ਸਾਲ 2000 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ
1 ਦੈਵ-ਸ਼ਾਸਕੀ ਸੇਵਕਾਈ ਸਕੂਲ ਯਹੋਵਾਹ ਦੇ ਲੋਕਾਂ ਲਈ ਵੱਡੀ ਬਰਕਤ ਸਾਬਤ ਹੋਇਆ ਹੈ। ਪਿਛਲੇ 50 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ, ਇਸ ਸਕੂਲ ਨੇ ਲੱਖਾਂ ਹੀ ਭੈਣ-ਭਰਾਵਾਂ ਦੀ ਜਨਤਕ ਭਾਸ਼ਣਕਾਰ ਬਣਨ ਅਤੇ ਬਾਈਬਲ ਸੱਚਾਈਆਂ ਦੇ ਸਿੱਖਿਅਕ ਬਣਨ ਦੀ ਯੋਗਤਾ ਨੂੰ ਵਧਾਉਣ ਵਿਚ ਮਦਦ ਕੀਤੀ ਹੈ। (ਜ਼ਬੂ. 145:10-12; ਮੱਤੀ 28:19, 20) ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਸਕੂਲ ਨੇ ਤੁਹਾਡੀ ਮਦਦ ਕਿਵੇਂ ਕੀਤੀ ਹੈ? ਇਹ ਸਾਲ 2000 ਦੌਰਾਨ ਵੀ ਤੁਹਾਡੀ ਮਦਦ ਕਰ ਸਕਦਾ ਹੈ ਜੇਕਰ ਤੁਸੀਂ ਇਸ ਵਿਚ ਚੰਗੀ ਤਰ੍ਹਾਂ ਹਿੱਸਾ ਲੈਂਦੇ ਹੋ ਅਤੇ ਇਸ ਵਿਚ ਦਿੱਤੀ ਜਾਂਦੀ ਸਲਾਹ ਨੂੰ ਲਾਗੂ ਕਰਦੇ ਹੋ।
2 ਸਾਲ 2000 ਦੀ ਸਕੂਲ ਅਨੁਸੂਚੀ ਦੇ ਪਹਿਲੇ ਸਫ਼ੇ ਉੱਤੇ ਭਾਸ਼ਣਾਂ ਬਾਰੇ ਹਿਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਭਾਸ਼ਣਾਂ ਲਈ ਕਿਹੜੇ ਪ੍ਰਕਾਸ਼ਨ ਇਸਤੇਮਾਲ ਕੀਤੇ ਜਾਣਗੇ। ਹਰ ਭਾਸ਼ਣ ਦੇ ਮੁਕੱਰਰ ਸਮੇਂ ਬਾਰੇ, ਮੁਢਲੀ ਸਾਮੱਗਰੀ ਨੂੰ ਪੇਸ਼ ਕਰਨ ਬਾਰੇ ਅਤੇ ਹੋਰ ਦੂਸਰੀ ਜਾਣਕਾਰੀ ਬਾਰੇ ਵੀ ਦੱਸਿਆ ਗਿਆ ਹੈ। ਕਿਰਪਾ ਕਰਕੇ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਲਈ ਸਮਾਂ ਕੱਢੋ ਅਤੇ ਉਨ੍ਹਾਂ ਨੂੰ ਲਾਗੂ ਕਰੋ।
