ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਲੋਕਾਂ ਦੀ ਮਦਦ ਕਰਨ ਲਈ ਇਕ ਨਵਾਂ ਔਜ਼ਾਰ
“ਇਸ ਦੀ ਸਰਲ, ਸਿੱਧੀ, ਅਤੇ ਦਿਆਲੂ ਪਹੁੰਚ ਆਸਾਂ ਤੋਂ ਵੱਧ ਨਤੀਜੇ ਲਿਆਵੇਗੀ। ਇਸ ਦੇ ਵਿਸ਼ੇ ਇਸ ਤਰ੍ਹਾਂ ਗੁੰਝਲ-ਰਹਿਤ ਅਤੇ ਸੁਖਾਵੇਂ ਢੰਗ ਨਾਲ ਪੇਸ਼ ਕੀਤੇ ਗਏ ਹਨ ਕਿ ਕੋਈ ਵੀ ਗੰਭੀਰ ਭਾਲ ਕਰਨ ਵਾਲਾ ਵਿਅਕਤੀ ਕਹਿਣ ਲਈ ਪ੍ਰੇਰਿਤ ਹੋਵੇਗਾ, ‘ਤੁਹਾਡੇ ਵਿਚਕਾਰ ਸੱਚ ਮੁਚ ਪਰਮੇਸ਼ਰ ਹੈ।’” (1 ਕੁਰਿੰਥੀਆਂ 14:25, ਪਵਿੱਤਰ ਬਾਈਬਲ ਨਵਾਂ ਅਨੁਵਾਦ) ਥਾਈਲੈਂਡ ਦੇ ਇਕ ਯਹੋਵਾਹ ਦੇ ਗਵਾਹ ਨੇ ਇਸ ਤਰ੍ਹਾਂ ਕਿਹਾ ਜਦੋਂ ਉਹ ਨਵੀਂ ਵੱਡੀ ਪੁਸਤਿਕਾ, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦਾ ਵਰਣਨ ਕਰ ਰਿਹਾ ਸੀ। ਇਹ ਵਾਚ ਟਾਵਰ ਸੋਸਾਇਟੀ ਵਲੋਂ 1996/97 ਦੇ ਦੌਰਾਨ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਰਿਲੀਸ ਕੀਤੀ ਗਈ ਹੈ।
ਇਹ 32-ਸਫ਼ਾ, ਰੰਗਦਾਰ ਵੱਡੀ ਪੁਸਤਿਕਾ ਬਾਈਬਲ ਅਧਿਐਨ ਕੋਰਸ ਵਜੋਂ ਤਿਆਰ ਕੀਤੀ ਗਈ ਹੈ। ਇਹ ਬਾਈਬਲ ਦੀਆਂ ਮੂਲ ਸਿੱਖਿਆਵਾਂ ਬਾਰੇ ਸਿੱਖਿਆ ਦਿੰਦੀ ਹੈ। ਬੋਲੀ ਸਰਲ ਅਤੇ ਸੰਖਿਪਤ ਹੈ, ਅਤੇ ਸਪੱਸ਼ਟ ਰੂਪ ਵਿਚ ਸਮਝਾਉਂਦੀ ਹੈ ਕਿ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ। ਪਾਠਕਾਂ ਨੂੰ ਇਸ ਨੂੰ ਸਮਝਣ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। ਤੁਸੀਂ ਕਿਸ ਤਰ੍ਹਾਂ ਇਸ ਨਵੀਂ ਵੱਡੀ ਪੁਸਤਿਕਾ ਤੋਂ ਬਾਈਬਲ ਅਧਿਐਨ ਸੰਚਾਲਿਤ ਕਰ ਸਕਦੇ ਹੋ?
