ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸ਼ੁਰੂ ਵਿਚ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਨਹੀਂ ਕਰਨੀ ਚਾਹੁੰਦੇ
1. ਕੀ ਹਰ ਕੋਈ ਸ਼ੁਰੂ-ਸ਼ੁਰੂ ਵਿਚ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲੈਣੀ ਚਾਹੇਗਾ? ਸਮਝਾਓ।
1 ਕਿਸੇ ਵਿਅਕਤੀ ਲਈ ਯਹੋਵਾਹ ਦਾ ਸੇਵਕ ਬਣਨ ਵਾਸਤੇ ਜ਼ਰੂਰੀ ਹੈ ਕਿ ਉਹ ਜਾਣੇ ਕਿ ਬਾਈਬਲ ਕੀ ਸਿਖਾਉਂਦੀ ਹੈ। ਪਰ ਕਈ ਧਰਮਾਂ ਦੇ ਲੋਕ ਨਹੀਂ ਮੰਨਦੇ ਕਿ ਬਾਈਬਲ ਰੱਬ ਦਾ ਬਚਨ ਹੈ। ਹੋਰ ਕਈ ਲੋਕ ਰੱਬ ਨੂੰ ਨਹੀਂ ਮੰਨਦੇ ਤੇ ਉਹ ਬਾਈਬਲ ਦੀ ਕੋਈ ਕਦਰ ਨਹੀਂ ਕਰਦੇ। ਜਿਹੜੇ ਲੋਕ ਸ਼ੁਰੂ-ਸ਼ੁਰੂ ਵਿਚ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨਹੀਂ ਲੈਣੀ ਚਾਹੁੰਦੇ, ਉਨ੍ਹਾਂ ਦੀ ਹੋਰ ਕਿਹੜੇ ਪ੍ਰਕਾਸ਼ਨਾਂ ਨਾਲ ਮਦਦ ਕੀਤੀ ਜਾ ਸਕਦੀ ਹੈ? ਹੇਠ ਦਿੱਤੇ ਸੁਝਾਅ ਲਗਭਗ 20 ਦੇਸ਼ਾਂ ਦੇ ਪਬਲੀਸ਼ਰਾਂ ਦੀਆਂ ਗੱਲਾਂ ਦੇ ਆਧਾਰ ʼਤੇ ਦਿੱਤੇ ਗਏ ਹਨ।
2. ਜੇ ਕੋਈ ਸਾਨੂੰ ਕਹਿੰਦਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦਾ, ਤਾਂ ਸਾਨੂੰ ਕੀ ਪਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕਿਉਂ?
2 ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ: ਜੇ ਕੋਈ ਕਹਿੰਦਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦਾ, ਤਾਂ ਇਹ ਜਾਣਨਾ ਵਧੀਆ ਹੋਵੇਗਾ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦਾ ਹੈ। ਕੀ ਉਹ ਵਿਕਾਸਵਾਦ ʼਤੇ ਵਿਸ਼ਵਾਸ ਕਰਦਾ ਹੈ? ਕੀ ਦੁਨੀਆਂ ਵਿਚ ਅਨਿਆਂ ਹੋਣ ਕਰਕੇ ਜਾਂ ਧਰਮਾਂ ਵਿਚ ਪਖੰਡ ਦੇਖ ਕੇ ਉਸ ਦਾ ਰੱਬ ਤੋਂ ਭਰੋਸਾ ਉੱਠ ਗਿਆ ਹੈ? ਕੀ ਉਹ ਐਸੇ ਦੇਸ਼ ਤੋਂ ਆਇਆ ਹੈ ਜਿੱਥੇ ਰੱਬ ਨੂੰ ਮੰਨਣ ʼਤੇ ਪਾਬੰਦੀ ਹੈ ਜਾਂ ਰੱਬ ਬਾਰੇ ਸਿਖਾਇਆ ਨਹੀਂ ਜਾਂਦਾ? ਉਹ ਸ਼ਾਇਦ ਮੰਨਦਾ ਹੋਵੇ ਕਿ ਰੱਬ ਹੈ, ਪਰ ਉਸ ਨੇ ਕਦੇ ਉਸ ʼਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਾ ਸਮਝੀ ਹੋਵੇ। ਕਈ ਪਬਲੀਸ਼ਰ ਅਜਿਹੇ ਵਿਅਕਤੀਆਂ ਨੂੰ ਇਹ ਸਵਾਲ ਪੁੱਛਦੇ ਹਨ: “ਕੀ ਮੈਂ ਜਾਣ ਸਕਦਾ ਕਿ ਤੁਸੀਂ ਰੱਬ ਨੂੰ ਕਿਉਂ ਨਹੀਂ ਮੰਨਦੇ?” ਇਹ ਸਵਾਲ ਪੁੱਛਣ ਤੇ ਉਹ ਆਪਣੇ ਵਿਚਾਰ ਦੱਸਦੇ ਹਨ। ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੋ ਤੇ ਵਿੱਚੇ ਨਾ ਟੋਕੋ। ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵਿਅਕਤੀ ਰੱਬ ਨੂੰ ਕਿਉਂ ਨਹੀਂ ਮੰਨਦਾ, ਤਾਂ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਕੀ ਗੱਲ ਕਰਨੀ ਹੈ ਤੇ ਕਿਹੜਾ ਪ੍ਰਕਾਸ਼ਨ ਦੇਣਾ ਹੈ।—ਕਹਾ. 18:13.
3. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਇਕ ਵਿਅਕਤੀ ਤੇ ਉਸ ਦੇ ਵਿਚਾਰਾਂ ਦੀ ਕਦਰ ਕਰਦੇ ਹਾਂ?
3 ਜਵਾਬ ਦਿੰਦੇ ਹੋਏ ਧਿਆਨ ਰੱਖੋ ਕਿ ਸਾਡੀ ਗੱਲਬਾਤ ਤੋਂ ਵਿਅਕਤੀ ਨੂੰ ਇਹ ਨਾ ਲੱਗੇ ਕਿ ਅਸੀਂ ਉਸ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਕ ਦੇਸ਼ ਤੋਂ ਇਹ ਸੁਝਾਅ ਦਿੱਤਾ ਗਿਆ ਹੈ: “ਸਾਡੇ ਲਈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਹਰੇਕ ਇਨਸਾਨ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ ਤੇ ਉਹ ਜੋ ਚਾਹੇ ਮੰਨ ਸਕਦਾ ਹੈ। ਬਹਿਸ ਵਿਚ ਜਿੱਤਣ ਦੀ ਕੋਸ਼ਿਸ਼ ਕਰਨ ਦੀ ਬਜਾਇ ਉਸ ਨੂੰ ਅਜਿਹੇ ਸਵਾਲ ਪੁੱਛੋ ਜਿਸ ਤੋਂ ਉਹ ਸੋਚਣ ਲਈ ਮਜਬੂਰ ਹੋ ਜਾਵੇ ਤੇ ਆਪ ਸਹੀ ਨਤੀਜੇ ʼਤੇ ਪਹੁੰਚੇ।” ਇਕ ਡਿਸਟ੍ਰਿਕਟ ਓਵਰਸੀਅਰ ਘਰ-ਮਾਲਕ ਦੀ ਗੱਲ ਸੁਣਨ ਤੋਂ ਬਾਅਦ ਅਕਸਰ ਪੁੱਛਦਾ ਹੈ, “ਕੀ ਤੁਸੀਂ ਕਦੀ ਸੋਚਿਆ ਕਿ ਇੱਦਾਂ ਵੀ ਹੋ ਸਕਦਾ?”
4. ਅਸੀਂ ਬੋਧੀ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
4 ਕਈ ਬੋਧੀ ਲੋਕ ਮੰਨਦੇ ਹੀ ਨਹੀਂ ਕਿ ਰੱਬ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਗਵਾਹੀ ਦੇਣ ਵੇਲੇ ਇੰਗਲੈਂਡ ਦੇ ਕਈ ਪਬਲੀਸ਼ਰ ਉਹ ਬਰੋਸ਼ਰ ਵਰਤਦੇ ਹਨ ਜੋ ਅਜਿਹੇ ਲੋਕਾਂ ਲਈ ਤਿਆਰ ਕੀਤੇ ਗਏ ਹਨ। ਇਸ ਤੋਂ ਬਾਅਦ ਉਹ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਦੇ ਹੋਏ ਘਰ-ਮਾਲਕ ਨੂੰ ਕਹਿੰਦੇ ਹਨ: “ਭਾਵੇਂ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ, ਪਰ ਬਾਈਬਲ ਤੋਂ ਸਟੱਡੀ ਕਰ ਕੇ ਤੁਹਾਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਸ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।” ਅਮਰੀਕਾ ਵਿਚ ਇਕ ਪਾਇਨੀਅਰ ਚੀਨੀ ਲੋਕਾਂ ਨੂੰ ਪ੍ਰਚਾਰ ਕਰਦਾ ਹੈ। ਉਹ ਦੱਸਦਾ ਹੈ: “ਚੀਨੀ ਲੋਕ ਪੜ੍ਹਨਾ ਪਸੰਦ ਕਰਦੇ ਹਨ। ਇਸ ਲਈ ਸਾਡੇ ਦੁਬਾਰਾ ਜਾਣ ਤੋਂ ਪਹਿਲਾਂ ਹੀ ਉਹ ਪੂਰਾ ਪ੍ਰਕਾਸ਼ਨ ਪੜ੍ਹ ਲੈਂਦੇ ਹਨ। ਪਰ ਉਹ ਸ਼ਾਇਦ ਇਹ ਨਾ ਸਮਝਣ ਕਿ ਬਾਈਬਲ ਸਟੱਡੀ ਕਰਨ ਦਾ ਕੀ ਮਤਲਬ ਹੈ। ਇਸ ਕਰਕੇ ਮੈਂ ਪਹਿਲੀ ਮੁਲਾਕਾਤ ਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦਿੰਦਾ ਹਾਂ ਕਿਉਂਕਿ ਇਹ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਅਸੀਂ ਸਵਾਲ-ਜਵਾਬ ਦੁਆਰਾ ਚਰਚਾ ਕਰ ਸਕੀਏ।” ਅਮਰੀਕਾ ਵਿਚ ਇਕ ਸਰਕਟ ਓਵਰਸੀਅਰ ਚੀਨੀ ਭਾਸ਼ਾ ਦੀਆਂ ਮੰਡਲੀਆਂ ਦਾ ਦੌਰਾ ਕਰਦਾ ਹੈ। ਉਹ ਦੱਸਦਾ ਹੈ ਕਿ ਜੇ ਹੋ ਸਕੇ, ਤਾਂ ਪਹਿਲੀ ਮੁਲਾਕਾਤ ਤੇ ਹੀ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। ਪਰ ਸ਼ਾਇਦ ਪਹਿਲੇ ਅਧਿਆਇ ਦੀ ਬਜਾਇ ਦੂਜੇ ਅਧਿਆਇ ਤੋਂ ਸਟੱਡੀ ਕਰਨੀ ਵਧੀਆ ਹੋਵੇ ਕਿਉਂਕਿ ਪਹਿਲੇ ਅਧਿਆਇ ਵਿਚ ਰੱਬ ਬਾਰੇ ਗੱਲ ਕੀਤੀ ਗਈ ਹੈ, ਜਦਕਿ ਦੂਜਾ ਅਧਿਆਇ ਬਾਈਬਲ ਬਾਰੇ ਜਾਣਕਾਰੀ ਦਿੰਦਾ ਹੈ।
5. ਧੀਰਜ ਰੱਖਣਾ ਕਿਉਂ ਜ਼ਰੂਰੀ ਹੈ?
5 ਕਿਸੇ ਨੂੰ ਰੱਬ ʼਤੇ ਵਿਸ਼ਵਾਸ ਕਰਨ ਲਈ ਸਮਾਂ ਲੱਗ ਸਕਦਾ ਹੈ। ਇਸ ਲਈ ਧੀਰਜ ਰੱਖਣਾ ਜ਼ਰੂਰੀ ਹੈ। ਸ਼ਾਇਦ ਸ਼ੁਰੂ-ਸ਼ੁਰੂ ਵਿਚ ਸਾਡੀ ਗੱਲਬਾਤ ਤੋਂ ਉਹ ਸਹਿਮਤ ਨਾ ਹੋਵੇ ਕਿ ਸ੍ਰਿਸ਼ਟੀਕਰਤਾ ਹੈ। ਪਰ ਸਮੇਂ ਦੇ ਬੀਤਣ ਨਾਲ ਹੋ ਸਕਦਾ ਹੈ ਕਿ ਉਹ ਮੰਨਣ ਲੱਗ ਪਵੇ ਕਿ ਸ਼ਾਇਦ ਰੱਬ ਹੈ ਜਾਂ ਸ਼ਾਇਦ ਕਹੇ ਕਿ ਉਹ ਸਮਝ ਸਕਦਾ ਹੈ ਕਿ ਲੋਕ ਰੱਬ ਨੂੰ ਕਿਉਂ ਮੰਨਦੇ ਹਨ।
6. ਕਈ ਲੋਕ ਸ਼ਾਇਦ ਬਾਈਬਲ ਵਿਚ ਦਿਲਚਸਪੀ ਕਿਉਂ ਨਹੀਂ ਲੈਂਦੇ?
6 ਜਿਹੜੇ ਲੋਕ ਬਾਈਬਲ ਵਿਚ ਦਿਲਚਸਪੀ ਨਹੀਂ ਲੈਂਦੇ ਜਾਂ ਇਸ ʼਤੇ ਭਰੋਸਾ ਨਹੀਂ ਰੱਖਦੇ: ਕੋਈ ਸ਼ਾਇਦ ਮੰਨਦਾ ਹੋਵੇ ਕਿ ਰੱਬ ਹੈ, ਪਰ ਉਸ ਨੂੰ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਕਿ ਬਾਈਬਲ ਕੀ ਸਿਖਾਉਂਦੀ ਹੈ ਕਿਉਂਕਿ ਉਹ ਨਹੀਂ ਮੰਨਦਾ ਕਿ ਬਾਈਬਲ ਰੱਬ ਦਾ ਬਚਨ ਹੈ। ਸ਼ਾਇਦ ਉਹ ਅਜਿਹੇ ਦੇਸ਼ ਵਿਚ ਰਹਿੰਦਾ ਹੋਵੇ ਜਿੱਥੇ ਲੋਕ ਬਾਈਬਲ ਨੂੰ ਨਹੀਂ ਮੰਨਦੇ ਜਾਂ ਸੋਚਦੇ ਹਨ ਕਿ ਬਾਈਬਲ ਈਸਾਈਆਂ ਦੀ ਕਿਤਾਬ ਹੈ। ਜਾਂ ਉਹ ਸ਼ਾਇਦ ਅਜਿਹੇ ਦੇਸ਼ ਵਿਚ ਰਹਿੰਦਾ ਹੋਵੇ ਜਿੱਥੇ ਜ਼ਿਆਦਾਤਰ ਲੋਕ ਈਸਾਈ ਤਾਂ ਹਨ, ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਰੱਬ ਦੀ ਕੋਈ ਅਹਿਮੀਅਤ ਨਹੀਂ ਹੈ। ਉਹ ਸ਼ਾਇਦ ਸੋਚਦਾ ਹੋਵੇ ਕਿ ਬਾਈਬਲ ਦੀਆਂ ਗੱਲਾਂ ਉਸ ਲਈ ਫ਼ਾਇਦੇਮੰਦ ਨਹੀਂ ਹਨ। ਅਸੀਂ ਅਜਿਹੇ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹਾਂ ਕਿ ਉਹ ਬਾਈਬਲ ਵਿਚ ਦਿਲਚਸਪੀ ਲਵੇ ਤੇ ਅਖ਼ੀਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਨ ਲੱਗ ਪਵੇ?
7. ਬਾਈਬਲ ਵਿਚ ਦਿਲਚਸਪੀ ਜਗਾਉਣ ਲਈ ਵਧੀਆ ਤਰੀਕਾ ਕਿਹੜਾ ਹੈ?
7 ਗ੍ਰੀਸ ਦੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਜਿਹੜੇ ਲੋਕ ਬਾਈਬਲ ਵਿਚ ਦਿਲਚਸਪੀ ਨਹੀਂ ਲੈਂਦੇ, ਉਨ੍ਹਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਨ੍ਹਾਂ ਨੂੰ ਬਾਈਬਲ ਤੋਂ ਦਿਖਾਓ ਕਿ ਇਸ ਵਿਚ ਕੀ ਲਿਖਿਆ ਹੈ। ਬਹੁਤ ਸਾਰੇ ਪਬਲੀਸ਼ਰਾਂ ਨੇ ਇਹ ਗੱਲ ਨੋਟ ਕੀਤੀ ਹੈ ਕਿ ਲੋਕਾਂ ਦੇ ਦਿਲਾਂ ʼਤੇ ਉਨ੍ਹਾਂ ਦੀਆਂ ਗੱਲਾਂ ਦਾ ਇੰਨਾ ਅਸਰ ਨਹੀਂ ਹੁੰਦਾ ਜਿੰਨਾ ਬਾਈਬਲ ਦੇ ਸੰਦੇਸ਼ ਦਾ ਹੁੰਦਾ ਹੈ। (ਇਬ. 4:12) ਬਾਈਬਲ ਵਿੱਚੋਂ ਰੱਬ ਦਾ ਨਾਂ ਦੇਖ ਕੇ ਲੋਕਾਂ ਦੇ ਮਨਾਂ ਵਿਚ ਬਾਈਬਲ ਬਾਰੇ ਹੋਰ ਜਾਣਨ ਦੀ ਇੱਛਾ ਜਾਗੀ ਹੈ।” ਭਾਰਤ ਦੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਬਹੁਤ ਸਾਰੇ ਹਿੰਦੂ ਲੋਕ ਜ਼ਿੰਦਗੀ ਤੇ ਮੌਤ ਬਾਰੇ ਸੱਚਾਈ ਜਾਣਨਾ ਚਾਹੁੰਦੇ ਹਨ। ਨਾਲੇ ਉਨ੍ਹਾਂ ਨੂੰ ਇਹ ਵਾਅਦਾ ਵੀ ਚੰਗਾ ਲੱਗਦਾ ਹੈ ਕਿ ਦੁਨੀਆਂ ਵਿਚ ਕੋਈ ਜਾਤ-ਪਾਤ ਨਹੀਂ ਹੋਵੇਗੀ।” ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਕੇ ਅਕਸਰ ਪਬਲੀਸ਼ਰਾਂ ਨੂੰ ਬਾਈਬਲ ਵਿੱਚੋਂ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਨੂੰ ਖ਼ਤਮ ਕਰੇਗਾ।
8. ਜੇ ਕੋਈ ਵਿਅਕਤੀ ਈਸਾਈ ਧਰਮ ਕਰਕੇ ਬਾਈਬਲ ਨੂੰ ਚੰਗਾ ਨਹੀਂ ਸਮਝਦਾ, ਤਾਂ ਅਸੀਂ ਉਸ ਨੂੰ ਕੀ ਕਹਿ ਸਕਦੇ ਹਾਂ?
