ਚੇਲੇ ਬਣਾਉਣ ਦੇ ਕੰਮ ʼਤੇ ਧਿਆਨ ਲਾਈ ਰੱਖੋ
1. ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
1 ਸਾਲ 2014 ਦੀ ਸੇਵਾ ਰਿਪੋਰਟ ਤੋਂ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਪਰਮੇਸ਼ੁਰ ਦੇ ਲੋਕਾਂ ਦੇ ਜੋਸ਼ ਤੇ ਇਰਾਦੇ ਦਾ ਸਾਫ਼ ਪਤਾ ਲੱਗਦਾ ਹੈ। (ਮੱਤੀ 24:14) ਘਰ-ਘਰ ਪ੍ਰਚਾਰ, ਟ੍ਰੈਕਟ ਤੇ ਸੱਦਾ-ਪੱਤਰ ਵੰਡਣ ਦੀਆਂ ਖ਼ਾਸ ਮੁਹਿੰਮਾਂ ਅਤੇ ਪਬਲਿਕ ਥਾਵਾਂ ʼਤੇ ਗਵਾਹੀ ਦੇ ਕੇ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਰਹੇ ਹਾਂ। ਪਰ ਜੇ ਲੋਕਾਂ ਨੂੰ ਬਚਾਇਆ ਜਾਣਾ ਹੈ, ਤਾਂ ਸਾਨੂੰ ਬਾਈਬਲ ਦੀ ਸਟੱਡੀ ਕਰਾ ਕੇ ਉਨ੍ਹਾਂ ਦੀ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਨੀ ਚਾਹੀਦੀ ਹੈ।—1 ਤਿਮੋ. 2:4.
2. ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
2 ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਤਿਆਰ ਰਹੋ: ਜਦੋਂ ਕੋਈ ਵਿਅਕਤੀ ਦਿਲਚਸਪੀ ਲੈਂਦਾ ਹੈ, ਤਾਂ ਕੀ ਤੁਸੀਂ ਉਸ ਦਾ ਫ਼ੋਨ ਨੰਬਰ ਜਾਂ ਪਤਾ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂਕਿ ਤੁਸੀਂ ਉਸ ਨੂੰ ਦੁਬਾਰਾ ਮਿਲ ਕੇ ਬਾਈਬਲ ਸਟੱਡੀ ਸ਼ੁਰੂ ਕਰ ਸਕੋ? ਤੁਸੀਂ ਪਿਛਲੀ ਵਾਰ ਕਦੋਂ ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਕੋਈ ਪ੍ਰਕਾਸ਼ਨ ਵਰਤ ਕੇ ਦਿਖਾਇਆ ਸੀ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ? ਤੁਸੀਂ ਪਿਛਲੀ ਵਾਰ ਕਦੋਂ ਲਗਾਤਾਰ ਰਸਾਲੇ ਲੈਣ ਵਾਲਿਆਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ ਸੀ? ਕੀ ਤੁਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ, ਪੜ੍ਹਨ ਵਾਲਿਆਂ, ਗੁਆਂਢੀਆਂ, ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਬਾਈਬਲ ਕਿਉਂ ਪੜ੍ਹੀਏ? ਅਤੇ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦੇ ਵੀਡੀਓ ਦਿਖਾਏ ਹਨ? ਜਦੋਂ ਤੁਸੀਂ ਮੇਜ਼ ਜਾਂ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਵਰਤਦੇ ਹੋ, ਤਾਂ ਕੀ ਤੁਸੀਂ ਉਸ ਵਿਅਕਤੀ ਨੂੰ ਮੁਫ਼ਤ ਬਾਈਬਲ ਸਟੱਡੀ ਦੇ ਪ੍ਰਬੰਧ ਬਾਰੇ ਦੱਸਦੇ ਹੋ ਜਿਸ ਨੇ ਉਹ ਪ੍ਰਕਾਸ਼ਨ ਲਿਆ ਹੈ ਜਿਸ ਤੋਂ ਬਾਈਬਲ ਸਟੱਡੀ ਕਰਾਈ ਜਾ ਸਕਦੀ ਹੈ?
3. ਵਧੀਆ ਤਰੀਕੇ ਨਾਲ ਸੱਚਾਈ ਸਿਖਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
3 ਯਹੋਵਾਹ ਤੇ ਯਿਸੂ ਤੋਂ ਮਦਦ: ਯਿਸੂ ਨੇ ‘ਚੇਲੇ ਬਣਾਉਣ’ ਦੇ ਆਪਣੇ ਹੁਕਮ ਦੇ ਸ਼ੁਰੂ ਵਿਚ “ਜਾਓ” ਸ਼ਬਦ ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕੰਮ ਕਰਨ ਲਈ ਸਾਨੂੰ ਖ਼ੁਦ ਮਿਹਨਤ ਤੇ ਪਹਿਲ ਕਰਨ ਦੀ ਲੋੜ ਹੈ। ਪਰ ਉਸ ਨੇ ਸਾਨੂੰ ਇਕੱਲਿਆਂ ਨਹੀਂ ਛੱਡਿਆ, ਸਗੋਂ ਵਾਅਦਾ ਕੀਤਾ ਕਿ ਉਹ ਸਾਡੇ ਨਾਲ ਰਹੇਗਾ। (ਮੱਤੀ 28:19, 20) ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਪਵਿੱਤਰ ਸ਼ਕਤੀ ਦੇਣ ਦੇ ਨਾਲ-ਨਾਲ ਪ੍ਰਕਾਸ਼ਨ, ਵੀਡੀਓ ਅਤੇ ਟ੍ਰੇਨਿੰਗ ਵੀ ਦਿੱਤੀ ਹੈ ਜੋ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਜ਼ਰੂਰੀ ਹਨ। (ਜ਼ਕ. 4:6; 2 ਕੁਰਿੰ. 4:7) ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਇਹ ਅਹਿਮ ਕੰਮ ਕਰਨ ਲਈ ਸਾਡੇ ਵਿਚ ‘ਇੱਛਾ ਪੈਦਾ ਕਰੇ ਅਤੇ ਤਾਕਤ ਬਖ਼ਸ਼ੇ।’—ਫ਼ਿਲਿ. 2:13.
4. ਸਾਨੂੰ ਚੇਲੇ ਬਣਾਉਣ ਦੇ ਕੰਮ ʼਤੇ ਧਿਆਨ ਕਿਉਂ ਲਾਈ ਰੱਖਣਾ ਚਾਹੀਦਾ ਹੈ?
4 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਸਾਡੀ ਖ਼ੁਸ਼ੀ ਉਦੋਂ ਹੋਰ ਜ਼ਿਆਦਾ ਵਧ ਜਾਂਦੀ ਹੈ ਜਦੋਂ ਅਸੀਂ ਕਿਸੇ ਨੂੰ ਸੱਚਾਈ ਸਿਖਾਉਂਦੇ ਹਾਂ ਅਤੇ ਉਸ ਦੀ ‘ਹਮੇਸ਼ਾ ਦੀ ਜ਼ਿੰਦਗੀ ਦੇ ਰਾਹ’ ਉੱਤੇ ਚੱਲਣ ਵਿਚ ਮਦਦ ਕਰਦੇ ਹਾਂ। (ਮੱਤੀ 7:14; 1 ਥੱਸ. 2:19, 20) ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਚੇਲੇ ਬਣਾਉਣ ਦੇ ਕੰਮ ʼਤੇ ਧਿਆਨ ਲਾ ਕੇ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਜੋ “ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”—2 ਪਤ. 3:9.