ਸਵਾਲਾਂ ਦੀ ਵਰਤੋਂ ਕਰੋ। ਹਰ ਪਾਠ ਦੇ ਆਰੰਭ ਵਿਚ ਸਵਾਲ ਹਨ। ਹਰ ਸਵਾਲ ਦੇ ਬਾਅਦ ਛੋਟੀਆਂ ਬ੍ਰੈਕਟਾਂ ਵਿਚ, ਤੁਸੀਂ ਉਨ੍ਹਾਂ ਪੈਰਿਆਂ ਦੇ ਨੰਬਰ ਪਾਓਗੇ ਜਿਨ੍ਹਾਂ ਵਿਚ ਜਵਾਬ ਪਾਏ ਜਾਂਦੇ ਹਨ। ਇਹ ਸਵਾਲ ਦੋਵੇਂ ਪੂਰਵ-ਝਾਤ ਪਾਉਣ ਅਤੇ ਪੁਨਰ-ਵਿਚਾਰ ਕਰਨ ਵਿਚ ਸਿੱਖਿਆ ਸਾਧਨ ਵਜੋਂ ਇਸਤੇਮਾਲ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਗ੍ਰਹਿ ਬਾਈਬਲ ਅਧਿਐਨ ਦੇ ਸ਼ੁਰੂ ਵਿਚ, ਤੁਸੀਂ ਸਿਖਿਆਰਥੀ ਨੂੰ ਉਸ ਦੇ ਵਿਚਾਰ ਜਾਣਨ ਲਈ ਦਿੱਤੇ ਗਏ ਸਵਾਲ ਪੁੱਛ ਸਕਦੇ ਹੋ। ਕੋਈ ਵੀ ਗ਼ਲਤ ਜਵਾਬ ਨੂੰ ਤੁਰੰਤ ਠੀਕ ਕਰਨ ਦੀ ਬਜਾਇ, ਤੁਸੀਂ ਅਧਿਐਨ ਨਾਲ ਅੱਗੇ ਵੱਧ ਸਕਦੇ ਹੋ। ਪਾਠ ਦੇ ਅਖ਼ੀਰ ਵਿਚ, ਤੁਸੀਂ ਸਵਾਲਾਂ ਵੱਲ ਦੁਬਾਰਾ ਜਾ ਸਕਦੇ ਹੋ, ਇਹ ਦੇਖਣ ਲਈ ਕਿ ਸਿਖਿਆਰਥੀ ਹੁਣ ਬਾਈਬਲ ਦੀ ਇਕਸਾਰਤਾ ਵਿਚ ਉਨ੍ਹਾਂ ਦੇ ਜਵਾਬ ਦੇ ਸਕਦਾ ਹੈ ਜਾਂ ਨਹੀਂ।
ਸ਼ਾਸਤਰਵਚਨਾਂ ਨੂੰ ਦੇਖੋ। ਹਰੇਕ ਪਾਠ ਵਿਚ, ਬਾਈਬਲ ਸੱਚਾਈਆਂ ਦੇ ਸੰਖੇਪ ਕਥਨਾਂ ਦੇ ਨਾਲ-ਨਾਲ ਸਹਾਇਕ ਸ਼ਾਸਤਰਵਚਨ ਵੀ ਦਿੱਤੇ ਗਏ ਹਨ। ਕਿਉਂਕਿ ਜ਼ਿਆਦਾਤਰ ਸ਼ਾਸਤਰਵਚਨ ਉਲਿਖਤ ਹਨ, ਅਤੇ ਉਤਕਥਿਤ ਨਹੀਂ ਕੀਤੇ ਗਏ ਹਨ, ਸਿਖਿਆਰਥੀ ਨੂੰ ਉਸ ਦੀ ਆਪਣੀ ਬਾਈਬਲ ਵਿਚ ਇਨ੍ਹਾਂ ਸ਼ਾਸਤਰਵਚਨਾਂ ਨੂੰ ਦੇਖਣ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਸ ਨੂੰ ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਦੀ ਜ਼ਰੂਰਤ ਹੈ, ਇਸ ਤੋਂ ਪਹਿਲਾਂ ਕਿ ਉਹ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਸਕੇ।—ਯਹੋਸ਼ੁਆ 1:8.