8 ਜੇ ਕੋਈ ਵਿਅਕਤੀ ਈਸਾਈ ਧਰਮ ਕਰਕੇ ਬਾਈਬਲ ਨੂੰ ਚੰਗਾ ਨਹੀਂ ਸਮਝਦਾ, ਤਾਂ ਕਿਉਂ ਨਾ ਉਸ ਨੂੰ ਦੱਸੋ ਕਿ ਈਸਾਈ ਧਰਮ ਬਾਈਬਲ ਅਤੇ ਇਸ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਭਾਰਤ ਦੇ ਬ੍ਰਾਂਚ ਆਫ਼ਿਸ ਨੇ ਲਿਖਿਆ: “ਕਈ ਵਾਰ ਸਾਨੂੰ ਲੋਕਾਂ ਨੂੰ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਬਾਈਬਲ ʼਤੇ ਸਿਰਫ਼ ਚਰਚਾਂ ਦਾ ਹੱਕ ਨਹੀਂ ਹੈ।” ਇਹ ਬ੍ਰਾਂਚ ਆਫ਼ਿਸ ਦੱਸਦਾ ਹੈ ਕਿ ਹਿੰਦੂ ਲੋਕ ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਬਰੋਸ਼ਰ ਦੇ ਚੌਥੇ ਭਾਗ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਵਿਚ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਚਰਚਾਂ ਨੇ ਰੱਬ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਤੋੜਿਆ-ਮਰੋੜਿਆ ਤੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਬ੍ਰਾਜ਼ੀਲ ਵਿਚ ਇਕ ਪਾਇਨੀਅਰ ਭਰਾ ਲੋਕਾਂ ਨੂੰ ਦੱਸਦਾ ਹੈ: “ਕਿਉਂ ਨਾ ਤੁਸੀਂ ਬਾਈਬਲ ਬਾਰੇ ਹੋਰ ਜਾਣੋ? ਕਈ ਲੋਕ ਇਸ ਤਰ੍ਹਾਂ ਕਰ ਰਹੇ ਹਨ। ਇਸ ਤਰ੍ਹਾਂ ਕਰਨ ਕਰਕੇ ਤੁਹਾਨੂੰ ਆਪਣਾ ਧਰਮ ਨਹੀਂ ਛੱਡਣਾ ਪਵੇਗਾ। ਤੁਹਾਨੂੰ ਸ਼ਾਇਦ ਕੁਝ ਨਵਾਂ ਸਿੱਖਣ ਨੂੰ ਮਿਲੇ।”
9. ਜੇ ਕੋਈ ਸ਼ੁਰੂ-ਸ਼ੁਰੂ ਵਿਚ ਬਾਈਬਲ ਵਿਚ ਦਿਲਚਸਪੀ ਨਹੀਂ ਲੈਂਦਾ, ਤਾਂ ਸਾਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?
9 ਯਹੋਵਾਹ ਹਰ ਇਨਸਾਨ ਦੇ ਦਿਲ ਨੂੰ ਜਾਣਦਾ ਹੈ। (1 ਸਮੂ. 16:7; ਕਹਾ. 21:2) ਉਹ ਨੇਕਦਿਲ ਲੋਕਾਂ ਨੂੰ ਭਗਤੀ ਕਰਨ ਲਈ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44) ਇਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਰੱਬ ਬਾਰੇ ਕਦੇ ਸਿਖਾਇਆ ਨਹੀਂ ਗਿਆ ਜਾਂ ਬਾਈਬਲ ਬਾਰੇ ਕੁਝ ਪਤਾ ਹੀ ਨਹੀਂ ਹੈ। ਸਾਡੇ ਪ੍ਰਚਾਰ ਕਰਨ ਕਰਕੇ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਕਿ ਉਹ “ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਇਸ ਲਈ ਜੇ ਕੋਈ ਸ਼ੁਰੂ-ਸ਼ੁਰੂ ਵਿਚ ਬਾਈਬਲ ਵਿਚ ਦਿਲਚਸਪੀ ਨਹੀਂ ਲੈਂਦਾ, ਤਾਂ ਹਾਰ ਨਾ ਮੰਨੋ। ਆਪਣੀ ਭਾਸ਼ਾ ਵਿਚ ਕੋਈ ਪ੍ਰਕਾਸ਼ਨ ਵਰਤੋ ਜਿਸ ਕਰਕੇ ਉਸ ਵਿਚ ਜਾਣਨ ਦੀ ਇੱਛਾ ਪੈਦਾ ਹੋਵੇ। ਬਾਅਦ ਵਿਚ ਤੁਸੀਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਗੱਲਬਾਤ ਜਾਰੀ ਰੱਖ ਸਕਦੇ ਹੋ ਜੋ ਬਾਈਬਲ ਸਟੱਡੀਆਂ ਕਰਵਾਉਣ ਲਈ ਤਿਆਰ ਕੀਤੀ ਗਈ ਹੈ।
[ਸਫ਼ਾ 4 ਉੱਤੇ ਡੱਬੀ]
ਜੇ ਘਰ-ਮਾਲਕ ਕਹਿੰਦਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦਾ, ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ:
• ਇਸ ਦਾ ਕਾਰਨ ਜਾਣਨ ਲਈ ਪੁੱਛੋ, “ਕੀ ਮੈਂ ਜਾਣ ਸਕਦਾ ਕਿ ਤੁਸੀਂ ਰੱਬ ਨੂੰ ਕਿਉਂ ਨਹੀਂ ਮੰਨਦੇ?”
• ਜੇ ਉਹ ਵਿਕਾਸਵਾਦ ਨੂੰ ਮੰਨਦਾ ਹੈ, ਤਾਂ ਸ਼ਾਇਦ ਜਾਗਰੂਕ ਬਣੋ! ਰਸਾਲੇ ਦੇ ਲੜੀਵਾਰ ਲੇਖ “ਇਹ ਕਿਸ ਦਾ ਕਮਾਲ ਹੈ?” ਮਦਦਗਾਰ ਸਾਬਤ ਹੋ ਸਕਦੇ ਹਨ।
• ਜੇ ਅਨਿਆਂ ਅਤੇ ਦੁੱਖਾਂ ਕਰਕੇ ਰੱਬ ਤੋਂ ਉਸ ਦਾ ਭਰੋਸਾ ਉੱਠ ਗਿਆ ਹੈ, ਤਾਂ ਬਰੋਸ਼ਰ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?, ਭਾਗ 6 ਅਤੇ ਜੀਵਨ ਦਾ ਮਕਸਦ ਕੀ ਹੈ?, ਭਾਗ 6 ਮਦਦਗਾਰ ਸਾਬਤ ਹੋ ਸਕਦੇ ਹਨ।
