ਬਿਵਸਥਾ ਸਾਰ
9 “ਹੇ ਇਜ਼ਰਾਈਲ ਸੁਣ, ਅੱਜ ਤੂੰ ਯਰਦਨ ਦਰਿਆ ਪਾਰ ਕਰ ਕੇ+ ਉਸ ਦੇਸ਼ ਵਿਚ ਜਾ ਰਿਹਾ ਹੈਂ। ਤੂੰ ਉਨ੍ਹਾਂ ਕੌਮਾਂ ਨੂੰ ਬਾਹਰ ਕੱਢੇਂਗਾ ਜੋ ਤੇਰੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ+ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ,+ 2 ਉਹ ਲੋਕ ਤਾਕਤਵਰ ਅਤੇ ਉੱਚੇ-ਲੰਬੇ ਹਨ ਜਿਹੜੇ ਅਨਾਕ ਦੇ ਵੰਸ਼ ਵਿੱਚੋਂ ਹਨ।+ ਤੂੰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈਂ ਅਤੇ ਉਨ੍ਹਾਂ ਬਾਰੇ ਇਹ ਸੁਣਿਆ ਹੈ, ‘ਕੌਣ ਅਨਾਕੀ ਲੋਕਾਂ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?’ 3 ਇਸ ਲਈ ਤੂੰ ਅੱਜ ਜਾਣ ਲੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਅੱਗੇ-ਅੱਗੇ ਯਰਦਨ ਦਰਿਆ ਪਾਰ ਜਾਵੇਗਾ।+ ਉਹ ਭਸਮ ਕਰ ਦੇਣ ਵਾਲੀ ਅੱਗ ਹੈ+ ਅਤੇ ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ। ਉਹ ਤੇਰੀਆਂ ਨਜ਼ਰਾਂ ਸਾਮ੍ਹਣੇ ਉਨ੍ਹਾਂ ਨੂੰ ਹਰਾ ਦੇਵੇਗਾ ਤਾਂਕਿ ਤੂੰ ਛੇਤੀ ਹੀ ਉਨ੍ਹਾਂ ਨੂੰ ਉੱਥੋਂ ਕੱਢ ਦੇਵੇਂ ਅਤੇ ਉਨ੍ਹਾਂ ਦਾ ਨਾਸ਼ ਕਰ ਦੇਵੇਂ ਜਿਵੇਂ ਯਹੋਵਾਹ ਨੇ ਤੇਰੇ ਨਾਲ ਵਾਅਦਾ ਕੀਤਾ ਹੈ।+
4 “ਜਦੋਂ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਦੇਵੇਗਾ, ਤਾਂ ਤੂੰ ਆਪਣੇ ਦਿਲ ਵਿਚ ਇਹ ਨਾ ਕਹੀਂ ‘ਮੈਂ ਨੇਕ ਹਾਂ, ਇਸ ਕਰਕੇ ਯਹੋਵਾਹ ਮੈਨੂੰ ਇਸ ਦੇਸ਼ ਵਿਚ ਲਿਆਇਆ ਅਤੇ ਇਸ ਦੇਸ਼ ਦਾ ਮਾਲਕ ਬਣਾਇਆ।’+ ਇਸ ਦੀ ਬਜਾਇ, ਉਨ੍ਹਾਂ ਕੌਮਾਂ ਦੀ ਦੁਸ਼ਟਤਾ+ ਕਰਕੇ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਰਿਹਾ ਹੈ। 5 ਤੂੰ ਨੇਕ ਜਾਂ ਸਾਫ਼ਦਿਲ ਹੋਣ ਕਰਕੇ ਉਸ ਦੇਸ਼ ʼਤੇ ਕਬਜ਼ਾ ਕਰਨ ਨਹੀਂ ਜਾ ਰਿਹਾ। ਇਸ ਦੀ ਬਜਾਇ, ਯਹੋਵਾਹ ਉਨ੍ਹਾਂ ਕੌਮਾਂ ਨੂੰ ਇਸ ਲਈ ਤੇਰੇ ਅੱਗਿਓਂ ਕੱਢ ਰਿਹਾ ਹੈ ਕਿਉਂਕਿ ਉਹ ਕੌਮਾਂ ਦੁਸ਼ਟ ਹਨ+ ਅਤੇ ਯਹੋਵਾਹ ਉਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਜਿਹੜਾ ਉਸ ਨੇ ਤੇਰੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ ਨਾਲ ਸਹੁੰ ਖਾ ਕੇ ਕੀਤਾ ਸੀ।+ 6 ਤੂੰ ਇਹ ਜਾਣ ਲੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਇਸ ਵਧੀਆ ਦੇਸ਼ ʼਤੇ ਕਬਜ਼ਾ ਕਰਨ ਲਈ ਇਸ ਕਰਕੇ ਨਹੀਂ ਲੈ ਕੇ ਆਇਆ ਕਿ ਤੂੰ ਨੇਕ ਹੈਂ, ਸਗੋਂ ਤੂੰ ਢੀਠ ਹੈਂ।+
