ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ
1 ਯਿਸੂ ਨੇ ਕਿਹਾ: “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” ਕਿਉਂ ਜੋ ਪਹਿਲੀ ਸਦੀ ਵਿਚ ਵਾਢਿਆਂ ਦੀ ਗਿਣਤੀ ਥੋੜ੍ਹੀ ਸੀ ਅਤੇ ਉਨ੍ਹਾਂ ਨੇ ਕਾਫ਼ੀ ਖੇਤਰ ਪੂਰਾ ਕਰਨਾ ਸੀ, ਯਿਸੂ ਉਨ੍ਹਾਂ ਨੂੰ ਇਕ-ਇਕ ਕਰ ਕੇ ਘੱਲਣ ਦੁਆਰਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਨਿਰਦੇਸ਼ਿਤ ਕਰ ਸਕਦਾ ਸੀ। ਇਸ ਦੀ ਬਜਾਇ, ਉਸ ਨੇ “ਉਨ੍ਹਾਂ ਨੂੰ ਦੋ ਦੋ ਕਰਕੇ . . . ਘੱਲਿਆ।” (ਲੂਕਾ 10:1, 2) ਦੋ-ਦੋ ਕਰ ਕੇ ਕਿਉਂ ਘੱਲਿਆ?
2 ਉਹ ਚੇਲੇ ਨਵੇਂ ਅਤੇ ਨਾਤਜਰਬੇਕਾਰ ਸਨ। ਇਕੱਠੇ ਕੰਮ ਕਰਨ ਦੁਆਰਾ ਉਹ ਇਕ ਦੂਜੇ ਤੋਂ ਸਿੱਖ ਸਕਦੇ ਸਨ ਅਤੇ ਇਕ ਦੂਜੇ ਨੂੰ ਉਤਸ਼ਾਹ ਦੇ ਸਕਦੇ ਸਨ। ਜਿਵੇਂ ਕਿ ਸੁਲੇਮਾਨ ਨੇ ਕਿਹਾ, “ਇੱਕ ਨਾਲੋਂ ਦੋ ਚੰਗੇ ਹਨ।” (ਉਪ. 4:9, 10) ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਪਵਿੱਤਰ ਆਤਮਾ ਦੇ ਵਹਾਏ ਜਾਣ ਤੋਂ ਬਾਅਦ ਵੀ ਪੌਲੁਸ, ਬਰਨਬਾਸ, ਅਤੇ ਦੂਜੇ ਵਿਸ਼ਵਾਸੀ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਸੇਵਕਾਈ ਵਿਚ ਜਾਂਦੇ ਸਨ। (ਰਸੂ. 15:35) ਅਜਿਹੇ ਕਾਬਲ ਮਨੁੱਖਾਂ ਤੋਂ ਨਿੱਜੀ ਤੌਰ ਤੇ ਸਿਖਲਾਈ ਪ੍ਰਾਪਤ ਕਰਨ ਦਾ ਕੁਝ ਲੋਕਾਂ ਦਾ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਰਿਹਾ ਹੋਣਾ!