• ਜਦੋਂ ਘਰ-ਮਾਲਕ ਮੰਨਣ ਲੱਗ ਪਵੇ ਕਿ ਸ਼ਾਇਦ ਰੱਬ ਹੈ, ਤਾਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਗੱਲਬਾਤ ਜਾਰੀ ਰੱਖੋ। ਚੰਗਾ ਹੋਵੇਗਾ ਜੇ ਤੁਸੀਂ ਦੂਜੇ ਅਧਿਆਇ ਤੋਂ ਸਟੱਡੀ ਸ਼ੁਰੂ ਕਰੋ ਜਾਂ ਉਸ ਦੀ ਲੋੜ ਮੁਤਾਬਕ ਕੋਈ ਹੋਰ ਵਿਸ਼ਾ ਚੁਣੋ।
[ਸਫ਼ਾ 5 ਉੱਤੇ ਡੱਬੀ]
ਜੇ ਘਰ-ਮਾਲਕ ਬਾਈਬਲ ਨੂੰ ਨਹੀਂ ਮੰਨਦਾ, ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ:
• ਬਾਈਬਲ ਦੇ ਅਸੂਲਾਂ ਦੇ ਫ਼ਾਇਦਿਆਂ ʼਤੇ ਚਰਚਾ ਕਰੋ। ਰੋਜ਼ਮੱਰਾ ਦੀ ਜ਼ਿੰਦਗੀ ਲਈ ਬਾਈਬਲ ਦੀ ਵਧੀਆ ਸਲਾਹ ਦਿਖਾਉਣ ਲਈ ਪ੍ਰਕਾਸ਼ਨ:
ਜਾਗਰੂਕ ਬਣੋ! ਰਸਾਲੇ ਦੇ ਲੜੀਵਾਰ ਲੇਖ “ਪਰਿਵਾਰ ਦੀ ਮਦਦ ਲਈ”
ਬਰੋਸ਼ਰ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਪਾਠ 9 ਤੇ 11 ਅਤੇ ਤਮਾਮ ਲੋਕਾਂ ਲਈ ਇਕ ਪੁਸਤਕ, ਸਫ਼ੇ 22-26
ਜੇ ਤੁਸੀਂ ਕਿਸੇ ਐਸੇ ਇਲਾਕੇ ਵਿਚ ਪ੍ਰਚਾਰ ਕਰ ਰਹੇ ਹੋ ਜਿੱਥੇ ਲੋਕ ਬਾਈਬਲ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ, ਤਾਂ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਸ਼ੁਰੂ-ਸ਼ੁਰੂ ਵਿਚ ਇਹ ਨਾ ਦੱਸੋ ਕਿ ਤੁਸੀਂ ਕਿਸ ਕਿਤਾਬ ਤੋਂ ਆਪਣੀਆਂ ਗੱਲਾਂ ਦੱਸਦੇ ਹੋ।
• ਸਮਝਾਓ ਕਿ ਬਾਈਬਲ ਦੀਆਂ ਭਵਿੱਖ ਬਾਣੀਆਂ ਕਿਵੇਂ ਪੂਰੀਆਂ ਹੋਈਆਂ ਹਨ। ਇਸ ਦੇ ਲਈ ਤੁਸੀਂ ਬਰੋਸ਼ਰ ਤਮਾਮ ਲੋਕਾਂ ਲਈ ਇਕ ਪੁਸਤਕ, ਸਫ਼ੇ 27-29 ਵਰਤ ਸਕਦੇ ਹੋ।
• ਜਦੋਂ ਵਿਅਕਤੀ ਪੁੱਛਦਾ ਹੈ ਕਿ ਬਾਈਬਲ ਅਲੱਗ-ਅਲੱਗ ਵਿਸ਼ਿਆਂ ਬਾਰੇ ਕੀ ਕਹਿੰਦੀ ਹੈ, ਤਾਂ ਬਿਨਾਂ ਦੇਰ ਕੀਤਿਆਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤੋ।
[ਸਫ਼ਾ 6 ਉੱਤੇ ਡੱਬੀ]
ਜੇ ਘਰ-ਮਾਲਕ ਕਹਿੰਦਾ ਹੈ: “ਮੈਂ ਰੱਬ ਨੂੰ ਨਹੀਂ ਮੰਨਦਾ,” ਤਾਂ ਤੁਸੀਂ ਕਹਿ ਸਕਦੇ ਹੋ:
• “ਮੰਨ ਲਓ ਜੇ ਰੱਬ ਹੋਵੇ, ਤਾਂ ਤੁਸੀਂ ਉਸ ਵਿਚ ਕਿਹੋ ਜਿਹੇ ਗੁਣ ਦੇਖਣੇ ਚਾਹੋਗੇ?” ਬਹੁਤ ਸਾਰੇ ਲੋਕ ਜਵਾਬ ਦਿੰਦੇ ਹਨ ਕਿ ਉਹ ਉਸ ਰੱਬ ਵੱਲ ਖਿੱਚੇ ਜਾਂਦੇ ਜੋ ਪਿਆਰ, ਨਿਆਂ ਤੇ ਦਇਆ ਕਰਦਾ ਹੈ ਅਤੇ ਪੱਖਪਾਤ ਨਹੀਂ ਕਰਦਾ। ਬਾਈਬਲ ਵਿੱਚੋਂ ਉਸ ਨੂੰ ਰੱਬ ਦੇ ਇਹ ਗੁਣ ਦਿਖਾਓ। (ਜੇ ਹੋ ਸਕੇ, ਤਾਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਪਹਿਲੇ ਅਧਿਆਇ ਦੇ ਛੇਵੇਂ ਪੈਰੇ ਤੋਂ ਗੱਲਬਾਤ ਕਰੋ।)
ਜੇ ਘਰ-ਮਾਲਕ ਕਹਿੰਦਾ ਹੈ: “ਮੈਂ ਬਾਈਬਲ ਨੂੰ ਨਹੀਂ ਮੰਨਦਾ,” ਤਾਂ ਤੁਸੀਂ ਕਹਿ ਸਕਦੇ ਹੋ:
• “ਹੋਰ ਬਹੁਤ ਸਾਰੇ ਲੋਕ ਵੀ ਨਹੀਂ ਮੰਨਦੇ। ਕਈ ਲੋਕ ਸੋਚਦੇ ਹਨ ਕਿ ਬਾਈਬਲ ਸਾਇੰਸ ਨਾਲ ਮੇਲ ਨਹੀਂ ਖਾਂਦੀ ਜਾਂ ਬਾਈਬਲ ਦੇ ਅਸੂਲ ਅੱਜ ਦੇ ਸਮੇਂ ਲਈ ਨਹੀਂ ਹਨ। ਕੀ ਮੈਂ ਤੁਹਾਨੂੰ ਪੁੱਛ ਸਕਦਾ ਕਿ ਤੁਸੀਂ ਕਦੇ ਬਾਈਬਲ ਪੜ੍ਹੀ ਹੈ? [ਜਵਾਬ ਲਈ ਸਮਾਂ ਦਿਓ। ਫਿਰ ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦੇ ਬਰੋਸ਼ਰ ਦੇ ਸਫ਼ਾ 3 ʼਤੇ ਦਿੱਤੀ ਗੱਲਬਾਤ ਦਿਖਾਓ ਤੇ ਬਰੋਸ਼ਰ ਪੇਸ਼ ਕਰੋ।] ਬਹੁਤ ਸਾਰੇ ਲੋਕ ਬਾਈਬਲ ਨੂੰ ਇਸ ਕਰਕੇ ਵੀ ਨਹੀਂ ਮੰਨਦੇ ਕਿਉਂਕਿ ਈਸਾਈ ਧਰਮ ਨੇ ਇਸ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਅਗਲੀ ਵਾਰ ਆਪਾਂ ਸਫ਼ੇ 4-5 ʼਤੇ ਦਿੱਤੀ ਇਕ ਮਿਸਾਲ ਬਾਰੇ ਗੱਲ ਕਰਾਂਗੇ।”
• “ਹੋਰ ਵੀ ਕਈ ਲੋਕ ਸਾਨੂੰ ਇਸ ਤਰ੍ਹਾਂ ਕਹਿੰਦੇ ਹਨ। ਪਰ ਕੀ ਮੈਂ ਤੁਹਾਨੂੰ ਬਾਈਬਲ ਵਿੱਚੋਂ ਕੁਝ ਦਿਖਾ ਸਕਦਾ ਜਿਸ ਨੂੰ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਸੀ। [ਅੱਯੂਬ 26:7 ਜਾਂ ਯਸਾਯਾਹ 40:22 ਪੜ੍ਹੋ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਸਾਇੰਸ ਨਾਲ ਮੇਲ ਖਾਂਦੀ ਹੈ।] ਬਾਈਬਲ ਵਿਚ ਪਰਿਵਾਰਾਂ ਲਈ ਵੀ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਅਗਲੀ ਵਾਰ ਮੈਂ ਤੁਹਾਨੂੰ ਇਕ ਸਲਾਹ ਦਿਖਾਉਣੀ ਚਾਹਾਂਗਾ।”
• “ਆਪਣੇ ਵਿਚਾਰ ਦੱਸਣ ਲਈ ਸ਼ੁਕਰੀਆ। ਜੇ ਰੱਬ ਨੇ ਇਨਸਾਨਾਂ ਲਈ ਕੋਈ ਕਿਤਾਬ ਲਿਖੀ ਹੁੰਦੀ, ਤਾਂ ਤੁਹਾਡੇ ਮੁਤਾਬਕ ਉਸ ਵਿਚ ਕੀ ਲਿਖਿਆ ਹੁੰਦਾ?” ਫਿਰ ਬਾਈਬਲ ਵਿੱਚੋਂ ਕੋਈ ਅਜਿਹੀ ਗੱਲ ਦਿਖਾਓ ਜੋ ਉਸ ਦੇ ਵਿਚਾਰਾਂ ਨਾਲ ਮੇਲ ਖਾਂਦੀ ਹੋਵੇ।