ਰਸੂਲਾਂ ਦੇ ਕੰਮ
21 ਫਿਰ ਅਸੀਂ ਬਜ਼ੁਰਗਾਂ ਤੋਂ ਹੰਝੂਆਂ ਭਰੀ ਵਿਦਾਈ ਲੈ ਕੇ ਸਮੁੰਦਰੀ ਜਹਾਜ਼ ਵਿਚ ਤੁਰ ਪਏ ਅਤੇ ਅਸੀਂ ਸਿੱਧੇ ਕੋਸ ਆ ਗਏ, ਪਰ ਅਗਲੇ ਦਿਨ ਰੋਦੁਸ ਤੇ ਫਿਰ ਉੱਥੋਂ ਪਾਤਰਾ ਆ ਗਏ। 2 ਅਤੇ ਜਦੋਂ ਸਾਨੂੰ ਇਕ ਸਮੁੰਦਰੀ ਜਹਾਜ਼ ਮਿਲਿਆ ਜਿਹੜਾ ਫੈਨੀਕੇ ਨੂੰ ਜਾ ਰਿਹਾ ਸੀ, ਤਾਂ ਅਸੀਂ ਉਸ ਵਿਚ ਬੈਠ ਕੇ ਤੁਰ ਪਏ। 3 ਰਾਹ ਵਿਚ ਸਾਨੂੰ ਆਪਣੇ ਖੱਬੇ ਪਾਸੇ ਸਾਈਪ੍ਰਸ ਟਾਪੂ ਦਿਖਾਈ ਦਿੱਤਾ ਜਿਸ ਨੂੰ ਅਸੀਂ ਪਿੱਛੇ ਛੱਡ ਕੇ ਸੀਰੀਆ ਵੱਲ ਵਧਦੇ ਗਏ ਅਤੇ ਸੋਰ ਦੇ ਕੰਢੇ ਜਾ ਉੱਤਰੇ ਜਿੱਥੇ ਜਹਾਜ਼ ਤੋਂ ਮਾਲ ਉਤਾਰਿਆ ਜਾਣਾ ਸੀ। 4 ਅਸੀਂ ਉੱਥੇ ਚੇਲਿਆਂ ਦੀ ਭਾਲ ਕੀਤੀ ਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਸ਼ਕਤੀ ਰਾਹੀਂ ਪਤਾ ਲੱਗਣ ਤੇ ਚੇਲਿਆਂ ਨੇ ਪੌਲੁਸ ਨੂੰ ਵਾਰ-ਵਾਰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ। 5 ਜਦੋਂ ਸਾਡਾ ਉੱਥੋਂ ਤੁਰਨ ਦਾ ਵੇਲਾ ਆਇਆ, ਤਾਂ ਉਹ ਸਾਰੇ, ਤੀਵੀਆਂ ਤੇ ਬੱਚੇ ਵੀ, ਸਾਨੂੰ ਸ਼ਹਿਰੋਂ ਬਾਹਰ ਬੰਦਰਗਾਹ ʼਤੇ ਛੱਡਣ ਆਏ। ਅਸੀਂ ਸਮੁੰਦਰ ਕੰਢੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ। 6 ਫਿਰ ਇਕ-ਦੂਜੇ ਨੂੰ ਅਲਵਿਦਾ ਕਹਿ ਕੇ ਅਸੀਂ ਜਹਾਜ਼ੇ ਚੜ੍ਹ ਗਏ ਅਤੇ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ।
7 ਅਸੀਂ ਸੋਰ ਤੋਂ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰ ਕੇ ਤੁਲਮਾਇਸ ਪਹੁੰਚੇ ਅਤੇ ਉੱਥੇ ਭਰਾਵਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਇਕ ਦਿਨ ਰਹੇ। 8 ਅਗਲੇ ਦਿਨ ਅਸੀਂ ਤੁਰ ਪਏ ਅਤੇ ਕੈਸਰੀਆ ਵਿਚ ਪਹੁੰਚੇ। ਉੱਥੇ ਅਸੀਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ ਜਿਹੜਾ ਸੱਤਾਂ ਆਦਮੀਆਂ ਵਿੱਚੋਂ ਸੀ।* ਅਸੀਂ ਉਸ ਦੇ ਨਾਲ ਰਹੇ। 9 ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀਆਂ* ਕਰਦੀਆਂ ਸਨ। 10 ਜਦੋਂ ਅਸੀਂ ਉੱਥੇ ਸਾਂ, ਤਾਂ ਕਈ ਦਿਨਾਂ ਬਾਅਦ ਯਹੂਦੀਆ ਤੋਂ ਆਗਬੁਸ ਨਾਂ ਦਾ ਇਕ ਨਬੀ ਆਇਆ। 