਸਕਦੇ। ਕੀ ਤੁਹਾਨੂੰ ਇਹ ਦਿਲਚਸਪ ਲੱਗੇਗਾ ਭਾਵੇਂ ਕਿ ਇਸ ਵਿਚ ਸੋਹਣੀਆਂ ਤਸਵੀਰਾਂ ਹਨ? ਨਹੀਂ। ਅਨਪੜ੍ਹ ਲੋਕਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਉਹ ਕਿਸੇ ਪ੍ਰਕਾਸ਼ਨ ਵਿਚਲੀ ਜਾਣਕਾਰੀ ਦੇਖਦੇ ਹਨ। ਇਸ ਲਈ ਬਰੋਸ਼ਰ ਦੇ ਹਰ ਸਫ਼ੇ ʼਤੇ ਬੜੇ ਧਿਆਨ ਨਾਲ ਤਿਆਰ ਕੀਤੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਇਕ ਤਸਵੀਰ ਤੋਂ ਦੂਜੀ ਤਸਵੀਰ ਉੱਤੇ ਚਰਚਾ ਕਰਨ ਲਈ ਇਨ੍ਹਾਂ ਦੇ ਨਾਲ ਤੀਰਾਂ ਦੇ ਨਿਸ਼ਾਨ ਦਿੱਤੇ ਗਏ ਹਨ।
4. ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਕਿਵੇਂ ਤਿਆਰ ਕੀਤਾ ਗਿਆ ਸੀ?
4 ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਵਿਚ ਵੀ ਉਹੀ ਤਸਵੀਰਾਂ ਹਨ ਜੋ ਰੱਬ ਦੀ ਸੁਣੋ ਵਿਚ ਹਨ। ਇਹ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਘੱਟ ਪੜ੍ਹਨਾ ਆਉਂਦਾ ਹੈ ਜਾਂ ਪੜ੍ਹਨਾ ਸਿੱਖ ਰਹੇ ਹਨ। ਇਹ ਬਰੋਸ਼ਰ ਸਟੱਡੀ ਕਰਾਉਣ ਵਾਲਾ ਪਬਲੀਸ਼ਰ ਉਦੋਂ ਵੀ ਵਰਤ ਸਕਦਾ ਹੈ ਜਦੋਂ ਉਹ ਬਾਈਬਲ ਵਿਦਿਆਰਥੀ ਨੂੰ ਰੱਬ ਦੀ ਸੁਣੋ ਬਰੋਸ਼ਰ ਤੋਂ ਸਟੱਡੀ ਕਰਾ ਰਿਹਾ ਹੁੰਦਾ ਹੈ। ਦੋ ਸਫ਼ਿਆਂ ਵਾਲੇ ਹਰ ਪਾਠ ਦੇ ਉੱਪਰ ਖੱਬੇ ਪਾਸੇ ਇਕ ਸਵਾਲ ਹੈ ਜਿਸ ਦਾ ਜਵਾਬ ਉਨ੍ਹਾਂ ਦੋਹਾਂ ਸਫ਼ਿਆਂ ʼਤੇ ਮਿਲਦਾ ਹੈ। ਤਸਵੀਰਾਂ ਦੇ ਨਾਲ ਟਿੱਪਣੀਆਂ ਅਤੇ ਹਵਾਲੇ ਦਿੱਤੇ ਗਏ ਹਨ। ਕਈ ਸਫ਼ਿਆਂ ਦੇ ਥੱਲੇ ਦਿੱਤੀ ਡੱਬੀ ਵਿਚ ਕੁਝ ਵਾਧੂ ਨੁਕਤੇ ਅਤੇ ਹਵਾਲੇ ਹਨ ਜਿਨ੍ਹਾਂ ਉੱਤੇ ਵਿਦਿਆਰਥੀ ਦੀ ਯੋਗਤਾ ਮੁਤਾਬਕ ਚਰਚਾ ਕੀਤੀ ਜਾ ਸਕਦੀ ਹੈ।
5. ਅਸੀਂ ਕਦੋਂ ਅਤੇ ਕਿਵੇਂ ਇਹ ਬਰੋਸ਼ਰ ਪੇਸ਼ ਕਰ ਸਕਦੇ ਹਾਂ?