ਤਸਵੀਰਾਂ ਨੂੰ ਉਜਾਗਰ ਕਰੋ। ਵੱਡੀ ਪੁਸਤਿਕਾ ਵਿਚ ਫੋਟੋ ਅਤੇ ਚਿੱਤਰ ਉਦਾਰਤਾਪੂਰਵਕ ਦਿੱਤੇ ਗਏ ਹਨ—ਕੁੱਲ ਮਿਲਾ ਕੇ 50 ਤੋਂ ਵੱਧ ਤਸਵੀਰਾਂ। ਇਹ ਕੇਵਲ ਦ੍ਰਿਸ਼ਟੀਗਤ ਖਿੱਚ ਲਈ ਹੀ ਨਹੀਂ, ਪਰੰਤੂ ਅਤਿਰਿਕਤ ਸਿੱਖਿਆ ਸਾਧਨ ਵਜੋਂ ਵੀ ਪੇਸ਼ ਕੀਤੀਆਂ ਗਈਆਂ ਹਨ। ਉਦਾਹਰਣ ਲਈ, ਅਖ਼ੀਰਲੇ ਦੋ ਪਾਠ (ਇਕ-ਇਕ ਸਫ਼ੇ ਦੇ, ਆਮ੍ਹਣੇ-ਸਾਮ੍ਹਣੇ ਸਫ਼ਿਆਂ ਤੇ) ਦੇ ਸਿਰਲੇਖ ਹਨ “ਪਰਮੇਸ਼ੁਰ ਦੀ ਇੱਛਾ ਕਰਨ ਲਈ ਦੂਜਿਆਂ ਦੀ ਮਦਦ ਕਰਨਾ” ਅਤੇ “ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ।” ਦੋ ਸਫ਼ਿਆਂ ਤੇ ਫੈਲੀਆਂ ਫੋਟੁਆਂ ਇੱਕੋ ਆਦਮੀ ਦੀ ਅਧਿਆਤਮਿਕ ਪ੍ਰਗਤੀ ਨੂੰ ਉਲੀਕਦੀਆਂ ਹਨ, ਅਤੇ ਉਸ ਨੂੰ ਗ਼ੈਰ-ਰਸਮੀ ਗਵਾਹੀ ਦਿੰਦੇ, ਘਰ-ਘਰ ਦੀ ਸੇਵਕਾਈ ਵਿਚ ਹਿੱਸਾ ਲੈਂਦੇ, ਆਪਣਾ ਸਮਰਪਣ ਕਰਦੇ, ਅਤੇ ਅਖ਼ੀਰ ਵਿਚ ਬਪਤਿਸਮਾ ਲੈਂਦੇ ਹੋਏ ਦਿਖਾਉਂਦੀਆਂ ਹਨ। ਸਿਖਿਆਰਥੀ ਦਾ ਧਿਆਨ ਇਨ੍ਹਾਂ ਤਸਵੀਰਾਂ ਵੱਲ ਦਿਵਾਉਣ ਦੇ ਦੁਆਰਾ, ਤੁਸੀਂ ਉਸ ਨੂੰ ਇਹ ਦੇਖਣ ਵਿਚ ਮਦਦ ਕਰਦੇ ਹੋ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਕਿਹੜੇ ਲੋੜੀਂਦੇ ਕਦਮ ਹਨ।
ਕੀ ਹੋਵੇ ਜੇ ਇਕ ਦਿਲਚਸਪੀ ਰੱਖਣ ਵਾਲਾ ਵਿਅਕਤੀ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦਾ ਜਾਂ ਬਿਲਕੁਲ ਹੀ ਨਹੀਂ ਪੜ੍ਹ ਸਕਦਾ? ਸੋਸਾਇਟੀ ਇਸ ਨਵੀਂ ਵੱਡੀ ਪੁਸਤਿਕਾ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਆਡੀਓ-ਕੈਸਟ ਉੱਤੇ ਉਪਲਬਧ ਕਰਵਾ ਰਹੀ ਹੈ। ਕੈਸਟ ਵਿਚ ਵੱਡੀ ਪੁਸਤਿਕਾ ਦਾ ਮੂਲ-ਪਾਠ ਅਤੇ ਉਲਿਖਤ ਸ਼ਾਸਤਰਵਚਨਾਂ ਵਿੱਚੋਂ ਕਾਫ਼ੀ ਸਾਰੇ ਵਚਨ ਸ਼ਾਮਲ ਹਨ। ਇਹ ਇਸ ਤਰ੍ਹਾਂ ਰਿਕਾਰਡ ਕੀਤੀ ਗਈ ਹੈ: ਪਹਿਲਾ ਸਵਾਲ ਪੜ੍ਹਿਆ ਜਾਂਦਾ ਹੈ, ਇਸ ਤੋਂ ਬਾਅਦ ਜਵਾਬ ਦੇਣ ਵਾਲੇ ਪੈਰੇ (ਜਾਂ ਪੈਰਿਆਂ) ਨੂੰ ਕੁਝ ਉਲਿਖਤ ਸ਼ਾਸਤਰਵਚਨਾਂ ਸਮੇਤ ਪੜ੍ਹਿਆ ਜਾਂਦਾ ਹੈ। ਫਿਰ ਅਗਲਾ ਸਵਾਲ ਪੜ੍ਹਿਆ ਜਾਂਦਾ ਹੈ, ਜਿਸ ਮਗਰੋਂ ਇਸ ਦਾ ਜਵਾਬ ਦੇਣ ਵਾਲਾ ਮੂਲ-ਪਾਠ ਅਤੇ ਸ਼ਾਸਤਰਵਚਨ ਪੜ੍ਹੇ ਜਾਂਦੇ ਹਨ, ਅਤੇ ਇਸੇ ਤਰਤੀਬ ਵਿਚ ਇਹ ਜਾਰੀ ਰਹਿੰਦਾ ਹੈ। ਸਿਖਿਆਰਥੀ ਰਿਕਾਰਡਿੰਗ ਨੂੰ ਸੁਣ ਸਕਦਾ ਹੈ ਜਦੋਂ ਉਹ ਅਧਿਐਨ ਦੀ ਤਿਆਰੀ ਕਰਦਾ ਹੈ। ਅਧਿਐਨ ਕਰਵਾਉਂਦੇ ਸਮੇਂ ਵੀ ਕੈਸਟ ਵਰਤੀ ਜਾ ਸਕਦੀ ਹੈ।
ਮਹਾਂ-ਸੰਮੇਲਨ ਵਿਚ ਹਾਜ਼ਰ ਲੋਕ ਇਸ ਨਵੀਂ ਵੱਡੀ ਪੁਸਤਿਕਾ ਨੂੰ ਆਪਣੀ ਖੇਤਰ ਸੇਵਕਾਈ ਵਿਚ ਵਰਤਣ ਲਈ ਉਤਾਵਲੇ ਸਨ। ਉਦਾਹਰਣ ਲਈ, ਵੱਡੀ ਪੁਸਤਿਕਾ ਨੂੰ ਪ੍ਰਾਪਤ ਕਰਨ ਤੋਂ ਸਿਰਫ਼ ਕੁਝ ਦਿਨਾਂ ਬਾਅਦ, ਸੰਯੁਕਤ ਰਾਜ ਅਮਰੀਕਾ ਤੋਂ ਦੋ ਪਾਇਨੀਅਰਾਂ (ਪੂਰਣ-ਕਾਲੀ ਇੰਜੀਲ ਪ੍ਰਚਾਰਕ) ਨੇ ਇਸ ਨੂੰ ਇਕ ਜਵਾਨ ਜੋੜੇ ਨੂੰ ਦਿੱਤਾ ਜਿਨ੍ਹਾਂ ਨੂੰ ਉਹ ਮਿਲਣ ਜਾਂਦੇ ਹੁੰਦੇ ਸਨ। ਜਦੋਂ ਜੋੜੇ ਨੇ ਵਿਸ਼ਾ-ਸੂਚੀ ਨੂੰ ਵੇਖਿਆ, ਤਾਂ ਪਾਠ “ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ” ਨੇ ਉਨ੍ਹਾਂ ਦਾ ਧਿਆਨ ਖਿੱਚਿਆ। “ਮੈਨੂੰ ਹਮੇਸ਼ਾ ਸਿਖਾਇਆ ਗਿਆ ਸੀ ਕਿ ਪਰਮੇਸ਼ੁਰ ਕਦੀ ਨਫ਼ਰਤ ਨਹੀਂ ਕਰ ਸਕਦਾ—ਉਹ ਪ੍ਰੇਮ ਹੀ ਪ੍ਰੇਮ ਹੈ,” ਉਸ ਜਵਾਨ ਔਰਤ ਨੇ ਕਿਹਾ। “ਇਸੇ ਨੂੰ ਮੈਂ ਪਹਿਲਾਂ ਪੜ੍ਹਾਂਗੀ।” ਜਦੋਂ ਦੋਵੇਂ ਪਾਇਨੀਅਰ ਅਗਲੇ ਹਫ਼ਤੇ ਵਾਪਸ ਆਏ, ਤਾਂ ਜਵਾਨ ਔਰਤ ਨੇ ਕਿਹਾ: “ਮੈਂ ਨਵੀਂ ਵੱਡੀ ਪੁਸਤਿਕਾ ਪੜ੍ਹ ਰਹੀ ਸੀ। ਉਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਮੁਸ਼ਕਲ ਹਨ ਜੋ ਸਾਨੂੰ ਕਰਨੀਆਂ ਚਾਹੀਦੀਆਂ ਹਨ। ਯਹੋਵਾਹ ਸਾਡੇ ਨਾਲ ਖ਼ੁਸ਼ ਨਹੀਂ ਹੈ—ਅਸੀਂ ਵਿਆਹੇ ਹੋਏ ਨਹੀਂ ਹਾਂ। ਪਰੰਤੂ ਅਸੀਂ ਫ਼ੈਸਲਾ ਕਰ ਲਿਆ ਹੈ। ਅਸੀਂ ਅਗਲੇ ਸ਼ੁੱਕਰਵਾਰ ਵਿਆਹ ਕਰਨ ਦੇ ਪ੍ਰਬੰਧ ਕਰ ਲਏ ਹਨ।” ਪਾਇਨੀਅਰ ਜੋੜੇ ਨੂੰ ਜੱਫੀ ਪਾਉਂਦੇ ਹੋਏ, ਉਨ੍ਹਾਂ ਅੱਗੇ ਕਿਹਾ: “ਅਸੀਂ ਨਿਯਮਿਤ ਅਧਿਐਨ ਨਾ ਕਰਨ ਲਈ ਮਾਫ਼ੀ ਮੰਗਦੇ ਹਾਂ, ਪਰੰਤੂ ਸਾਡੇ ਉਪਰੋਂ ਇਹ ਇਕ ਵੱਡਾ ਭਾਰ ਲੱਥ ਗਿਆ ਹੈ।”
ਅਵੱਸ਼ ਹੀ, ਇਸ ਨਵੀਂ ਵੱਡੀ ਪੁਸਤਿਕਾ ਮੰਗ ਨੂੰ ਵਰਤੋ। ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਇਹ ਇਕ ਵਧੀਆ ਔਜ਼ਾਰ ਹੈ।
[ਸਫ਼ੇ 21 ਉੱਤੇ ਤਸਵੀਰਾਂ]
ਤੁਸੀਂ ਨਵੀਂ ਵੱਡੀ ਪੁਸਤਿਕਾ ਨੂੰ ਕਿਸ ਤਰ੍ਹਾਂ ਪ੍ਰਯੋਗ ਕਰੋਗੇ?