ਯਿਰਮਿਯਾਹ
14 ਯਿਰਮਿਯਾਹ ਨੂੰ ਸੋਕੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+
2 ਯਹੂਦਾਹ ਸੋਗ ਮਨਾਉਂਦਾ ਹੈ+ ਅਤੇ ਇਸ ਦੇ ਦਰਵਾਜ਼ੇ ਢਹਿ ਗਏ ਹਨ।
ਉਹ ਨਿਰਾਸ਼ ਹੋ ਕੇ ਜ਼ਮੀਨ ʼਤੇ ਡਿਗ ਪਏ ਹਨ
ਅਤੇ ਯਰੂਸ਼ਲਮ ਤੋਂ ਚੀਕ-ਚਿਹਾੜੇ ਦੀ ਆਵਾਜ਼ ਸੁਣਾਈ ਦੇ ਰਹੀ ਹੈ।
3 ਉੱਥੇ ਦੇ ਮਾਲਕ ਆਪਣੇ ਨੌਕਰਾਂ* ਨੂੰ ਪਾਣੀ ਲੈਣ ਭੇਜਦੇ ਹਨ।
ਉਹ ਪਾਣੀ ਦੇ ਚੁਬੱਚਿਆਂ* ਕੋਲ ਜਾਂਦੇ ਹਨ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ।
ਉਹ ਖਾਲੀ ਭਾਂਡੇ ਲੈ ਕੇ ਵਾਪਸ ਆਉਂਦੇ ਹਨ।
ਉਹ ਸ਼ਰਮਿੰਦੇ ਹਨ ਅਤੇ ਨਿਰਾਸ਼ ਹੋ ਗਏ ਹਨ
ਅਤੇ ਉਹ ਆਪਣੇ ਸਿਰ ਢਕ ਲੈਂਦੇ ਹਨ।
4 ਕਿਸਾਨ ਨਿਰਾਸ਼ ਹਨ ਅਤੇ ਉਨ੍ਹਾਂ ਨੇ ਆਪਣੇ ਸਿਰ ਢਕ ਲਏ ਹਨ
ਕਿਉਂਕਿ ਦੇਸ਼ ਵਿਚ ਮੀਂਹ ਨਹੀਂ ਪੈਂਦਾ+
ਜਿਸ ਕਰਕੇ ਜ਼ਮੀਨ ਵਿਚ ਤਰੇੜਾਂ ਪੈ ਗਈਆਂ ਹਨ।
5 ਮੈਦਾਨ ਦੀ ਹਿਰਨੀ ਵੀ ਆਪਣੇ ਨਵ-ਜੰਮੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ
ਕਿਉਂਕਿ ਕਿਤੇ ਵੀ ਘਾਹ ਨਹੀਂ ਹੈ।
6 ਜੰਗਲੀ ਗਧੇ ਪਹਾੜੀਆਂ ʼਤੇ ਖੜ੍ਹੇ ਹਨ।
ਉਹ ਗਿੱਦੜਾਂ ਵਾਂਗ ਹਵਾ ਵਿਚ ਔਖੇ-ਔਖੇ ਸਾਹ ਲੈਂਦੇ ਹਨ;
ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ ਕਿਉਂਕਿ ਉੱਥੇ ਪੇੜ-ਪੌਦੇ ਨਹੀਂ ਹਨ।+
7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,
ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+
ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+
ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
8 ਹੇ ਇਜ਼ਰਾਈਲ ਦੀ ਆਸ, ਬਿਪਤਾ ਦੇ ਵੇਲੇ ਉਸ ਦੇ ਮੁਕਤੀਦਾਤੇ,+
ਤੂੰ ਇਸ ਦੇਸ਼ ਵਿਚ ਇਕ ਅਜਨਬੀ ਵਾਂਗ ਕਿਉਂ ਹੈਂ,
ਜਾਂ ਇਕ ਮੁਸਾਫ਼ਰ ਵਾਂਗ ਜੋ ਸਿਰਫ਼ ਰਾਤ ਕੱਟਣ ਲਈ ਰੁਕਦਾ ਹੈ?
9 ਤੂੰ ਇਨਸਾਨ ਵਾਂਗ ਹੱਕਾ-ਬੱਕਾ ਕਿਉਂ ਹੈਂ?
ਤੂੰ ਉਸ ਯੋਧੇ ਵਾਂਗ ਕਿਉਂ ਹੈਂ ਜੋ ਆਪਣੇ ਲੋਕਾਂ ਨੂੰ ਬਚਾ ਨਹੀਂ ਸਕਦਾ?
