ਨਬੀਆਂ ਦੀ ਮਿਸਾਲ ਉੱਤੇ ਚੱਲੋ—ਨਹੂਮ
1. ਨਹੂਮ ਦੀ ਕਿਤਾਬ ਤੋਂ ਅਸੀਂ ਕੀ ਸਿੱਖਦੇ ਹਾਂ?
1 ਨਹੂਮ ਨਬੀ ਨੇ ਪੁਰਾਣੇ ਜ਼ਮਾਨੇ ਦੇ ਨੀਨਵਾਹ ਸ਼ਹਿਰ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਇਸ ਸ਼ਹਿਰ ਨੂੰ ਤਬਾਹ ਕਰ ਦੇਵੇਗਾ। ਅੱਜ ਇਸ ਦੇ ਖੰਡਰਾਂ ਤੋਂ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਯਹੋਵਾਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ ਅਤੇ ਤਕੜੇ ਤੋਂ ਤਕੜਾ ਦੁਸ਼ਮਣ ਵੀ ਉਸ ਦਾ ਸਾਮ੍ਹਣਾ ਨਹੀਂ ਕਰ ਸਕਦਾ। (ਨਹੂ. 1:2, 6) ਨਹੂਮ ਦੀ ਭਵਿੱਖਬਾਣੀ ʼਤੇ ਗੌਰ ਕਰਨ ਨਾਲ ਅਸੀਂ ਕਈ ਸਬਕ ਸਿੱਖ ਸਕਦੇ ਹਾਂ ਜੋ ਪ੍ਰਚਾਰ ਵਿਚ ਸਾਡੀ ਮਦਦ ਕਰ ਸਕਦੇ ਹਨ।
2. ਅਸੀਂ ਕੀ ਕਰ ਸਕਦੇ ਹਾਂ ਤਾਂ ਜੋ ਸਾਡੇ ਸੰਦੇਸ਼ ਦਾ ਲੋਕਾਂ ਤੇ ਚੰਗਾ ਅਸਰ ਪਵੇ?
2 ਦੂਜਿਆਂ ਨੂੰ ਉਮੀਦ ਅਤੇ ਦਿਲਾਸਾ ਦਿਓ: ਨਹੂਮ ਦੀ ਕਿਤਾਬ ਨੂੰ ਪਹਿਲਾਂ-ਪਹਿਲਾਂ ਪੜ੍ਹਨ ʼਤੇ ਲੱਗਦਾ ਹੈ ਕਿ ਇਹ ਪੁਰਾਣੇ ਜ਼ਮਾਨੇ ਦੇ ਅੱਸ਼ੂਰ ਦੀ ਰਾਜਧਾਨੀ ਨੀਨਵਾਹ ਦੇ ਨਾਸ਼ ਬਾਰੇ ਹੀ ਐਲਾਨ ਕਰਦੀ ਹੈ ਜਿਸ ਦੇ ਲੋਕਾਂ ਨੂੰ ਆਪਣੇ ਸ਼ਹਿਰ ʼਤੇ ਬਹੁਤ ਘਮੰਡ ਸੀ। (ਨਹੂ. 1:1; 3:7) ਪਰ ਇਸ ਦੇ ਨਾਸ਼ ਦੀ ਖ਼ਬਰ ਯਹੋਵਾਹ ਦੇ ਲੋਕਾਂ ਲਈ ਇਕ ਚੰਗੀ ਖ਼ਬਰ ਸੀ। ਨਹੂਮ ਦੇ ਨਾਂ ਦਾ ਮਤਲਬ ਹੈ “ਦਿਲਾਸਾ ਦੇਣ ਵਾਲਾ।” ਨਹੂਮ ਨੇ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਜਲਦੀ ਹੀ ਉਨ੍ਹਾਂ ਦੇ ਦੁਸ਼ਮਣਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ! ਇਸ ਗੱਲ ʼਤੇ ਜ਼ੋਰ ਦਿੰਦੇ ਹੋਏ ਉਸ ਨੇ ਯਕੀਨ ਦਿਵਾਇਆ ਕਿ ਯਹੋਵਾਹ “ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ।” (ਨਹੂ. 1:7) ਅਸੀਂ ਵੀ ਪ੍ਰਚਾਰ ਕਰਦੇ ਸਮੇਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਅਤੇ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਹਾਂ ਕਿ ਉਹ ਵੀ ਯਹੋਵਾਹ ਵਿਚ ਪਨਾਹ ਲੈਣ।—ਨਹੂ. 1:15.
3. ਨਹੂਮ ਦੀ ਰੀਸ ਕਰਦੇ ਹੋਏ ਅਸੀਂ ਉਦਾਹਰਣਾਂ ਅਤੇ ਮਿਸਾਲਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?
