ਤੁਸੀਂ ਇਕ ਹਿੰਦੂ ਨੂੰ ਕੀ ਕਹੋਗੇ?
1 ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਦੇਸ਼ ਵਿਚ ਅਸੀਂ ਸੇਵਕਾਈ ਦੌਰਾਨ ਜ਼ਿਆਦਾਤਰ ਹਿੰਦੂ ਪਿਛੋਕੜ ਦੇ ਲੋਕਾਂ ਨੂੰ ਮਿਲਦੇ ਹਾਂ। ਜਦੋਂ ਤੁਸੀਂ ਉਨ੍ਹਾਂ ਨੂੰ ਮਿਲਦੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਕਿਵੇਂ ਗੱਲ-ਬਾਤ ਕਰੋਗੇ?
2 ਇਨ੍ਹਾਂ ਨੁਕਤਿਆਂ ਨੂੰ ਯਾਦ ਰੱਖੋ: ਸੱਚਾਈ ਨੂੰ ਸਰਲ ਤਰੀਕੇ ਨਾਲ ਤੇ ਸੋਚ-ਵਿਚਾਰ ਕੇ ਪੇਸ਼ ਕਰਨ ਨਾਲ ਅਕਸਰ ਚੰਗਾ ਹੁੰਗਾਰਾ ਮਿਲਦਾ ਹੈ। ਪਹਿਲਾਂ ਪਰਿਵਾਰ ਦੇ ਮੁਖੀ ਨਾਲ ਗੱਲ-ਬਾਤ ਕਰੋ। ਜੇਕਰ ਉਹ ਤੁਹਾਡੀ ਗੱਲ ਸੁਣਦਾ ਹੈ, ਤਾਂ ਇਸ ਨਾਲ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਗਵਾਹੀ ਦੇਣੀ ਆਸਾਨ ਹੋ ਜਾਵੇਗੀ। ਹਿੰਦੂ ਸਭਿਆਚਾਰ ਵਿਚ ਸਾਰੀਆਂ ਜੀਉਂਦੀਆਂ ਚੀਜ਼ਾਂ ਦਾ ਆਦਰ ਕਰਨਾ ਸਿਖਾਇਆ ਜਾਂਦਾ ਹੈ ਅਤੇ ਹਿੰਦੂ ਦੂਜੇ ਲੋਕਾਂ ਵਿਚ ਦਿਲਚਸਪੀ ਰੱਖਦੇ ਹਨ। ਇਸ ਕਰਕੇ ਉਨ੍ਹਾਂ ਵਿਸ਼ਿਆਂ ਉੱਤੇ ਗੱਲ-ਬਾਤ ਕਰੋ ਜਿਨ੍ਹਾਂ ਵਿਚ ਸਾਰੇ ਲੋਕ ਦਿਲਚਸਪੀ ਲੈਂਦੇ ਹਨ। ਇਹ ਅਰਥਪੂਰਣ ਅਤੇ ਲਾਭਦਾਇਕ ਗੱਲ-ਬਾਤ ਦਾ ਰਸਤਾ ਖੋਲ੍ਹ ਸਕਦੀ ਹੈ। ਹਿੰਦੂ ਧਰਮ ਅਧਿਆਤਮਿਕਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸੇ ਕਰਕੇ ਹਿੰਦੂ ਲੋਕ ਇਕ ਅਜਿਹੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਤਾਂਘਦੇ ਹਨ ਜਿਸ ਨਾਲ ਉਹ ਇਕ ਨਜ਼ਦੀਕੀ ਅਤੇ ਨਿੱਜੀ ਰਿਸ਼ਤੇ ਦਾ ਆਨੰਦ ਮਾਣ ਸਕਣ। ਇਸ ਲਈ, ਉਨ੍ਹਾਂ ਨੁਕਤਿਆਂ ਨੂੰ ਇਸਤੇਮਾਲ ਕਰੋ ਜਿਨ੍ਹਾਂ ਨਾਲ ਤੁਸੀਂ ਸਹਿਮਤ ਹੋ ਅਤੇ ਉਨ੍ਹਾਂ ਨੂੰ ਦਿਖਾਓ ਕਿ ਇਨਸਾਨ ਦੇ ਸਿਰਜਣਹਾਰ ਨਾਲ ਦੋਸਤੀ ਕਰਨ ਵਿਚ ਬਾਈਬਲ ਅਤੇ ਸਾਡਾ ਸਾਹਿੱਤ ਉਨ੍ਹਾਂ ਦੀ ਮਦਦ ਕਰੇਗਾ। ਤਕਰੀਬਨ ਸਾਰੇ ਹੀ ਹਿੰਦੂ ਲੋਕ ਨਿਮਰ ਅਤੇ ਦੋਸਤਾਨਾ ਸੁਭਾਅ ਦੇ ਹੁੰਦੇ ਹਨ। ਇਸ ਲਈ ਚਾਹੀਦਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਦੇ ਹੋਈਏ ਅਤੇ ਬਹਿਸ ਤੋਂ ਪਰਹੇਜ਼ ਕਰੀਏ। ਜਦ ਕਿ ਹਿੰਦੂ ਧਰਮ ਦਾ ਡੂੰਘਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ, ਫਿਰ ਵੀ ਉਨ੍ਹਾਂ ਦੇ ਵਿਸ਼ਵਾਸਾਂ ਦੀ ਥੋੜ੍ਹੀ ਬਹੁਤ ਜਾਣਕਾਰੀ ਸਾਡੇ ਲਈ ਮਦਦਗਾਰ ਹੋ ਸਕਦੀ ਹੈ।
3 ਸਹੀ ਔਜ਼ਾਰ ਇਸਤੇਮਾਲ ਕਰੋ: ਹਿੰਦੂ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਪ੍ਰਕਾਸ਼ਨ ਤਿਆਰ ਕੀਤੇ ਗਏ ਹਨ। ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਸਾਡੀ ਕੌਣ ਮਦਦ ਕਰ ਸਕਦਾ ਹੈ? ਬਰੋਸ਼ਰ ਅੰਗ੍ਰੇਜ਼ੀ ਤੋਂ ਇਲਾਵਾ 13 ਭਾਰਤੀ ਭਾਸ਼ਾਵਾਂ ਵਿਚ ਛਾਪਿਆ ਗਿਆ ਹੈ। ਹਿੰਦੂ ਪਿਛੋਕੜ ਦੇ ਲੋਕਾਂ ਨੂੰ ਗਵਾਹੀ ਦੇਣ ਵਿਚ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” ਅਤੇ ਕੀ ਪਰਮੇਸ਼ੁਰ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ? ਬਰੋਸ਼ਰ ਵੀ ਅਸਰਦਾਰ ਸਾਬਤ ਹੋਏ ਹਨ। ਕੁਰਕਸ਼ੇਤਰ ਤੋਂ ਹਰਮਗਿੱਦੋਨ ਤਕ—ਅਤੇ ਤੁਹਾਡਾ ਬਚਾਉ ਪੁਸਤਿਕਾ ਅੰਗ੍ਰੇਜ਼ੀ, ਕੰਨੜ, ਗੁਜਰਾਤੀ, ਪੰਜਾਬੀ, ਬੰਗਲਾ, ਮਲਿਆਲਮ ਭਾਸ਼ਾਵਾਂ ਵਿਚ ਉਪਲਬਧ ਹੈ। ਮੌਤ ਉੱਤੇ ਜਿੱਤ—ਕੀ ਤੁਹਾਡੇ ਲਈ ਇਹ ਸੰਭਵ ਹੈ? ਪੁਸਤਿਕਾ ਅੰਗ੍ਰੇਜ਼ੀ, ਗੁਜਰਾਤੀ, ਨੇਪਾਲੀ, ਪੰਜਾਬੀ ਭਾਸ਼ਾਵਾਂ ਵਿਚ ਅਤੇ ਈਸ਼ਵਰੀ ਸੱਚਾਈ ਦਾ ਰਾਹ ਜੋ ਮੁਕਤੀ ਵਲ ਲੈ ਜਾਂਦਾ ਹੈ ਪੁਸਤਿਕਾ ਉਰਦੂ, ਅੰਗ੍ਰੇਜ਼ੀ, ਤੇਲਗੂ, ਮਲਿਆਲਮ ਅਤੇ ਮੀਜ਼ੋ ਭਾਸ਼ਾਵਾਂ ਵਿਚ ਉਪਲਬਧ ਹੈ। ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵੀ ਸਫ਼ਲਤਾਪੂਰਵਕ ਬਾਈਬਲ ਅਧਿਐਨ ਕਰਾਉਣ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ।