ਸਾਨੂੰ ਨਾ ਤਿਆਗ।
10 ਯਹੋਵਾਹ ਇਨ੍ਹਾਂ ਲੋਕਾਂ ਬਾਰੇ ਕਹਿੰਦਾ ਹੈ: “ਇਨ੍ਹਾਂ ਨੂੰ ਆਵਾਰਾ ਘੁੰਮਣਾ ਪਸੰਦ ਹੈ।+ ਇਨ੍ਹਾਂ ਨੇ ਆਪਣੇ ਪੈਰਾਂ ਨੂੰ ਰੋਕਿਆ ਨਹੀਂ ਹੈ।+ ਇਸ ਲਈ ਯਹੋਵਾਹ ਇਨ੍ਹਾਂ ਤੋਂ ਖ਼ੁਸ਼ ਨਹੀਂ ਹੈ।+ ਹੁਣ ਉਹ ਇਨ੍ਹਾਂ ਦੀਆਂ ਗ਼ਲਤੀਆਂ ਨੂੰ ਯਾਦ ਕਰੇਗਾ ਅਤੇ ਇਨ੍ਹਾਂ ਦੇ ਪਾਪਾਂ ਦਾ ਲੇਖਾ ਲਵੇਗਾ।”+
11 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਨਾ ਕਰ।+ 12 ਜਦ ਇਹ ਵਰਤ ਰੱਖਦੇ ਹਨ, ਤਾਂ ਮੈਂ ਇਨ੍ਹਾਂ ਦੀਆਂ ਫ਼ਰਿਆਦਾਂ ਨਹੀਂ ਸੁਣਦਾ+ ਅਤੇ ਜਦ ਇਹ ਹੋਮ-ਬਲ਼ੀਆਂ ਅਤੇ ਅਨਾਜ ਦੇ ਚੜ੍ਹਾਵੇ ਚੜ੍ਹਾਉਂਦੇ ਹਨ, ਤਾਂ ਮੈਨੂੰ ਇਨ੍ਹਾਂ ਦੇ ਚੜ੍ਹਾਵਿਆਂ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ।+ ਮੈਂ ਇਨ੍ਹਾਂ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਖ਼ਤਮ ਕਰ ਦਿਆਂਗਾ।”+
13 ਤਦ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਦੇਖ, ਨਬੀ ਲੋਕਾਂ ਨੂੰ ਕਹਿੰਦੇ ਹਨ, ‘ਤੁਸੀਂ ਤਲਵਾਰ ਦਾ ਮੂੰਹ ਨਹੀਂ ਦੇਖੋਗੇ ਅਤੇ ਨਾ ਹੀ ਤੁਹਾਨੂੰ ਕਾਲ਼ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਪਰਮੇਸ਼ੁਰ ਤੁਹਾਨੂੰ ਇਸ ਜਗ੍ਹਾ ਸੱਚੀ ਸ਼ਾਂਤੀ ਬਖ਼ਸ਼ੇਗਾ।’”+
14 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਨਬੀ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ।+ ਮੈਂ ਨਾ ਤਾਂ ਉਨ੍ਹਾਂ ਨੂੰ ਭੇਜਿਆ, ਨਾ ਹੀ ਉਨ੍ਹਾਂ ਨੂੰ ਇੱਦਾਂ ਕਰਨ ਦਾ ਹੁਕਮ ਦਿੱਤਾ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ।+ ਉਹ ਝੂਠੇ ਦਰਸ਼ਣ ਦੱਸਦੇ ਹਨ, ਫਾਲ* ਪਾ ਕੇ ਬੇਕਾਰ ਗੱਲਾਂ ਦੱਸਦੇ ਹਨ ਅਤੇ ਛਲ ਭਰੀਆਂ ਗੱਲਾਂ ਦੀਆਂ ਭਵਿੱਖਬਾਣੀਆਂ ਕਰਦੇ ਹਨ।+ 15 ਇਸ ਲਈ ਯਹੋਵਾਹ ਕਹਿੰਦਾ ਹੈ: ‘ਜਿਹੜੇ ਨਬੀ ਮੇਰੇ ਨਾਂ ʼਤੇ ਭਵਿੱਖਬਾਣੀਆਂ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਮੈਂ ਨਹੀਂ ਭੇਜਿਆ ਅਤੇ ਜਿਹੜੇ ਕਹਿੰਦੇ ਹਨ ਕਿ ਇਸ ਦੇਸ਼ ਵਿਚ ਤਲਵਾਰ ਨਹੀਂ ਚੱਲੇਗੀ ਅਤੇ ਨਾ ਹੀ ਕਾਲ਼ ਪਵੇਗਾ, ਉਹ ਨਬੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ।+ 16 ਨਾਲੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਸੁਣਨ ਵਾਲੇ ਲੋਕ ਵੀ ਕਾਲ਼ ਅਤੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਯਰੂਸ਼ਲਮ ਦੀਆਂ ਗਲੀਆਂ ਵਿਚ ਸੁੱਟ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ, ਉਨ੍ਹਾਂ ਦੀਆਂ ਪਤਨੀਆਂ, ਉਨ੍ਹਾਂ ਦੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ+ ਕਿਉਂਕਿ ਮੈਂ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ ਜਿਸ ਦੇ ਉਹ ਲਾਇਕ ਹਨ।’+
17 “ਤੂੰ ਉਨ੍ਹਾਂ ਨੂੰ ਇਹ ਕਹੀਂ,
‘ਮੇਰੀਆਂ ਅੱਖਾਂ ਤੋਂ ਰਾਤ-ਦਿਨ ਹੰਝੂ ਵਗਦੇ ਰਹਿਣ, ਇਹ ਕਦੇ ਨਾ ਰੁਕਣ+
ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀ ਨੂੰ ਜ਼ੋਰ ਨਾਲ ਮਾਰਿਆ ਗਿਆ ਹੈ,+
ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ।
18 ਜੇ ਮੈਂ ਸ਼ਹਿਰੋਂ ਬਾਹਰ ਜਾਂਦਾ ਹਾਂ, ਤਾਂ ਦੇਖੋ,
ਉੱਥੇ ਮੈਨੂੰ ਤਲਵਾਰ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਉਂਦੀਆਂ ਹਨ!+
ਅਤੇ ਜੇ ਮੈਂ ਸ਼ਹਿਰ ਵਿਚ ਆਉਂਦਾ ਹਾਂ,
ਤਾਂ ਮੈਂ ਕਾਲ਼ ਦੀ ਮਾਰ ਝੱਲ ਰਹੇ ਲੋਕਾਂ ਨੂੰ ਦੇਖਦਾ ਹਾਂ!+
ਨਬੀ ਅਤੇ ਪੁਜਾਰੀ ਅਣਜਾਣ ਦੇਸ਼ ਨੂੰ ਜਾਂਦੇ ਹਨ।’”+
19 ਹੇ ਪਰਮੇਸ਼ੁਰ, ਕੀ ਤੂੰ ਪੂਰੀ ਤਰ੍ਹਾਂ ਯਹੂਦਾਹ ਨੂੰ ਤਿਆਗ ਦਿੱਤਾ ਹੈ
ਕੀ ਤੈਨੂੰ ਸੀਓਨ ਤੋਂ ਘਿਣ ਹੋ ਗਈ ਹੈ?+
ਤੂੰ ਸਾਨੂੰ ਇੰਨੇ ਜ਼ੋਰ ਨਾਲ ਕਿਉਂ ਮਾਰਿਆ ਕਿ ਅਸੀਂ ਠੀਕ ਹੀ ਨਹੀਂ ਹੋ ਸਕਦੇ?+
ਅਸੀਂ ਸ਼ਾਂਤੀ ਦੀ ਆਸ ਲਾਈ ਸੀ, ਪਰ ਕੁਝ ਵੀ ਚੰਗਾ ਨਹੀਂ ਹੋਇਆ,
ਸਾਨੂੰ ਠੀਕ ਹੋਣ ਦੀ ਉਮੀਦ ਸੀ, ਪਰ ਅਸੀਂ ਖ਼ੌਫ਼ ਨਾਲ ਸਹਿਮੇ ਹੋਏ ਹਾਂ।+
20 ਹੇ ਯਹੋਵਾਹ, ਅਸੀਂ ਆਪਣੇ ਦੁਸ਼ਟ ਕੰਮਾਂ
ਅਤੇ ਆਪਣੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਨੂੰ ਕਬੂਲ ਕਰਦੇ ਹਾਂ
ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।+
21 ਆਪਣੇ ਨਾਂ ਦੀ ਖ਼ਾਤਰ ਸਾਨੂੰ ਨਾ ਤਿਆਗ;+
ਆਪਣੇ ਸ਼ਾਨਦਾਰ ਸਿੰਘਾਸਣ ਨੂੰ ਤੁੱਛ ਨਾ ਸਮਝ।
ਸਾਡੇ ਨਾਲ ਕੀਤਾ ਆਪਣਾ ਇਕਰਾਰ ਯਾਦ ਕਰ ਅਤੇ ਇਸ ਨੂੰ ਨਾ ਤੋੜ।+
22 ਕੀ ਕੌਮਾਂ ਦੀ ਕੋਈ ਵੀ ਨਿਕੰਮੀ ਮੂਰਤ ਮੀਂਹ ਵਰ੍ਹਾ ਸਕਦੀ ਹੈ?
ਜਾਂ ਕੀ ਆਕਾਸ਼ ਆਪਣੇ ਆਪ ਬਾਰਸ਼ ਪਾ ਸਕਦਾ ਹੈ?
ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਿਰਫ਼ ਤੂੰ ਹੀ ਇਸ ਤਰ੍ਹਾਂ ਕਰ ਸਕਦਾ ਹੈਂ।+
ਅਸੀਂ ਤੇਰੇ ʼਤੇ ਉਮੀਦ ਲਾਈ ਹੈ
ਕਿਉਂਕਿ ਸਿਰਫ਼ ਤੂੰ ਹੀ ਹੈਂ ਜਿਸ ਨੇ ਇਹ ਸਭ ਕੰਮ ਕੀਤੇ ਹਨ।