ਲੇਵੀਆਂ
4 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ, ‘ਜੇ ਕੋਈ ਇਨਸਾਨ ਅਣਜਾਣੇ ਵਿਚ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਪਾਪ ਕਰ ਬੈਠਦਾ ਹੈ,+ ਤਾਂ ਉਹ ਇਸ ਤਰ੍ਹਾਂ ਕਰੇ:
3 “‘ਜੇ ਨਿਯੁਕਤ ਪੁਜਾਰੀ*+ ਪਾਪ ਕਰਦਾ ਹੈ+ ਅਤੇ ਉਸ ਕਰਕੇ ਸਾਰੇ ਲੋਕ ਦੋਸ਼ੀ ਠਹਿਰਦੇ ਹਨ, ਤਾਂ ਉਹ ਆਪਣੇ ਪਾਪ ਲਈ ਯਹੋਵਾਹ ਅੱਗੇ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 4 ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਲਿਆਵੇ+ ਅਤੇ ਉਸ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ।+ 5 ਫਿਰ ਨਿਯੁਕਤ ਪੁਜਾਰੀ+ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਮੰਡਲੀ ਦੇ ਤੰਬੂ ਦੇ ਅੰਦਰ ਲਿਆਵੇ; 6 ਅਤੇ ਪੁਜਾਰੀ ਆਪਣੀ ਉਂਗਲ ਖ਼ੂਨ ਵਿਚ ਡੋਬੇ+ ਅਤੇ ਉਹ ਥੋੜ੍ਹਾ ਜਿਹਾ ਖ਼ੂਨ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਯਹੋਵਾਹ ਅੱਗੇ ਸੱਤ ਵਾਰ ਛਿੜਕੇ।+ 7 ਪੁਜਾਰੀ ਥੋੜ੍ਹਾ ਜਿਹਾ ਖ਼ੂਨ ਖ਼ੁਸ਼ਬੂਦਾਰ ਧੂਪ ਦੀ ਵੇਦੀ ਦੇ ਸਿੰਗਾਂ ʼਤੇ ਵੀ ਲਾਵੇ+ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਲਦ ਦਾ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ+ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।
8 “‘ਫਿਰ ਉਹ ਪਾਪ-ਬਲ਼ੀ ਦੇ ਬਲਦ ਦੀ ਸਾਰੀ ਚਰਬੀ ਲਾਹੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 9 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+ 10 ਬਲਦ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੀ ਜਾਵੇ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਬਲਦ ਦੀ ਲਾਹੀ ਜਾਂਦੀ ਹੈ।+ ਫਿਰ ਪੁਜਾਰੀ ਇਹ ਸਭ ਕੁਝ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।
11 “‘ਪਰ ਉਹ ਬਲਦ ਦੀ ਚਮੜੀ, ਉਸ ਦਾ ਸਾਰਾ ਮਾਸ, ਸਿਰ, ਲੱਤਾਂ, ਆਂਦਰਾਂ ਅਤੇ ਗੋਹਾ+ 12 ਯਾਨੀ ਬਾਕੀ ਸਾਰਾ ਬਲਦ ਛਾਉਣੀ ਤੋਂ ਬਾਹਰ ਇਕ ਸਾਫ਼-ਸੁਥਰੀ ਜਗ੍ਹਾ ਲੈ ਜਾਵੇ ਜਿੱਥੇ ਸੁਆਹ* ਸੁੱਟੀ ਜਾਂਦੀ ਹੈ ਅਤੇ ਉਹ ਇਸ ਨੂੰ ਅੱਗ ʼਤੇ ਰੱਖੀਆਂ ਲੱਕੜਾਂ ਉੱਪਰ ਸਾੜੇ।+ ਬਲਦ ਨੂੰ ਉੱਥੇ ਸਾੜਿਆ ਜਾਵੇ ਜਿੱਥੇ ਸੁਆਹ ਸੁੱਟੀ ਜਾਂਦੀ ਹੈ।
13 “‘ਜੇ ਇਜ਼ਰਾਈਲ ਦੀ ਸਾਰੀ ਮੰਡਲੀ ਅਣਜਾਣੇ ਵਿਚ ਕੋਈ ਪਾਪ ਕਰ ਬੈਠਦੀ ਹੈ ਅਤੇ ਦੋਸ਼ੀ ਠਹਿਰਦੀ ਹੈ,+ ਪਰ ਮੰਡਲੀ ਦੇ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਉਨ੍ਹਾਂ ਤੋਂ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਹੋ ਗਿਆ ਹੈ+ 14 ਅਤੇ ਫਿਰ ਉਹ ਪਾਪ ਜ਼ਾਹਰ ਹੋ ਜਾਂਦਾ ਹੈ, ਤਾਂ ਮੰਡਲੀ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਲਿਆਵੇ। 15 ਮੰਡਲੀ ਦੇ ਬਜ਼ੁਰਗ ਯਹੋਵਾਹ ਅੱਗੇ ਬਲਦ ਦੇ ਸਿਰ ਉੱਪਰ ਆਪਣੇ ਹੱਥ ਰੱਖਣ ਅਤੇ ਉਸ ਬਲਦ ਨੂੰ ਯਹੋਵਾਹ ਅੱਗੇ ਵੱਢਿਆ ਜਾਵੇ।
16 “‘ਫਿਰ ਨਿਯੁਕਤ ਪੁਜਾਰੀ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਮੰਡਲੀ ਦੇ ਤੰਬੂ ਦੇ ਅੰਦਰ ਲਿਆਵੇ। 17 ਅਤੇ ਪੁਜਾਰੀ ਆਪਣੀ ਉਂਗਲ ਖ਼ੂਨ ਵਿਚ ਡੋਬੇ ਅਤੇ ਥੋੜ੍ਹਾ ਜਿਹਾ ਖ਼ੂਨ ਪਰਦੇ+ ਦੇ ਸਾਮ੍ਹਣੇ ਯਹੋਵਾਹ ਅੱਗੇ ਸੱਤ ਵਾਰ ਛਿੜਕੇ। 18 ਉਹ ਥੋੜ੍ਹਾ ਜਿਹਾ ਖ਼ੂਨ ਵੇਦੀ+ ਦੇ ਸਿੰਗਾਂ ʼਤੇ ਲਾਵੇ ਜੋ ਮੰਡਲੀ ਦੇ ਤੰਬੂ ਵਿਚ ਯਹੋਵਾਹ ਦੇ ਸਾਮ੍ਹਣੇ ਰੱਖੀ ਹੋਈ ਹੈ। ਫਿਰ ਉਹ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ ਜੋ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਸਾਮ੍ਹਣੇ ਹੈ।+ 19 ਉਹ ਬਲਦ ਦੀ ਸਾਰੀ ਚਰਬੀ ਲਾਹ ਕੇ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+ 20 ਪੁਜਾਰੀ ਇਸ ਬਲਦ ਨਾਲ ਵੀ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਪਾਪ-ਬਲ਼ੀ ਦੇ ਪਹਿਲੇ ਬਲਦ ਨਾਲ ਕੀਤਾ ਜਾਂਦਾ ਹੈ। ਪੁਜਾਰੀ ਲੋਕਾਂ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ+ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ। 21 ਪਹਿਲੇ ਬਲਦ ਵਾਂਗ ਉਹ ਇਸ ਬਲਦ ਨੂੰ ਵੀ ਛਾਉਣੀ ਤੋਂ ਬਾਹਰ ਲਿਜਾ ਕੇ ਸਾੜ ਦੇਵੇ।+ ਇਹ ਮੰਡਲੀ ਲਈ ਪਾਪ-ਬਲ਼ੀ ਹੈ।+
22 “‘ਜਦ ਕੋਈ ਮੁਖੀ+ ਆਪਣੇ ਪਰਮੇਸ਼ੁਰ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਅਣਜਾਣੇ ਵਿਚ ਪਾਪ ਕਰ ਬੈਠਦਾ ਹੈ ਅਤੇ ਦੋਸ਼ੀ ਠਹਿਰਦਾ ਹੈ 23 ਜਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਪਰਮੇਸ਼ੁਰ ਦੇ ਹੁਕਮ ਖ਼ਿਲਾਫ਼ ਕੋਈ ਪਾਪ ਕੀਤਾ ਹੈ, ਤਾਂ ਉਹ ਚੜ੍ਹਾਵੇ ਵਜੋਂ ਇਕ ਮੇਮਣਾ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 24 ਉਹ ਮੇਮਣੇ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਯਹੋਵਾਹ ਅੱਗੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ ਇਹ ਪਾਪ-ਬਲ਼ੀ ਹੈ। 25 ਫਿਰ ਪੁਜਾਰੀ ਆਪਣੀ ਉਂਗਲ ਨਾਲ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ+ ਉੱਤੇ ਲਾਵੇ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ।+ 26 ਫਿਰ ਉਹ ਮੇਮਣੇ ਦੀ ਸਾਰੀ ਚਰਬੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ, ਜਿਵੇਂ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਚਰਬੀ ਸਾੜੀ ਜਾਂਦੀ ਹੈ।+ ਪੁਜਾਰੀ ਉਸ ਮੁਖੀ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
27 “‘ਜੇ ਕੋਈ ਆਮ ਇਨਸਾਨ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਅਣਜਾਣੇ ਵਿਚ ਪਾਪ ਕਰ ਬੈਠਦਾ ਹੈ ਅਤੇ ਦੋਸ਼ੀ ਠਹਿਰਦਾ ਹੈ+ 28 ਜਾਂ ਉਸ ਨੂੰ ਆਪਣੇ ਕਿਸੇ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਉਹ ਆਪਣੇ ਪਾਪ ਦੇ ਬਦਲੇ ਇਕ ਮੇਮਣੀ ਚੜ੍ਹਾਉਣ ਲਈ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 29 ਉਹ ਪਾਪ-ਬਲ਼ੀ ਦੇ ਜਾਨਵਰ ਦੇ ਸਿਰ ʼਤੇ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ 30 ਪੁਜਾਰੀ ਆਪਣੀ ਉਂਗਲ ਨਾਲ ਉਸ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ ʼਤੇ ਲਾਵੇ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ।+ 31 ਫਿਰ ਉਹ ਉਸ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੇ+ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਲਾਹੀ ਜਾਂਦੀ ਹੈ।+ ਪੁਜਾਰੀ ਇਸ ਨੂੰ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
32 “‘ਪਰ ਜੇ ਉਹ ਇਨਸਾਨ ਆਪਣੀਆਂ ਭੇਡਾਂ ਵਿੱਚੋਂ ਕੋਈ ਜਾਨਵਰ ਪਾਪ-ਬਲ਼ੀ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਇਕ ਲੇਲੀ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ। 33 ਉਹ ਪਾਪ-ਬਲ਼ੀ ਦੇ ਜਾਨਵਰ ਦੇ ਸਿਰ ʼਤੇ ਆਪਣਾ ਹੱਥ ਰੱਖੇ ਅਤੇ ਉਸ ਨੂੰ ਵੀ ਉੱਥੇ ਵੱਢਿਆ ਜਾਵੇ ਜਿੱਥੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਜਾਂਦਾ ਹੈ।+ 34 ਪੁਜਾਰੀ ਆਪਣੀ ਉਂਗਲ ਨਾਲ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਸਿੰਗਾਂ ʼਤੇ ਲਾਵੇ+ ਅਤੇ ਬਾਕੀ ਖ਼ੂਨ ਹੋਮ-ਬਲ਼ੀ ਦੀ ਵੇਦੀ ਦੇ ਕੋਲ ਡੋਲ੍ਹ ਦੇਵੇ। 35 ਉਹ ਇਸ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੇ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਭੇਡੂ ਦੀ ਲਾਹੀ ਜਾਂਦੀ ਹੈ। ਫਿਰ ਪੁਜਾਰੀ ਇਸ ਨੂੰ ਵੇਦੀ ਉੱਤੇ ਯਹੋਵਾਹ ਦੇ ਚੜ੍ਹਾਵਿਆਂ ਉੱਪਰ ਰੱਖ ਕੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।+