4 ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ਤੇ ਗੱਲ-ਬਾਤ ਕਰੋ: ਹਿੰਦੂ ਲੋਕਾਂ ਨਾਲ ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ਤੇ ਗੱਲ-ਬਾਤ ਕਰਨੀ ਕੋਈ ਔਖੀ ਗੱਲ ਨਹੀਂ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਕਿ ਪਾਪ ਦਾ ਘੜਾ ਭਰ ਚੁੱਕਾ ਹੈ ਅਤੇ ਪਰਮੇਸ਼ੁਰ ਸੰਸਾਰ ਦੀਆਂ ਸਮੱਸਿਆਵਾਂ ਨੂੰ ਇਕ ਵੱਡੀ ਪਰਲੋ ਰਾਹੀਂ ਖ਼ਤਮ ਕਰੇਗਾ ਜਿਸ ਤੋਂ ਬਾਅਦ ਸਤਯੁਗ ਆ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਅੰਤ ਦੇ ਦਿਨਾਂ ਬਾਰੇ, ਵੱਡੀ ਬਿਪਤਾ ਬਾਰੇ ਅਤੇ ਆਉਣ ਵਾਲੇ ਨਵੇਂ ਸੰਸਾਰ ਬਾਰੇ ਬਾਈਬਲ ਦੀਆਂ ਸਿੱਖਿਆਵਾਂ ਨਾਲ ਇਨ੍ਹਾਂ ਵਿਸ਼ਵਾਸਾਂ ਨੂੰ ਕਿੰਨੀ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ। ਕਿਉਂਕਿ ਜ਼ਿਆਦਾਤਰ ਹਿੰਦੂ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਦੁੱਖ ਤਾਂ ਆਉਣੇ ਹੀ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ, ਇਸ ਲਈ ਉਹ ਪਰਿਵਾਰਕ ਜੀਵਨ, ਅਪਰਾਧ ਤੇ ਸੁਰੱਖਿਆ ਅਤੇ ਮੌਤ ਹੋਣ ਤੇ ਕੀ ਹੁੰਦਾ ਹੈ, ਵਰਗੇ ਵਿਸ਼ਿਆਂ ਵਿਚ ਦਿਲਚਸਪੀ ਰੱਖਦੇ ਹਨ। ਇੱਥੇ ਦੋ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ।
5 ਇਹ ਪੇਸ਼ਕਾਰੀ ਪਰਿਵਾਰ ਦੇ ਮੁਖੀ ਦੀ ਦਿਲਚਸਪੀ ਜਗਾ ਸਕਦੀ ਹੈ:
◼ “ਮੈਂ ਉਨ੍ਹਾਂ ਲੋਕਾਂ ਨੂੰ ਮਿਲ ਰਿਹਾ ਹਾਂ ਜੋ ਅੱਜ ਬਹੁਤ ਸਾਰੇ ਦੇਸ਼ਾਂ ਵਿਚ ਪਰਿਵਾਰ ਦੀ ਹਾਲਤ ਬਾਰੇ ਫ਼ਿਕਰਮੰਦ ਹਨ। ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਚੀਜ਼ ਪਰਿਵਾਰ ਦੀ ਮਿਲ-ਜੁਲ ਕੇ ਰਹਿਣ ਵਿਚ ਮਦਦ ਕਰੇਗੀ? [ਜਵਾਬ ਲਈ ਸਮਾਂ ਦਿਓ।] ਕੁਝ ਲੋਕ ਜਾਣਦੇ ਹਨ ਕਿ ਹਿੰਦੂ ਸ਼ਾਸਤਰ ਪਰਿਵਾਰ ਬਾਰੇ ਕੀ ਦੱਸਦੇ ਹਨ, ਪਰ ਬਾਈਬਲ ਇਸ ਵਿਸ਼ੇ ਉੱਤੇ ਕੀ ਕਹਿੰਦੀ ਹੈ ਇਸ ਬਾਰੇ ਉਨ੍ਹਾਂ ਨੂੰ ਜਾਣਨ ਦਾ ਕਦੀ ਮੌਕਾ ਨਹੀਂ ਮਿਲਿਆ। ਮੈਂ ਤੁਹਾਡੇ ਨਾਲ ਕੁਲੁੱਸੀਆਂ 3:12-14 ਵਿਚ ਦਿੱਤੇ ਗਏ ਵਿਚਾਰ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ।” ਸ਼ਾਸਤਰਵਚਨ ਪੜ੍ਹਨ ਤੋਂ ਬਾਅਦ, ਘਰ-ਸੁਆਮੀ ਨੂੰ ਗਿਆਨ ਕਿਤਾਬ ਦਾ ਅਧਿਆਇ 15 ਦਿਖਾਓ ਅਤੇ ਕਹੋ: “ਮੈਨੂੰ ਤੁਹਾਡੇ ਨਾਲ ਥੋੜ੍ਹਾ ਸਮਾਂ ਇਹ ਅਧਿਆਇ ਪੜ੍ਹ ਕੇ ਖ਼ੁਸ਼ੀ ਹੋਵੇਗੀ।”
6 ਨੌਜਵਾਨ ਸ਼ਾਇਦ ਇਸ ਵਿਸ਼ੇ ਤੇ ਗੱਲ ਕਰਨੀ ਪਸੰਦ ਕਰੇ:
◼ “ਨਿਰਸੰਦੇਹ ਤੁਸੀਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹੋ। ਤੁਸੀਂ ਕੀ ਸੋਚਦੇ ਹੋ ਕਿ ਪਰਮੇਸ਼ੁਰ ਦਾ ਸਾਡੇ ਲਈ ਕੀ ਮਕਸਦ ਹੈ?” ਜਵਾਬ ਲਈ ਸਮਾਂ ਦਿਓ। ਇਸ ਤੋਂ ਬਾਅਦ ਉਤਪਤ 1:28 ਪੜ੍ਹੋ ਅਤੇ ਕਹੋ: “ਅੱਜ ਧਰਤੀ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਆਬਾਦੀ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਜਿਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਕੀ ਤੁਸੀਂ ਸੋਚਦੇ ਹੋ ਕਿ ਸ੍ਰਿਸ਼ਟੀਕਰਤਾ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰਨੀ ਚਾਹੁੰਦਾ ਹੈ?” ਜਵਾਬ ਸੁਣਨ ਤੋਂ ਬਾਅਦ, ਇਕ ਢੁਕਵਾਂ ਪ੍ਰਕਾਸ਼ਨ ਦਿਖਾਓ।
7 ਚੰਗੇ ਨਤੀਜਿਆਂ ਦਾ ਆਨੰਦ ਮਾਣੋ: ਇਕ 22 ਸਾਲ ਦਾ ਹਿੰਦੂ ਮੁੰਡਾ ਇਕ ਭੈਣ ਕੋਲ ਗਿਆ ਜੋ ਬਾਜ਼ਾਰ ਵਿਚ ਪ੍ਰਚਾਰ ਕਰ ਰਹੀ ਸੀ ਅਤੇ ਉਸ ਨੇ ਭੈਣ ਕੋਲੋਂ ਬਾਈਬਲ ਅਧਿਐਨ ਬਾਰੇ ਪੁੱਛਿਆ। ਮੁੰਡੇ ਨੇ ਉਸ ਭੈਣ ਨੂੰ ਦੱਸਿਆ ਕਿ ਅੱਠ ਸਾਲ ਪਹਿਲਾਂ ਉਸ ਨੇ ਇਸੇ ਭੈਣ ਅਤੇ ਆਪਣੀ ਮਾਤਾ ਜੀ ਵਿਚਕਾਰ ਹੋਈ ਬਾਈਬਲ ਦੀ ਗੱਲ-ਬਾਤ ਨੂੰ ਸੁਣਿਆ ਸੀ। ਭਾਵੇਂ ਉਹ ਬਾਈਬਲ ਵਿੱਚੋਂ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੇ ਵਿਵਹਾਰਕ ਜਵਾਬ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਸੀ, ਪਰ ਉਸ ਦੀ ਮਾਤਾ ਨੂੰ ਇਸ ਵਿਚ ਦਿਲਚਸਪੀ ਨਹੀਂ ਸੀ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਉਮਰ ਬਹੁਤ ਘੱਟ ਸੀ ਜਿਸ ਕਰਕੇ ਉਹ ਸੱਚਾਈ ਨਹੀਂ ਅਪਣਾ ਸਕਦਾ। ਹੁਣ ਉਹ ਵੱਡਾ ਹੋ ਗਿਆ ਸੀ ਜਿਸ ਕਰਕੇ ਉਹ ਹੋਰ ਜਾਣਨਾ ਚਾਹੁੰਦਾ ਸੀ। ਇਸ ਨੌਜਵਾਨ ਨੇ ਹੋਰ ਸਮਾਂ ਬਰਬਾਦ ਨਹੀਂ ਕੀਤਾ। ਸਿਰਫ਼ 23 ਦਿਨਾਂ ਵਿਚ ਹੀ ਉਸ ਨੇ ਗਿਆਨ ਕਿਤਾਬ ਦਾ ਅਧਿਐਨ ਖ਼ਤਮ ਕਰ ਲਿਆ ਅਤੇ ਉਸ ਭੈਣ ਨਾਲ ਬਾਜ਼ਾਰ ਵਿਚ ਹੋਈ ਮੁਲਾਕਾਤ ਤੋਂ ਸਿਰਫ਼ ਚਾਰ ਮਹੀਨਿਆਂ ਬਾਅਦ ਹੀ ਉਸ ਨੇ ਬਪਤਿਸਮਾ ਲੈਣ ਲਈ ਬੇਨਤੀ ਕੀਤੀ!
8 ਇਕ ਭਰਾ ਨੇ ਇਕ ਹਿੰਦੂ ਆਦਮੀ ਨਾਲ ਅਧਿਐਨ ਸ਼ੁਰੂ ਕੀਤਾ ਜਿਸ ਨੂੰ ਉਹ ਇਕ ਰੇਲ-ਗੱਡੀ ਵਿਚ ਮਿਲਿਆ ਸੀ। ਉਸ ਆਦਮੀ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਸਨ। ਉਹ ਬਹੁਤ ਜ਼ਿਆਦਾ ਸ਼ਰਾਬ ਵੀ ਪੀਂਦਾ ਸੀ। ਜਦੋਂ ਭਰਾ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਘਰ ਆ ਕੇ ਪਰਿਵਾਰਕ ਜੀਵਨ ਉੱਤੇ ਬਾਈਬਲ ਵਿੱਚੋਂ ਸਲਾਹ ਦੇਵੇਗਾ, ਤਾਂ ਉਹ ਆਦਮੀ ਮੰਨ ਗਿਆ। ਬਾਈਬਲ ਦੀਆਂ ਨੈਤਿਕ ਸਿੱਖਿਆਵਾਂ ਉਸ ਨੂੰ ਚੰਗੀਆਂ ਲੱਗੀਆਂ ਅਤੇ ਉਹ ਬਾਈਬਲ ਅਧਿਐਨ ਕਰਨ ਲਈ ਰਾਜ਼ੀ ਹੋ ਗਿਆ। ਉਹ ਅਤੇ ਉਸ ਦੇ ਪਰਿਵਾਰ ਨੇ ਇਕੱਠੇ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੱਚਾਈ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤਕ, ਉਨ੍ਹਾਂ ਵਿੱਚੋਂ ਛੇ ਲੋਕਾਂ ਨੇ ਸੱਚਾਈ ਸਵੀਕਾਰ ਕਰ ਲਈ ਹੈ!
9 ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਇਸ ਵਿਚ ਹਿੰਦੂ ਧਰਮ ਅਤੇ ਹੋਰ ਧਰਮਾਂ ਦੇ ਆਦਮੀ ਅਤੇ ਔਰਤਾਂ ਵੀ ਸ਼ਾਮਲ ਹਨ। ਜਦੋਂ ਤੁਸੀਂ ਆਪਣੇ ਖੇਤਰ ਵਿਚ ਰਹਿ ਰਹੇ ਹਿੰਦੂ ਲੋਕਾਂ ਨੂੰ ਮਿਲਦੇ ਹੋ, ਤਾਂ ਉਦੋਂ ਕਿਉਂ ਨਾ ਇਸ ਲੇਖ ਵਿਚ ਦਿੱਤੇ ਗਏ ਕੁਝ ਸੁਝਾਵਾਂ ਨੂੰ ਇਸਤੇਮਾਲ ਕਰੋ?