3 ਇਕ ਵਧੀਆ ਸਿਖਲਾਈ ਕਾਰਜਕ੍ਰਮ: ਆਪਣੇ ਪਹਿਲੀ ਸਦੀ ਦੇ ਪ੍ਰਤਿਰੂਪ ਵਾਂਗ, ਆਧੁਨਿਕ ਮਸੀਹੀ ਕਲੀਸਿਯਾ ਇਕ ਪ੍ਰਚਾਰ ਕਰਨ ਵਾਲਾ ਸੰਗਠਨ ਹੈ। ਇਹ ਸਾਨੂੰ ਸਿਖਲਾਈ ਵੀ ਦਿੰਦੀ ਹੈ। ਵਿਅਕਤੀਗਤ ਤੌਰ ਤੇ, ਸਾਡੀ ਦਿਲੀ ਇੱਛਾ ਖ਼ੁਸ਼ ਖ਼ਬਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵਕਾਰੀ ਢੰਗ ਨਾਲ ਪੇਸ਼ ਕਰਨ ਦੀ ਹੋਣੀ ਚਾਹੀਦੀ ਹੈ। ਮਦਦ ਦਿੱਤੀ ਜਾ ਰਹੀ ਹੈ, ਤਾਂਕਿ ਹੋਰ ਜ਼ਿਆਦਾ ਪ੍ਰਕਾਸ਼ਕ ਆਪਣੀ ਪ੍ਰਭਾਵਕਤਾ ਨੂੰ ਸੁਧਾਰ ਸਕਣ।
4 ਹਾਲ ਹੀ ਵਿਚ ਹੋਏ ਰਾਜ ਸੇਵਕਾਈ ਸਕੂਲ ਵਿਚ, ਸੰਸਥਾ ਨੇ ਇਕ ਅਜਿਹੇ ਕਾਰਜਕ੍ਰਮ ਦਾ ਐਲਾਨ ਕੀਤਾ ਜਿਸ ਵਿਚ ਪਾਇਨੀਅਰ ਖੇਤਰ ਸੇਵਕਾਈ ਵਿਚ ਦੂਜਿਆਂ ਦੀ ਮਦਦ ਕਰਨਗੇ। ਕੀ ਇਸ ਦੀ ਕੋਈ ਲੋੜ ਹੈ? ਜੀ ਹਾਂ, ਲੋੜ ਹੈ। ਪਿਛਲੇ ਤਿੰਨ ਸਾਲਾਂ ਵਿਚ ਦਸ ਲੱਖ ਤੋਂ ਜ਼ਿਆਦਾ ਪ੍ਰਕਾਸ਼ਕਾਂ ਨੇ ਬਪਤਿਸਮਾ ਲਿਆ ਹੈ, ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਪ੍ਰਚਾਰ ਕੰਮ ਵਿਚ ਹੋਰ ਜ਼ਿਆਦਾ ਪ੍ਰਭਾਵਕਾਰੀ ਬਣਨ ਲਈ ਸਿਖਲਾਈ ਦੀ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਕਿਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ?
5 ਪੂਰਣ-ਕਾਲੀ ਪਾਇਨੀਅਰ ਮਦਦ ਕਰ ਸਕਦੇ ਹਨ। ਯਹੋਵਾਹ ਦਾ ਸੰਗਠਨ ਉਨ੍ਹਾਂ ਨੂੰ ਕਾਫ਼ੀ ਸਲਾਹ ਅਤੇ ਸਿਖਲਾਈ ਦਿੰਦਾ ਹੈ। ਦੋ ਹਫ਼ਤਿਆਂ ਦੇ ਪਾਇਨੀਅਰ ਸੇਵਾ ਸਕੂਲ ਵਿਚ ਪਾਇਨੀਅਰ ਆਪਣੀਆਂ ਲੋੜਾਂ ਦੇ ਅਨੁਸਾਰ ਹਿਦਾਇਤ ਪ੍ਰਾਪਤ ਕਰਦੇ ਹਨ। ਉਹ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਨਾਲ ਹੁੰਦੀਆਂ ਸਭਾਵਾਂ ਤੋਂ, ਅਤੇ ਬਜ਼ੁਰਗਾਂ ਵੱਲੋਂ ਦਿੱਤੀ ਗਈ ਅਗਵਾਈ ਤੋਂ ਵੀ ਲਾਭ ਪ੍ਰਾਪਤ ਕਰਦੇ ਹਨ। ਹਾਲਾਂਕਿ ਸਾਰੇ ਪਾਇਨੀਅਰ ਪੌਲੁਸ ਅਤੇ ਬਰਨਬਾਸ ਵਾਂਗ ਅਨੁਭਵੀ ਨਹੀਂ ਹਨ, ਫਿਰ ਵੀ ਉਨ੍ਹਾਂ ਨੇ ਲਾਹੇਵੰਦ ਸਿਖਲਾਈ ਪ੍ਰਾਪਤ ਕੀਤੀ ਹੈ, ਜਿਸ ਨੂੰ ਉਹ ਦੂਜਿਆਂ ਨਾਲ ਸਾਂਝੀ ਕਰਨ ਵਿਚ ਖ਼ੁਸ਼ ਹਨ।
6 ਕੌਣ ਲਾਭ ਪ੍ਰਾਪਤ ਕਰਨਗੇ? ਕੀ ਇਸ ਕਾਰਜਕ੍ਰਮ ਵਿਚ ਭਾਗ ਲੈਣਾ ਸਿਰਫ਼ ਨਵੇਂ ਪ੍ਰਕਾਸ਼ਕਾਂ ਜਾਂ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਤਕ ਹੀ ਸੀਮਿਤ ਹੈ? ਬਿਲਕੁਲ ਨਹੀਂ! ਕਿਉਂਕਿ ਅਜਿਹੇ ਨੌਜਵਾਨ ਅਤੇ ਬਿਰਧ ਪ੍ਰਕਾਸ਼ਕ ਵੀ ਹਨ, ਜੋ ਸੱਚਾਈ ਨੂੰ ਕਾਫ਼ੀ ਸਾਲਾਂ ਤੋਂ ਜਾਣਦੇ ਹਨ, ਪਰ ਸੇਵਕਾਈ ਦੇ ਕਿਸੇ ਖ਼ਾਸ ਪਹਿਲੂ ਵਿਚ ਦੂਜਿਆਂ ਤੋਂ ਮਦਦ ਪ੍ਰਾਪਤ ਕਰਨ ਵਿਚ ਖ਼ੁਸ਼ ਹੋਣਗੇ। ਕੁਝ ਪ੍ਰਕਾਸ਼ਕ ਸਾਹਿੱਤ ਵੰਡਣ ਵਿਚ ਬਹੁਤ ਨਿਪੁੰਨ ਹਨ ਪਰ ਪੁਨਰ-ਮੁਲਾਕਾਤ ਕਰਨੀ ਜਾਂ ਬਾਈਬਲ ਅਧਿਐਨ ਸ਼ੁਰੂ ਕਰਨਾ ਮੁਸ਼ਕਲ ਪਾਉਂਦੇ ਹਨ। ਦੂਜੇ ਪ੍ਰਕਾਸ਼ਕ ਸ਼ਾਇਦ ਆਸਾਨੀ ਨਾਲ ਬਾਈਬਲ ਅਧਿਐਨ ਸ਼ੁਰੂ ਕਰ ਲੈਣ, ਪਰ ਫਿਰ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਸਿੱਖਿਆਰਥੀ ਤਰੱਕੀ ਨਹੀਂ ਕਰਦੇ ਹਨ। ਉਨ੍ਹਾਂ ਨੂੰ ਕਿਹੜੀ ਚੀਜ਼ ਰੋਕ ਰਹੀ ਹੈ? ਇਨ੍ਹਾਂ ਖੇਤਰਾਂ ਵਿਚ ਮਦਦ ਲਈ ਅਨੁਭਵੀ ਪਾਇਨੀਅਰਾਂ ਨੂੰ ਬੇਨਤੀ ਕੀਤੀ ਜਾ ਸਕਦੀ ਹੈ। ਕਈ ਪਾਇਨੀਅਰ ਦਿਲਚਸਪੀ ਵਿਕਸਿਤ ਕਰਨ, ਬਾਈਬਲ ਅਧਿਐਨ ਸ਼ੁਰੂ ਕਰਨ, ਅਤੇ ਨਵੇਂ ਸਿੱਖਿਆਰਥੀਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨ ਵਿਚ ਪ੍ਰਭਾਵਕਾਰੀ ਹੁੰਦੇ ਹਨ। ਉਨ੍ਹਾਂ ਦਾ ਅਨੁਭਵ ਇਸ ਨਵੇਂ ਕਾਰਜਕ੍ਰਮ ਵਿਚ ਲਾਭਦਾਇਕ ਹੋਵੇਗਾ।