11 ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦੀ ਬੈੱਲਟ ਲਈ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ: “ਪਵਿੱਤਰ ਸ਼ਕਤੀ ਇਹ ਕਹਿੰਦੀ ਹੈ, ‘ਜਿਸ ਇਨਸਾਨ ਦੀ ਇਹ ਬੈੱਲਟ ਹੈ, ਉਸ ਨੂੰ ਯਹੂਦੀ ਯਰੂਸ਼ਲਮ ਵਿਚ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’” 12 ਜਦੋਂ ਅਸੀਂ ਇਹ ਗੱਲ ਸੁਣੀ, ਤਾਂ ਅਸੀਂ ਅਤੇ ਉੱਥੇ ਮੌਜੂਦ ਹੋਰ ਲੋਕ ਪੌਲੁਸ ਦੀਆਂ ਮਿੰਨਤਾਂ ਕਰਨ ਲੱਗ ਪਏ ਕਿ ਉਹ ਯਰੂਸ਼ਲਮ ਨਾ ਜਾਵੇ। 13 ਪਰ ਪੌਲੁਸ ਨੇ ਕਿਹਾ: “ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ? ਤੁਸੀਂ ਮੇਰਾ ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।” 14 ਜਦ ਉਹ ਨਾ ਮੰਨਿਆ, ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਗਏ: “ਯਹੋਵਾਹ ਦੀ ਇੱਛਾ ਪੂਰੀ ਹੋਵੇ।”
15 ਇਸ ਤੋਂ ਬਾਅਦ, ਅਸੀਂ ਸਫ਼ਰ ਦੀ ਤਿਆਰੀ ਕਰ ਕੇ ਯਰੂਸ਼ਲਮ ਨੂੰ ਤੁਰ ਪਏ। 16 ਕੈਸਰੀਆ ਤੋਂ ਕੁਝ ਚੇਲੇ ਵੀ ਸਾਡੇ ਨਾਲ ਆਏ ਤਾਂਕਿ ਉਹ ਸਾਨੂੰ ਸਾਈਪ੍ਰਸ ਦੇ ਮਨਾਸੋਨ ਦੇ ਘਰ ਲੈ ਆਉਣ ਜਿੱਥੇ ਅਸੀਂ ਠਹਿਰਨਾ ਸੀ। ਮਨਾਸੋਨ ਸ਼ੁਰੂ-ਸ਼ੁਰੂ ਵਿਚ ਬਣੇ ਚੇਲਿਆਂ ਵਿੱਚੋਂ ਇਕ ਸੀ। 17 ਜਦੋਂ ਅਸੀਂ ਯਰੂਸ਼ਲਮ ਪਹੁੰਚੇ, ਤਾਂ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਸਾਡਾ ਸੁਆਗਤ ਕੀਤਾ। 18 ਪਰ ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ ਅਤੇ ਉੱਥੇ ਸਾਰੇ ਬਜ਼ੁਰਗ ਮੌਜੂਦ ਸਨ। 19 ਪੌਲੁਸ ਨੇ ਉਨ੍ਹਾਂ ਨੂੰ ਨਮਸਕਾਰ ਕੀਤਾ ਅਤੇ ਉਨ੍ਹਾਂ ਸਾਰੇ ਕੰਮਾਂ ਦੀ ਪੂਰੀ ਜਾਣਕਾਰੀ ਦਿੱਤੀ ਜੋ ਪਰਮੇਸ਼ੁਰ ਨੇ ਗ਼ੈਰ-ਯਹੂਦੀ ਕੌਮਾਂ ਵਿਚ ਉਸ ਦੇ ਪ੍ਰਚਾਰ ਰਾਹੀਂ ਕੀਤੇ ਸਨ।