3 ਉਦਾਹਰਣਾਂ ਅਤੇ ਮਿਸਾਲਾਂ ਵਰਤੋ: ਯਹੋਵਾਹ ਦੀ ਪ੍ਰੇਰਣਾ ਨਾਲ ਨਹੂਮ ਨੇ ਨੀਨਵਾਹ ਦੇ ਨਾਸ਼ ਦੀ ਤੁਲਨਾ ਮਿਸਰੀ ਸ਼ਹਿਰ ਥੀਬਜ਼ (ਨੋ-ਆਮੋਨ) ਨਾਲ ਕੀਤੀ ਜਿਸ ਨੂੰ ਪਹਿਲਾਂ ਅੱਸ਼ੂਰੀਆਂ ਨੇ ਹੀ ਤਬਾਹ ਕੀਤਾ ਸੀ। (ਨਹੂ. 3:8-10) ਜਦੋਂ ਅਸੀਂ ਲੋਕਾਂ ਨਾਲ ਇਸ ਦੁਸ਼ਟ ਦੁਨੀਆਂ ਦੇ ਅੰਤ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨਾਲ ਬਾਈਬਲ ਦੀਆਂ ਉਨ੍ਹਾਂ ਭਵਿੱਖਬਾਣੀਆਂ ਬਾਰੇ ਗੱਲ ਕਰ ਸਕਦੇ ਹਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀ ਕਹੀ ਇਕ-ਇਕ ਗੱਲ ਪੂਰੀ ਕਰਦਾ ਹੈ। ਮਿਸਾਲ ਲਈ, 632 ਈ. ਪੂ. ਵਿਚ ਜਦੋਂ ਬਾਬਲੀ ਅਤੇ ਮਾਦੀ ਫ਼ੌਜਾਂ ਨੀਨਵਾਹ ʼਤੇ ਹਮਲਾ ਕਰਨ ਆਈਆਂ, ਤਾਂ ਜ਼ੋਰਦਾਰ ਮੀਂਹ ਪੈਣ ਕਰਕੇ ਟਾਈਗ੍ਰਿਸ ਦਰਿਆ ਦਾ ਬੰਨ੍ਹ ਟੁੱਟ ਗਿਆ। ਇਸ ਕਾਰਨ ਸ਼ਹਿਰ ਦਾ ਇਕ ਹਿੱਸਾ ਪਾਣੀ ਵਿਚ ਡੁੱਬ ਗਿਆ ਸੀ ਅਤੇ ਇਸ ਦੀ ਮਜ਼ਬੂਤ ਕੰਧ ਦਾ ਹਿੱਸਾ ਢਹਿ ਗਿਆ। ਇਸ ਤਰ੍ਹਾਂ ਨੀਨਵਾਹ ʼਤੇ ਤੁਰੰਤ ਕਬਜ਼ਾ ਕਰ ਲਿਆ ਗਿਆ, ਜਿਵੇਂ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ।—ਨਹੂ. 1:8; 2:6.
4. ਅਸੀਂ ਦੂਜਿਆਂ ਨੂੰ ਆਪਣੀ ਗੱਲ ਸਾਫ਼-ਸਾਫ਼ ਕਿੱਦਾਂ ਦੱਸ ਸਕਦੇ ਹਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਸਮਝ ਆਵੇ?
4 ਆਪਣੀ ਗੱਲ ਸਾਫ਼-ਸਾਫ਼ ਦੱਸੋ ਜੋ ਆਸਾਨੀ ਨਾਲ ਸਮਝ ਆਵੇ: ਨਹੂਮ ਨੇ ਆਪਣੀ ਕਿਤਾਬ ਵਿਚ ਅਸਰਦਾਰ ਤੇ ਜ਼ਬਰਦਸਤ ਸ਼ਬਦਾਂ ਦੀ ਵਰਤੋਂ ਕੀਤੀ। ਉਸ ਨੇ ਹਰ ਗੱਲ ਸਾਫ਼-ਸਾਫ਼ ਦੱਸੀ। (ਨਹੂ. 1:14; 3:1) ਨਹੂਮ ਵਾਂਗ ਸਾਨੂੰ ਵੀ ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਲੋਕਾਂ ਨੂੰ ਆਸਾਨੀ ਨਾਲ ਸਮਝ ਆਵੇ। (1 ਕੁਰਿੰ. 14:9) ਜਦੋਂ ਤੁਸੀਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹੋ, ਤਾਂ ਸਾਫ਼-ਸਾਫ਼ ਦੱਸੋ ਕਿ ਤੁਸੀਂ ਕਿਉਂ ਆਏ ਹੋ। ਬਾਈਬਲ ਸਟੱਡੀ ਕਰਾਉਂਦੇ ਵੇਲੇ ਦੂਜਿਆਂ ਦੀ ਮਦਦ ਕਰੋ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ʼਤੇ ਨਿਹਚਾ ਪੈਦਾ ਕਰ ਸਕਣ ਅਤੇ ਦੇਖ ਸਕਣ ਕਿ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿੱਦਾਂ ਲਾਗੂ ਕਰ ਸਕਦੇ ਹਨ।—ਰੋਮੀ. 10:14.
5. ਨਹੂਮ ਦੀ ਭਵਿੱਖਬਾਣੀ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ?
5 ਨਹੂਮ ਦੀ ਕਿਤਾਬ ਤੋਂ ਇਹ ਗੱਲ ਸਾਫ਼-ਸਾਫ਼ ਝਲਕਦੀ ਹੈ ਕਿ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਦੇ ਬਚਨ ਦੀਆਂ ਗੱਲਾਂ ਹਰ ਹਾਲ ਵਿਚ ਪੂਰੀਆਂ ਹੋ ਕੇ ਰਹਿਣਗੀਆਂ। ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਸਾਨੂੰ ਯਹੋਵਾਹ ਦੇ ਇਸ ਫ਼ਰਮਾਨ ਤੋਂ ਦਿਲਾਸਾ ਮਿਲਦਾ ਹੈ: “ਬਿਪਤਾ ਦੂਜੀ ਵਾਰੀ ਨਾ ਉੱਠੇਗੀ!”—ਨਹੂ. 1:9.