7 ਕੀ ਤੁਸੀਂ ਪਾਉਂਦੇ ਹੋ ਕਿ ਤੁਹਾਡੀ ਸਮਾਂ-ਸੂਚੀ ਇੰਨੀ ਤੰਗ ਹੈ ਕਿ ਕਲੀਸਿਯਾ ਦੀਆਂ ਖੇਤਰ ਸੇਵਾ ਲਈ ਨਿਯਮਿਤ ਸਭਾਵਾਂ ਵਿਚ ਤੁਸੀਂ ਉੱਨਾ ਭਾਗ ਨਹੀਂ ਲੈ ਸਕਦੇ ਹੋ ਜਿੰਨਾ ਕਿ ਤੁਸੀਂ ਲੈਣਾ ਚਾਹੁੰਦੇ ਹੋ? ਇਕ ਪਾਇਨੀਅਰ ਸ਼ਾਇਦ ਤੁਹਾਡੇ ਨਾਲ ਉਦੋਂ ਕੰਮ ਕਰ ਸਕੇ ਜਦੋਂ ਦੂਜੇ ਪ੍ਰਕਾਸ਼ਕ ਉਪਲਬਧ ਨਹੀਂ ਹੁੰਦੇ ਹਨ।
8 ਚੰਗੇ ਸਹਿਯੋਗ ਦੀ ਲੋੜ ਹੈ: ਬਜ਼ੁਰਗ ਸਾਲ ਵਿਚ ਦੋ ਵਾਰ ਪ੍ਰਬੰਧ ਕਰਨਗੇ ਕਿ ਜਿਹੜੇ ਪ੍ਰਕਾਸ਼ਕ ਨਿੱਜੀ ਮਦਦ ਚਾਹੁੰਦੇ ਹਨ, ਉਹ “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਕਾਰਜਕ੍ਰਮ ਵਿਚ ਭਾਗ ਲੈ ਸਕਣ। ਜੇ ਤੁਸੀਂ ਅਜਿਹੀ ਮਦਦ ਲੈਣ ਲਈ ਸਹਿਮਤ ਹੋ, ਤਾਂ ਤੁਹਾਡੀ ਮਦਦ ਕਰਨ ਲਈ ਨਿਯੁਕਤ ਕੀਤੇ ਗਏ ਪਾਇਨੀਅਰ ਨੂੰ ਮਿਲੋ, ਸੇਵਕਾਈ ਲਈ ਵਿਵਹਾਰਕ ਸਮਾਂ-ਸੂਚੀ ਤਿਆਰ ਕਰੋ, ਅਤੇ ਇਸ ਅਨੁਸਾਰ ਚੱਲੋ। ਮਿਲਣ ਦੇ ਹਰੇਕ ਇਕਰਾਰ ਨੂੰ ਪੂਰਾ ਕਰੋ। ਜਿਉਂ-ਜਿਉਂ ਤੁਸੀਂ ਇਕੱਠੇ ਕੰਮ ਕਰਦੇ ਹੋ, ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨ ਦੇ ਪ੍ਰਭਾਵਕਾਰੀ ਤਰੀਕਿਆਂ ਨੂੰ ਦੇਖੋ। ਵਿਚਾਰ ਕਰੋ ਕਿ ਕੁਝ ਪੇਸ਼ਕਾਰੀਆਂ ਕਿਉਂ ਪ੍ਰਭਾਵਕਾਰੀ ਹਨ। ਜੇ ਪਾਇਨੀਅਰ ਤੁਹਾਡੀ ਪੇਸ਼ਕਾਰੀ ਨੂੰ ਸੁਧਾਰਨ ਲਈ ਕੋਈ ਸੁਝਾਅ ਦੇਵੇ ਤਾਂ ਉਸ ਉੱਤੇ ਧਿਆਨ ਦਿਓ। ਜਿਉਂ-ਜਿਉਂ ਤੁਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਜਾਂਦੇ ਹੋ, ਸੇਵਕਾਈ ਵਿਚ ਤੁਹਾਡੀ ਤਰੱਕੀ ਤੁਹਾਡੇ ਸਾਮ੍ਹਣੇ ਅਤੇ ਦੂਜਿਆਂ ਸਾਮ੍ਹਣੇ ਪ੍ਰਗਟ ਹੋਵੇਗੀ। (1 ਤਿਮੋਥਿਉਸ 4:15 ਦੇਖੋ।) ਜਿੰਨਾ ਅਕਸਰ ਹੋ ਸਕੇ ਇਕੱਠੇ ਕੰਮ ਕਰੋ, ਅਤੇ ਸੇਵਕਾਈ ਦੇ ਹਰ ਪਹਿਲੂ ਵਿਚ ਭਾਗ ਲਓ, ਜਿਸ ਵਿਚ ਗ਼ੈਰ-ਰਸਮੀ ਗਵਾਹੀ ਵੀ ਸ਼ਾਮਲ ਹੈ ਪਰ ਖ਼ਾਸ ਤੌਰ ਤੇ ਉਸ ਖੇਤਰ ਉੱਤੇ ਧਿਆਨ ਦਿਓ ਜਿਸ ਵਿਚ ਤੁਹਾਨੂੰ ਨਿੱਜੀ ਮਦਦ ਦੀ ਲੋੜ ਹੈ।
9 ਸੇਵਾ ਨਿਗਾਹਬਾਨ ਕੀਤੀ ਗਈ ਉੱਨਤੀ ਵਿਚ ਦਿਲਚਸਪੀ ਰੱਖਦਾ ਹੈ। ਸਮੇਂ-ਸਮੇਂ ਤੇ, ਉਹ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਨਾਲ ਗੱਲ ਕਰੇਗਾ, ਇਹ ਦੇਖਣ ਲਈ ਕਿ ਤੁਸੀਂ ਕਾਰਜਕ੍ਰਮ ਤੋਂ ਕਿਵੇਂ ਲਾਭ ਪ੍ਰਾਪਤ ਕਰ ਰਹੇ ਹੋ। ਇਸੇ ਤਰ੍ਹਾਂ, ਸਰਕਟ ਨਿਗਾਹਬਾਨ ਵੀ ਤੁਹਾਡੀ ਮਦਦ ਕਰੇਗਾ ਜਦੋਂ ਉਹ ਕਲੀਸਿਯਾ ਨਾਲ ਮੁਲਾਕਾਤ ਕਰਦਾ ਹੈ।
10 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਸਿੱਖਿਅਤ ਹੋਣ ਅਤੇ ‘ਹਰੇਕ ਭਲੇ ਕੰਮ ਲਈ ਤਿਆਰ ਕੀਤੇ ਹੋਏ ਹੋਣ।’ (2 ਤਿਮੋ. 3:17) “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਕਾਰਜਕ੍ਰਮ ਨੂੰ ਉਨ੍ਹਾਂ ਪ੍ਰਕਾਸ਼ਕਾਂ ਦੀ ਮਦਦ ਕਰਨ ਦਾ ਇਕ ਚੰਗਾ ਪ੍ਰਬੰਧ ਵਿਚਾਰੋ ਜੋ ਬਚਨ ਦਾ ਪ੍ਰਚਾਰ ਕਰਨ ਲਈ ਆਪਣੀ ਯੋਗਤਾ ਨੂੰ ਸੁਧਾਰਨਾ ਚਾਹੁੰਦੇ ਹਨ। ਜੇਕਰ ਤੁਹਾਨੂੰ ਇਸ ਵਿਚ ਭਾਗ ਲੈਣ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ, ਤਾਂ ਧੰਨਵਾਦ, ਨਿਮਰਤਾ, ਅਤੇ ਖ਼ੁਸ਼ੀ ਨਾਲ ਇਸ ਵਿਚ ਭਾਗ ਲਓ।