ਜਿੱਥੇ ਕਿਤੇ ਵੀ ਲੋਕ ਹੋਣ ਉੱਥੇ ਗਵਾਹੀ ਦਿਓ
1 ਆਪਣੀ ਸੇਵਕਾਈ ਵਿਚ ਪਰਮੇਸ਼ੁਰ ਦੀ ਆਤਮਾ ਦੀ ਭੂਮਿਕਾ ਨੂੰ ਪਛਾਣਦੇ ਹੋਏ, ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ ਨੇ ਵਧਾਇਆ।” ਉਸ ਨੇ ਇਹ ਵੀ ਕਬੂਲ ਕੀਤਾ: “ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।” (1 ਕੁਰਿੰ. 3:5-9) ਇਹ ਇਕ ਅਦਭੁਤ ਵਿਸ਼ੇਸ਼-ਸਨਮਾਨ ਹੈ। ਅਸੀਂ ਕਿਵੇਂ ਜਨਤਕ ਤੌਰ ਤੇ ਪ੍ਰਦਰਸ਼ਿਤ ਕਰ ਸਕਦੇ ਹਾਂ ਕਿ ਅਸੀਂ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀ ਹੋਣ ਦੀ ਕਦਰ ਕਰਦੇ ਹਾਂ? ਘਰ-ਘਰ ਦੇ ਪ੍ਰਚਾਰ-ਕਾਰਜ ਵਿਚ ਅਤੇ ਬਾਕੀ ਸਭ ਥਾਵਾਂ ਤੇ ਮਿਲਣ ਵਾਲੇ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੁਆਰਾ ਅਸੀਂ ਆਪਣੀ ਕਦਰ ਦਿਖਾ ਸਕਦੇ ਹਾਂ।
2 ਸਾਨੂੰ ਲੋਕਾਂ ਨੂੰ ‘ਚੇਲੇ ਬਣਾਉਣ’ ਦਾ ਹੁਕਮ ਦਿੱਤਾ ਗਿਆ ਹੈ। (ਮੱਤੀ 28:19) ਜੇ ਅਸੀਂ ਸੇਵਕਾਈ ਵਿਚ ਭਾਗ ਲੈਂਦੇ ਸਮੇਂ ਸਿਰਫ਼ ਕੁਝ ਹੀ ਲੋਕਾਂ ਨੂੰ ਮਿਲਦੇ ਹਾਂ, ਤਾਂ ਅਸੀਂ ਸ਼ਾਇਦ ਛੇਤੀ ਹੀ ਨਿਰਾਸ਼ ਹੋ ਕੇ ਮਹਿਸੂਸ ਕਰੀਏ ਕਿ ਅਸੀਂ ਜ਼ਿਆਦਾ ਕੁਝ ਸੰਪੰਨ ਨਹੀਂ ਕੀਤਾ ਹੈ। ਦੂਜੇ ਪਾਸੇ, ਸਾਨੂੰ ਆਪਣੀ ਸੇਵਕਾਈ ਵਿਚ ਸਭ ਤੋਂ ਜ਼ਿਆਦਾ ਆਨੰਦ ਉਦੋਂ ਮਿਲਦਾ ਹੈ ਜਦੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਾਂ ਕਰਨ ਵਿਚ ਕਾਮਯਾਬ ਹੁੰਦੇ ਹਾਂ। ਇਹ ਕਾਫ਼ੀ ਚੁਣੌਤੀ-ਭਰਿਆ ਹੋ ਸਕਦਾ ਹੈ, ਕਿਉਂਕਿ ਇਹ ਸਾਡੇ ਵੱਲੋਂ ਕੁਝ ਪਹਿਲ ਕਰਨ ਦੀ ਮੰਗ ਕਰਦਾ ਹੈ ਕਿ ਜਿੱਥੇ ਕਿਤੇ ਵੀ ਲੋਕ ਹੋਣ, ਉੱਥੇ ਅਸੀਂ ਉਨ੍ਹਾਂ ਨਾਲ ਮਿਲਣ ਲਈ ਜਾਈਏ।
3 ਵਿਵਹਾਰਕ ਮਿਸਾਲਾਂ: ਜਿੱਥੇ ਇਜਾਜ਼ਤ ਹੋਵੇ, ਅਸੀਂ ਬਾਜ਼ਾਰਾਂ, ਪਾਰਕਾਂ, ਢਾਬਿਆਂ, ਅਤੇ ਬੱਸ ਅੱਡਿਆਂ ਤੇ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ। ਜਦੋਂ ਤੁਸੀਂ ਜਨਤਕ ਵਾਹਣਾਂ ਵਿਚ ਸਫ਼ਰ ਕਰਦੇ ਹੋ, ਤਾਂ ਕੀ ਤੁਸੀਂ ਸਫ਼ਰ ਦੌਰਾਨ ਗਵਾਹੀ ਦੇਣ ਲਈ ਤਿਆਰ ਹੋ? ਦੋ ਗਵਾਹ ਜੋ ਇਕ ਖਚਾਖਚ ਭਰੀ ਹੋਈ ਬੱਸ ਵਿਚ ਆਪਣੀ ਸੇਵਾ ਸਭਾ ਲਈ ਜਾ ਰਹੇ ਸਨ, ਗਿਆਨ ਪੁਸਤਕ ਵਿਚ ਪਰਾਦੀਸ ਦੀ ਤਸਵੀਰ ਉੱਤੇ ਗੱਲ-ਬਾਤ ਕਰਦੇ ਹੋਏ, ਭਵਿੱਖ ਲਈ ਪਰਮੇਸ਼ੁਰ ਦੇ ਵਾਅਦਿਆਂ ਦੀ ਚਰਚਾ ਕਰ ਰਹੇ ਸਨ। ਜਿਵੇਂ ਉਨ੍ਹਾਂ ਨੇ ਆਸ ਕੀਤੀ ਸੀ, ਨੇੜੇ ਖੜੋਤੇ ਇਕ ਨੌਜਵਾਨ ਨੇ ਉਨ੍ਹਾਂ ਦੀ ਗੱਲ-ਬਾਤ ਸੁਣੀ ਅਤੇ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਬੱਸ ਤੋਂ ਉਤਰਨ ਤੋਂ ਪਹਿਲਾਂ, ਉਸ ਨੇ ਇਕ ਪੁਸਤਕ ਸਵੀਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਕੋਈ ਉਸ ਦੇ ਘਰ ਆਏ।
4 ਬਹੁਤ ਸਾਰੇ ਪ੍ਰਕਾਸ਼ਕਾਂ ਨੇ ਗ਼ੈਰ-ਰਸਮੀ ਗਵਾਹੀ ਕਾਰਜ ਵਿਚ ਆਨੰਦ ਹਾਸਲ ਕੀਤਾ ਹੈ। ਇਕ ਭੈਣ ਨੇ ਇਕ ਦੁਪਹਿਰ ਵੇਲੇ ਸਥਾਨਕ ਸ਼ਾਪਿੰਗ ਸੈਂਟਰ ਵਿਚ ਜਾ ਕੇ ਉਨ੍ਹਾਂ ਲੋਕਾਂ ਨਾਲ ਗੱਲ-ਬਾਤ ਸ਼ੁਰੂ ਕੀਤੀ ਜੋ ਆਪਣੀ ਖ਼ਰੀਦਾਰੀ ਕਰ ਚੁੱਕੇ ਸਨ ਪਰ ਜੋ ਕਾਹਲੀ ਵਿਚ ਨਹੀਂ ਜਾਪਦੇ ਸਨ। ਉਸ ਦੇ ਬੈਗ ਵਿਚ ਜਿੰਨਾ ਸਾਹਿੱਤ ਸੀ, ਉਸ ਨੇ ਵੰਡ ਦਿੱਤਾ। ਕਾਰ ਵਿਚ ਇੰਤਜ਼ਾਰ ਕਰ ਰਹੇ ਇਕ ਆਦਮੀ ਨੇ ਉਸ ਤੋਂ ਖ਼ੁਸ਼ੀ-ਖ਼ੁਸ਼ੀ ਰਸਾਲੇ ਸਵੀਕਾਰ ਕੀਤੇ। ਉਹ ਪਹਿਲਾਂ ਵੀ ਸਭਾਵਾਂ ਵਿਚ ਜਾ ਚੁੱਕਾ ਸੀ, ਅਤੇ ਇਸ ਗੱਲ-ਬਾਤ ਨਾਲ ਉਸ ਦੀ ਰੁਚੀ ਦੁਬਾਰਾ ਜਾਗ ਉੱਠੀ।
5 ਯਹੋਵਾਹ ਦੇ ਨਾਂ ਨੂੰ ਵਡਿਆਉਣਾ ਇਕ ਵਿਸ਼ੇਸ਼-ਸਨਮਾਨ ਹੈ। ਪ੍ਰਚਾਰ ਕਾਰਜ ਲਈ ਆਪਣੀ ਗਰਮਜੋਸ਼ੀ ਪ੍ਰਦਰਸ਼ਿਤ ਕਰਨ ਦੁਆਰਾ, ਅਸੀਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਦੀ ਸਾਡੇ ਪ੍ਰਤੀ ਅਯੋਗ ਦਿਆਲਗੀ ਦੇ ਮਕਸਦ ਤੋਂ ਅਸੀਂ ਬੇਧਿਆਨੇ ਨਹੀਂ ਹੁੰਦੇ ਹਾਂ। ਕਿਉਂ ਜੋ ਦੂਜਿਆਂ ਦੀ ਮਦਦ ਕਰਨ ਦਾ “ਹੁਣ ਹੀ ਮਨ ਭਾਉਂਦਾ ਸਮਾਂ ਹੈ,” ਆਓ ਅਸੀਂ ਜਿੱਥੇ ਕਿਤੇ ਵੀ ਲੋਕ ਹੋਣ, ਉੱਥੇ ਜਾ ਕੇ ਉਨ੍ਹਾਂ ਨੂੰ ਯਹੋਵਾਹ ਦੇ ‘ਮੁਕਤੀ ਦੇ ਦਿਨ’ ਦੀ ਗਵਾਹੀ ਦੇਈਏ।—2 ਕੁਰਿੰ. 6:1, 2.