3 ਹਫ਼ਤਾਵਾਰ ਬਾਈਬਲ ਪਠਨ: ਸਕੂਲ ਅਨੁਸੂਚੀ ਵਿਚ ਹਰ ਹਫ਼ਤੇ ਬਾਈਬਲ ਪੜ੍ਹਨ ਲਈ ਦੋ ਅਨੁਸੂਚੀਆਂ ਦਿੱਤੀਆਂ ਗਈਆਂ ਹਨ। ਇਕ ਮੁੱਖ ਬਾਈਬਲ ਪਠਨ ਅਨੁਸੂਚੀ ਹੈ ਜਿਸ ਵਿਚ ਬਾਈਬਲ ਦੇ ਪੰਜ ਸਫ਼ੇ ਪੜ੍ਹਨ ਲਈ ਕਿਹਾ ਗਿਆ ਹੈ। ਬਾਈਬਲ ਦੇ ਮੁੱਖ ਅੰਸ਼ ਇਸ ਪਠਨ ਉੱਤੇ ਆਧਾਰਿਤ ਹਨ। ਦੂਸਰਾ ਪ੍ਰੋਗ੍ਰਾਮ ਸੰਪੂਰਕ ਬਾਈਬਲ ਪਠਨ ਹੈ, ਇਸ ਵਿਚ ਬਾਈਬਲ ਦੇ ਦਸ ਸਫ਼ੇ ਪੜ੍ਹਨ ਲਈ ਕਿਹਾ ਗਿਆ ਹੈ। ਇਸ ਅਨੁਸੂਚੀ ਉੱਤੇ ਚੱਲਦੇ ਹੋਏ ਤੁਸੀਂ ਪੂਰੀ ਬਾਈਬਲ ਤਿੰਨ ਸਾਲਾਂ ਵਿਚ ਪੜ੍ਹ ਲਓਗੇ। ਦੇਖਣ ਵਿਚ ਆਇਆ ਹੈ ਕਿ ਕੁਝ ਭੈਣ-ਭਰਾ ਸ਼ਾਇਦ ਸੰਪੂਰਕ ਬਾਈਬਲ ਪਠਨ ਵਿਚ ਦਿੱਤੇ ਗਏ ਸਫ਼ਿਆਂ ਤੋਂ ਵੀ ਜ਼ਿਆਦਾ ਪੜ੍ਹਨਾ ਚਾਹੁੰਦੇ ਹਨ ਅਤੇ ਦੂਸਰਿਆਂ ਲਈ ਇੰਨੇ ਵੀ ਪੜ੍ਹਨੇ ਮੁਸ਼ਕਲ ਹੁੰਦੇ ਹਨ। ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਇ ਤੁਸੀਂ ਜਿੰਨਾ ਵੀ ਪੜ੍ਹਦੇ ਹੋ, ਉਸ ਨੂੰ ਪੜ੍ਹ ਕੇ ਖ਼ੁਸ਼ ਹੋਵੋ। (ਗਲਾ. 6:4) ਮਹੱਤਵਪੂਰਣ ਗੱਲ ਇਹ ਹੈ ਕਿ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਿਆ ਜਾਵੇ।—ਜ਼ਬੂ. 1:1-3.
4 ਦੈਵ-ਸ਼ਾਸਕੀ ਸਕੂਲ ਵਿਚ ਆਪਣਾ ਨਾਂ ਲਿਖਵਾਉਣ ਲਈ ਤੁਹਾਨੂੰ ਸਕੂਲ ਨਿਗਾਹਬਾਨ ਨਾਲ ਗੱਲ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਆਪਣੇ ਭਾਸ਼ਣਾਂ ਨੂੰ ਗੰਭੀਰਤਾ ਨਾਲ ਲਓ ਅਤੇ ਐਵੇਂ ਬਿਨਾਂ ਕਿਸੇ ਕਾਰਨ ਦੇ ਭਾਸ਼ਣ ਦੇਣ ਤੋਂ ਇਨਕਾਰ ਨਾ ਕਰੋ। ਸਕੂਲ ਨੂੰ ਯਹੋਵਾਹ ਵੱਲੋਂ ਕੀਤਾ ਗਿਆ ਇਕ ਪ੍ਰਬੰਧ ਸਮਝੋ। ਚੰਗੀ ਤਿਆਰੀ ਕਰੋ ਅਤੇ ਦਿੱਤੀ ਗਈ ਸਾਮੱਗਰੀ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੋ ਤੇ ਦਿਲੋਂ ਬੋਲੋ, ਇਸ ਨਾਲ ਤੁਸੀਂ ਇਸ ਵਿਲੱਖਣ ਸਕੂਲ ਤੋਂ ਪੂਰਾ ਫ਼ਾਇਦਾ ਉਠਾਓਗੇ।