20 ਇਹ ਸਭ ਕੁਝ ਸੁਣ ਕੇ ਉਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ: “ਭਰਾ, ਤੈਨੂੰ ਪਤਾ ਹੈ ਕਿ ਹਜ਼ਾਰਾਂ ਯਹੂਦੀਆਂ ਨੇ ਯਿਸੂ ਉੱਤੇ ਨਿਹਚਾ ਕੀਤੀ ਹੈ ਅਤੇ ਉਹ ਸਾਰੇ ਜੋਸ਼ ਨਾਲ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ। 21 ਪਰ ਉਨ੍ਹਾਂ ਨੇ ਤੇਰੇ ਬਾਰੇ ਇਹ ਅਫ਼ਵਾਹ ਸੁਣੀ ਹੈ ਕਿ ਤੂੰ ਗ਼ੈਰ-ਯਹੂਦੀ ਕੌਮਾਂ ਵਿਚ ਵੱਸੇ ਸਾਰੇ ਯਹੂਦੀਆਂ ਨੂੰ ਸਿੱਖਿਆ ਦੇ ਰਿਹਾ ਹੈਂ ਕਿ ਉਹ ਮੂਸਾ ਦੇ ਕਾਨੂੰਨ ਨੂੰ ਤਿਆਗ ਦੇਣ ਅਤੇ ਉਹ ਨਾ ਤਾਂ ਆਪਣੇ ਬੱਚਿਆਂ ਦੀ ਸੁੰਨਤ ਕਰਨ ਅਤੇ ਨਾ ਹੀ ਸਦੀਆਂ ਤੋਂ ਚੱਲੇ ਆ ਰਹੇ ਰੀਤਾਂ-ਰਿਵਾਜਾਂ ਨੂੰ ਮੰਨਣ। 22 ਸਾਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ? ਲੋਕਾਂ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਪਤਾ ਲੱਗ ਹੀ ਜਾਣਾ ਹੈ ਕਿ ਤੂੰ ਇੱਥੇ ਆਇਆ ਹੋਇਆ ਹੈਂ। 23 ਇਸ ਲਈ ਸਾਡੇ ਦੱਸੇ ਅਨੁਸਾਰ ਤੂੰ ਇਹ ਕਰ: ਸਾਡੇ ਕੋਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਸੀ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਅਤੇ ਤੁਸੀਂ ਸਾਰੇ ਜਣੇ ਮੂਸਾ ਦੇ ਕਾਨੂੰਨ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਉਹ ਆਪਣੇ ਸਿਰ ਮੁਨਾਉਣ ਅਤੇ ਤੂੰ ਉਨ੍ਹਾਂ ਦਾ ਖ਼ਰਚਾ ਕਰੀਂ। ਇਸ ਤਰ੍ਹਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਤੇਰੇ ਬਾਰੇ ਜਿਹੜੀਆਂ ਅਫ਼ਵਾਹਾਂ ਸੁਣੀਆਂ ਹਨ, ਉਹ ਸੱਚ ਨਹੀਂ ਹਨ ਅਤੇ ਤੂੰ ਮੂਸਾ ਦੇ ਕਾਨੂੰਨ ਮੁਤਾਬਕ ਸਹੀ-ਸਹੀ ਚੱਲਦਾ ਹੈਂ। 25 ਰਹੀ ਗੱਲ ਨਿਹਚਾ ਕਰਨ ਵਾਲੇ ਗ਼ੈਰ-ਯਹੂਦੀਆਂ ਦੀ, ਅਸੀਂ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ਤੋਂ ਜਾਣੂ ਕਰਾ ਦਿੱਤਾ ਹੈ ਕਿ ਉਹ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਗਏ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹਿਣ।”
26 ਫਿਰ ਅਗਲੇ ਦਿਨ ਪੌਲੁਸ ਨੇ ਉਨ੍ਹਾਂ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਸ ਨੇ ਉਨ੍ਹਾਂ ਸਣੇ ਮੂਸਾ ਦੇ ਕਾਨੂੰਨ ਮੁਤਾਬਕ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਉਹ ਇਹ ਦੱਸਣ ਲਈ ਮੰਦਰ ਵਿਚ ਗਏ ਕਿ ਉਨ੍ਹਾਂ ਦੀ ਸ਼ੁੱਧਤਾ ਦੇ ਦਿਨ ਕਦੋਂ ਪੂਰੇ ਹੋਣਗੇ ਤਾਂਕਿ ਉਸ ਦਿਨ ਉਨ੍ਹਾਂ ਵਿੱਚੋਂ ਹਰੇਕ ਲਈ ਭੇਟ ਚੜ੍ਹਾਈ ਜਾਵੇ।
