ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
1 ਯਿਸੂ ਵੱਲੋਂ ਆਪਣੇ ਚੇਲਿਆਂ ਨੂੰ ਦਿੱਤੇ ਗਏ ਕੰਮ ਦਾ ਦੂਰ ਭਵਿੱਖ ਵਿਚ ਵੀ ਅਸਰ ਪੈਣਾ ਸੀ। (ਮੱਤੀ 28:19, 20) ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ ਕਿ ਉਹ ਦੂਸਰਿਆਂ ਨੂੰ ਚੇਲੇ ਬਣਾਉਣ ਜੋ ਅੱਗੋਂ ਹੋਰ ਚੇਲੇ ਬਣਾਉਣਗੇ। ਇਸ ਤਰ੍ਹਾਂ, ਜਦੋਂ ਅੰਤ ਦੇ ਦਿਨਾਂ ਵਿਚ ਖ਼ੁਸ਼ ਖ਼ਬਰੀ ਨੂੰ ਪੂਰੀ ਦੁਨੀਆਂ ਵਿਚ ਸੁਣਾਉਣ ਦਾ ਸਮਾਂ ਆਵੇਗਾ, ਤਾਂ ਚੇਲਿਆਂ ਦੀ ਫ਼ੌਜ ਪ੍ਰਚਾਰ ਕਰਨ ਲਈ ਤਿਆਰ-ਬਰ-ਤਿਆਰ ਹੋਵੇਗੀ।—ਮੱਤੀ 24:14.
2 ਅਸੀਂ ਆਪਣੇ ਬੱਚਿਆਂ ਨੂੰ ਜਾਂ ਹੋਰ ਲੋਕਾਂ ਨੂੰ ਸਟੱਡੀਆਂ ਕਰਾਉਂਦੇ ਹਾਂ। ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕੇ ਉਨ੍ਹਾਂ ਨੂੰ ਤਿਆਰ ਕਰਨਾ ਚਾਹੀਦਾ ਹੈ ਤਾਂਕਿ ਉਹ ਵੀ ਅੱਗੇ ਚੱਲ ਕੇ ਦੂਜਿਆਂ ਦੀ ਯਿਸੂ ਮਸੀਹ ਦੇ ਚੇਲੇ ਬਣਨ ਵਿਚ ਮਦਦ ਕਰਨ।—ਲੂਕਾ 6:40.
3 ਉਨ੍ਹਾਂ ਨੂੰ ਗਵਾਹੀ ਦੇਣ ਲਈ ਤਿਆਰ ਕਰੋ: ਆਪਣੇ ਬਾਈਬਲ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਜੋ ਵੀ ਸਿੱਖਦੇ ਹਨ, ਦੂਜਿਆਂ ਨੂੰ ਦੱਸਣ। ਉਨ੍ਹਾਂ ਨੂੰ ਪ੍ਰਚਾਰ ਸੰਬੰਧੀ ਚੰਗੇ ਤਜਰਬੇ ਦੱਸੋ। ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੀ ਸਿਖਲਾਈ ਦਿਓ। (ਜ਼ਬੂ. 148:12, 13) ਪ੍ਰਚਾਰ ਕੰਮ ਵਿਚ ਪੂਰਾ-ਪੂਰਾ ਹਿੱਸਾ ਲਓ ਅਤੇ ਇਸ ਬਾਰੇ ਚੰਗੀਆਂ ਗੱਲਾਂ ਕਰੋ। ਇਸ ਤੋਂ ਤੁਹਾਡੇ ਬਾਈਬਲ ਵਿਦਿਆਰਥੀ ਦੇਖ ਸਕਣਗੇ ਕਿ ਤੁਸੀਂ ਇਸ ਕੰਮ ਨੂੰ ਬਹੁਤ ਅਹਿਮੀਅਤ ਦਿੰਦੇ ਹੋ।—1 ਤਿਮੋ. 1:12.