7 “ਯਾਦ ਰੱਖ ਅਤੇ ਇਸ ਗੱਲ ਨੂੰ ਕਦੇ ਨਾ ਭੁੱਲ ਕਿ ਤੂੰ ਉਜਾੜ ਵਿਚ ਕਿਵੇਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ।+ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਲੈ ਕੇ ਇਸ ਜਗ੍ਹਾ ਆਉਣ ਤਕ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਹੀ ਕੀਤੀ ਹੈ।+ 8 ਤੂੰ ਹੋਰੇਬ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ ਅਤੇ ਯਹੋਵਾਹ ਤੇਰੇ ਨਾਲ ਇੰਨਾ ਗੁੱਸੇ ਸੀ ਕਿ ਉਹ ਤੇਰਾ ਨਾਸ਼ ਤਕ ਕਰਨ ਲਈ ਤਿਆਰ ਸੀ।+ 9 ਜਦੋਂ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਗਿਆ ਸੀ+ ਜਿਨ੍ਹਾਂ ਉੱਤੇ ਉਹ ਇਕਰਾਰ ਲਿਖਿਆ ਗਿਆ ਸੀ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਸੀ,+ ਤਾਂ ਮੈਂ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ+ ਅਤੇ ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ। 10 ਫਿਰ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ ਜਿਨ੍ਹਾਂ ʼਤੇ ਪਰਮੇਸ਼ੁਰ ਨੇ ਆਪਣੀ ਉਂਗਲ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਕੱਠੀ ਹੋਈ ਮੰਡਲੀ ਨੂੰ ਉਸ ਦਿਨ ਦੱਸੀਆਂ ਸਨ ਜਿਸ ਦਿਨ ਉਸ ਨੇ ਪਹਾੜ ʼਤੇ ਅੱਗ ਵਿੱਚੋਂ ਦੀ ਤੁਹਾਡੇ ਨਾਲ ਗੱਲ ਕੀਤੀ ਸੀ।+ 11 ਫਿਰ 40 ਦਿਨ ਅਤੇ 40 ਰਾਤਾਂ ਤੋਂ ਬਾਅਦ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰ ਲਿਖਿਆ ਗਿਆ ਸੀ, 12 ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਉੱਠ ਅਤੇ ਛੇਤੀ-ਛੇਤੀ ਥੱਲੇ ਜਾਹ ਕਿਉਂਕਿ ਤੇਰੇ ਲੋਕਾਂ ਨੇ ਭੈੜਾ ਕੰਮ ਕੀਤਾ ਹੈ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਉਹ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਧਾਤ ਦੀ ਮੂਰਤ* ਬਣਾਈ ਹੈ।’+ 13 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਮੈਂ ਦੇਖਿਆ ਹੈ ਕਿ ਇਹ ਲੋਕ ਢੀਠ ਹਨ।+ 14 ਮੈਨੂੰ ਨਾ ਰੋਕ। ਮੈਂ ਇਨ੍ਹਾਂ ਦਾ ਨਾਸ਼ ਕਰ ਦਿਆਂਗਾ ਅਤੇ ਧਰਤੀ ਉੱਤੋਂ ਇਨ੍ਹਾਂ ਦਾ ਨਾਂ ਮਿਟਾ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਅਤੇ ਤਾਕਤਵਰ ਕੌਮ ਬਣਾਵਾਂਗਾ।’+