5 ਇਨ੍ਹਾਂ ਨੂੰ ਕਿਵੇਂ ਵਰਤੀਏ: ਘਰ-ਘਰ ਪ੍ਰਚਾਰ ਕਰਦਿਆਂ ਜਦੋਂ ਤੁਹਾਨੂੰ ਫ਼ਾਇਦੇਮੰਦ ਲੱਗੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਬਰੋਸ਼ਰ ਦੇ ਸਕਦੇ ਹੋ, ਉਦੋਂ ਵੀ ਜਦੋਂ ਇਹ ਉਸ ਮਹੀਨੇ ਦੀ ਸਾਹਿੱਤ ਪੇਸ਼ਕਸ਼ ਨਾ ਹੋਵੇ। (“ਇਨ੍ਹਾਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ” ਨਾਂ ਦੀ ਡੱਬੀ ਦੇਖੋ।) ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲਣ ਸਮੇਂ ਤੁਸੀਂ ਇਹ ਬਰੋਸ਼ਰ ਇਹ ਕਹਿ ਕੇ ਦੇ ਸਕਦੇ ਹੋ ਕਿ ਤੁਹਾਡੇ ਕੋਲ ਉਸ ਲਈ ਇਕ ਬਹੁਤ ਵਧੀਆ ਬਰੋਸ਼ਰ ਹੈ ਤੇ ਫਿਰ ਇਹ ਉਸ ਦੇ ਹੱਥ ਵਿਚ ਫੜਾਓ।
6. ਇਨ੍ਹਾਂ ਬਰੋਸ਼ਰਾਂ ਨੂੰ ਵਰਤ ਕੇ ਅਸੀਂ ਬਾਈਬਲ ਸਟੱਡੀ ਕਿਵੇਂ ਕਰਾ ਸਕਦੇ ਹਾਂ?
6 ਰੱਬ ਦੀ ਸੁਣੋ ਵਿਚ ਸਵਾਲ ਨਹੀਂ ਹਨ, ਇਸ ਲਈ ਅਸੀਂ ਸਵਾਲ-ਜਵਾਬ ਦੁਆਰਾ ਚਰਚਾ ਨਹੀਂ ਕਰਾਂਗੇ ਜਿਵੇਂ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਾਉਣ ਵੇਲੇ ਕਰਦੇ ਹਾਂ। ਹਰ ਸਭਿਆਚਾਰ ਦੇ ਲੋਕ ਕਹਾਣੀਆਂ ਸੁਣਨੀਆਂ ਪਸੰਦ ਕਰਦੇ ਹਨ। ਇਸ ਲਈ ਤਸਵੀਰਾਂ ਵਰਤ ਕੇ ਉਹ ਕਹਾਣੀਆਂ ਸੁਣਾਓ ਜੋ ਬਾਈਬਲ ਵਿਚ ਲਿਖੀਆਂ ਗਈਆਂ ਹਨ। ਸਮਝਾਓ ਕਿ ਤਸਵੀਰ ਵਿਚ ਕੀ ਹੋ ਰਿਹਾ ਹੈ। ਜੋਸ਼ ਨਾਲ ਦੱਸੋ। ਵਿਦਿਆਰਥੀ ਨੂੰ ਦੱਸਣ ਲਈ ਕਹੋ ਕਿ ਉਹ ਕੀ ਦੇਖਦਾ ਤੇ ਕੀ ਸੋਚਦਾ ਹੈ। ਸਫ਼ੇ ਦੇ ਥੱਲੇ ਦਿੱਤੇ ਹਵਾਲੇ ਪੜ੍ਹੋ ਅਤੇ ਵਿਦਿਆਰਥੀ ਨਾਲ ਇਨ੍ਹਾਂ ਉੱਤੇ ਚਰਚਾ ਕਰੋ। ਗੱਲਬਾਤ ਵਿਚ ਉਸ ਨੂੰ ਸ਼ਾਮਲ ਕਰਨ ਲਈ ਉਸ ਨੂੰ ਸਵਾਲ ਪੁੱਛੋ ਅਤੇ ਪੱਕਾ ਕਰੋ ਕਿ ਉਸ ਨੂੰ ਸਮਝ ਆ ਗਈ ਹੈ। ਜੇ ਉਹ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਤੋਂ ਸਟੱਡੀ ਕਰ ਰਿਹਾ ਹੈ, ਤਾਂ ਤਸਵੀਰ ਉੱਤੇ ਚਰਚਾ ਕਰਦੇ ਵੇਲੇ ਇਕੱਠੇ ਜਾਣਕਾਰੀ ਅਤੇ ਹਵਾਲੇ ਪੜ੍ਹੋ।
7. ਅਸੀਂ ਆਪਣੇ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?