27 ਜਦੋਂ ਉਨ੍ਹਾਂ ਦੀ ਸ਼ੁੱਧਤਾ ਦੇ ਸੱਤ ਦਿਨ ਪੂਰੇ ਹੋਣ ਵਾਲੇ ਸਨ, ਤਾਂ ਏਸ਼ੀਆ ਤੋਂ ਆਏ ਯਹੂਦੀਆਂ ਨੇ ਉਸ ਨੂੰ ਮੰਦਰ ਵਿਚ ਦੇਖ ਲਿਆ ਅਤੇ ਉਨ੍ਹਾਂ ਨੇ ਭੀੜ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ 28 ਉੱਚੀ ਆਵਾਜ਼ ਵਿਚ ਕਿਹਾ: “ਇਜ਼ਰਾਈਲ ਦੇ ਮਰਦੋ, ਆ ਕੇ ਸਾਡੀ ਮਦਦ ਕਰੋ! ਇਹ ਆਦਮੀ ਜਗ੍ਹਾ-ਜਗ੍ਹਾ ਜਾ ਕੇ ਸਾਰਿਆਂ ਨੂੰ ਅਜਿਹੀਆਂ ਗੱਲਾਂ ਸਿਖਾਉਂਦਾ ਹੈ ਜਿਨ੍ਹਾਂ ਕਰਕੇ ਉਹ ਸਾਡੇ ਲੋਕਾਂ ਨਾਲ, ਸਾਡੇ ਕਾਨੂੰਨ ਨਾਲ ਅਤੇ ਇਸ ਜਗ੍ਹਾ ਨਾਲ ਨਫ਼ਰਤ ਕਰਦੇ ਹਨ। ਹੋਰ ਤਾਂ ਹੋਰ, ਇਹ ਯੂਨਾਨੀਆਂ ਨੂੰ ਵੀ ਮੰਦਰ ਵਿਚ ਲੈ ਕੇ ਆਇਆ ਸੀ ਅਤੇ ਇਸ ਪਵਿੱਤਰ ਜਗ੍ਹਾ ਨੂੰ ਭ੍ਰਿਸ਼ਟ ਕਰ ਦਿੱਤਾ ਹੈ।” 29 ਉਨ੍ਹਾਂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਫ਼ਸੁਸ ਦੇ ਤ੍ਰੋਫ਼ਿਮੁਸ ਨੂੰ ਪੌਲੁਸ ਨਾਲ ਸ਼ਹਿਰ ਵਿਚ ਦੇਖਿਆ ਸੀ, ਪਰ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਨੂੰ ਮੰਦਰ ਵਿਚ ਵੀ ਲਿਆਇਆ ਸੀ। 30 ਫਿਰ ਸਾਰੇ ਸ਼ਹਿਰ ਵਿਚ ਖਲਬਲੀ ਮੱਚ ਗਈ ਅਤੇ ਲੋਕ ਭੱਜ ਕੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੌਲੁਸ ਨੂੰ ਫੜ ਲਿਆ ਅਤੇ ਉਸ ਨੂੰ ਘੜੀਸ ਕੇ ਮੰਦਰ ਤੋਂ ਬਾਹਰ ਲੈ ਗਏ ਅਤੇ ਦਰਵਾਜ਼ੇ ਉਸੇ ਵੇਲੇ ਬੰਦ ਕਰ ਦਿੱਤੇ ਗਏ। 31 ਉਹ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। ਉਸ ਵੇਲੇ ਫ਼ੌਜੀ ਟੁਕੜੀ ਦੇ ਕਮਾਂਡਰ* ਨੂੰ ਸੂਚਨਾ ਮਿਲੀ ਕਿ ਪੂਰੇ ਯਰੂਸ਼ਲਮ ਵਿਚ ਖਲਬਲੀ ਮਚੀ ਹੋਈ ਸੀ। 32 ਉਸ ਨੇ ਤੁਰੰਤ ਫ਼ੌਜੀਆਂ ਅਤੇ ਅਫ਼ਸਰਾਂ ਨੂੰ ਆਪਣੇ ਨਾਲ ਲਿਆ ਅਤੇ ਭੱਜ ਕੇ ਉਨ੍ਹਾਂ ਕੋਲ ਚਲਾ ਗਿਆ। ਜਦੋਂ ਯਹੂਦੀਆਂ ਨੇ ਫ਼ੌਜ ਦੇ ਕਮਾਂਡਰ ਅਤੇ ਫ਼ੌਜੀਆਂ ਨੂੰ ਦੇਖਿਆ, ਤਾਂ ਉਹ ਪੌਲੁਸ ਨੂੰ ਕੁੱਟਣੋਂ ਹਟ ਗਏ।