15 “ਫਿਰ ਮੈਂ ਮੁੜਿਆ ਅਤੇ ਉਸ ਪਹਾੜ ਤੋਂ ਥੱਲੇ ਉੱਤਰ ਆਇਆ ਅਤੇ ਮੇਰੇ ਦੋਵਾਂ ਹੱਥਾਂ ਵਿਚ ਇਕਰਾਰ ਦੀਆਂ ਦੋ ਫੱਟੀਆਂ ਸਨ।+ ਉਸ ਵੇਲੇ ਵੀ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ।+ 16 ਮੈਂ ਆਪਣੀ ਅੱਖੀਂ ਦੇਖਿਆ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ। ਤੁਸੀਂ ਆਪਣੇ ਲਈ ਧਾਤ ਦਾ* ਵੱਛਾ ਬਣਾਇਆ। ਤੁਸੀਂ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ।+ 17 ਇਸ ਲਈ ਮੇਰੇ ਹੱਥਾਂ ਵਿਚ ਜੋ ਫੱਟੀਆਂ ਸਨ, ਮੈਂ ਉਹ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਜ਼ੋਰ ਨਾਲ ਸੁੱਟ ਕੇ ਟੋਟੇ-ਟੋਟੇ ਕਰ ਦਿੱਤੀਆਂ।+ 18 ਫਿਰ ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਸਾਮ੍ਹਣੇ ਸਿਰ ਨਿਵਾਇਆ। ਮੈਂ ਇਸ ਤਰ੍ਹਾਂ 40 ਦਿਨ ਅਤੇ 40 ਰਾਤ ਕਰਦਾ ਰਿਹਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਨਾ ਤਾਂ ਰੋਟੀ ਖਾਧੀ ਤੇ ਨਾ ਹੀ ਪਾਣੀ ਪੀਤਾ+ ਕਿਉਂਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਪਾਪ ਕੀਤਾ ਸੀ ਅਤੇ ਉਸ ਨੂੰ ਗੁੱਸਾ ਚੜ੍ਹਾਇਆ ਸੀ। 19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+
20 “ਯਹੋਵਾਹ ਹਾਰੂਨ ਨਾਲ ਇੰਨਾ ਗੁੱਸੇ ਸੀ ਕਿ ਉਹ ਉਸ ਨੂੰ ਜਾਨੋਂ ਮਾਰਨ ਲਈ ਤਿਆਰ ਸੀ।+ ਪਰ ਉਸ ਵੇਲੇ ਵੀ ਮੈਂ ਹਾਰੂਨ ਲਈ ਪਰਮੇਸ਼ੁਰ ਨੂੰ ਬੇਨਤੀ ਕੀਤੀ। 21 ਫਿਰ ਮੈਂ ਉਸ ਵੱਛੇ ਨੂੰ ਅੱਗ ਵਿਚ ਸਾੜ ਦਿੱਤਾ ਜੋ ਤੁਹਾਡੇ ਪਾਪ ਦੀ ਨਿਸ਼ਾਨੀ ਸੀ।+ ਫਿਰ ਮੈਂ ਉਸ ਨੂੰ ਉਦੋਂ ਤਕ ਕੁੱਟਦਾ ਰਿਹਾ ਜਦ ਤਕ ਉਸ ਦਾ ਬਾਰੀਕ-ਬਾਰੀਕ ਬੂਰਾ ਨਹੀਂ ਬਣ ਗਿਆ ਅਤੇ ਮੈਂ ਉਸ ਬੂਰੇ ਨੂੰ ਪਹਾੜ ਤੋਂ ਵਹਿੰਦੇ ਚਸ਼ਮੇ ਵਿਚ ਸੁੱਟ ਦਿੱਤਾ।+
22 “ਤੁਸੀਂ ਤਬੇਰਾਹ,+ ਮੱਸਾਹ+ ਅਤੇ ਕਿਬਰੋਥ-ਹੱਤਵਾਹ+ ਵਿਚ ਵੀ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ। 23 ਜਦੋਂ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ+ ਤੋਂ ਭੇਜਿਆ ਸੀ ਅਤੇ ਕਿਹਾ ਸੀ, ‘ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜੋ ਮੈਂ ਤੁਹਾਨੂੰ ਜ਼ਰੂਰ ਦਿਆਂਗਾ,’ ਤਾਂ ਉਸ ਵੇਲੇ ਤੁਸੀਂ ਦੁਬਾਰਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ+ ਅਤੇ ਉਸ ʼਤੇ ਨਿਹਚਾ ਨਹੀਂ ਕੀਤੀ+ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ। 24 ਮੈਂ ਤੁਹਾਨੂੰ ਜਦੋਂ ਤੋਂ ਜਾਣਦਾ ਹਾਂ, ਉਦੋਂ ਤੋਂ ਤੁਸੀਂ ਵਾਰ-ਵਾਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਦੇ ਆਏ ਹੋ।
25 “ਇਸ ਲਈ ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਸਾਮ੍ਹਣੇ 40 ਦਿਨ ਅਤੇ 40 ਰਾਤ ਸਿਰ ਨਿਵਾਇਆ। ਮੈਂ ਇਸ ਲਈ ਸਿਰ ਨਿਵਾਉਂਦਾ ਰਿਹਾ+ ਕਿਉਂਕਿ ਯਹੋਵਾਹ ਨੇ ਕਿਹਾ ਸੀ ਕਿ ਉਹ ਤੁਹਾਡਾ ਨਾਸ਼ ਕਰ ਦੇਵੇਗਾ। 26 ਮੈਂ ਯਹੋਵਾਹ ਨੂੰ ਫ਼ਰਿਆਦ ਕਰਨੀ ਸ਼ੁਰੂ ਕੀਤੀ, ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਆਪਣੇ ਲੋਕਾਂ ਦਾ ਨਾਸ਼ ਨਾ ਕਰ। ਉਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਤਾਕਤ ਨਾਲ ਛੁਡਾਇਆ ਅਤੇ ਆਪਣੇ ਬਲਵੰਤ ਹੱਥ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢਿਆ।+ 27 ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੂਬ+ ਨੂੰ ਯਾਦ ਕਰ। ਤੂੰ ਇਨ੍ਹਾਂ ਲੋਕਾਂ ਦੇ ਢੀਠਪੁਣੇ, ਦੁਸ਼ਟਤਾ ਅਤੇ ਪਾਪ ਵੱਲ ਧਿਆਨ ਨਾ ਦੇ।+ 28 ਨਹੀਂ ਤਾਂ ਜਿਸ ਦੇਸ਼ ਵਿੱਚੋਂ ਤੂੰ ਸਾਨੂੰ ਕੱਢ ਕੇ ਲਿਆਇਆ ਹੈਂ, ਉਸ ਦੇਸ਼ ਦੇ ਲੋਕ ਕਹਿਣਗੇ, “ਯਹੋਵਾਹ ਉਨ੍ਹਾਂ ਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਜਾ ਸਕਿਆ ਜਿਸ ਦੇਸ਼ ਵਿਚ ਉਨ੍ਹਾਂ ਨੂੰ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ। ਉਹ ਉਨ੍ਹਾਂ ਨਾਲ ਨਫ਼ਰਤ ਕਰਦਾ ਸੀ ਇਸ ਲਈ ਉਹ ਉਨ੍ਹਾਂ ਨੂੰ ਉਜਾੜ ਵਿਚ ਮਾਰਨ ਲਈ ਲੈ ਆਇਆ।”+ 29 ਇਹ ਤੇਰੇ ਆਪਣੇ ਖ਼ਾਸ ਲੋਕ* ਹਨ+ ਜਿਨ੍ਹਾਂ ਨੂੰ ਤੂੰ ਆਪਣੀ ਵੱਡੀ ਤਾਕਤ ਅਤੇ ਤਾਕਤਵਰ ਬਾਂਹ* ਨਾਲ ਕੱਢ ਲਿਆਇਆ।’+