7 ਤਰੱਕੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ: ਉਮੀਦ ਹੈ ਕਿ ਤੁਹਾਡੀ ਗੱਲਬਾਤ ਵਿਦਿਆਰਥੀ ਵਿਚ ਪੜ੍ਹਨਾ ਸਿੱਖਣ ਦੀ ਇੱਛਾ ਜਗਾਵੇਗੀ ਤਾਂਕਿ ਉਹ ਆਪਣੇ ਆਪ ਯਹੋਵਾਹ ਬਾਰੇ ਗਿਆਨ ਲੈ ਸਕੇ। (ਮੱਤੀ 5:3; ਯੂਹੰ. 17:3) ਇਸ ਲਈ ਰੱਬ ਦੀ ਸੁਣੋ ਬਰੋਸ਼ਰ ਤੋਂ ਸਟੱਡੀ ਕਰਾਉਂਦਿਆਂ ਸ਼ਾਇਦ ਤੁਸੀਂ ਵਿਦਿਆਰਥੀ ਨੂੰ ਕਹਿ ਸਕਦੇ ਹੋ ਕਿ ਜੇ ਉਹ ਰਾਜ਼ੀ ਹੈ, ਤਾਂ ਤੁਸੀਂ ਉਸ ਨੂੰ ਪੜ੍ਹਨਾ ਸਿਖਾ ਸਕਦੇ ਹੋ। ਫਿਰ ਤੁਸੀਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਵਰਤਣਾ ਸ਼ੁਰੂ ਕਰ ਸਕਦੇ ਹੋ। ਭਾਵੇਂ ਤੁਸੀਂ ਕੋਈ ਵੀ ਬਰੋਸ਼ਰ ਵਰਤਦੇ ਹੋ, ਫਿਰ ਵੀ ਬਰੋਸ਼ਰ ਖ਼ਤਮ ਹੋਣ ਤੇ ਵਿਦਿਆਰਥੀ ਬਪਤਿਸਮਾ ਲੈਣ ਲਈ ਤਿਆਰ ਨਹੀਂ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਕਿਸੇ ਹੋਰ ਢੁਕਵੇਂ ਪ੍ਰਕਾਸ਼ਨ ਤੋਂ ਸਟੱਡੀ ਕਰਾਉਣੀ ਚਾਹੀਦੀ ਹੈ ਤਾਂਕਿ ਵਿਦਿਆਰਥੀ ਨੂੰ ਬਾਈਬਲ ਦੀ ਪੂਰੀ ਸਮਝ ਹੋਵੇ।
8. ਪ੍ਰਚਾਰ ਵਾਸਤੇ ਇਨ੍ਹਾਂ ਨਵੇਂ ਬਰੋਸ਼ਰਾਂ ਲਈ ਤੁਸੀਂ ਕਿਉਂ ਧੰਨਵਾਦੀ ਹੋ?
8 ਜੇ ਲੋਕਾਂ ਨੇ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਹੈ, ਤਾਂ ਉਨ੍ਹਾਂ ਨੂੰ ਰੱਬ ਦੀ ਸੁਣਨੀ ਪੈਣੀ ਹੈ। (ਯਸਾ. 55:3) ਯਹੋਵਾਹ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ” ਉਸ ਦੀ ਗੱਲ ਸੁਣਨੀ ਸਿੱਖਣ। ਇਨ੍ਹਾਂ ਵਿਚ ਉਹ ਵੀ ਲੋਕ ਸ਼ਾਮਲ ਹਨ ਜੋ ਪੜ੍ਹ ਨਹੀਂ ਸਕਦੇ। (1 ਤਿਮੋ. 2:3, 4) ਅਸੀਂ ਇਨ੍ਹਾਂ ਨਵੇਂ ਬਰੋਸ਼ਰਾਂ ਲਈ ਕਿੰਨੇ ਧੰਨਵਾਦੀ ਹਾਂ ਜਿਨ੍ਹਾਂ ਨੂੰ ਵਰਤ ਕੇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੀ ਗੱਲ ਸੁਣਨੀ ਸਿਖਾ ਸਕਦੇ ਹਾਂ!
[ਸਫ਼ਾ 3 ਉੱਤੇ ਡੱਬੀ]
ਇਨ੍ਹਾਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ
ਘਰ-ਮਾਲਕ ਨੂੰ ਸਫ਼ੇ 2-3 ਦਿਖਾਓ ਅਤੇ ਕਹੋ: “ਕੀ ਤੁਸੀਂ ਇਸ ਤਰ੍ਹਾਂ ਦੀ ਦੁਨੀਆਂ ਵਿਚ ਰਹਿਣਾ ਚਾਹੋਗੇ? [ਜਵਾਬ ਲਈ ਸਮਾਂ ਦਿਓ।] ਇਹ ਧਰਮ-ਗ੍ਰੰਥ ਵਾਅਦਾ ਕਰਦਾ ਹੈ ਕਿ ਪਰਮੇਸ਼ੁਰ ਜਲਦੀ ਹੀ ਦੁਨੀਆਂ ਨੂੰ ਖੂਬਸੂਰਤ ਬਣਾਵੇਗਾ ਜਿੱਥੇ ਸ਼ਾਂਤੀ ਹੋਵੇਗੀ ਤੇ ਕੋਈ ਵੀ ਗ਼ਰੀਬ ਜਾਂ ਬੀਮਾਰ ਨਹੀਂ ਹੋਵੇਗਾ। ਧਿਆਨ ਦਿਓ ਕਿ ਇਸ ਦੁਨੀਆਂ ਵਿਚ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ। [ਯਸਾਯਾਹ 55:3 ਪੜ੍ਹੋ ਜੋ ਸਫ਼ਾ 3 ʼਤੇ ਦਿੱਤਾ ਹੋਇਆ ਹੈ।] ਇਹ ਦੱਸਦਾ ਹੈ ਕਿ ਪਰਮੇਸ਼ੁਰ ਵੱਲ ‘ਆਓ’ ਅਤੇ ਉਸ ਦੀ ‘ਸੁਣੋ।’ ਪਰ ਅਸੀਂ ਪਰਮੇਸ਼ੁਰ ਦੀ ਕਿਵੇਂ ਸੁਣਦੇ ਹਾਂ?” ਸਫ਼ੇ 4-5 ਖੋਲ੍ਹੋ ਅਤੇ ਉਸ ਨਾਲ ਇਸ ਸਵਾਲ ਦੇ ਜਵਾਬ ਉੱਤੇ ਚਰਚਾ ਕਰੋ। ਜੇ ਉਸ ਕੋਲ ਸਮਾਂ ਨਹੀਂ ਹੈ, ਤਾਂ ਉਸ ਨੂੰ ਬਰੋਸ਼ਰ ਦੇ ਦਿਓ ਅਤੇ ਸਵਾਲ ਦਾ ਜਵਾਬ ਦੇਣ ਲਈ ਉਸ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।