ਤਜਰਬੇਕਾਰ ਪਬਲੀਸ਼ਰਾਂ ਤੋਂ ਸਿੱਖੋ
ਅਸੀਂ ਮੰਡਲੀ ਦੇ ਤਜਰਬੇਕਾਰ ਭੈਣਾਂ-ਭਰਾਵਾਂ ਦੀ ਬਹੁਤ ਕਦਰ ਕਰਦੇ ਹਾਂ। ਇਨ੍ਹਾਂ ਵਿੱਚੋਂ ਕਈ ਜਣੇ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਕਈਆਂ ਨੇ ਹਾਲ ਹੀ ਦੇ ਸਮੇਂ ਵਿਚ ਵਧੀਆ ਤਰੀਕੇ ਨਾਲ ਪ੍ਰਚਾਰ ਕਰਨਾ ਸਿੱਖਿਆ ਹੈ। ਇਨ੍ਹਾਂ ਤਜਰਬੇਕਾਰ ਪਬਲੀਸ਼ਰਾਂ ਨੇ ਦੇਖਿਆ ਹੈ ਕਿ ਆਖ਼ਰੀ ਦਿਨਾਂ ਵਿਚ ਯਿਸੂ ਨੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵਾਧਾ ਕਰਨ ਲਈ ਮੰਡਲੀ ਨੂੰ ਕਿਵੇਂ ਸੇਧ ਦਿੱਤੀ ਹੈ। (ਮੱਤੀ 28:19, 20) ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਇਨ੍ਹਾਂ ਪਬਲੀਸ਼ਰਾਂ ਨੂੰ ਉਹ ਤਾਕਤ ਮਿਲੀ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” ਇਸ ਤਾਕਤ ਨਾਲ ਉਹ ਆਪਣੀ ਜ਼ਿੰਦਗੀ ਵਿਚ ਆਉਂਦੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹੋਏ ਪ੍ਰਚਾਰ ਦਾ ਕੰਮ ਜਾਰੀ ਰੱਖ ਸਕੇ ਹਨ। (2 ਕੁਰਿੰ. 4:7) ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦ ਵੀ ਇਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਦੂਜਿਆਂ ਨੂੰ ਸਿਖਾਉਂਦੇ ਹਨ। (ਜ਼ਬੂ. 71:18) ਇਸ ਲਈ ਜਦੋਂ ਵੀ ਮੌਕਾ ਮਿਲੇ ਸਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਅਸੀਂ ਕਿਨ੍ਹਾਂ ਮੌਕਿਆਂ ʼਤੇ ਉਨ੍ਹਾਂ ਤੋਂ ਸਿੱਖ ਸਕਦੇ ਹਾਂ?
ਪ੍ਰਚਾਰ ਕਰਦੇ ਵੇਲੇ। ਨਵੇਂ ਜਾਂ ਘੱਟ ਤਜਰਬੇਕਾਰ ਪਬਲੀਸ਼ਰਾਂ ਨੂੰ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਲਈ ਟ੍ਰੇਨਿੰਗ ਦੀ ਲੋੜ ਹੈ। ਤਜਰਬੇਕਾਰ ਪਬਲੀਸ਼ਰਾਂ ਨੂੰ ਪ੍ਰਚਾਰ ਕਰਦੇ ਦੇਖ ਕੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। (ਪਹਿਰਾਬੁਰਜ, 15 ਫਰਵਰੀ 2015 ਵਿਚ “ਪ੍ਰਚਾਰ ਲਈ ਆਪਣਾ ਜੋਸ਼ ਬਣਾਈ ਰੱਖੋ” ਨਾਂ ਦੇ ਲੇਖ ਦਾ ਉਪ-ਸਿਰਲੇਖ “ਨਵੇਂ ਪ੍ਰਚਾਰਕਾਂ ਦੀ ਮਦਦ ਕਰੋ” ਦਾ ਤੀਜਾ ਪੈਰਾ ਦੇਖੋ।) ਤੁਹਾਨੂੰ ਇਨ੍ਹਾਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਕਿਵੇਂ ਫ਼ਾਇਦਾ ਹੋਇਆ ਹੈ?
ਕੀ ਤੁਸੀਂ ਕਿਸੇ ਤਜਰਬੇਕਾਰ ਭੈਣ-ਭਰਾ ਨੂੰ ਤੁਹਾਡੇ ਨਾਲ ਪ੍ਰਚਾਰ ਕਰਨ ਲਈ ਕਹਿ ਸਕਦੇ ਹੋ? ਜੇ ਤਜਰਬੇਕਾਰ ਭੈਣ-ਭਰਾ ਤੋਂ ਇੰਨਾ ਤੁਰ-ਫਿਰ ਨਹੀਂ ਹੁੰਦਾ, ਤਾਂ ਤੁਸੀਂ ਸ਼ਾਇਦ ਸਮੇਂ-ਸਮੇਂ ਤੇ ਆਪਣੇ ਕਿਸੇ ਬਾਈਬਲ ਵਿਦਿਆਰਥੀ ਨੂੰ ਉਸ ਦੇ ਘਰ ਆਉਣ ਲਈ ਕਹਿ ਸਕਦੇ ਹੋ ਤਾਂਕਿ ਉੱਥੇ ਸਟੱਡੀ ਕੀਤੀ ਜਾ ਸਕੇ। ਸਟੱਡੀ ਖ਼ਤਮ ਹੋਣ ਤੋਂ ਬਾਅਦ ਤੁਸੀਂ ਉਸ ਭੈਣ-ਭਰਾ ਤੋਂ ਸਲਾਹ ਲਵੋ ਕਿ ਤੁਸੀਂ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦੇ ਹੋ।
ਉਨ੍ਹਾਂ ਨਾਲ ਸਮਾਂ ਬਿਤਾਓ: ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਆਪਣੀ ਪਰਿਵਾਰਕ ਸਟੱਡੀ ਤੇ ਬੁਲਾ ਕੇ ਉਨ੍ਹਾਂ ਦੀ ਇੰਟਰਵਿਊ ਲਓ ਅਤੇ ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ। ਜੇ ਭੈਣ-ਭਰਾ ਬਜ਼ੁਰਗ ਹੈ ਜਾਂ ਉਸ ਦੀ ਸਿਹਤ ਠੀਕ ਰਹਿੰਦੀ, ਤਾਂ ਕੀ ਤੁਸੀਂ ਉਸ ਦੇ ਘਰ ਜਾ ਕੇ ਪਰਿਵਾਰਕ ਸਟੱਡੀ ਕਰ ਸਕਦੇ ਹੋ? ਜਾਣੋ ਕਿ ਉਹ ਸੱਚਾਈ ਵਿਚ ਕਿਵੇਂ ਆਇਆ ਸੀ। ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ? ਤੁਹਾਡੇ ਇਲਾਕੇ ਵਿਚ ਉਸ ਨੇ ਕਿੰਨੀ ਤਰੱਕੀ ਹੁੰਦੀ ਦੇਖੀ ਹੈ? ਯਹੋਵਾਹ ਦੀ ਸੇਵਾ ਕਰਦਿਆਂ ਉਸ ਨੂੰ ਕਿਹੜੀ ਖ਼ੁਸ਼ੀ ਮਿਲੀ ਹੈ?
ਉਨ੍ਹਾਂ ਤੋਂ ਹੱਦੋਂ ਵਧ ਉਮੀਦ ਨਾ ਰੱਖੋ। ਸਾਡੇ ਸਾਰਿਆਂ ਵਾਂਗ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਦੀਆਂ ਵੀ ਵੱਖੋ-ਵੱਖਰੀਆਂ ਕਾਬਲੀਅਤਾਂ ਹਨ। (ਰੋਮੀ. 12:6-8) ਬੁਢਾਪੇ ਕਰਕੇ ਸ਼ਾਇਦ ਉਹ ਸਾਡੇ ਨਾਲ ਜ਼ਿਆਦਾ ਸਮਾਂ ਨਾ ਬਿਤਾ ਸਕਣ। ਇਸ ਦੇ ਬਾਵਜੂਦ, ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਕਿਉਂਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ।