“ਮੈਨੂੰ ਇਨ੍ਹਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ”
1 ਕੁਝ ਇਲਾਕਿਆਂ ਵਿਚ ਪ੍ਰਚਾਰ ਕਰਦੇ ਸਮੇਂ ਲੋਕ ਅਕਸਰ ਸਾਨੂੰ ਇਹ ਕਹਿੰਦੇ ਹਨ। ਲੋਕਾਂ ਦਾ ਇਹ ਜਵਾਬ ਸੁਣ ਕੇ ਅਸੀਂ ਨਿਰਾਸ਼ ਨਾ ਹੋ ਜਾਈਏ, ਇਸ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਲੋਕਾਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ?
2 ਆਪਣੀ ਖ਼ੁਸ਼ੀ ਬਰਕਰਾਰ ਰੱਖੋ: ਜੇ ਅਸੀਂ ਚੇਤੇ ਰੱਖੀਏ ਕਿ ਲੋਕਾਂ ਨੂੰ ਕਿਉਂ ਦਿਲਚਸਪੀ ਨਹੀਂ ਹੈ, ਤਾਂ ਅਸੀਂ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਰਹਾਂਗੇ। ਕਈ ਲੋਕਾਂ ਨੂੰ ਸਕੂਲੇ ਵਿਕਾਸਵਾਦ ਦਾ ਸਿਧਾਂਤ ਸਿਖਾਇਆ ਗਿਆ ਹੋਵੇਗਾ। ਕੁਝ ਲੋਕ ਅਜਿਹੇ ਸਮਾਜ ਵਿਚ ਜੰਮੇ-ਪਲੇ ਹਨ ਜਿਸ ਵਿਚ ਜ਼ਿਆਦਾਤਰ ਲੋਕ ਰੱਬ ਨੂੰ ਨਹੀਂ ਮੰਨਦੇ। ਸੋ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਦੇ ਬਾਈਬਲ ਪੜ੍ਹਨ ਦਾ ਮੌਕਾ ਹੀ ਨਾ ਮਿਲਿਆ ਹੋਵੇ। ਇਸ ਤੋਂ ਇਲਾਵਾ, ਧਰਮ ਦੇ ਨਾਂ ਤੇ ਕੀਤੇ ਜਾਂਦੇ ਬੁਰੇ ਕੰਮਾਂ ਨੂੰ ਦੇਖ ਕੇ ਕਈ ਲੋਕਾਂ ਦਾ ਧਰਮਾਂ ਤੋਂ ਭਰੋਸਾ ਉੱਠ ਗਿਆ ਹੈ। ਕਈ ਲੋਕਾਂ ਨੂੰ ਧਾਰਮਿਕ ਗੱਲਾਂ ਵਿਚ ਇਸ ਕਰਕੇ ਵੀ ਰੁਚੀ ਨਹੀਂ ਹੈ ਕਿਉਂਕਿ ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਘਿਰੇ ਹੋਣ ਕਰਕੇ ਨਿਰਾਸ਼ ਤੇ ਪਰੇਸ਼ਾਨ ਹਨ। (ਅਫ਼. 2:12) ਕੁਝ ਲੋਕ ਦੁਨਿਆਦਾਰੀ ਵਿਚ ਰੁੱਝੇ ਹੋਏ ਹੋਣ ਕਰਕੇ ਸਾਡੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੰਦੇ।—ਮੱਤੀ 24:37-39.
3 ਜੇ ਲੋਕ ਸਾਡੀ ਗੱਲ ਨਹੀਂ ਵੀ ਸੁਣਦੇ, ਤਾਂ ਵੀ ਅਸੀਂ ਇਹ ਸੋਚ ਕੇ ਖ਼ੁਸ਼ ਹੋ ਸਕਦੇ ਹਾਂ ਕਿ ਸਾਡੀ ਸੇਵਕਾਈ ਦੁਆਰਾ ਯਹੋਵਾਹ ਦੀ ਮਹਿਮਾ ਹੁੰਦੀ ਹੈ। (1 ਪਤ. 4:11) ਇਸ ਤੋਂ ਇਲਾਵਾ, ਲੋਕਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਦੱਸਣ ਨਾਲ ਸਾਡੀ ਆਪਣੀ ਨਿਹਚਾ ਮਜ਼ਬੂਤ ਹੁੰਦੀ ਹੈ, ਭਾਵੇਂ ਲੋਕ ਸੁਣਨ ਜਾਂ ਨਾ ਸੁਣਨ। ਆਓ ਆਪਾਂ ਲੋਕਾਂ ਨੂੰ ਉਸੇ ਨਜ਼ਰ ਤੋਂ ਦੇਖੀਏ ਜਿਸ ਨਜ਼ਰ ਤੋਂ ਯਹੋਵਾਹ ਉਨ੍ਹਾਂ ਨੂੰ ਦੇਖਦਾ ਹੈ। ਉਸ ਨੂੰ ਨੀਨਵਾਹ ਦੇ ਲੋਕਾਂ ਤੇ ਬੜੀ ਦਇਆ ਆਈ ਸੀ ‘ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਸਨ।’ (ਯੂਨਾ. 4:11) ਜੀ ਹਾਂ, ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ! ਇਸ ਲਈ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਸਗੋਂ ਬਾਈਬਲ ਦੇ ਸੰਦੇਸ਼ ਵਿਚ ਉਨ੍ਹਾਂ ਦੀ ਰੁਚੀ ਜਗਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
4 ਚਿੰਤਾ ਦੇ ਵਿਸ਼ਿਆਂ ਉਤੇ ਗੱਲ ਕਰੋ: ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਇਲਾਕੇ ਵਿਚ ਕਿਹੜੀ ਗੱਲ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਤਾਂ ਤੁਸੀਂ ਉਸ ਬਾਰੇ ਘਰ ਦੇ ਮਾਲਕ ਦੀ ਰਾਇ ਪੁੱਛ ਸਕਦੇ ਹੋ। ਉਸ ਦੀ ਗੱਲ ਧਿਆਨ ਨਾਲ ਸੁਣੋ, ਫਿਰ ਉਸ ਨੂੰ ਬਾਈਬਲ ਵਿੱਚੋਂ ਦਿਲਾਸਾ ਦਿਓ। ਜਦੋਂ ਇਕ ਥਾਂ ਤੇ ਵੱਡੀ ਤ੍ਰਾਸਦੀ ਵਾਪਰੀ, ਤਾਂ ਇਕ ਗਵਾਹ ਨੇ ਹਰ ਘਰ ਵਿਚ ਜਾ ਕੇ ਅਫ਼ਸੋਸ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਭਰਾ ਦੱਸਦਾ ਹੈ, “ਮੇਰੀ ਹਮਦਰਦੀ ਦੇਖ ਕੇ ਉਸ ਦਿਨ ਕਈਆਂ ਨੇ ਮੇਰੇ ਨਾਲ ਗੱਲਬਾਤ ਕੀਤੀ।”
5 ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਦੀ ਹਰ ਇਕ ਸਮੱਸਿਆ ਨੂੰ ਹੱਲ ਕਰੇਗਾ। ਸੋ ਜਾਣਨ ਦੀ ਕੋਸ਼ਿਸ਼ ਕਰੋ ਕਿ ਲੋਕਾਂ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਸਤਾ ਰਹੀ ਹੈ। ਫਿਰ ਉਸ ਨੂੰ ਬਾਈਬਲ ਵਿੱਚੋਂ ਉਮੀਦ ਦਿਓ। ਹੋ ਸਕਦਾ ਕਿ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇ। ਜੇ ਉਹ ਉਸ ਵੇਲੇ ਗੱਲ ਨਾ ਵੀ ਸੁਣੇ, ਹੋ ਸਕਦਾ ਹੈ ਕਿ ਉਹ ‘ਕਦੇ ਫੇਰ ਸੁਣਨ’ ਲਈ ਤਿਆਰ ਹੋ ਜਾਵੇ।—ਰਸੂ. 17:32.