4 ਯਹੋਵਾਹ ਸਿਰਫ਼ ਉਨ੍ਹਾਂ ਨੂੰ ਹੀ ਇਸ ਕੰਮ ਲਈ ਵਰਤਦਾ ਹੈ ਜੋ ਉਸ ਦੇ ਉੱਚੇ ਅਸੂਲਾਂ ਉੱਤੇ ਚੱਲਦੇ ਹਨ। ਇਹ ਸੱਚ ਹੈ ਕਿ ਨਵੇਂ ਪਬਲੀਸ਼ਰ ਤਜਰਬੇਕਾਰ, ਸਮਰਪਿਤ ਤੇ ਬਪਤਿਸਮਾ ਲੈ ਚੁੱਕੇ ਪਬਲੀਸ਼ਰਾਂ ਤੋਂ ਘੱਟ ਜਾਣਦੇ ਹਨ। ਪਰ ਨਵੇਂ ਪਬਲੀਸ਼ਰਾਂ ਨੂੰ ਬਾਈਬਲ ਦੀਆਂ ਮੁਢਲੀਆਂ ਸਿੱਖਿਆਵਾਂ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਉਹ ਇਹ ਸਿੱਖਿਆਵਾਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਹੋਣੇ ਚਾਹੀਦੇ ਹਨ। (ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ [ਹਿੰਦੀ], ਸਫ਼ੇ 79-82 ਦੇਖੋ।) ਆਪਣੇ ਆਪ ਨੂੰ ‘ਵੱਡੀ ਬਾਬੁਲ’ ਤੇ ਰਾਜਨੀਤੀ ਤੋਂ ਪੂਰੀ ਤਰ੍ਹਾਂ ਵੱਖ ਕਰ ਕੇ ਉਨ੍ਹਾਂ ਨੂੰ ਮਸੀਹੀ ਸਭਾਵਾਂ ਵਿਚ ਬਾਕਾਇਦਾ ਆਉਣਾ ਚਾਹੀਦਾ ਹੈ।—ਪਰ. 18:2, 4; ਯੂਹੰ. 17:16; ਇਬ. 10:24, 25.
5 ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਾਈਬਲ ਵਿਦਿਆਰਥੀ ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਦੇ ਕਾਬਲ ਹੈ, ਤਾਂ ਜਲਦੀ ਤੋਂ ਜਲਦੀ ਇਸ ਬਾਰੇ ਪ੍ਰਧਾਨ ਨਿਗਾਹਬਾਨ ਨੂੰ ਦੱਸੋ। ਉਹ ਦੋ ਬਜ਼ੁਰਗਾਂ ਨੂੰ ਤੁਹਾਡੇ ਨਾਲ ਤੇ ਤੁਹਾਡੇ ਬਾਈਬਲ ਵਿਦਿਆਰਥੀ ਨਾਲ ਬੈਠ ਕੇ ਗੱਲ ਕਰਨ ਲਈ ਕਹੇਗਾ। ਬਜ਼ੁਰਗ ਇਹ ਦੇਖਣ ਦੀ ਕੋਸ਼ਿਸ਼ ਕਰਨਗੇ ਕਿ ਤੁਹਾਡਾ ਵਿਦਿਆਰਥੀ ਕਲੀਸਿਯਾ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਬਪਤਿਸਮਾ-ਰਹਿਤ ਪਬਲੀਸ਼ਰ ਬਣਨ ਦੇ ਕਾਬਲ ਹੈ ਜਾਂ ਨਹੀਂ। ਵਿਦਿਆਰਥੀ ਦੇ ਪਬਲੀਸ਼ਰ ਬਣ ਜਾਣ ਤੋਂ ਬਾਅਦ ਤੁਹਾਨੂੰ ਉਸ ਨੂੰ ਆਪਣੇ ਨਾਲ ਪ੍ਰਚਾਰ ਵਿਚ ਲੈ ਜਾ ਕੇ ਹੋਰ ਸਿਖਲਾਈ ਦੇਣ ਦਾ ਮੌਕਾ ਮਿਲੇਗਾ।