33 ਫਿਰ ਫ਼ੌਜ ਦਾ ਕਮਾਂਡਰ ਲਾਗੇ ਆਇਆ ਅਤੇ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਫੜ ਕੇ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ; ਤੇ ਫਿਰ ਉਸ ਨੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਕਿ ਉਹ ਕੌਣ ਸੀ ਅਤੇ ਉਸ ਨੇ ਕੀ ਕੀਤਾ ਸੀ। 34 ਪਰ ਭੀੜ ਵਿਚ ਕਈ ਲੋਕ ਕੁਝ ਕਹਿ ਰਹੇ ਸਨ ਅਤੇ ਕਈ ਕੁਝ ਹੋਰ। ਰੌਲ਼ਾ ਪਿਆ ਹੋਣ ਕਰਕੇ ਉਸ ਨੂੰ ਕੁਝ ਵੀ ਪਤਾ ਨਾ ਲੱਗਾ ਤੇ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਫ਼ੌਜੀ ਕੁਆਰਟਰਾਂ ਵਿਚ ਲਿਜਾਇਆ ਜਾਵੇ। 35 ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਤਾਂ ਫ਼ੌਜੀਆਂ ਨੂੰ ਪੌਲੁਸ ਨੂੰ ਚੁੱਕ ਕੇ ਲਿਜਾਣਾ ਪਿਆ ਕਿਉਂਕਿ ਭੀੜ ਹਿੰਸਾ ਕਰਨ ʼਤੇ ਉੱਤਰ ਆਈ ਸੀ; 36 ਭੀੜ ਉਨ੍ਹਾਂ ਦੇ ਮਗਰ-ਮਗਰ ਆ ਕੇ ਉੱਚੀ-ਉੱਚੀ ਕਹਿੰਦੀ ਰਹੀ: “ਖ਼ਤਮ ਕਰ ਦਿਓ ਇਸ ਨੂੰ!”
37 ਜਦੋਂ ਉਹ ਉਸ ਨੂੰ ਫ਼ੌਜੀ ਕੁਆਰਟਰਾਂ ਵਿਚ ਲਿਜਾਣ ਲੱਗੇ, ਤਾਂ ਪੌਲੁਸ ਨੇ ਫ਼ੌਜ ਦੇ ਕਮਾਂਡਰ ਨੂੰ ਕਿਹਾ: “ਕੀ ਮੈਂ ਤੇਰੇ ਨਾਲ ਗੱਲ ਕਰ ਸਕਦਾ ਹਾਂ?” ਉਸ ਨੇ ਕਿਹਾ: “ਅੱਛਾ ਤੂੰ ਯੂਨਾਨੀ ਵੀ ਬੋਲ ਸਕਦਾ ਹੈਂ? 38 ਅਤੇ ਕੀ ਤੂੰ ਉਹ ਮਿਸਰੀ ਨਹੀਂ ਹੈ ਜਿਸ ਨੇ ਕੁਝ ਦਿਨ ਪਹਿਲਾਂ ਸਰਕਾਰ ਦੇ ਖ਼ਿਲਾਫ਼ ਬਗਾਵਤ ਦੀ ਅੱਗ ਭੜਕਾਈ ਸੀ ਅਤੇ ਜਿਹੜਾ ਚਾਰ ਹਜ਼ਾਰ ਹਤਿਆਰਿਆਂ* ਨੂੰ ਆਪਣੇ ਨਾਲ ਉਜਾੜ ਵਿਚ ਲੈ ਗਿਆ ਸੀ?” 39 ਫਿਰ ਪੌਲੁਸ ਨੇ ਕਿਹਾ: “ਮੈਂ ਤਾਂ ਯਹੂਦੀ ਹਾਂ ਅਤੇ ਕਿਲਿਕੀਆ ਦੇ ਤਰਸੁਸ ਸ਼ਹਿਰ ਤੋਂ ਹਾਂ ਜੋ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈ। ਇਸ ਲਈ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ।” 40 ਜਦੋਂ ਕਮਾਂਡਰ ਨੇ ਇਜਾਜ਼ਤ ਦੇ ਦਿੱਤੀ, ਤਾਂ ਪੌਲੁਸ ਨੇ ਪੌੜੀਆਂ ਵਿਚ ਖੜ੍ਹ ਕੇ ਹੱਥ ਨਾਲ ਲੋਕਾਂ ਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ। ਜਦੋਂ ਸਾਰੇ ਪਾਸੇ ਸੰਨਾਟਾ ਛਾ ਗਿਆ, ਤਾਂ ਉਸ ਨੇ ਉਨ੍ਹਾਂ ਨਾਲ ਇਬਰਾਨੀ ਭਾਸ਼ਾ ਵਿਚ ਗੱਲ ਕਰਨੀ ਸ਼ੁਰੂ ਕੀਤੀ। ਉਸ ਨੇ ਕਿਹਾ: